
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪਾਲਤੂ ਕੁੱਤਿਆਂ ਦੀ ਖੁਰਾਕ ਬਣਾਉਣ ਸੰਬੰਧੀ ਕੀਤਾ ਕਰਾਰ

-ਵੈਟਰਨਰੀ ’ਵਰਸਿਟੀ ਤੇ ਪਿਓਰ ਹੈਲਥ ਕੰਪਨੀ ਵਿਚਾਲੇ ਹੋਇਆ ਸਮਝੌਤਾ
ਫੋਟੋ ਨੰਬਰ-2
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਗੁਰੂ ਅੰਗਦ ਦੇਵ ਵੈਟਰਨਰੀ ਤੇ ਪਸ਼ੂ ਵਿਗਿਆਨ ਯੂਨੀਵਰਸਿਟੀ ਲੁਧਿਆਣਾ ਤੇ ਪਿਊਰ ਹੈਲਥ ਫੂਡ ਅਤੇ ਨਿਊਟ੍ਰੀਸ਼ਨ, ਕਠੂਆ, ਜੰਮੂ-ਕਸ਼ਮੀਰ ਨੇ ਕੁੱਤਿਆਂ ਦੀ ਖੁਰਾਕ ਦੀ ਫਾਰਮੂਲੇਸ਼ਨ ਤੇ ਗੁਣਵੱਤਾ ਮੁਲਾਂਕਣ ਲਈ ਤਕਨੀਕੀ ਸਲਾਹ-ਮਸ਼ਵਰੇ ਵਾਸਤੇ ਇਕ ਸਮਝੌਤੇ ਪੱਤਰ ਤੇ ਦਸਤਖਤ ਕੀਤੇ ਹਨ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਇਸ ਸਹਿਯੋਗ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਸਮਝੌਤਾ ’ਵਰਸਿਟੀ-ਉਦਯੋਗ ਭਾਈਵਾਲੀ ਨੂੰ ਮਜ਼ਬੂਤ ਕਰਨ ਤੇ ਵਧ ਰਹੇ ਪਾਲਤੂ ਜਾਨਵਰਾਂ ਦੀ ਖੁਰਾਕ ਦੇ ਖੇਤਰ ਵੱਲ ਮਹੱਤਵਪੂਰਨ ਕਦਮ ਹੈ। ਅਜਿਹੇ ਸਹਿਯੋਗ ਜਾਨਵਰਾਂ ਦੀ ਖੁਰਾਕ ਵਿੱਚ ਨਵੀਨਤਾ, ਗੁਣਵੱਤਾ ਭਰੋਸਾ ਤੇ ਤਕਨਾਲੋਜੀ ਟ੍ਰਾਂਸਫਰ ਨੂੰ ਉਤਸ਼ਾਹਿਤ ਕਰਨਗੇ। ਡਾ. ਸਵਰਨ ਸਿੰਘ ਰੰਧਾਵਾ, ਨਿਰਦੇਸ਼ਕ ਖੋਜ ਨੇ ਯੂਨੀਵਰਸਿਟੀ ਵੱਲੋਂ ਸਮਝੌਤੇ ’ਤੇ ਹਸਤਾਖਰ ਕੀਤੇ, ਜਦਕਿ ਪਿਊਰ ਹੈਲਥ ਫੂਡ ਅਤੇ ਨਿਊਟ੍ਰੀਸ਼ਨ ਦੀ ਨੁਮਾਇੰਦਗੀ ਕੰਪਨੀ ਦੇ ਸੀਈਓ ਸੁਮਿਤ ਕੇਡੀਆ ਨੇ ਕੀਤੀ। ਸਮਝੌਤਾ ਹਸਤਾਖਰ ਸਮਾਰੋਹ ਵਿੱਚ ਡਾ. ਓਪਿੰਦਰ ਸਿੰਘ, ਡਾ. ਰਵਿੰਦਰ ਸਿੰਘ ਗਰੇਵਾਲ, ਡਾ. ਸਰਵਪ੍ਰੀਤ ਸਿੰਘ ਘੁੰਮਣ, ਡਾ. ਨਿਰਭੈਅ ਕੁਮਾਰ ਅਤੇ ਯੂਨੀਵਰਸਿਟੀ ਦੇ ਹੋਰ ਅਧਿਕਾਰੀਆਂ ਨੇ ਗਵਾਹੀ ਦਿੱਤੀ। ਪੰਜ-ਸਾਲਾ ਸਲਾਹ-ਮਸ਼ਵਰਾ ਸਹਿਯੋਗ ਦੀ ਵਿੱਤੀ ਕੀਮਤ ਲਗਭਗ 18.3 ਲੱਖ ਰੁਪਏ ਹੈ। ਡਾ. ਜਸਪਾਲ ਸਿੰਘ ਹੁੰਦਲ, ਮੁਖੀ ਪਸ਼ੂ ਆਹਾਰ ਵਿਭਾਗ ਨੇ ਕਿਹਾ ਕਿ ਇਸ ਸਮਝੌਤੇ ਅਧੀਨ ਵੈਟਰਨਰੀ ਯੂਨੀਵਰਸਿਟੀ ਵੱਖ-ਵੱਖ ਸ਼੍ਰੇਣੀਆਂ ਦੇ ਕੁੱਤਿਆਂ ਲਈ ਸੰਤੁਲਿਤ ਅਤੇ ਕਿਫਾਇਤੀ ਖੁਰਾਕ ਫਾਰਮੂਲੇ ਉਪਲਬਧ ਕਰਵਾਏਗੀ, ਖੁਰਾਕ ਤੱਤਾਂ ਤੇ ਤਿਆਰ ਉਤਪਾਦਾਂ ਦਾ ਮੁਲਾਂਕਣ ਕਰੇਗੀ ਤੇ ਆਪਣੀਆਂ ਲੈਬਾਰਟਰੀ ਸਹੂਲਤਾਂ ਰਾਹੀਂ ਖੁਰਾਕੀ ਗੁਣਵੱਤਾ ਦਾ ਮੁਲਾਂਕਣ ਕਰੇਗੀ। ’ਵਰਸਿਟੀ ਦੇ ਮਾਹਿਰ ਗੁਣਵੱਤਾ ਮੁਲਾਂਕਣ ਅਤੇ ਤਕਨੀਕੀ ਮਾਰਗਦਰਸ਼ਨ ਲਈ ਕੰਪਨੀ ਦੇ ਫੀਡ ਉਤਪਾਦਨ ਪਲਾਂਟ ਦਾ ਦੌਰਾ ਵੀ ਕਰਨਗੇ। ਇਹ ਸਹਿਯੋਗ ਖੋਜ ਅਤੇ ਪਾਲਤੂ ਜਾਨਵਰਾਂ ਦੀ ਖੁਰਾਕ ਉਦਯੋਗ ਵਿਚਕਾਰ ਇੰਟਰਫੇਸ ਨੂੰ ਵੀ ਮਜ਼ਬੂਤ ਕਰੇਗਾ। ਇਸ ਸਮਝੌਤੇ ਰਾਹੀਂ ਵੈਟਰਨਰੀ ਯੂਨੀਵਰਸਿਟੀ, ਲੁਧਿਆਣਾ ਨੇ ਇਕ ਵਾਰ ਲੋਕ ਹਿੱਤਾਂ ਲਈ ਖੋਜ ਅਤੇ ਮਿਆਰੀ ਸੇਵਾਵਾਂ ਉਪਲੱਬਧ ਕਰਵਾਉਣ ਸਬੰਧੀ ਵਚਨਵੱਧਤਾ ਦਾ ਸਬੂਤ ਦਿੱਤਾ ਹੈ।