- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਜਪਾ ਕੌਂਸਲਰਾਂ ਨੇ ਵਾਰਡਾਂ ਦੇ ਵਿਕਾਸ ਨੂੰ ਲੈਕੇ ਵਿਤਕਰਾ ਕਰਨ ਦੇ ਵਿਰੋਧ 'ਚ ਧਰਨਾ ਲਗਾਇਆ

-ਮੀਂਹ ਦੇ ਬਾਵਜੂਦ ਜ਼ੋਨ-ਡੀ ਦਫ਼ਤਰ ’ਚ ਡਟੇ ਰਹੇ ਕੌਂਸਲਰ, ਵਿਕਾਸ ਫੰਡਾਂ ਦੀ ਬਰਾਬਰ ਵੰਡ ਦੀ ਮੰਗ
ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ, ਲੁਧਿਆਣਾ : ਸਥਾਨਕ ਨਗਰ ਨਿਗਮ ਵੱਲੋਂ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਭਾਜਪਾ ਦੇ ਕੌਂਸਲਰਾਂ ਦੇ ਵਾਰਡਾਂ ਨਾਲ ਪੱਖਪਾਤ ਕੀਤੇ ਜਾਣ ਦੇ ਵਿਰੋਧ ਵਿੱਚ ਮੰਗਲਵਾਰ ਨੂੰ ਨਗਰ ਨਿਗਮ ਦੇ ਜੋਨ-ਡੀ ਦਫ਼ਤਰ ਵਿਖੇ ਡੰਮੀ ਹਾਊਸ ਲਾ ਕੇ ਧਰਨਾ ਦਿੱਤਾ। ਮੀਂਹ ਪੈਣ ਦੇ ਬਾਵਜੂਦ ਭਾਜਪਾ ਕੌਂਸਲਰ ਆਪਣੀਆਂ ਮੰਗਾਂ ਦੇ ਸਮਰਥਨ ਵਿੱਚ ਧਰਨੇ 'ਤੇ ਡਟੇ ਰਹੇ। ਇਸ ਦੌਰਾਨ ਨਿਗਮ ਕਮਿਸ਼ਨਰ ਤੇ ਮੇਅਰ ਦੀ ਉਡੀਕ ਵੀ ਕੀਤੀ ਗਈ, ਪਰ ਦੋਵੇਂ ਮੌਕੇ 'ਤੇ ਨਹੀਂ ਪਹੁੰਚੇ। ਧਰਨੇ ਦੀ ਅਗਵਾਈ ਨਿਗਮ ਹਾਊਸ ਵਿੱਚ ਵਿਰੋਧੀ ਧਿਰ ਦੀ ਨੇਤਾ ਕੌਂਸਲਰ ਪੂਨਮ ਰੱਤੜਾ ਨੇ ਕੀਤੀ, ਜਦਕਿ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਕੌਂਸਲਰ ਸੁਨੀਲ ਮੋਦਗਿੱਲ ਵੀ ਧਰਨੇ ਵਿੱਚ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਇਸ ਮੌਕੇ ਕੌਂਸਲਰ ਪੂਨਮ ਰੱਤੜਾ ਨੇ ਦੋਸ਼ ਲਗਾਇਆ ਕਿ ਨਿਗਮ ਹਾਊਸ ਦੇ ਗਠਨ ਤੋਂ ਬਾਅਦ ਭਾਜਪਾ ਕੌਂਸਲਰਾਂ ਦੇ ਵਾਰਡਾਂ ਨਾਲ ਲਗਾਤਾਰ ਵਿਤਕਰਾ ਕੀਤਾ ਜਾ ਰਿਹਾ ਹੈ। ਵਿਕਾਸ ਕਾਰਜਾਂ ਲਈ ਲੁੜੀਂਦੇ ਫੰਡ ਜਾਰੀ ਨਾ ਕੀਤੇ ਜਾਣ ਕਾਰਨ ਇਨ੍ਹਾਂ ਵਾਰਡਾਂ ਵਿੱਚ ਸੜਕਾਂ, ਸੀਵਰੇਜ, ਸਫ਼ਾਈ ਤੇ ਹੋਰ ਬੁਨਿਆਦੀ ਸਹੂਲਤਾਂ ਨਾਲ ਸਬੰਧਤ ਕੰਮ ਪ੍ਰਭਾਵਿਤ ਹੋ ਰਹੇ ਹਨ, ਜਿਸ ਦਾ ਖ਼ਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸਿਆਸੀ ਭੇਦਭਾਵ ਤੋਂ ਉੱਪਰ ਉੱਠ ਕੇ ਸ਼ਹਿਰ ਦੇ ਸਾਰੇ ਵਾਰਡਾਂ ਵਿੱਚ ਬਰਾਬਰੀ ਦੇ ਆਧਾਰ 'ਤੇ ਵਿਕਾਸ ਕਾਰਜ ਕਰਵਾਏ ਜਾਣ।
ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਤੇ ਕੌਂਸਲਰ ਸੁਨੀਲ ਮੋਦਗਿੱਲ ਨੇ ਕਿਹਾ ਕਿ ਨਿਗਮ ਦਾ ਮੁੱਖ ਫ਼ਰਜ਼ ਸ਼ਹਿਰ ਦੇ ਹਰ ਨਾਗਰਿਕ ਨੂੰ ਬਿਨਾਂ ਕਿਸੇ ਵਿਤਕਰੇ ਦੇ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਪ੍ਰਸ਼ਾਸਨ ਵੱਲੋਂ ਵਿਰੋਧੀ ਧਿਰ ਦੇ ਕੌਂਸਲਰਾਂ ਦੇ ਵਾਰਡਾਂ ਨੂੰ ਜਾਣ-ਬੁੱਝ ਕੇ ਅਣਦੇਖਿਆਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਰਵੱਈਆ ਜਾਰੀ ਰਿਹਾ ਤਾਂ ਭਾਜਪਾ ਇਸ ਮਸਲੇ ਨੂੰ ਲੋਕਾਂ ਵਿਚਕਾਰ ਹੋਰ ਜ਼ੋਰਦਾਰ ਢੰਗ ਨਾਲ ਚੁੱਕੇਗੀ। ਨਾਲ ਹੀ ਉਨ੍ਹਾਂ ਸਾਰੇ ਵਾਰਡਾਂ ਲਈ ਵਿਕਾਸ ਫੰਡ ਪਾਰਦਰਸ਼ੀ ਤੇ ਬਰਾਬਰੀ ਦੇ ਆਧਾਰ 'ਤੇ ਜਾਰੀ ਕਰਨ ਦੀ ਮੰਗ ਕੀਤੀ। ਡੰਮੀ ਹਾਊਸ ਦੌਰਾਨ ਭਾਜਪਾ ਕੌਂਸਲਰਾਂ ਨੇ ਆਪਣੇ-ਆਪਣੇ ਵਾਰਡਾਂ ਨਾਲ ਸਬੰਧਤ ਸਮੱਸਿਆਵਾਂ ਅਤੇ ਵਿਕਾਸ ਕੰਮਾਂ ’ਚ ਆ ਰਹੀਆਂ ਰੁਕਾਵਟਾਂ ਨੂੰ ਵੀ ਉਜਾਗਰ ਕੀਤਾ। ਧਰਨੇ ’ਚ ਕੌਂਸਲਰ ਪੂਨਮ ਰੱਤੜਾ, ਮੋਨਿਕਾ ਜੱਗੀ, ਮੰਜੂ ਅਗਰਵਾਲ, ਰੂਬੀ ਗੋਰੀਅਨ, ਸ਼ੋਭਾ ਸ਼ਰਮਾ, ਭਵਨੀਤ ਕੌਰ, ਕੁਲਦੀਪ ਕੌਰ, ਰੁਚੀ ਗੁਲਾਟੀ, ਪੱਲਵੀ ਵਿਨਾਇਕ, ਅਨਿਲ ਭਾਰਦਵਾਜ, ਰੋਹਿਤ ਸਿੱਕਾ, ਸੁਮਨ ਵਰਮਾ, ਰਾਜੇਸ਼ ਮਿਸ਼ਰਾ, ਜਸਬੀਰ ਕੌਰ, ਅਨੀਤਾ ਸ਼ਰਮਾ ਸਮੇਤ ਵੱਡੀ ਗਿਣਤੀ ’ਚ ਭਾਜਪਾ ਆਗੂ ਤੇ ਵਰਕਰਜ਼ ਮੌਜੂਦ ਰਹੇ।