- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹਿਰਾਂ ‘ਚ ਫਿੱਕਾ ਪਿਆ ਸੰਧਾਰੇ ਦਾ ਤਿਉਹਾਰ, ਪਿੰਡਾਂ ‘ਚ ਅਜੇ ਵੀ ਬਰਕਰਾਰ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਭੈਣ-ਭਰਾ ਦੇ ਰਿਸ਼ਤਿਆਂ ਨੂੰ ਮਜ਼ਬੂਤ ਕਰਦਾ ਸੰਧਾਰੇ ਦਾ ਤਿਉਹਾਰ ਸ਼ਹਿਰੀ ਖੇਤਰਾਂ 'ਚੋਂ ਲੋਪ ਹੁੰਦਾ ਜਾ ਰਿਹਾ ਹੈ । ਇਹ ਗੱਲ ਵੱਖਰੀ ਹੈ ਕਿ ਵਧੇਰੇ ਪਿੰਡਾਂ 'ਚ ਇਸ ਤਿਉਹਾਰ ਦੀ ਖਿੱਚ ਅਜੇ ਵੀ ਬਰਕਰਾਰ ਹੈ ਜਿਸ ਸਦਕਾ ਇਸ ਤਿਉਹਾਰ ਦੀ ਹੋਂਦ ਹਾਲੇ ਵੀ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਈ ਪਰ ਜੇ ਇਹੋ ਹਾਲ ਰਿਹਾ ਤਾਂ ਉਹ ਦਿਨ ਦੂਰ ਨਹੀਂ, ਜਦੋਂ ਸੰਧਾਰੇ ਦਾ ਇਹ ਤਿਉਹਾਰ ਕੇਵਲ ਕਿਤਾਬਾਂ ਤੱਕ ਹੀ ਸੀਮਤ ਹੋ ਕੇ ਰਹਿ ਜਾਵੇਗਾ। ਇਸ ਤਿਉਹਾਰ ਸਬੰਧੀ ਪੰਜਾਬੀ ਜਾਗਰਣ ਵੱਲੋਂ ਖਾਸ ਤੌਰ ’ਤੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਜੋ ਪਾਠਕਾਂ ਦੀ ਨਜ਼ਰ ਹੈ....•••।
-ਸੰਧਾਰਾ ਪੰਜਾਬੀ ਸੱਭਿਆਚਾਰ ਦਾ ਅਨਮੋਲ ’ਤੇ ਭਾਵੁਕ ਹਿੱਸਾ : ਡਾ. ਕੋਚਰ
ਮਸ਼ਹੂਰ ਲੇਖਿਕਾ ਅਤੇ ਸੰਸਥਾ ਸਿਰਜਣਧਾਰਾ ਦੀ ਪ੍ਰਧਾਨ ਡਾ.ਗੁਰਚਰਨ ਕੌਰ ਕੋਚਰ ਨੇ ਕਿਹਾ ਕਿ ਪੇਕਿਆਂ ਤੇ ਖਾਸ ਤੌਰ ’ਤੇ ਭਰਾ ਵੱਲੋਂ ਭੈਣ ਦੇ ਸਹੁਰੇ ਘਰ ਸੰਧਾਰਾ ਲੈ ਕੇ ਜਾਣ ਦਾ ਰਿਵਾਜ ਪੰਜਾਬੀ ਸੱਭਿਆਚਾਰ ਦਾ ਇਕ ਅਨਮੋਲ ਤੇ ਭਾਵੁਕ ਹਿੱਸਾ ਹੈ ਜੋ ਰਿਸ਼ਤਿਆਂ ਵਿਚਲੀ ਮਿਠਾਸ ਬਣਾਈ ਰੱਖਦਾ ਹੈ। ਸੰਧਾਰਾ ਸਿਰਫ ਬਿਸਕੁਟ, ਮੱਠੀਆਂ, ਗੁਲਗਲੇ, ਘੇਵਰ ਜਾਂ ਹੋਰ ਮਠਿਆਈਆਂ, ਤੋਹਫ਼ਿਆਂ ਅਤੇ ਕੱਪੜਿਆਂ ਦਾ ਲੈਣ-ਦੇਣ ਨਹੀਂ ਹੁੰਦਾ, ਬਲਕਿ ਇਹ ਧੀਆਂ-ਭੈਣਾਂ ਲਈ ਪੇਕਿਆਂ ਦੇ ਪਿਆਰ ਦਾ ਪ੍ਰਤੀਕ ਹੈ।
ਜਦੋਂ ਭਰਾ ਆਪਣੇ ਭੈਣ ਦੇ ਸਹੁਰੇ ਘਰ ਸੰਧਾਰਾ ਲੈ ਕੇ ਜਾਂਦਾ ਹੈ ਤਾਂ ਭੈਣ ਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਉਸਦੇ ਨਾਲ ਉਸਦਾ ਪਰਿਵਾਰ ਖੜ੍ਹਾ ਹੈ। ਉਹ ਇਹ ਵੀ ਮਹਿਸੂਸ ਕਰਦੀ ਹੈ ਕਿ ਭਰਾ ਦੇ ਆਉਣ ਨਾਲ ਉਸ ਦਾ ਸਹੁਰੇ ਘਰ ’ਚ ਮਾਣ- ਸਤਿਕਾਰ ਵਧਿਆ ਹੈ ਪਰ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅਜੋਕੇ ਦੌਰ ਵਿੱਚ ਇਕਹਿਰੇ ਪਰਿਵਾਰ ਹੋਣ ਕਰ ਕੇ ਅਤੇ ਪੈਸੇ ਤੇ ਕਰੀਅਰ ਬਣਾਉਣ ਦੀ ਦੌੜ ਵਿੱਚ ਵਿਅਸਤ ਮਨੁੱਖ ਕੋਲ ਆਪਣੀਆਂ ਸੱਭਿਆਚਾਰਕ ਰਸਮਾਂ-ਰਿਵਾਜਾਂ ਨੂੰ ਮਨਾਉਣ ਜਾਂ ਨਿਭਾਉਣ ਦਾ ਸਮਾਂ ਹੀ ਨਹੀਂ ਹੈ ਜਦਕਿ ਰਿਸ਼ਤਿਆਂ ਦਾ ਨਿੱਘ ਆਪਸੀ ਪਿਆਰ-ਮੁਹੱਬਤ ਤੇ ਮੇਲ-ਮਿਲਾਪ ਨਾਲ ਹੀ ਮਾਣਿਆ ਜਾ ਸਕਦਾ ਹੈ।
-ਧੀਆਂ ਲਈ ਮਾਪਿਆਂ ਦਾ ਪਿਆਰ, ਸਤਿਕਾਰ ਤੇ ਯਾਦ ਦਾ ਸੁਨੇਹਾ ਹੁੰਦੈ ਸੰਧਾਰਾ-ਢਿੱਲੋਂ
ਲੇਖਿਕਾ ਸਰਬਜੀਤ ਕੌਰ ਢਿੱਲੋਂ ਦਾ ਕਹਿਣਾ ਹੈ ਕਿ ਸਾਉਣ ਦਾ ਮਹੀਨਾ ਵਿਆਹੀਆਂ ਕੁੜੀਆਂ ਲਈ, ਰੰਗਾਂ ਅਤੇ ਪਿਆਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਮਹੀਨੇ ਜਿੱਥੇ ਕੁਦਰਤ ਹਰਿਆਲੀ ਦੀ ਚਾਦਰ ਓੜ੍ਹ ਲੈਂਦੀ ਹੈ, ਉੱਥੇ ਹੀ ਧੀਆਂ-ਭੈਣਾਂ ਲਈ ਸਾਉਣ ਦੇ ਸੰਧਾਰੇ ਦੀ ਪੁਰਾਣੀ ਰੀਤ ਵੀ ਦਿਲਾਂ ਵਿੱਚ ਨਵੀਂ ਰੌਣਕ ਭਰ ਦਿੰਦੀ ਹੈ। ਸੰਧਾਰਾ ਸਿਰਫ਼ ਮਿਠਾਈਆਂ, ਸੁਹਾਗ ਦੀਆਂ ਵਸਤਾਂ ਜਾਂ ਤੋਹਫ਼ਿਆਂ ਦਾ ਨਾਮ ਨਹੀਂ, ਇਹ ਮਾਪਿਆਂ ਵੱਲੋਂ ਆਪਣੀਆਂ ਧੀਆਂ ਲਈ ਪਿਆਰ, ਸਤਿਕਾਰ ਅਤੇ ਯਾਦ ਦਾ ਸੁਨੇਹਾ ਹੁੰਦਾ ਹੈ। ਵਿਆਹੀਆਂ ਧੀਆਂ ਨੂੰ ਪੇਕੇ ਘਰੋਂ ਆਇਆ ਸੰਧਾਰਾ ਪੇਕੇ ਘਰ ਦੀ ਮਮਤਾ ਅਤੇ ਬਚਪਨ ਦੀਆਂ ਯਾਦਾਂ ਨਾਲ ਜੋੜ ਦਿੰਦਾ ਹੈ। ਕੁੜੀਆਂ ਪੇਕਿਆਂ ਤੋਂ ਆਏ ਸੰਧਾਰੇ ਨੂੰ ਬਹੁਤ ਮਾਣ ਨਾਲ ਇਕ ਦੂਜੇ ਨੂੰ ਦੱਸਦੀਆਂ ਹਨ ਕਿ ‘ਮੇਰੀ ਅੰਮੜੀ ਦਾ ਜਾਇਆ ਨੀ ਸੰਧਾਰਾ ਲੈ ਕੇ ਆਇਆ। ਅੱਜ ਦੇ ਆਧੁਨਿਕ ਸਮੇਂ ਵਿੱਚ ਭਾਵੇਂ ਰੀਤਾਂ ਦੇ ਰੂਪ ਬਦਲ ਗਏ ਹਨ, ਪਰ ਸਾਉਣ ਦੇ ਸੰਧਾਰੇ ਨਾਲ ਜੁੜੀ ਮੋਹ-ਮਮਤਾ ਅਜੇ ਵੀ ਕਾਇਮ ਹੈ।
-ਸਹੁਰਿਆਂ 'ਚ ਕੁੜੀਆਂ ਦਾ ਮਾਣ ਵਧਾਉਂਦੈ ਸੰਧਾਰਾ : ਲੈਕਚਰਾਰ ਅੰਮ੍ਰਿਤ ਕੌਰ
ਲੈਕਚਰਾਰ ਅੰਮ੍ਰਿਤ ਕੌਰ ਨੇ ਕਿਹਾ ਕਿ ਪੰਜਾਬੀ ਸੱਭਿਆਚਾਰ ਦਾ ਪ੍ਰਤੀਕ ਸੰਧਾਰੇ ਦੇ ਤਿਉਹਾਰ ਪਹਿਲਾਂ ਸ਼ਹਿਰਾਂ ਤੇ ਪਿੰਡਾ 'ਚ ਹਰ ਸਾਲ ਆਉਣ ਵਾਲੇ ਸਾਉਣ ਮਹੀਨੇ ਦੌਰਾਨ ਮਨਾਇਆ ਜਾਂਦਾ ਸੀ। ਇਸ ਮੌਕੇ ਜਿੱਥੇ ਭੈਣ ਆਪਣੇ ਭਰਾ ਦੀ ਬੇਸਬਰੀ ਨਾਲ ਉਡੀਕ ਕਰਦੀ ਸੀ, ਉੱਥੇ ਭਰਾ ਵੀ ਸੰਧਾਰੇ 'ਚ ਘਰੋਂ ਮੱਠੀਆਂ, ਗੁਲਗੁਲੇ ਤੇ ਹੋਰ ਸਾਮਾਨ ਬਣਾ ਕੇ ਚਾਅ ਨਾਲ ਭੈਣ ਦੇ ਘਰ ਲਿਜਾਂਦਾ ਸੀ ਤੇ ਸੰਧਾਰੇ ਦਾ ਇਹ ਤਿਉਹਾਰ ਭੈਣ ਤੇ ਭਰਾ ਦੇ ਪਿਆਰ 'ਚ ਹੋਰ ਵੀ ਵਾਧਾ ਕਰਦਾ ਸੀ। ਸੰਧਾਰਾ ਸਹੁਰਿਆਂ 'ਚ ਕੁੜੀਆਂ ਦਾ ਮਾਣ ਵਧਾਉਂਦਾ ਹੈ।
-ਕੋਈ ਵੀ ਤਿਉਹਾਰ ਪੂਰੀ ਤਰ੍ਹਾਂ ਖ਼ਤਮ ਨਹੀਂ ਹੋ ਸਕਦਾ : ਮਨਜੀਤ ਕੌਰ
ਥਰੀਕੇ ਵਾਸੀ ਮਨਜੀਤ ਕੌਰ ਨੇ ਕਿਹਾ ਕਿ ਸਾਡੀ ਮਾਂ ਨੇ ਸਾਨੂੰ ਦੱਸਿਆ ਕਿ ਜਦੋਂ ਭਰਾ ਸੰਧਾਰਾ ਲੈ ਕੇ ਵਿਆਹੀ ਹੋਈ ਭੈਣ ਨੂੰ ਦੇਣ ਜਾਂਦਾ ਸੀ ਤਾਂ ਉਸ ਦਾ ਸਹੁਰੇ ਪਰਿਵਾਰ 'ਚ ਵੀ ਮਾਣ ਵਧਦਾ ਸੀ ਪਰ ਅੱਜ ਇਹ ਤਿਉਹਾਰ ਹੋਂਦ ਗੁਆਉਂਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਦਾਰਥਵਾਦੀ ਯੁੱਗ 'ਚ ਅੱਜ ਹਰ ਸ਼ਹਿਰਵਾਸੀ ਇਕ ਮਸ਼ੀਨ ਬਣ ਕੇ ਰਹਿ ਗਿਆ ਹੈ ਤੇ ਉਹ ਸੰਧਾਰਾ ਤੇ ਹੋਰ ਤਿਉਹਾਰਾਂ ਨੂੰ ਵੀ ਭੁੱਲਦਾ ਜਾ ਰਿਹਾ ਹੈ ਪਰ ਕੋਈ ਵੀ ਤਿਉਹਾਰ ਪੂਰੀ ਤਰ੍ਹਾਂ ਖ਼ਤਮ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਖ਼ੁਦ ਬਣਾਏ ਸਾਮਾਨ ਦਾ ਬਾਜ਼ਾਰੀ ਪਕਵਾਨ ਮੁਕਾਬਲਾ ਨਹੀਂ ਕਰ ਸਕਦੇ।
-ਰਿਸ਼ਤਿਆਂ ਨੂੰ ਸਾਂਭਣ ਤੇ ਵਿਰਸੇ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕਰਦੈ ਸੰਧਾਰਾ : ਮੋਨਿਕਾ
ਕਿਰਨ ਵਿਹਾਰ ਨਿਵਾਸੀ ਮੋਨਿਕਾ ਨੇ ਕਿਹਾ ਕਿ ਸੰਧਾਰਾ ਪੰਜਾਬ ਦੀ ਲੋਕ-ਪ੍ਰੰਪਰਾ ਨਾਲ ਜੁੜੀ ਉਹ ਖ਼ੂਬਸੂਰਤ ਰਸਮ ਹੈ ਜੋ ਭੈਣ-ਭਰਾ ਦੇ ਪਿਆਰ ਤੇ ਪਰਿਵਾਰਿਕ ਸਾਂਝ ਦਾ ਪ੍ਰਤੀਕ ਮੰਨੀ ਜਾਂਦੀ ਹੈ। ਇਸ ਰਸਮ ਦੀ ਪੂਰਤੀ ਲਈ ਸਾਵਣ ਦੇ ਮਹੀਨੇ ਤੀਆਂ ਦੇ ਤਿਉਹਾਰ ਵਕਤ ਅਕਸਰ ਭਰਾ ਆਪਣੀਆਂ ਭੈਣਾਂ ਦੇ ਸਹੁਰੇ ਘਰ ਮਿਠਾਈਆਂ, ਕੱਪੜੇ, ਵੰਗਾਂ ,ਮਹਿੰਦੀ, ਫ਼ਲ ਅਤੇ ਹੋਰ ਤੋਹਫ਼ੇ ਲੈ ਕੇ ਜਾਂਦੇ ਹਨ। ਭੈਣ ਦੇ ਸਹੁਰੇ ਪਰਿਵਾਰ ਵੱਲੋਂ ਉਸ ਦਾ ਨਿੱਘਾ ਸਵਾਗਤ ਕੀਤਾ ਜਾਂਦਾ ਹੈ। ਭਰਾ ਆਪਣੀ ਭੈਣ ਨੂੰ ਕੁੱਝ ਦਿਨਾਂ ਲਈ ਪੇਕੇ ਘਰ ਲੈ ਕੇ ਆਉਂਦਾ ਹੈ ਤਾਂ ਕਿ ਉਹ ਪੇਕੇ ਘਰ ਆ ਕੇ ਸਖੀਆਂ/ਸਹੇਲੀਆਂ ਨਾਲ ਤੀਆਂ ਦਾ ਤਿਉਹਾਰ ਮਨਾਉਣ, ਪੀਂਘਾਂ ਝੂਟਣ ਤੇ ਰਲ਼ ਮਿਲ ਕੇ ਗਿੱਧਾ ਪਾਉਣ ਤੇ ਖੁਸ਼ੀ ਮਨਾਉਣ। ਸੰਧਾਰਾ ਸਾਨੂੰ ਆਪਣੇ ਰਿਸ਼ਤਿਆਂ ਨੂੰ ਸਾਂਭਣ, ਵੰਡਣ ਤੇ ਪੰਜਾਬੀ ਵਿਰਸੇ ਨਾਲ ਜੁੜੇ ਰਹਿਣ ਲਈ ਪ੍ਰੇਰਨਾ ਦਿੰਦਾ ਹੈ, ਜਿਨ੍ਹਾਂ ਭੈਣਾਂ ਦੇ ਭਰਾ ਪ੍ਰਦੇਸਾਂ ਵਿੱਚ ਜਾਂ ਦੂਰ-ਦੁਰਾਡੇ ਰਹਿੰਦੇ ਹਨ ਤਾਂ ਅਜਿਹੇ ਹਾਲਾਤ ਵਿੱਚ ਉਹ ਆਪਣਾ ਪਿਆਰ ਸੰਦੇਸ਼ਾਂ ਜਾਂ ਵੀਡੀਓ ਕਾਲਾਂ ਦੇ ਨਾਲ-ਨਾਲ ਤੋਹਫ਼ੇ ਭੇਜ ਕੇ ਵੀ ਪ੍ਰਗਟ ਕਰਦੇ ਹਨ। ਸੰਧਾਰੇ ਦੀ ਰਸਮ ਮਹਿਜ ਤੋਹਫ਼ਿਆਂ ਦੇ ਆਦਾਨ-ਪ੍ਰਦਾਨ ਕਰਨ ਦੀ ਰਸਮ ਨਹੀਂ ਹੁੰਦੀ, ਸਗੋਂ ਇਕ-ਦੂਜੇ ਪ੍ਰਤੀ ਪਿਆਰ, ਸਤਿਕਾਰ ਅਤੇ ਆਪਣੇਪਣ ਦਾ ਅਹਿਸਾਸ ਕਰਾਉਣ ਲਈ ਹੁੰਦੀ ਹੈ। ਪੰਜਾਬ ਦੀ ਇਸ ਅਮੀਰ ਪ੍ਰੰਪਰਾ ਨੂੰ ਜੀਵਤ ਰੱਖ ਕੇ ਅਸੀਂ ਆਪਣੇ ਅਨਮੋਲ ਵਿਰਸੇ ਨੂੰ ਸੰਭਾਲਣ ਵਿਚ ਆਪਣਾ ਯੋਗਦਾਨ ਪਾ ਸਕਦੇ ਹਾਂ।