
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਵਿਦਾਇਗੀ ਮੌਕੇ ਭਾਵੁਕ ਹੋਏ ਡਾ. ਗੋਸਲ, ਪੀਏਯੂ ਨੇ ਚਾਰ ਸਾਲਾਂ ਦੀਆਂ ਪ੍ਰਾਪਤੀਆਂ ਨੂੰ ਕੀਤਾ ਯਾਦ

-ਵਿਦਾਇਗੀ ਮੌਕੇ ਡਾ. ਗੋਸਲ ਹੋਏ ਭਾਵੁਕ, ਪੀਏਯੂ ਨੇ ਚਾਰ ਸਾਲ ਦੀਆਂ ਪ੍ਰਾਪਤੀਆਂ ਨੂੰ ਕੀਤਾ ਯਾਦ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵਜੋਂ ਡਾ. ਸਤਿਬੀਰ ਸਿੰਘ ਗੋਸਲ ਦਾ ਚਾਰ ਸਾਲਾ ਕਾਰਜਕਾਲ ਮੁਕੰਮਲ ਹੋਣ ’ਤੇ ਯੂਨੀਵਰਸਿਟੀ ਵੱਲੋਂ ਉਨ੍ਹਾਂ ਨੂੰ ਵਿਦਾਇਗੀ ਦਿੱਤੀ। ਇਸ ਮੌਕੇ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਨੇ ਡਾ. ਗੋਸਲ ਦੀ ਅਗਵਾਈ ਦੌਰਾਨ ਹੋਈਆਂ ਅਹਿਮ ਪ੍ਰਾਪਤੀਆਂ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਇਸ ਸਬੰਧੀ ’ਵਰਸਿਟੀ ਵਿੱਚ ਵਿਸ਼ੇਸ਼ ਮੀਟਿੰਗਾਂ ਦਾ ਪ੍ਰਬੰਧ ਕੀਤਾ ਗਿਆ। ਪਹਿਲੀ ਮੀਟਿੰਗ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਨਾਲ ਹੋਈ, ਜਦਕਿ ਦੂਜੀ ਮੀਟਿੰਗ ਅਧਿਆਪਨ, ਗੈਰ-ਅਧਿਆਪਨ ਅਤੇ ਦਰਜਾ ਚਾਰ ਕਰਮਚਾਰੀਆਂ ਦੀਆਂ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਕੀਤੀ ਗਈ। ਇਸ ਤੋਂ ਇਲਾਵਾ ਡਾ. ਗੋਸਲ ਦੇ ਨਿੱਜੀ ਦਫ਼ਤਰ ਦੇ ਸਟਾਫ ਨਾਲ ਵੀ ਵਿਸ਼ੇਸ਼ ਮੀਟਿੰਗ ਕੀਤੀ ਗਈ।
ਇਸ ਮੌਕੇ ਭਾਵੁਕ ਹੋਏ ਡਾ. ਗੋਸਲ ਨੇ ਆਪਣੇ ਕਾਰਜਕਾਲ ਦੌਰਾਨ ਮਿਲੇ ਸਹਿਯੋਗ ਲਈ ਯੂਨੀਵਰਸਿਟੀ ਦੇ ਅਧਿਕਾਰੀਆਂ, ਅਧਿਆਪਕਾਂ, ਵਿਗਿਆਨੀਆਂ, ਗੈਰ-ਅਧਿਆਪਨ ਅਮਲੇ ਅਤੇ ਹੋਰ ਸਹਿਯੋਗੀ ਕਰਮਚਾਰੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੀਏਯੂ. ਨੂੰ ਹੋਰ ਮਜ਼ਬੂਤ ਬਣਾਉਣ ਅਤੇ ਯੂਨੀਵਰਸਿਟੀ ਦੀ ਬਿਹਤਰੀ ਲਈ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਹਰ ਸੰਭਵ ਯਤਨ ਕੀਤਾ।
ਉਨ੍ਹਾਂ ਕਿਹਾ ਕਿ ਸਮੁੱਚੇ ਸਟਾਫ ਦੇ ਸਹਿਯੋਗ ਤੋਂ ਬਿਨਾਂ ਇਹ ਕੰਮ ਸੰਭਵ ਨਹੀਂ ਸਨ। ਉਨ੍ਹਾਂ ਲਈ ਇਹ ਚਾਰ ਸਾਲ ਇੱਕ ਸਾਂਝੀ ਯਾਤਰਾ ਵਾਂਗ ਰਹੇ, ਜੋ ਉਨ੍ਹਾਂ ਦੀਆਂ ਯਾਦਾਂ ਵਿੱਚ ਹਮੇਸ਼ਾ ਵਸੇ ਰਹਿਣਗੇ। ਵਾਈਸ ਚਾਂਸਲਰ ਬਣਨ ਤੋਂ ਪਹਿਲਾਂ ਡਾ. ਗੋਸਲ ਪੀਏਯੂ. ਵਿੱਚ ਨਿਰਦੇਸ਼ਕ ਖੋਜ, ਵਧੀਕ ਨਿਰਦੇਸ਼ਕ ਖੋਜ, ਖੇਤੀ ਬਾਇਓਟੈਕਨਾਲੋਜੀ ਸਕੂਲ ਦੇ ਮੋਢੀ ਅਤੇ ਬਾਇਓਟੈਕਨਾਲੋਜੀ ਵਿਭਾਗ ਦੇ ਮੁਖੀ ਵਰਗੀਆਂ ਅਹਿਮ ਜ਼ਿੰਮੇਵਾਰੀਆਂ ਨਿਭਾ ਚੁੱਕੇ ਸਨ। ਪਲਾਂਟ ਬਰੀਡਿੰਗ ਵਿੱਚ ਪੀਐੱਚਡੀ. ਕਰਨ ਵਾਲੇ ਡਾ. ਗੋਸਲ ਨੇ ਬਰਤਾਨੀਆ ਦੀ ਨੌਟਿੰਘਮ ਯੂਨੀਵਰਸਿਟੀ ਤੇ ਜੌਨ ਇੰਨਜ਼ ਸੈਂਟਰ, ਨੌਰਵਿਚ ਤੋਂ ਪੋਸਟ-ਡਾਕਟੋਰਲ ਖੋਜ ਕੀਤੀ। ਉਨ੍ਹਾਂ ਨੇ ਅਮਰੀਕਾ ਤੋਂ ਵੀ ਆਪਣੇ ਵਿਸ਼ੇ ਵਿੱਚ ਸਿਖਲਾਈ ਹਾਸਲ ਕੀਤੀ। ਉਨ੍ਹਾਂ ਦੇ ਨਾਮ 20 ਖੋਜ ਪ੍ਰੋਜੈਕਟ, 207 ਖੋਜ ਪੇਪਰ, 12 ਕਿਤਾਬਾਂ ਅਤੇ 77 ਵਿਦਿਆਰਥੀਆਂ ਦੀ ਖੋਜ ਅਗਵਾਈ ਦਰਜ ਹੈ। ਉਨ੍ਹਾਂ ਦੀਆਂ ਵਿਗਿਆਨਕ ਪ੍ਰਾਪਤੀਆਂ ਲਈ ਲੰਡਨ ਦੀ ਰਾਇਲ ਸੁਸਾਇਟੀ ਦਾ ਸਨਮਾਨ, ਰੌਕਫੈਲਰ ਫਾਊਂਡੇਸ਼ਨ ਦੀ ਫੈਲੋਸ਼ਿਪ ਅਤੇ ਪੰਜਾਬ ਵਿਗਿਆਨ ਅਕਾਦਮੀ ਵੱਲੋਂ ਲਾਈਫਟਾਈਮ ਅਚੀਵਮੈਂਟ ਸਨਮਾਨ ਸਮੇਤ ਕਈ ਵੱਕਾਰੀ ਸਨਮਾਨ ਪ੍ਰਾਪਤ ਹੋਏ।
ਇਸ ਮੌਕੇ ਅਪਰ ਨਿਰਦੇਸ਼ਕ ਸੰਚਾਰ ਡਾ.ਤੇਜਿੰਦਰ ਸਿੰਘ ਰਿਆੜ ਨੇ ਕਿਹਾ ਕਿ ਡਾ. ਗੋਸਲ ਕਿਸਾਨਾਂ ਦੀਆਂ ਮੀਟਿੰਗਾਂ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਵਿੱਚ ਖੁਦ ਸ਼ਾਮਲ ਹੁੰਦੇ ਰਹੇ। ਹੜ੍ਹਾਂ ਦੌਰਾਨ ਪ੍ਰਭਾਵਿਤ ਖੇਤਰਾਂ ਵਿੱਚ ਕਿਸਾਨਾਂ ਦੇ ਨਾਲ ਖੜ੍ਹ ਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਸਮਝਣ ਅਤੇ ਸਹਿਯੋਗ ਦੇਣ ਦੀ ਕੋਸ਼ਿਸ਼ ਵੀ ਕੀਤੀ। ਪੀਏਯੂ. ਦੇ ਅਧਿਕਾਰੀਆਂ, ਅਧਿਆਪਕਾਂ, ਵਿਗਿਆਨੀਆਂ, ਮੁਲਾਜ਼ਮਾਂ ਤੇ ਕਿਸਾਨਾਂ ਨਾਲ ਬਣਾਏ ਆਪਣੇ ਸਦਭਾਵਨਾ ਭਰੇ ਰਿਸ਼ਤਿਆਂ ਕਾਰਨ ਡਾ. ਗੋਸਲ ਨੂੰ ਯੂਨੀਵਰਸਿਟੀ ਵੱਲੋਂ ਇੱਕ ਸਹਿਯੋਗੀ, ਮਿਲਾਪੜੇ ਅਤੇ ਨਿਮਰ ਵਾਈਸ ਚਾਂਸਲਰ ਵਜੋਂ ਯਾਦ ਕੀਤਾ ਜਾਵੇਗਾ।