- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਨੁੱਖ ਨੂੰ ਜੀਵਨ ਜਿਉਣ ਦੀ ਸਹੀ ਦਿਸ਼ਾ ਦਿੰਦੀ ਹੈ ਗੁਰਬਾਣੀ-ਸੰਤ ਬਾਬਾ ਅਮੀਰ ਸਿੰਘ

-ਜਵੱਦੀ ਟਕਸਾਲ ਵਿਖੇ ਕਰਵਾਇਆ ਹਫ਼ਤਾਵਾਰੀ ਨਾਮ ਸਿਮਰਨ ਸਮਾਗਮ
29
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ : ਗੁਰਬਾਣੀ ਦੇ ਪ੍ਰਚਾਰ-ਪ੍ਰਸਾਰ ਅਤੇ ਪੁਰਾਤਨ ਗੁਰਮਤਿ ਸੰਗੀਤ ਦੀ ਬਹਾਲੀ ਲਈ ਸਮਰਪਿਤ ਜਵੱਦੀ ਟਕਸਾਲ ਵਿਖੇ ਐਤਵਾਰ ਨੂੰ ਹਫ਼ਤਾਵਾਰੀ ਨਾਮ ਸਿਮਰਨ ਸਮਾਗਮ ਸ਼ਰਧਾ ਅਤੇ ਧਾਰਮਿਕ ਉਤਸ਼ਾਹ ਨਾਲ ਕਰਵਾਇਆ ਗਿਆ। ਸਮਾਗਮ ਦੌਰਾਨ ਟਕਸਾਲ ਦੇ ਹੋਣਹਾਰ ਵਿਦਿਆਰਥੀਆਂ ਵੱਲੋਂ ਗੁਰਬਾਣੀ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ। ਹਾਜ਼ਰ ਸੰਗਤ ਨੇ ਨਾਮ ਸਿਮਰਨ ਅਤੇ ਕੀਰਤਨ ਦਾ ਆਨੰਦ ਮਾਣਦਿਆਂ ਗੁਰਬਾਣੀ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦਾ ਸੰਕਲਪ ਲਿਆ। ਇਸ ਮੌਕੇ ਜਵੱਦੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਗੁਰਬਾਣੀ ਹੀ ਅਸਲ ਚਾਨਣ ਅਤੇ ਸੱਚਾ ਗੁਰੂ ਹੈ, ਜੋ ਮਨੁੱਖ ਨੂੰ ਪਰਮਾਤਮਾ ਨਾਲ ਜੋੜਨ ਦਾ ਰਸਤਾ ਦਿਖਾਉਂਦੀ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ਕੇਵਲ ਪੜ੍ਹਨ ਜਾਂ ਸੁਣਨ ਲਈ ਨਹੀਂ, ਸਗੋਂ ਉਸ ਅਨੁਸਾਰ ਜੀਵਨ ਜਿਉਣ ਲਈ ਹੈ। ਗੁਰਬਾਣੀ ਮਨੁੱਖ ਦੇ ਅੰਦਰਲੇ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਕੇ ਉਸ ਨੂੰ ਸੱਚ, ਸੇਵਾ, ਨਿਮਰਤਾ ਅਤੇ ਨਾਮ ਨਾਲ ਜੋੜਦੀ ਹੈ।
ਸੰਤ ਬਾਬਾ ਅਮੀਰ ਸਿੰਘ ਨੇ ਗੁਰਬਾਣੀ ਦੇ ਸ਼ਬਦਾਂ ਦੇ ਹਵਾਲੇ ਨਾਲ ਸਮਝਾਇਆ ਕਿ ਜਿਸ ਤਰ੍ਹਾਂ ਕਿਸੇ ਮਕਾਨ ਨੂੰ ਮਜ਼ਬੂਤੀ ਲਈ ਥੰਮ੍ਹਾਂ ਦੀ ਲੋੜ ਹੁੰਦੀ ਹੈ, ਦਰਿਆ ਪਾਰ ਕਰਨ ਲਈ ਬੇੜੀ ਦੀ ਲੋੜ ਪੈਂਦੀ ਹੈ, ਅਣਜਾਣ ਰਸਤੇ 'ਤੇ ਚੱਲਣ ਲਈ ਰਾਹ ਦਿਖਾਉਣ ਵਾਲੇ ਦੀ ਲੋੜ ਹੁੰਦੀ ਹੈ ਅਤੇ ਹਨੇਰੇ ਨੂੰ ਦੂਰ ਕਰਨ ਲਈ ਦੀਵੇ ਦੀ ਲੋੜ ਪੈਂਦੀ ਹੈ, ਉਸੇ ਤਰ੍ਹਾਂ ਸੰਸਾਰ ਰੂਪੀ ਭਵਸਾਗਰ ਤੋਂ ਪਾਰ ਉਤਰਨ ਅਤੇ ਮਨ ਨੂੰ ਵਿਕਾਰਾਂ ਤੋਂ ਜਿੱਤਣ ਲਈ ਗੁਰਬਾਣੀ ਰੂਪੀ ਗੁਰੂ ਦੀ ਲੋੜ ਅਤਿ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ਮਨੁੱਖ ਨੂੰ ਜੀਵਨ ਜਿਉਣ ਦੀ ਸਹੀ ਦਿਸ਼ਾ ਦਿੰਦੀ ਹੈ ਅਤੇ ਪਰਮਾਤਮਾ ਨਾਲ ਮਿਲਾਪ ਦਾ ਮਾਰਗ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ਨੂੰ ਗੁਰੂ ਸਾਹਿਬਾਨ ਨੇ ਚਾਨਣ ਅਤੇ ਜੋਤ ਦਾ ਰੂਪ ਬਖ਼ਸ਼ਿਆ ਹੈ, ਪਰ ਅਫ਼ਸੋਸ ਦੀ ਗੱਲ ਹੈ ਕਿ ਅਸੀਂ ਗੁਰਬਾਣੀ ਨੂੰ ਗੁਰੂ ਮੰਨਣ ਦੇ ਬਾਵਜੂਦ ਇਸ ਦੇ ਪਵਿੱਤਰ ਅਤੇ ਵਿਸ਼ਵ ਵਿਆਪੀ ਸੰਦੇਸ਼ ਨੂੰ ਪੂਰੀ ਤਰ੍ਹਾਂ ਸਮਝਣ ਅਤੇ ਆਪਣੇ ਜੀਵਨ ਵਿੱਚ ਲਾਗੂ ਕਰਨ ਵਿੱਚ ਅਜੇ ਵੀ ਕਾਮਯਾਬ ਨਹੀਂ ਹੋਏ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੇਕਰ ਸਮਾਜ ਵਿੱਚ ਸ਼ਾਂਤੀ, ਭਾਈਚਾਰਾ ਅਤੇ ਮਨੁੱਖਤਾ ਨੂੰ ਮਜ਼ਬੂਤ ਕਰਨਾ ਹੈ ਤਾਂ ਗੁਰਬਾਣੀ ਦੇ ਸਿਧਾਂਤਾਂ ਨੂੰ ਅਮਲ ਵਿੱਚ ਲਿਆਉਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਸੰਤ ਬਾਬਾ ਅਮੀਰ ਸਿੰਘ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਜਵੱਦੀ ਟਕਸਾਲ ਦੇ ਬਾਨੀ ਪਰਮ ਸੰਤ ਬਾਬਾ ਸੁੱਚਾ ਸਿੰਘ ਦੀ ਸਾਲਾਨਾ ਬਰਸੀ ਸਮਾਗਮ ਵੀ ਸ਼ਰਧਾ ਨਾਲ ਮਨਾਇਆ ਜਾਵੇਗਾ। ਉਨ੍ਹਾਂ ਸੰਗਤਾਂ ਨੂੰ ਇਸ ਧਾਰਮਿਕ ਸਮਾਗਮ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਅਜਿਹੇ ਸਮਾਗਮ ਗੁਰਮਤਿ ਦੀਆਂ ਕਦਰਾਂ-ਕੀਮਤਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦਾ ਪ੍ਰਭਾਵਸ਼ਾਲੀ ਮਾਧਿਅਮ ਹਨ। ਉਨ੍ਹਾਂ ਅੰਤ ਵਿੱਚ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਗੁਰਬਾਣੀ ਅਨੁਸਾਰ ਜੀਵਨ ਬਤੀਤ ਕਰਨ, ਨਾਮ ਸਿਮਰਨ ਨੂੰ ਆਪਣੀ ਰੋਜ਼ਾਨਾ ਦੀ ਜੀਵਨ-ਸ਼ੈਲੀ ਦਾ ਹਿੱਸਾ ਬਣਾਉਣ ਅਤੇ ਸੇਵਾ, ਸਿਮਰਨ ਅਤੇ ਸੱਚੇ ਆਚਰਨ ਰਾਹੀਂ ਆਪਣੇ ਜੀਵਨ ਨੂੰ ਸਫਲ ਬਣਾਉਣ। ਅਰਦਾਸ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।