
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅਹਿਮ ਖ਼ਬਰ-14 ਏਕੜ ਵਿੱਚ ਹਰਿਆਵਲੀ ਦਾ ਸੁਪਨਾ ਲੈ ਕੇ ਕੇਂਦਰੀ ਜੇਲ੍ਹ ਨੇੜੇ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ

-23 ਅਗਸਤ 2026 ਤਕ ਹਰ ਰੋਜ਼ ਸਵੇਰੇ 11 ਵਜੇ ਤੋਂ ਦੁਪਹਿਰੇ 3 ਵਜੇ ਤੱਕ ਲਾਏ ਜਾਣਗੇ ਬੂਟੇ
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਵਾਤਾਵਰਨ ਨੂੰ ਪ੍ਰਦੂਸ਼ਣ ਤੋਂ ਬਚਾਉਣ ਤੇ ਸ਼ਹਿਰ ਨੂੰ ਹਰਾ-ਭਰਿਆ ਬਣਾਉਣ ਦੇ ਉਦੇਸ਼ ਨਾਲ ਕੇਂਦਰੀ ਜੇਲ੍ਹ ਨੇੜੇ ਬੂਟੇ ਲਾਉਣ ਦੀ ਮੁਹਿੰਮ ਜਾਰੀ ਹੈ। ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ ਦੀ ਅਗਵਾਈ ’ਚ ਮਾਰਗਦਰਸ਼ਨ ਹੇਠ ਸੋਮਵਾਰ ਨੂੰ ਬੂਟੇ ਲਾਉਣ ਦੇ ਦੋ ਮਹੱਤਵਪੂਰਨ ਪੜਾਅ ਸਫਲਤਾਪੂਰਵਕ ਪੂਰੇ ਕੀਤੇ। ਬੂਟੇ ਲਾਉਣ ਦੀ ਮੁਹਿੰਮ 23 ਅਗਸਤ 2026 ਐਤਵਾਰ ਤੱਕ ਹਰ ਰੋਜ਼ ਜਾਰੀ ਰਹੇਗੀ। ਬੂਟੇ ਲਾਉਣ ਦਾ ਸਮਾਂ ਰੋਜ਼ਾਨਾ ਸਵੇਰੇ 11 ਵਜੇ ਤੋਂ ਦੁਪਹਿਰੇ 3 ਵਜੇ ਤੱਕ ਰੱਖਿਆ ਹੈ। ਮੁਹਿੰਮ ਦੇ ਪ੍ਰਬੰਧਕਾਂ ਵੱਲੋਂ ਵਿਦਿਆਰਥੀਆਂ, ਬੱਚਿਆਂ, ਅਧਿਆਪਕਾਂ, ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਐੱਨਜੀਓਜ਼, ਸਨਅਤਕਾਰਾਂ, ਧਾਰਮਿਕ ਸੰਸਥਾਵਾਂ, ਕਿਸਾਨਾਂ, ਸੇਵਾਮੁਕਤ ਵਿਅਕਤੀਆਂ, ਮਜ਼ਦੂਰਾਂ ਤੇ ਵਾਤਾਵਰਨ ਪ੍ਰਤੀ ਜਾਗਰੂਕ ਹਰ ਨਾਗਰਿਕ ਨੂੰ ਇਸ ਮੁਹਿੰਮ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।
ਲਗਭਗ 14 ਏਕੜ ਰਕਬੇ ’ਚ ਵਿਕਸਤ ਕੀਤਾ ਜਾ ਰਿਹਾ ਇਹ ਹਰਾ ਖੇਤਰ ਭਵਿੱਖ ’ਚ ਲੁਧਿਆਣਾ ਲਈ ਇਕ ਮਹੱਤਵਪੂਰਨ ਗ੍ਰੀਨ ਬਫਰ ਜ਼ੋਨ ਅਤੇ ਵਾਤਾਵਰਨਕ ਸਥਾਨ ਬਣ ਸਕਦਾ ਹੈ। ਇਹ ਇਲਾਕਾ ਬੁੱਢਾ ਦਰਿਆ ਦੇ ਦੱਖਣੀ ਬੰਨ੍ਹ, ਕੇਂਦਰੀ ਜੇਲ੍ਹ ਦੀ ਪੂਰਬੀ ਕੰਧ ਤੇ ਫੋਕਲ ਪੁਆਇੰਟ ਡਾਇੰਗ ਐਸੋਸੀਏਸ਼ਨ ਦੇ 40 ਐਮਐਲਡੀ ਸੀਈਟੀਪੀ ਦੇ ਨੇੜੇ ਸਥਿਤ ਹੈ।
ਪ੍ਰਦੂਸ਼ਣ ਦੇ ਵੱਖ-ਵੱਖ ਸਰੋਤਾਂ ਨਾਲ ਪ੍ਰਭਾਵਿਤ ਇਸ ਖੇਤਰ ਵਿੱਚ ਵੱਡੀ ਗਿਣਤੀ ’ਚ ਦੇਸੀ ਰੁੱਖ-ਬੂਟਾ ਲਾਉਣ ਨਾਲ ਇਕ ਕੁਦਰਤੀ ਹਰਾ ਕਵਚ ਤਿਆਰ ਕਰਨ ਦੀ ਉਮੀਦ ਹੈ। ਇਸ ਨਾਲ ਹਵਾ ਦੀ ਗੁਣਵੱਤਾ ਸੁਧਾਰਨ ਦੇ ਨਾਲ-ਨਾਲ ਜੈਵ-ਵਿਭਿੰਨਤਾ, ਮਿੱਟੀ ਦੀ ਸੰਭਾਲ ਤੇ ਵਾਤਾਵਰਨਕ ਸੰਤੁਲਨ ਨੂੰ ਵੀ ਮਜ਼ਬੂਤੀ ਮਿਲ ਸਕਦੀ ਹੈ। ਮੁਹਿੰਮ ਦਾ ਉਦੇਸ਼ ਸਿਰਫ਼ ਪੌਦੇ ਲਗਾਉਣਾ ਨਹੀਂ, ਸਗੋਂ ਇਸ 14 ਏਕੜ ਜ਼ਮੀਨ ਨੂੰ ਇੱਕ ਅਜਿਹੇ ਜੀਵੰਤ ਗ੍ਰੀਨ ਹੱਬ ਵਿਚ ਤਬਦੀਲ ਕਰਨਾ ਹੈ, ਜਿੱਥੇ ਕੁਦਰਤ ਦੀ ਸੰਭਾਲ ਤੇ ਲੋਕਾਂ ਦੀ ਭਾਗੀਦਾਰੀ ਇਕੱਠੇ ਨਜ਼ਰ ਆਵੇ।
ਮੁਹਿੰਮ ਨਾਲ ਜੁੜੇ ਆਗੂਆਂ ਨੇ ਕਿਹਾ ਕਿ ਅੱਜ ਲਾਇਆ ਗਿਆ ਹਰ ਦੇਸੀ ਬੂਟਾ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼ ਹਵਾ ਅਤੇ ਸਿਹਤਮੰਦ ਵਾਤਾਵਰਨ ਵੱਲ ਇਕ ਕਦਮ ਹੈ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪ੍ਰਦੂਸ਼ਣ ਦੀ ਸ਼ਿਕਾਇਤ ਕਰਨ ਦੇ ਨਾਲ-ਨਾਲ ਇਸ ਦੇ ਖ਼ਿਲਾਫ਼ ਇਕ ਰੁੱਖ-ਬੂਟਾ ਲਾਉਣ ਦੀ ਜ਼ਿੰਮੇਵਾਰੀ ਵੀ ਨਿਭਾਈ ਜਾਵੇ। ਮੁਹਿੰਮ ਦੇ ਕੋਆਰਡੀਨੇਟਰ ਹਰਦੇਵ ਸਿੰਘ ਦੌਧਰ ਟੀਮ ਸੀਚੇਵਾਲ ਨੇ ਦੱਸਿਆ ਕਿ ਵਾਤਾਵਰਨ ਪ੍ਰਤੀ ਜ਼ਿੰਮੇਵਾਰੀ ਨਿਭਾਉਣ ਵਾਲਾ ਹਰ ਵਿਅਕਤੀ ਇਸ ਮੁਹਿੰਮ ’ਚ ਆਪਣਾ ਯੋਗਦਾਨ ਪਾ ਸਕਦਾ ਹੈ। ਬੂਟੇ ਲਾਉਣ ਸਮੇਂ ਕਰਨਲ ਸੀਐਮ ਲਖਨਪਾਲ, ਮਨਜਿੰਦਰ ਸਿੰਘ ਬੈਨੀਪਾਲ, ਦਾਨ ਸਿੰਘ ਓਸਾਨ ਆਦਿ ਹਾਜ਼ਰ ਸਨ।