- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਹਿਮ ਖ਼ਬਰ-ਭਾਜਪਾ ਨੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੂੰ ਤਰੱਕੀ ਦੇ ਕੇ ਸੂਬਾ ਜਨਰਲ ਸਕੱਤਰ ਬਣਾਇਆ

-ਸਰੀਨ ਮੁੜ ਜਨਰਲ ਸਕੱਤਰ, ਮਿੱਤਲ ਮੀਤ ਪ੍ਰਧਾਨ, ਦੇਬੀ ਖਜ਼ਾਨਚੀ ਤੇ ਬਲੀਏਵਾਲ ਬਣੇ ਸਹਿ ਮੀਡੀਆ ਇੰਚਾਰਜ
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਭਾਰਤੀ ਜਨਤਾ ਪਾਰਟੀ ਵੱਲੋਂ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦੇ ਮੰਤਵ ਨਾਲ ਸੂਬਾ ਕਾਰਜਕਾਰਨੀ ਦਾ ਐਲਾਨ ਕੀਤਾ ਗਿਆ ਹੈ। ਭਾਜਪਾ ਵੱਲੋਂ ਐਲਾਨੀ ਗਈ ਸੂਚੀ ਵਿੱਚ ਲੁਧਿਆਣਾ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੂੰ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ਪਾਰਟੀ ਹਾਈਕਮਾਨ ਨੇ ਉਨ੍ਹਾਂ ਨੂੰ ਤਰੱਕੀ ਦਿੰਦਿਆਂ ਪੰਜਾਬ ਭਾਜਪਾ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਹੈ। ਉਨ੍ਹਾਂ ਦੀ ਨਿਯੁਕਤੀ ਨਾਲ ਭਾਜਪਾ ਵਰਕਰਾਂ ’ਚ ਖੁਸ਼ੀ ਦੀ ਲਹਿਰ ਹੈ ਤੇ ਪਾਰਟੀ ਦੇ ਆਗੂਆਂ ਵੱਲੋਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
ਧੀਮਾਨ ਲੰਬੇ ਸਮੇਂ ਤੋਂ ਭਾਜਪਾ ਨਾਲ ਜੁੜੇ ਹੋਏ ਹਨ ਅਤੇ ਪਾਰਟੀ ਦੇ ਇੱਕ ਸਰਗਰਮ ਤੇ ਅਨੁਭਵੀ ਆਗੂ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਨੇ ਲੁਧਿਆਣਾ ਜ਼ਿਲ੍ਹਾ ਪ੍ਰਧਾਨ ਵਜੋਂ ਆਪਣੇ ਕਾਰਜਕਾਲ ਦੌਰਾਨ ਸੰਗਠਨ ਦੇ ਵਿਸਥਾਰ, ਬੂਥ ਪੱਧਰ ਤੱਕ ਪਾਰਟੀ ਨੂੰ ਮਜ਼ਬੂਤ ਕਰਨ ਅਤੇ ਵੱਖ-ਵੱਖ ਜਨ ਮੁੱਦਿਆਂ ਨੂੰ ਉਭਾਰਨ ਲਈ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਦੀ ਸੰਗਠਨਾਤਮਕ ਯੋਗਤਾ ਤੇ ਪਾਰਟੀ ਪ੍ਰਤੀ ਸਮਰਪਣ ਨੂੰ ਦੇਖਦੇ ਹੋਏ ਹਾਈਕਮਾਨ ਨੇ ਉਨ੍ਹਾਂ ਨੂੰ ਇਹ ਨਵੀਂ ਜ਼ਿੰਮੇਵਾਰੀ ਸੌਂਪੀ ਹੈ। ਨਿਯੁਕਤੀ ਤੋਂ ਬਾਅਦ ਧੀਮਾਨ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਨ੍ਹਾਂ 'ਤੇ ਪ੍ਰਗਟਾਏ ਭਰੋਸੇ 'ਤੇ ਖਰਾ ਉਤਰਨ ਲਈ ਪੂਰੀ ਇਮਾਨਦਾਰੀ ਤੇ ਮਿਹਨਤ ਨਾਲ ਕੰਮ ਕਰਨਗੇ। ਪੰਜਾਬ ਵਿੱਚ ਪਾਰਟੀ ਦੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ, ਵਰਕਰਾਂ ਨਾਲ ਤਾਲਮੇਲ ਵਧਾਉਣ ਤੇ ਲੋਕਾਂ ਦੇ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚੁੱਕਣ ਲਈ ਉਹ ਪੂਰੀ ਤਨਦੇਹੀ ਨਾਲ ਕੰਮ ਕਰਨਗੇ।
ਭਾਜਪਾ ਵੱਲੋਂ ਜਾਰੀ ਸੂਚੀ ਅਨੁਸਾਰ ਅਨਿਲ ਸਰੀਨ ਨੂੰ ਮੁੜ ਪੰਜਾਬ ਭਾਜਪਾ ਦਾ ਜਨਰਲ ਸਕੱਤਰ ਅਤੇ ਗੁਰਦੇਵ ਸ਼ਰਮਾ ਦੇਬੀ ਨੂੰ ਖਜ਼ਾਨਚੀ ਬਣਾਇਆ ਗਿਆ ਹੈ, ਜਦਕਿ ਜਤਿੰਦਰ ਮਿੱਤਲ ਨੂੰ ਇੱਕ ਵਾਰ ਫਿਰ ਪੰਜਾਬ ਭਾਜਪਾ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਪ੍ਰਿਤਪਾਲ ਸਿੰਘ ਬਲੀਏਵਾਲ ਨੂੰ ਪੰਜਾਬ ਭਾਜਪਾ ਦਾ ਸਹਿ ਇੰਚਾਰਜ (ਮੀਡੀਆ) ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਪਾਰਟੀ ਵੱਲੋਂ ਕੀਤੀਆਂ ਨਿਯੁਕਤੀਆਂ ਨੂੰ ਆਉਣ ਵਾਲੀਆਂ ਰਾਜਨੀਤਿਕ ਚੁਣੌਤੀਆਂ ਅਤੇ ਸੰਗਠਨ ਦੇ ਵਿਸਥਾਰ ਦੇ ਮੱਦੇਨਜ਼ਰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਸਰੀਨ,ਦੇਬੀ ਅਤੇ ਮਿੱਤਲ ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜੇ ਹੋਏ ਹਨ ਅਤੇ ਸੰਗਠਨ ’ਚ ਵੱਖ-ਵੱਖ ਜ਼ਿੰਮੇਵਾਰੀਆਂ ਨਿਭਾਅ ਚੁੱਕੇ ਹਨ। ਪਾਰਟੀ ਹਾਈਕਮਾਨ ਨੇ ਉਨ੍ਹਾਂ ਦੇ ਤਜਰਬੇ ਤੇ ਸੰਗਠਨਾਤਮਕ ਯੋਗਤਾ 'ਤੇ ਭਰੋਸਾ ਜਤਾਉਂਦਿਆਂ ਉਨ੍ਹਾਂ ਨੂੰ ਮੁੜ ਇਹ ਜ਼ਿੰਮੇਵਾਰੀਆਂ ਸੌਂਪੀਆਂ ਹਨ। ਉੱਧਰ ਬਲੀਏਵਾਲ ਨੂੰ ਸਹਿ ਇੰਚਾਰਜ (ਮੀਡੀਆ) ਨਿਯੁਕਤ ਕਰਕੇ ਪਾਰਟੀ ਨੇ ਮੀਡੀਆ ਤੇ ਜਨਸੰਪਰਕ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦਾ ਸੰਦੇਸ਼ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਉਹ ਪਾਰਟੀ ਦੀਆਂ ਨੀਤੀਆਂ ਤੇ ਸਰਗਰਮੀਆਂ ਨੂੰ ਲੋਕਾਂ ਤੱਕ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਇਨ੍ਹਾਂ ਨਿਯੁਕਤੀਆਂ ਤੋਂ ਬਾਅਦ ਪੰਜਾਬ ਭਾਜਪਾ ਦੇ ਆਗੂਆਂ ਤੇ ਵਰਕਰਾਂ ਨੇ ਨਵੇਂ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਉਮੀਦ ਜਤਾਈ ਕਿ ਉਨ੍ਹਾਂ ਦੇ ਤਜਰਬੇ ਦਾ ਲਾਭ ਪਾਰਟੀ ਨੂੰ ਸੂਬੇ ਵਿੱਚ ਸੰਗਠਨਕ ਤੌਰ 'ਤੇ ਹੋਰ ਮਜ਼ਬੂਤ ਬਣਾਉਣ ਤੇ ਆਉਣ ਵਾਲੀਆਂ ਚੋਣਾਂ ਦੀ ਤਿਆਰੀ ਵਿੱਚ ਮਿਲੇਗਾ।