
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅਹਿਮ ਖ਼ਬਰ-ਹਲਕਾ ਲੁਧਿਆਣਾ ਦੱਖਣੀ ਦੇ ਕਾਂਗਰਸੀ ਆਗੂਆਂ ਨੇ ਆਗਾਮੀ ਵਿਧਾਨ ਸਭਾ ਚੋਣਾਂ ਸਬੰਧੀ ਕੀਤੀ ਵਿਚਾਰ ਚਰਚਾ

-ਹਲਕਾ ਦੱਖਣੀ ਦੇ ਕਾਂਗਰਸੀ ਆਗੂਆਂ ਨੇ ਭਵਿੱਖੀ ਚੋਣਾਂ ਬਾਰੇ ਕੀਤੀ ਚਰਚਾ
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਦੇ ਕਾਂਗਰਸੀ ਆਗੂਆਂ ਦੀ ਇੱਕ ਵਿਸ਼ੇਸ਼ ਮੀਟਿੰਗ ਵਾਰਡ ਨੰਬਰ 32 ਵਿੱਚ ਸ਼ੇਰ ਸਿੰਘ ਗਰਚਾ ਦੇ ਘਰ ਹੋਈ। ਜਿਸ ਵਿੱਚ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਹਲਕਾ ਲੁਧਿਆਣਾ ਦੱਖਣੀ ਦੇ ਇੰਚਾਰਜ ਈਸ਼ਵਰਜੋਤ ਸਿੰਘ ਚੀਮਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੀਟਿੰਗ ’ਚ ਭਵਿੱਖ ਦੀਆਂ ਵਿਧਾਨ ਸਭਾ ਚੋਣਾਂ ਸਬੰਧੀ ਵਿਚਾਰ ਚਰਚਾ ਕੀਤੀ। ਮੀਟਿੰਗ ਦੌਰਾਨ ਸੰਬੋਧਨ ਕਰਦੇ ਹੋਏ ਆਸ਼ੂ ਨੇ ਕਿਹਾ ਕਿ ਕਾਂਗਰਸ ਪਾਰਟੀ ਹੀ ਹੈ, ਜੋ ਕਿ ਆਮ ਲੋਕਾਂ ਦੇ ਹਿੱਤਾਂ ਅਤੇ ਸਰਬਪੱਖੀ ਵਿਕਾਸ ਸਬੰਧੀ ਇਮਾਨਦਾਰੀ ਨਾਲ ਕੰਮ ਕਰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ 2027 ਵਿੱਚ ਕਾਂਗਰਸ ਦੀ ਸਰਕਾਰ ਬਣਨੀ ਯਕੀਨੀ ਹੈ ਅਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਨਾ ਹਾਂ ਕਿ ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਦਾ ਵਿਕਾਸ ਵੀ ਹਲਕਾ ਲੁਧਿਆਣਾ ਪੱਛਮੀ ਵਾਂਗ ਹੋਵੇਗਾ ਤੇ ਇੱਥੋਂ ਦੇ ਵਾਸੀਆਂ ਨੂੰ ਨਰਕ ਭਰੀ ਜਿੰਦਗੀ ਤੋਂ ਰਾਹਤ ਮਿਲੇਗੀ। ਆਸ਼ੂ ਨੇ ਕਿਹਾ ਕਿ ਹੁਣ ਪੰਜਾਬ ਵਾਸੀ ਵੀ ਸਮਝ ਚੁੱਕੇ ਹਨ ਕਿ ਸੂਬੇ ਦਾ ਵਿਕਾਸ ਸਿਰਫ ਤੇ ਸਿਰਫ ਕਾਂਗਰਸ ਪਾਰਟੀ ਹੀ ਕਰਵਾ ਸਕਦੀ ਹੈ ਨਾ ਕਿ ਬਦਲਾਓ ਦੇ ਝੂਠੇ ਲਾਰੇ ਲਾ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ।
ਚੀਮਾ ਨੇ ਕਿਹਾ ਕਿ ਸਮੁੱਚੇ ਕਾਂਗਰਸੀ ਵਰਕਰਾਂ ਨੂੰ ਆਗਾਮੀ ਸਰਕਾਰ ਬਣਾਉਣ ਲਈ ਹੁਣ ਤੋਂ ਹੀ ਕਮਰ ਕੱਸੇ ਕੱਸ ਲੈਣੇ ਚਾਹੀਦੇ ਹਨ ਅਤੇ ਕਾਂਗਰਸ ਵਿੱਚ ਵੜੀਆਂ ਕਾਲੀਆਂ ਭੇਡਾਂ ਨੂੰ ਮੂੰਹ ਨਹੀਂ ਲਾਣਾ ਚਾਹੀਦਾ। ਮੀਟਿੰਗ ਦੌਰਾਨ ਕਾਂਗਰਸ ਸੇਵਾ ਦਲ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਆਸ਼ੀਸ਼ ਅਵਸਥੀ, ਵਾਰਡ ਨੰਬਰ 38 ਦੇ ਕੌਂਸਲਰ ਸਤਪਾਲ ਲੁਹਾਰਾ, 32 ਦੇ ਜਸਵਿੰਦਰ ਸਿੰਘ ਵੀਰੂ, ਸਾਬਕਾ ਕੌਂਸਲਰ ਸ਼ੇਰ ਸਿੰਘ ਸ਼ੇਰੀ, ਦਫਤਰ ਇੰਚਾਰਜ ਤਿਲਕ ਰਾਜ ਯਾਦਵ, ਗੌਤਮ ਸ਼ਰਮਾ, ਸ਼ੇਰ ਸਿੰਘ ਟੁਰਨਾ, ਸਿਰਾਜੁਦੀਨ, ਪੰਮਾ ਗਿਆਸਪੁਰਾ, ਵਿਵੇਕ ਆਦਿ ਨੇ ਕਾਂਗਰਸ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਅਤੇ ਮੌਜੂਦਾ ਸਰਕਾਰ ਦੀਆਂ ਨਲਾਇਕੀਆਂ ਨੂੰ ਘਰ ਘਰ ਪਹੁੰਚਾਉਣ ਦਾ ਪ੍ਰਣ ਲਿਆ।
-ਆਸ਼ੂ ਦੀ ਹਲਕਾ ਦੱਖਣੀ ’ਚ ਦਸਤਕ ਨਾਲ ਸਿਆਸੀ ਪਾਰਾ ਚੜਿ੍ਹਆ
ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਪੱਖੀ ਈਸ਼ਵਰਜੋਤ ਸਿੰਘ ਚੀਮਾ ਨੇ ਕਾਂਗਰਸ ਪਾਰਟੀ ਵੱਲੋਂ ਚੋਣ ਲੜੀ ਸੀ, ਜਦਕਿ ਸਾਬਕਾ ਵਿਧਾਇਕ ਜਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਆਪਣੀ ਲੋਕ ਇਨਸਾਫ਼ ਪਾਰਟੀ ਵੱਲੋਂ ਚੋਣ ਲੜੀ ਸੀ। ਚੀਮਾ ਤੇ ਜਥੇਦਾਰ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ। ਹੁਣ ਇਹ ਦੋਵੇਂ ਆਗੂ ਕਾਂਗਰਸ ਦਾ ਹਿੱਸਾ ਹਨ ਅਤੇ ਦੋਵੇਂ ਹੀ ਕਾਂਗਰਸ ਪਾਰਟੀ ਵੱਲੋਂ ਚੋਣ ਲੜਨ ਲਈ ਜੱਦੋਜਹਿਦ ਕਰ ਰਹੇ ਹਨ। ਜਿੱਥੇ ਜਥੇਦਾਰ ਬੈਂਸ ਦੇ ਹੱਕ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਐਮਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਹਨ, ਉੱਥੇ ਹੀ ਹੁਣ ਪੰਜਾਬ ਕਾਂਗਰਸ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂੁਸ਼ਣ ਆਸ਼ੂ ਨੇ ਚੀਮਾ ਦੇ ਨਾਲ ਹਲਕਾ ਲੁਧਿਆਣਾ ਦੱਖਣੀ ਵਿਚ ਕਾਂਗਰਸੀਆਂ ਦੀ ਮੀਟਿੰਗ ਕਰਕੇ ਸਿਆਸੀ ਪਾਰਾ ਚਾੜ੍ਹ ਦਿੱਤਾ ਹੈ। ਇਸ ਹਲਕੇ ਤੋਂ ਕੋਣ ਟਿਕਟ ਲੈਣ ਵਿੱਚ ਕਾਮਯਾਬ ਹੁੰਦਾ ਹੈ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਹਾਲ ਦੀ ਧੜ੍ਹੀ ਸਿਆਸੀ ਹਲਚਲ ਤੇਜ਼ ਹੋ ਗਈ ਹੈ।