
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬੁੱਢਾ ਦਰਿਆ ਦੇ ਕਿਨਾਰੇ ਕੂੜੇ ਦੇ ਪਹਾੜ ਤੋਂ ਲੈ ਕੇ ਗੰਦੇ ਪਾਣੀ ਤੱਕ ਹਾਲਾਤ ਬੇਹੱਦ ਗੰਭੀਰ

-ਪਬਲਿਕ ਐਕਸ਼ਨ ਕਮੇਟੀ ਦੀ ਜਾਂਚ ਦੌਰਾਨ ਪ੍ਰਦੂਸ਼ਣ, ਬਦਬੂ ਤੇ ਮਾੜੇ ਪ੍ਰਬੰਧਾਂ ਦੀ ਖੁੱਲ੍ਹੀ ਪੋਲ
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਬੁੱਢਾ ਦਰਿਆ ਨੂੰ ਸਾਫ਼ ਕਰਨ ਅਤੇ ਲੁਧਿਆਣਾ ਦੇ ਪ੍ਰਦੂਸ਼ਿਤ ਖੇਤਰਾਂ ਦੀ ਅਸਲ ਸਥਿਤੀ ਜਾਣਨ ਲਈ ਪਬਲਿਕ ਐਕਸ਼ਨ ਕਮੇਟੀ (ਪੀਏਸੀ) ਦੀ ਟੀਮ ਵੱਲੋਂ ਤਾਜਪੁਰ ਤੋਂ ਡੇਅਰੀ ਕੰਪਲੈਕਸ, ਮੱਛੀ ਮਾਰਕੀਟ ਅਤੇ ਸੈਂਟਰਲ ਜੇਲ੍ਹ ਦੇ ਸਾਹਮਣੇ ਸਥਿਤ ਲੈਂਡਫਿਲ ਖੇਤਰ ਤੱਕ ਦਾ ਦੌਰਾ ਕਰਕੇ ਪੜਤਾਲ ਕੀਤੀ ਗਈ। ਟੀਮ ਨੇ ਇਸ ਦੌਰਾਨ ਜੋ ਹਾਲਾਤ ਦੇਖੇ, ਉਹ ਸ਼ਹਿਰ ਦੇ ਵਾਤਾਵਰਣਕ ਪ੍ਰਬੰਧਾਂ ’ਤੇ ਗੰਭੀਰ ਸਵਾਲ ਖੜ੍ਹੇ ਕਰਦੇ ਹਨ। ਸੜਕਾਂ ’ਤੇ ਖਿੱਲਰਿਆ ਕੂੜਾ, ਖੜ੍ਹਾ ਗੰਦਾ ਪਾਣੀ, ਉਦਯੋਗਿਕ ਪ੍ਰਦੂਸ਼ਣ, ਬਦਬੂ ਅਤੇ ਖਸਤਾ ਸਿਵਲ ਬੁਨਿਆਦੀ ਢਾਂਚੇ ਨੇ ਪੂਰੇ ਇਲਾਕੇ ਨੂੰ ਬੇਹੱਦ ਖ਼ਤਰਨਾਕ ਬਣਾ ਦਿੱਤਾ ਹੈ। ਪੀਏਸੀ ਅਨੁਸਾਰ ਕੱਕਾ ਵੱਲ ਜਾਣ ਵਾਲੀਆਂ ਦੋਵੇਂ ਸੜਕਾਂ ’ਤੇ ਡਾਇੰਗ ਅਤੇ ਹੌਜ਼ਰੀ ਉਦਯੋਗਾਂ ਦੇ ਨੇੜੇ ਹਾਲਾਤ ਬੇਹੱਦ ਖ਼ਰਾਬ ਹਨ। ਪਹਿਲੇ ਲਗਭਗ ਇਕ ਕਿਲੋਮੀਟਰ ਨੂੰ ਛੱਡ ਕੇ ਸੜਕ ਦੀ ਹਾਲਤ ਖਸਤਾ ਮਿਲੀ। ਥਾਂ-ਥਾਂ ਕੂੜੇ ਦੇ ਢੇਰ, ਖਾਲੀ ਪਲਾਟਾਂ ਵਿੱਚ ਸੁੱਟਿਆ ਕਚਰਾ ਅਤੇ ਸੜਕਾਂ ’ਤੇ ਖੜ੍ਹਾ ਬਦਬੂਦਾਰ ਪਾਣੀ ਦੇਖਣ ਨੂੰ ਮਿਲਿਆ। ਟੀਮ ਦਾ ਕਹਿਣਾ ਹੈ ਕਿ ਇੱਥੇ ਰਹਿਣ ਅਤੇ ਕੰਮ ਕਰਨ ਵਾਲੇ ਲੋਕ ਗੰਭੀਰ ਸਿਹਤ ਅਤੇ ਵਾਤਾਵਰਣਕ ਖ਼ਤਰਿਆਂ ਵਿਚਕਾਰ ਜੀਵਨ ਬਤੀਤ ਕਰ ਰਹੇ ਹਨ। ਕੇਂਦਰੀ ਜੇਲ੍ਹ ਦੇ ਸਾਹਮਣੇ ਸਥਿਤ ਲੈਂਡਫਿਲ ਸਾਈਟ ’ਤੇ ਕਈ ਲੱਖ ਟਨ ਪੁਰਾਣਾ ਕੂੜਾ ਮੌਜੂਦ ਹੋਣ ਦਾ ਦਾਅਵਾ ਕੀਤਾ ਗਿਆ ਹੈ। ਪੀਏਸੀ ਦੀ ਟੀਮ ਦੇ ਦੌਰੇ ਸਮੇਂ ਸਾਗਰ ਕੰਪਨੀ ਵੱਲੋਂ ਚਲਾਇਆ ਜਾ ਰਿਹਾ ਕੂੜਾ ਪ੍ਰੋਸੈਸਿੰਗ ਪਲਾਂਟ ਬੰਦ ਮਿਲਿਆ। ਟੀਮ ਮੁਤਾਬਕ ਇਹ ਪਲਾਂਟ ਕਈ ਦਿਨਾਂ ਤੋਂ ਬੰਦ ਦੱਸਿਆ ਜਾ ਰਿਹਾ ਹੈ, ਜਿਸ ਦੇ ਕਾਰਨਾਂ ਦੀ ਸਰਕਾਰੀ ਪੱਧਰ ’ਤੇ ਤੁਰੰਤ ਜਾਂਚ ਦੀ ਲੋੜ ਹੈ। ਲੈਂਡਫਿਲ ਦੇ ਪੂਰਬੀ ਹਿੱਸੇ ਵਿੱਚ ਸੁੱਕਾ ਕੂੜਾ ਵੱਡੀ ਮਾਤਰਾ ਵਿੱਚ ਨਜ਼ਰ ਆਇਆ, ਜਿਸ ਵਿੱਚ ਪਲਾਸਟਿਕ ਦੀ ਮਾਤਰਾ 70 ਫੀਸਦੀ ਤੋਂ ਵੱਧ ਹੋਣ ਦਾ ਅਨੁਮਾਨ ਲਗਾਇਆ ਗਿਆ। ਦੂਜੇ ਪਾਸੇ ਦੱਖਣੀ ਹਿੱਸੇ ਵਿੱਚ ਸਥਿਤੀ ਹੋਰ ਵੀ ਚਿੰਤਾਜਨਕ ਮਿਲੀ। ਟੀਮ ਅਨੁਸਾਰ ਲੈਂਡਫਿਲ ਦੇ ਦੱਖਣੀ ਪਾਸੇ ਬੇਹੱਦ ਤੇਜ਼ ਬਦਬੂ ਸੀ। ਕਈ ਥਾਵਾਂ ’ਤੇ ਕੂੜੇ ਤੋਂ ਪੈਦਾ ਹੋ ਰਹੀ ਮੀਥੇਨ ਗੈਸ ਸੜਦੀ ਦਿਖਾਈ ਦਿੱਤੀ। ਇਸ ਤੋਂ ਇਲਾਵਾ ਕੂੜੇ ਦੇ ਵਿਚਕਾਰ ਇੱਕ ਲੰਮਾ ਨੀਵਾਂ ਇਲਾਕਾ ਗੰਦੇ ਅਤੇ ਪ੍ਰਦੂਸ਼ਿਤ ਪਾਣੀ ਦੇ ਤਲਾਬ ਵਿੱਚ ਤਬਦੀਲ ਹੋ ਗਿਆ ਹੈ। ਮੀਂਹ ਦਾ ਪਾਣੀ ਕੂੜੇ ਵਿੱਚੋਂ ਲੰਘ ਕੇ ਲੀਚੇਟ ਵਿੱਚ ਤਬਦੀਲ ਹੋਣ ਕਾਰਨ ਜ਼ਮੀਨ ਅਤੇ ਧਰਤੀ ਹੇਠਲੇ ਪਾਣੀ ਲਈ ਵੱਡਾ ਖ਼ਤਰਾ ਪੈਦਾ ਹੋ ਸਕਦਾ ਹੈ। ਪੀਏਸੀ ਨੇ ਇਸ ਖੇਤਰ ਵਿੱਚ ਹਾਈਡ੍ਰੋਜੀਓਲੌਜੀਕਲ ਜਾਂਚ ਅਤੇ ਮਿੱਟੀ ਤੇ ਭੂਮੀਗਤ ਪਾਣੀ ਦੇ ਵਿਗਿਆਨਕ ਨਮੂਨੇ ਲੈਣ ਦੀ ਮੰਗ ਕੀਤੀ ਹੈ। ਇਲਾਕੇ ਵਿੱਚ ਹਵਾ ਪ੍ਰਦੂਸ਼ਣ ਵੀ ਗੰਭੀਰ ਪੱਧਰ ’ਤੇ ਮਿਲਣ ਦਾ ਦਾਅਵਾ ਕੀਤਾ ਗਿਆ।ਉਦਯੋਗਿਕ ਚਿਮਨੀਆਂ ਤੋਂ ਨਿਕਲਦਾ ਧੂੰਆਂ, ਸੜਕਾਂ ਦੀ ਧੂੜ, ਲੈਂਡਫਿਲ ਗੈਸ, ਕੂੜੇ ਦਾ ਸੜਨਾ, ਗੰਦੇ ਪਾਣੀ ਦੀ ਬਦਬੂ ਅਤੇ ਵਾਹਨਾਂ ਦਾ ਧੂੰਆਂ ਮਿਲ ਕੇ ਲੋਕਾਂ ਲਈ ਪ੍ਰਦੂਸ਼ਣ ਦਾ ਖ਼ਤਰਨਾਕ ਮਿਸ਼ਰਣ ਬਣ ਰਹੇ ਹਨ। ਪੀਏਸੀ ਨੇ ਲਗਾਤਾਰ ਐਂਬੀਐਂਟ ਏਅਰ ਮਾਨੀਟਰਿੰਗ ਅਤੇ ਉਦਯੋਗਿਕ ਯੂਨਿਟਾਂ ਦੀਆਂ ਚਿਮਨੀਆਂ ਤੋਂ ਨਿਕਲਣ ਵਾਲੇ ਪ੍ਰਦੂਸ਼ਣ ਦੀ ਸਖ਼ਤ ਜਾਂਚ ਦੀ ਮੰਗ ਕੀਤੀ ਹੈ। ਟੀਮ ਨੇ ਮੈਡੀਕਲ ਵੇਸਟ ਦੇ ਨਿਪਟਾਰੇ ਵਾਲੇ ‘ਮੈਡੀਕੇਅਰ’ ਕੇਂਦਰ ਦੇ ਨੇੜੇ ਵੀ ਦੌਰਾ ਕੀਤਾ। ਇਹ ਸਹੂਲਤ ਉਸ ਸਮੇਂ ਗੈਰ-ਕਾਰਜਸ਼ੀਲ ਦਿਖਾਈ ਦਿੱਤੀ। ਬਾਹਰ ਡਿਸਪਲੇ ਬੋਰਡ ਲੱਗੇ ਹੋਣ ਦੇ ਬਾਵਜੂਦ ਵਾਤਾਵਰਣਕ ਕਾਰਗੁਜ਼ਾਰੀ ਨਾਲ ਸਬੰਧਤ ਜ਼ਰੂਰੀ ਜਾਣਕਾਰੀ ਜਨਤਕ ਤੌਰ ’ਤੇ ਪ੍ਰਦਰਸ਼ਿਤ ਨਹੀਂ ਕੀਤੀ ਜਾ ਰਹੀ ਸੀ। ਪੀਏਸੀ ਨੇ ਪਲਾਂਟ ਦੇ ਚੱਲਣ ਜਾਂ ਬੰਦ ਹੋਣ, ਬਾਇਓਮੈਡੀਕਲ ਵੇਸਟ ਦੀ ਸੰਭਾਲ ਅਤੇ ਪ੍ਰਦੂਸ਼ਣ ਨਿਯਮਾਂ ਦੀ ਪਾਲਣਾ ਬਾਰੇ ਸਰਕਾਰੀ ਜਾਂਚ ਦੀ ਮੰਗ ਕੀਤੀ ਹੈ।
-40 ਤੇ 50 ਐਮਐਲਡੀ ਸੀਈਟੀਪੀ ਦੇ ਪਾਣੀ ’ਤੇ ਸਵਾਲ, 225 ਐਮਐਲਡੀ ਐਸਟੀਪੀ ’ਚੋਂ ਵੀ ਭੂਰਾ ਪਾਣੀ
ਪੀਏਸੀ ਅਨੁਸਾਰ ਬੁੱਢਾ ਦਰਿਆ ਵਿੱਚ 40 ਐਮਐਲਡੀ ਅਤੇ 50 ਐਮਐਲਡੀ ਕਾਮਨ ਐਫਲੂਐਂਟ ਟ੍ਰੀਟਮੈਂਟ ਪਲਾਂਟਾਂ ਤੋਂ ਲਗਾਤਾਰ ਡਿਸਚਾਰਜ ਦੇਖਿਆ ਗਿਆ। ਇਸੇ ਤਰ੍ਹਾਂ 225 ਐਮਐਲਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਤੋਂ ਭੂਰੇ ਰੰਗ ਦਾ ਪਾਣੀ ਨਿਕਲਦਾ ਦੇਖਿਆ ਗਿਆ। ਕਮੇਟੀ ਨੇ ਖਦਸ਼ਾ ਜਤਾਇਆ ਕਿ ਉਦਯੋਗਿਕ ਗੰਦਾ ਪਾਣੀ ਕਿਤੇ ਗੈਰ-ਕਾਨੂੰਨੀ ਢੰਗ ਨਾਲ ਘਰੇਲੂ ਸੀਵਰੇਜ ਵਿੱਚ ਤਾਂ ਨਹੀਂ ਮਿਲ ਰਿਹਾ। ਇਸ ਦੀ ਜਾਂਚ ਲਈ ਇਨਲੈਟ ਅਤੇ ਆਊਟਲੈਟ ਦੇ ਸੁਤੰਤਰ ਨਮੂਨੇ, ਲਗਾਤਾਰ ਆਨਲਾਈਨ ਮਾਨੀਟਰਿੰਗ ਅਤੇ ਉਦਯੋਗਿਕ ਇਕਾਈਆਂ ਦੀਆਂ ਸੀਵਰੇਜ ਕੁਨੈਕਸ਼ਨਾਂ ਦੀ ਜਾਂਚ ਕਰਨ ਦੀ ਮੰਗ ਕੀਤੀ ਗਈ ਹੈ।
-ਡੇਅਰੀਆਂ ਦਾ ਗੋਬਰ ਵੀ ਬੁੱਢਾ ਦਰਿਆ ’ਚ, ਕੂੜੇ ਨੂੰ ‘ਕਮਾਈ’ ’ਚ ਬਦਲਣ ਦੀ ਸਲਾਹ
ਪੀਏਸੀ ਨੇ ਦਾਅਵਾ ਕੀਤਾ ਕਿ ਡੇਅਰੀਆਂ ਤੋਂ ਗੋਬਰ ਮਿਲਿਆ ਗੰਦਾ ਪਾਣੀ ਅਜੇ ਵੀ ਬੁੱਢਾ ਦਰਿਆ ਵਿਚ ਪਹੁੰਚ ਰਿਹਾ ਹੈ। ਕਮੇਟੀ ਦਾ ਕਹਿਣਾ ਹੈ ਕਿ ਗੋਬਰ ਅਤੇ ਡੇਅਰੀ ਵੇਸਟ ਨੂੰ ਸਮੱਸਿਆ ਦੀ ਬਜਾਏ ਸਰੋਤ ਵਜੋਂ ਦੇਖਣ ਦੀ ਲੋੜ ਹੈ। ਇਸ ਤੋਂ ਬਾਇਓਗੈਸ, ਕੰਪਰੈੱਸਡ ਬਾਇਓਗੈਸ (ਸੀਬੀਜੀ), ਜੈਵਿਕ ਖਾਦ ਅਤੇ ਬਾਇਓ-ਸਲਰੀ ਤਿਆਰ ਕੀਤੀ ਜਾ ਸਕਦੀ ਹੈ।
-ਪੀਏਸੀ ਦਾ ‘ਬਲੈਕ ਹੈਲ ਤੋਂ ਗ੍ਰੀਨ ਹੈਵਨ’ ਬਣਾਉਣ ਦਾ ਸੁਪਨਾ
ਪੀਏਸੀ ਨੇ ਤਾਜਪੁਰ, ਡੇਅਰੀ ਕੰਪਲੈਕਸ, ਮੱਛੀ ਮੰਡੀ, ਉਦਯੋਗਿਕ ਖੇਤਰ, ਬਾਇਓਮੈਡੀਕਲ ਵੇਸਟ ਸਹੂਲਤ, ਸੈਂਟਰਲ ਜੇਲ੍ਹ ਲੈਂਡਫਿਲ ਅਤੇ ਬੁੱਢਾ ਦਰਿਆ ਦੇ ਪੂਰੇ ਖੇਤਰ ਨੂੰ ਇੱਕ ਏਕੀਕ੍ਰਿਤ ਵਾਤਾਵਰਣਕ ਵਿਕਾਸ ਜ਼ੋਨ ਵਜੋਂ ਵਿਕਸਤ ਕਰਨ ਦੀ ਮੰਗ ਕੀਤੀ ਹੈ। ਕਮੇਟੀ ਮੁਤਾਬਕ ਪੁਰਾਣੇ ਕੂੜੇ ਦੀ ਵਿਗਿਆਨਕ ਬਾਇਓਮਾਈਨਿੰਗ, ਲੈਂਡਫਿਲ ਗੈਸ ਦੀ ਵਰਤੋਂ, ਲੀਚੇਟ ਟ੍ਰੀਟਮੈਂਟ, ਡੇਅਰੀ ਵੇਸਟ ਤੋਂ ਸੀਬੀਜੀ, ਸੀਵਰੇਜ ਸਲੱਜ ਤੋਂ ਬਾਇਓਗੈਸ, ਟ੍ਰੀਟ ਕੀਤੇ ਪਾਣੀ ਦੀ ਮੁੜ ਵਰਤੋਂ, ਸੋਲਰ ਐਨਰਜੀ ਅਤੇ ਵੱਡੇ ਪੱਧਰ ’ਤੇ ਹਰੇ-ਭਰੇ ਬਫਰ ਜ਼ੋਨ ਬਣਾਏ ਜਾਣੇ ਚਾਹੀਦੇ ਹਨ। ਪੀਏਸੀ ਨੇ ਸਰਕਾਰ ਤੋਂ ਇੱਕ ਸਾਂਝੀ ਅਤੇ ਤਾਕਤਵਰ ਕੋਆਰਡੀਨੇਟਿੰਗ ਅਥਾਰਟੀ ਬਣਾਉਣ, ਸਾਰੇ ਟ੍ਰੀਟਮੈਂਟ ਪਲਾਂਟਾਂ ਦੇ ਸੁਤੰਤਰ ਆਡਿਟ, ਪ੍ਰਦੂਸ਼ਣ ਕਰਨ ਵਾਲਿਆਂ ਦੀ ਜਵਾਬਦੇਹੀ ਅਤੇ ਆਨਲਾਈਨ ਜਨਤਕ ਮਾਨੀਟਰਿੰਗ ਦੀ ਮੰਗ ਕੀਤੀ ਹੈ।ਕਮੇਟੀ ਦੇ ਮੈਂਬਰ ਕਰਨਲ ਸੀਐੱਮ ਲਖਨਪਾਲ ਨੇ ਕਿਹਾ ਕਿ ਇਹ ਸਿਰਫ਼ ਵਾਤਾਵਰਣ ਦਾ ਮੁੱਦਾ ਨਹੀਂ, ਸਗੋਂ ਲੁਧਿਆਣਾ ਦੇ ਲੋਕਾਂ ਦੀ ਸਿਹਤ, ਰੋਜ਼ਗਾਰ ਅਤੇ ਭਵਿੱਖ ਨਾਲ ਜੁੜਿਆ ਮਾਮਲਾ ਹੈ। ਉਨ੍ਹਾਂ ਕਿਹਾ ਕਿ ਜਿਸ ਖੇਤਰ ਨੂੰ ਅੱਜ ਪ੍ਰਦੂਸ਼ਣ ਅਤੇ ਅਣਗਹਿਲੀ ਦੀ ਨਿਸ਼ਾਨੀ ਮੰਨਿਆ ਜਾ ਰਿਹਾ ਹੈ, ਉਸ ਨੂੰ ਯੋਜਨਾਬੱਧ ਢੰਗ ਨਾਲ ‘ਬਲੈਕ ਹੈਲ ਤੋਂ ਗ੍ਰੀਨ ਹੈਵਨ’ ਵਿੱਚ ਬਦਲਿਆ ਜਾ ਸਕਦਾ ਹੈ।