
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

‘ਧੀਆਂ ਦੀ ਚਹਿਕ, ਤੀਆਂ ਦੀ ਮਹਿਕ’ ਤਹਿਤ ਰੰਗਾਰੰਗ ਸਮਾਗਮ ਕਰਵਾਇਆ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਸ੍ਰੀ ਹਰਿਕ੍ਰਿਸ਼ਨ ਸਾਹਿਬ ਪਬਲਿਕ ਹਾਈ ਸਕੂਲ, ਗਿੱਲ ਮਾਰਕੀਟ, ਨਿਊ ਜਨਤਾ ਨਗਰ, ਵਿਖੇ ਪੰਜਾਬੀ ਸੱਭਿਆਚਾਰ ਦੀ ਅਮੀਰ ਵਿਰਾਸਤ ਨੂੰ ਸੰਭਾਲਣ ਅਤੇ ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਨ ਦੇ ਉਦੇਸ਼ ਨਾਲ ‘ਧੀਆਂ ਦੀ ਚਹਿਕ, ਤੀਆਂ ਦੀ ਮਹਿਕ’ ਥੀਮ ਤਹਿਤ ਤੀਆਂ ਦਾ ਤਿਉਹਾਰ ਬੜੇ ਹੀ ਉਤਸ਼ਾਹ, ਉਮੰਗ ਅਤੇ ਪੰਜਾਬੀ ਰੰਗ ਵਿੱਚ ਮਨਾਇਆ ਗਿਆ।
ਇਸ ਮੌਕੇ ਕਲਾਸ 9ਵੀਂ ਅਤੇ 10ਵੀਂ ਦੀਆਂ ਵਿਦਿਆਰਥਣਾਂ ਨੇ ਰਵਾਇਤੀ ਪੰਜਾਬੀ ਪਹਿਰਾਵਿਆਂ ਵਿੱਚ ਸਜ-ਧਜ ਕੇ ਸਮਾਗਮ ਦੀ ਰੌਣਕ ਨੂੰ ਚਾਰ ਚੰਨ ਲਗਾ ਦਿੱਤੇ। ਰੰਗ-ਬਿਰੰਗੇ ਫੁਲਕਾਰੀ ਦੁਪੱਟੇ, ਪੰਜਾਬੀ ਸੂਟ, ਪਰਾਂਦਿਆਂ ਨਾਲ ਸਜੀਆਂ ਮੁਟਿਆਰਾਂ ਨੇ ਪੰਜਾਬੀ ਸੱਭਿਆਚਾਰ ਦੀ ਖ਼ੂਬਸੂਰਤ ਝਲਕ ਪੇਸ਼ ਕੀਤੀ। ਇਸ ਦੌਰਾਨ ਪਰੰਪਰਾਗਤ ਪੰਜਾਬੀ ਪਹਿਰਾਵਾ, ਗਾਇਕੀ ਅਤੇ ਗਿੱਧੇ ਨਾਲ ਸਬੰਧਿਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਵਿਦਿਆਰਥਣਾਂ ਨੇ ਜੋਸ਼ ਨਾਲ ਭਾਗ ਲੈਂਦਿਆਂ ਤੀਆਂ ਦੀ ਰਵਾਇਤੀ ਰੌਣਕ ਨੂੰ ਜੀਵੰਤ ਕੀਤਾ। ਗਿੱਧੇ ਦੀਆਂ ਤਾੜੀਆਂ, ਲੋਕ-ਗੀਤਾਂ ਦੀਆਂ ਸੁਰਾਂ ਤੇ ਪੰਜਾਬੀ ਬੋਲੀਆਂ ਨੇ ਪੂਰੇ ਮਾਹੌਲ ਨੂੰ ਖੁਸ਼ੀਆਂ ਅਤੇ ਚਾਵਾਂ ਨਾਲ ਭਰ ਦਿੱਤਾ। ਵਿਦਿਆਰਥਣਾਂ ਦੀ ਪ੍ਰਤਿਭਾ, ਪੇਸ਼ਕਾਰੀ ਅਤੇ ਆਪਣੇ ਸੱਭਿਆਚਾਰ ਪ੍ਰਤੀ ਰੁਚੀ ਨੂੰ ਉਤਸ਼ਾਹਿਤ ਕਰਨ ਲਈ ਤੀਆਂ ਦੀ ਰਾਣੀ ਅਤੇ ਹੋਰ ਵੱਖ-ਵੱਖ ਮਨਮੋਹਕ ਖ਼ਿਤਾਬ ਪ੍ਰਦਾਨ ਕੀਤੇ ਗਏ ਜਿਸ ਕਰਕੇ ਜੇਤੂਆਂ ਦੇ ਉਤਸ਼ਾਹ ਵਿੱਚ ਹੋਰ ਵਧਾ ਹੋਇਆ। ਇਸ ਤਿਉਹਾਰ ਦਾ ਇੱਕ ਹੋਰ ਅਕਰਸ਼ਨ ਇਹ ਰਿਹਾ ਕਿ ਨਰਸਰੀ ਤੋਂ ਦੂਜੀ ਜਮਾਤ ਤੱਕ ਦੇ ਨੰਨ੍ਹੇ-ਮੁੰਨੇ ਬੱਚਿਆਂ ਨੇ ਵੀ ਪੰਜਾਬੀ ਸੱਭਿਆਚਾਰਕ ਪਹਿਰਾਵੇ ਵਿੱਚ ਸਜ-ਧਜ ਕੇ ਉਤਸ਼ਾਹ ਨਾਲ ਭਾਗ ਲਿਆ। ਨੰਨ੍ਹੇ ਬੱਚਿਆਂ ਦੇ ਪੰਜਾਬੀ ਪਹਿਰਾਵੇ ਨੇ ਸਕੂਲ ਦੇ ਮਾਹੌਲ ਨੂੰ ਹੋਰ ਵੀ ਮਨਮੋਹਕ ਬਣਾ ਦਿੱਤਾ। ਉਨ੍ਹਾਂ ਦੀ ਮਾਸੂਮ ਮੁਸਕਾਨ, ਰੰਗ-ਬਿਰੰਗੇ ਪੰਜਾਬੀ ਪਹਿਰਾਵੇ ਅਤੇ ਸੱਭਿਆਚਾਰਕ ਰੰਗ ਨੇ ਸਮਾਗਮ ਦੀ ਰੌਣਕ ਨੂੰ ਹੋਰ ਵਧਾ ਦਿੱਤਾ। ਇਸ ਉਪਰਾਲੇ ਰਾਹੀਂ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਆਪਣੀ ਮਾਂ-ਬੋਲੀ, ਸੱਭਿਆਚਾਰ ਅਤੇ ਅਮੀਰ ਪੰਜਾਬੀ ਵਿਰਸੇ ਨਾਲ ਜੋੜਨ ਦਾ ਸੁਨੇਹਾ ਦਿੱਤਾ ਗਿਆ। ਪ੍ਰਿੰਸੀਪਲ ਅਰਚਨਾ ਸ੍ਰੀਵਾਸਤਵ ਨੇ ਇਸ ਸਫ਼ਲ ਸਮਾਗਮ ਲਈ ਸਮੂਹ ਸਟਾਫ਼ ਅਤੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੇ ਸੱਭਿਆਚਾਰਕ ਸਮਾਗਮ ਬੱਚਿਆਂ ਨੂੰ ਆਪਣੀਆਂ ਜੜ੍ਹਾਂ, ਪੰਜਾਬੀ ਵਿਰਸੇ ਦੀਆਂ ਕਦਰਾਂ-ਕੀਮਤਾਂ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਸਮਾਗਮ ਦਾ ਮੁੱਖ ਸੰਦੇਸ਼ ਇਹ ਰਿਹਾ ਕਿ ਤੀਆਂ ਸਿਰਫ਼ ਇੱਕ ਤਿਉਹਾਰ ਨਹੀਂ, ਸਗੋਂ ਪੰਜਾਬ ਦੀਆਂ ਧੀਆਂ ਦੀ ਖੁਸ਼ੀ, ਚਾਵਾਂ, ਸਾਂਝ ਅਤੇ ਸੱਭਿਆਚਾਰਕ ਵਿਰਾਸਤ ਦਾ ਪ੍ਰਤੀਕ ਹਨ। ‘ਧੀਆਂ ਦੀ ਚਹਿਕ, ਤੀਆਂ ਦੀ ਮਹਿਕ’ ਨੇ ਸਕੂਲ ਦੇ ਵਿਹੜੇ ਨੂੰ ਪੰਜਾਬੀਅਤ ਦੀ ਮਹਿਕ ਅਤੇ ਖੁਸ਼ੀਆਂ ਨਾਲ ਭਰ ਦਿੱਤਾ।