ਦਸਮੇਸ਼ ਨਗਰ ਦੀ ਸੜਕ ’ਤੇ ਹੋਏ ਕਬਜ਼ਿਆਂ ਤੋਂ ਲੋਕ ਡਾਹਢੇ ਪਰੇਸ਼ਾਨ ਅਹਿਮ ਖ਼ਬਰ-ਦਸ਼ਮੇਸ਼ ਨਗਰ ਦੀ ਸੜਕ ਬਣੀ ‘ਮੁਸੀਬਤਾਂ ਦਾ ਰਾਹ'
Publish Date: Wed, 19 Aug 2026 09:18 PM (IST)
Updated Date: Thu, 20 Aug 2026 04:07 AM (IST)
-ਕਿਤੇ ਕੂੜੇ ਦੇ ਢੇਰ ਤੇ ਸੜਕ ਵਿਚਾਲੇ ਬਿਜਲੀ ਦੇ ਖੰਭੇ, ਰਾਤ ਨੂੰ ਹਾਦਸੇ ਵਾਪਰਨ ਦਾ ਰਹਿੰਦੈ ਡਰ ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ, ਲੁਧਿਆਣਾ ਸਮਾਰਟ ਸਿਟੀ ਲੁਧਿਆਣਾ ਦੇ ਨਗਰ ਨਿਗਮ ਦੇ ਵਾਰਡ 47 ਦੇ ਇਲਾਕਾ ਦਸਮੇਸ਼ ਨਗਰ ਵਿੱਚ ਗਲੀ ਨੰਬਰ 12 ਤੋਂ 16 ਤੱਕ ਧੂਰੀ ਰੇਲਵੇ ਲਾਈਨ ਨਾਲ ਲੱਗਦੀ ਸੜਕ ਨਗਰ ਨਿਗਮ ਅਤੇ ਲੋਕ ਨੁਮਾਇੰਦਿਆਂ ਦੀ ਅਣਗਹਿਲੀ ਦਾ ਸ਼ਿਕਾਰ ਬਣੀ ਹੋਈ ਹੈ। ਨਗਰ ਨਿਗਮ ਚੋਣਾਂ ਨੂੰ ਡੇਢ-ਦੋ ਸਾਲ ਹੋਣ ਨੂੰ ਆਏ ਹਨ, ਪਰ ਇਸ ਸੜਕ ਨਾਲ ਜੁੜੀਆਂ ਲੋਕਾਂ ਦੀਆਂ ਸਮੱਸਿਆਵਾਂ ਦਾ ਅਜੇ ਤੱਕ ਕੋਈ ਪੱਕਾ ਹੱਲ ਨਹੀਂ ਹੋ ਸਕਿਆ। ਸੜਕ ’ਤੇ ਨਾਜਾਇਜ਼ ਕਬਜ਼ੇ, ਥਾਂ-ਥਾਂ ਪਏ ਟੋਏ, ਕੂੜੇ ਦੇ ਢੇਰ, ਸੜਕ ਵਿਚਕਾਰ ਖੜ੍ਹੇ ਬਿਜਲੀ ਦਾ ਖੰਭਾ ਅਤੇ ਬੇਤਰਤੀਬ ਪਾਰਕਿੰਗ ਕਾਰਨ ਰਾਹਗੀਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੋਜ਼ਾਨਾ ਹਜ਼ਾਰਾਂ ਲੋਕ ਇਸ ਸੜਕ ਤੋਂ ਲੰਘਦੇ ਹਨ ਅਤੇ ਮੌਜੂਦਾ ਹਾਲਾਤ ਕਿਸੇ ਵੀ ਸਮੇਂ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਹਨ। ਇਸ ਸਬੰਧੀ ਰਾਹਗੀਰ ਮਨਜੀਤ ਸਿੰਘ, ਰਾਮ ਕੁਮਾਰ, ਗੱਡੀ ਡਰਾਈਵਰ ਤਰਸੇਮ ਚੰਦ ਅਤੇ ਈ ਸਕੂਟਰ ਵਾਲੇ ਪਵਨ ਕੁਮਾਰ ਦਾ ਕਹਿਣਾ ਹੈ ਕਿ ਸੜਕ ਤੇ ਸੁੱਟੇ ਗੰਦ ਕਾਰਨ ਲੰਘਣਾ ਮੁਸ਼ਕਿਲ ਹੋਇਆ ਪਿਆ ਹੈ। ਵਿਚਾਲੇ ਖੜੇ੍ ਖੰਭੇ ਕਾਰਨ ਵੱਡੀ ਗੱਡੀ ਦਾ ਗੁਜਰਨਾ ਨਾ ਮੁਮਕਿਨ ਹੈ। ਟੁੱਟੀ ਸੜਕ ਕਾਰਨ ਈ ਸਕੂਟਰ ਟੋਇਆਂ ਵਿੱਚ ਵੱਜ ਕੇ ਨੁਕਸਾਨੇ ਜਾਣ ਦਾ ਖਤਰਾ ਹੈ। -ਸੜਕ ਵਿਚਕਾਰ ਖੜ੍ਹਾ ਬਿਜਲੀ ਦਾ ਖੰਭਾ ਵਾਰਡ ਨੰਬਰ 47 ਦੇ ਇਲਾਕਾ ਦਸ਼ਮੇਸ਼ ਨਗਰ ਗਲੀ ਨੰਬਰ 12/1 ਦੇ ਸਾਹਮਣੇ ਸੜਕ ਦੇ ਬਿਲਕੁਲ ਵਿਚਕਾਰ ਖੜ੍ਹਾ ਬਿਜਲੀ ਦਾ ਖੰਭਾ ਕਰੀਬ 20 ਫੁੱਟ ਚੌੜੀ ਸੜਕ ਨੂੰ ਦੋ ਹਿੱਸਿਆਂ ਵਿੱਚ ਵੰਡ ਰਿਹਾ ਹੈ। ਇਸ ਕਾਰਨ ਛੋਟੀ ਇੰਡਸਟਰੀ ਨਾਲ ਸਬੰਧਤ ਵੱਡੀਆਂ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੁੰਦੀ ਹੈ। ਉਦਯੋਗਪਤੀਆਂ ਨੂੰ ਮਾਲ ਦੀ ਢੋਆ-ਢੁਆਈ ਲਈ ਛੋਟੀਆਂ ਗੱਡੀਆਂ ਦੀ ਵਰਤੋਂ ਕਰਕੇ ਵਾਧੂ ਗੇੜੇ ਲਗਾਉਣੇ ਪੈਂਦੇ ਹਨ, ਜਿਸ ਨਾਲ ਖਰਚਾ ਵੀ ਵਧਦਾ ਹੈ। ਇਲਾਕੇ ਦੀ ਛੋਟੀ ਇੰਡਸਟਰੀ ਨਾਲ ਹੋਈ ਮੀਟਿੰਗ ਦੌਰਾਨ ਇਹ ਮਾਮਲਾ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਸੀ। ਮੀਟਿੰਗ ਵਿੱਚ ਮੌਜੂਦ ਬਿਜਲੀ ਵਿਭਾਗ ਦੇ ਐਸਡੀਓ ਨੂੰ ਖੰਭਾ ਹਟਾਉਣ ਲਈ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਪਰ 4-5 ਮਹੀਨੇ ਬੀਤ ਜਾਣ ਦੇ ਬਾਵਜੂਦ ਖੰਭਾ ਅਜੇ ਵੀ ਸੜਕ ਦੇ ਵਿਚਕਾਰ ਖੜ੍ਹਾ ਹੈ। ਕਬਜ਼ਿਆਂ ਕਾਰਨ ਹੋਰ ਤੰਗ ਹੋਈ ਸੜਕ ਖੰਭੇ ਨਾਲ ਦੋ ਹਿੱਸਿਆਂ ਵਿੱਚ ਵੰਡੀ ਸੜਕ ਦੇ ਇੱਕ ਪਾਸੇ ਦੁਕਾਨਦਾਰਾਂ ਵੱਲੋਂ ਲੋਹੇ ਦੀ ਜਾਲੀ ਲਗਾ ਕੇ ਕਬਜ਼ਾ ਕੀਤੇ ਗਏ ਹਨ।ਇਸ ਤੋਂ ਇਲਾਵਾ ਗਲੀ ਨੰਬਰ 12/3 ਤੋਂ 15 ਤੱਕ ਸੜਕ ਦੀ ਜਗ੍ਹਾ ’ਤੇ ਦੁਕਾਨਾਂ ਬਣ ਜਾਣ ਕਾਰਨ ਸੜਕ ਦੀ ਚੌੜਾਈ ਹੋਰ ਘੱਟ ਹੋ ਗਈ ਹੈ। ਇਸ ਕਾਰਨ ਵਾਹਨ ਚਾਲਕਾਂ ਅਤੇ ਪੈਦਲ ਰਾਹਗੀਰਾਂ ਨੂੰ ਲੰਘਣ ਵਿੱਚ ਪ੍ਰੇਸ਼ਾਨੀ ਹੁੰਦੀ ਹੈ। ਕੂੜੇ ਦੇ ਢੇਰ ਤੇ ਟੁੱਟੀ ਸੜਕ ਵੀ ਬਣੀ ਸਮੱਸਿਆ ਦਸ਼ਮੇਸ਼ ਨਗਰ ਦੀ ਗਲੀ ਨੰਬਰ 15 ਦੇ ਸਾਹਮਣੇ ਲੋਕਾਂ ਵੱਲੋਂ ਮਲਬਾ ਅਤੇ ਕੂੜਾ ਸੁੱਟੇ ਜਾਣ ਕਾਰਨ ਸੜਕ ’ਤੇ ਕੂੜੇ ਦਾ ਢੇਰ ਲੱਗਿਆ ਹੋਇਆ ਹੈ। ਇਸ ਨਾਲ ਸੜਕ ਹੋਰ ਤੰਗ ਹੋ ਗਈ ਹੈ। ਉੱਥੇ ਹੀ ਗਲੀ ਨੰਬਰ 12 ਤੋਂ 14 ਤੱਕ ਸੜਕ ਕਈ ਥਾਵਾਂ ਤੋਂ ਟੁੱਟੀ ਹੋਈ ਹੈ। ਲੋਕਾਂ ਦਾ ਕਹਿਣਾ ਹੈ ਕਿ ਫਿਲਹਾਲ ਪੈਚਵਰਕ ਕਰਕੇ ਵੀ ਸੜਕ ਨੂੰ ਆਵਾਜਾਈ ਯੋਗ ਬਣਾਇਆ ਜਾ ਸਕਦਾ ਹੈ, ਪਰ ਇਸ ਪਾਸੇ ਵੀ ਨਗਰ ਨਿਗਮ ਵੱਲੋਂ ਲੋੜੀਂਦੀ ਕਾਰਵਾਈ ਨਹੀਂ ਕੀਤੀ ਜਾ ਰਹੀ। ਇਲਾਕਾ ਵਾਸੀਆਂ ਨੇ ਨਗਰ ਨਿਗਮ ਦੇ ਜੋਨਲ ਕਮਿਸ਼ਨਰ ਅਤੇ ਸਬੰਧਤ ਵਿਭਾਗਾਂ ਤੋਂ ਮੰਗ ਕੀਤੀ ਹੈ ਕਿ ਸੜਕ ਦਾ ਮੌਕੇ ’ਤੇ ਨਿਰੀਖਣ ਕਰਕੇ ਨਾਜਾਇਜ਼ ਕਬਜ਼ੇ ਹਟਾਏ ਜਾਣ, ਸੜਕ ਵਿਚਕਾਰ ਖੜ੍ਹੇ ਬਿਜਲੀ ਦੇ ਖੰਭੇ ਨੂੰ ਤੁਰੰਤ ਹਟਾਇਆ ਜਾਵੇ, ਕੂੜਾ ਅਤੇ ਮਲਬਾ ਚੁਕਵਾਇਆ ਜਾਵੇ ਅਤੇ ਟੁੱਟੀ ਸੜਕ ਦੀ ਮੁਰੰਮਤ ਕਰਵਾਈ ਜਾਵੇ, ਤਾਂ ਜੋ ਕਿਸੇ ਵੱਡੇ ਹਾਦਸੇ ਤੋਂ ਪਹਿਲਾਂ ਸਮੱਸਿਆ ਦਾ ਹੱਲ ਹੋ ਸਕੇ। ਸੜਕ ਤੇ ਪਏ ਕੂੜੇ ਦਾ ਢੇਰ ਜਲਦ ਹਟਾਇਆ ਜਵੇਗਾ: ਕੌਂਸਲਰ ਪਤੀ ਨਗਰ ਨਿਗਮ ਦੇ ਵਾਰਡ ਨੰਬਰ 47 ਦੇ ਕੌਂਸਲਰ ਊਸ਼ਾ ਰਾਣੀ ਦੇ ਪਤੀ ਸੁਰਿੰਦਰ ਕਲਿਆਣ ਨਾਲ ਗੱਲ ਹੋਈ ਤਾਂ ਉਨ੍ਹਾਂ ਕਿਹਾ ਕਿ ਜਲਦ ਹੀ ਕੁੜੇ ਦਾ ਢੇਰ ਹਟਾਇਆ ਜਾਵੇਗਾ ਤੇ ਸੜਕ ਦੇ ਵਿਚਕਾਰ ਖੜ੍ਹੇ ਖੰਭੇ ਨੂੰ ਹਟਾਉਣ ਲਈ ਬਿਜਲੀ ਬੋਰਡ ਨੂੰ ਲਿਖਿਆ ਜਾਵੇਗਾ ਤਾਂ ਹੋ ਇਲਾਕਾ ਨਿਵਾਸੀਆਂ ਨੂੰ ਕੋਈ ਦਿੱਕਤ ਨਾ ਆਵੇ। ਇਸ ਸੰਬੰਧ ਵਿੱਚ ਨਗਰ ਨਿਗਮ ਜੋਨ ਸੀ ਦੇ ਜੋਨਲ ਕਮਿਸ਼ਨਰ ਗੁਰਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਲਦ ਹੀ ਸੜਕ ਤੋਂ ਗੰਦਗੀ ਦੇ ਢੇਰ ਸਾਫ ਕਰਵਾ ਦਿੱਤੇ ਜਾਣਗੇ।