
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅਹਿਮ ਖ਼ਬਰ-ਲੁਧਿਆਣਾ ਦੀ ਬਹਾਦਰਕੇ ਰੋਡ ਸਬਜ਼ੀ ਮੰਡੀ 'ਚ ਮੌਤ ਦਾ ਸੌਦਾ

-ਹਾਈ-ਟੈਂਸ਼ਨ ਤਾਰਾਂ ਹੇਠ ਫੜ੍ਹੀਆਂ ਦੀ ਕੀਤੀ ਅਲਾਟਮੈਂਟ
-ਵਪਾਰੀਆਂ ਨਾਲ ਖਿਲਵਾੜ, ਮਾਰਕੀਟ ਕਮੇਟੀ ਦੀ ਭੂਮਿਕਾ 'ਤੇ ਸਵਾਲ
ਸੁਰੇਸ਼ ਕੁਮਾਰ, ਪੰਜਾਬੀ ਜਾਗਰਣ ਲੁਧਿਆਣਾ
ਲੁਧਿਆਣਾ ਦੀ ਬਹਾਦਰਕੇ ਰੋਡ ਸਥਿਤ ਸਬਜ਼ੀ ਮੰਡੀ 'ਚ ਇੱਕ ਜੋਖਿਮ ਭਰਿਆ ਅਤੇ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। । ਇੱਥੇ ਪੰਜਾਬ ਮੰਡੀ ਬੋਰਡ ਦੇ ਸੁਰੱਖਿਆ ਨਿਯਮਾਂ ਤੇ ਬਿਜਲੀ ਸੁਰੱਖਿਆ ਨਿਯਮਾਂ ਨੂੰ ਖੂੰਜੇ ਲਾ ਕੇ ਸਿੱਧਾ ਹਾਈ-ਟੈਂਸ਼ਨ ਤਾਰਾਂ ਦੇ ਹੇਠਾਂ ਫੜ੍ਹਿਆਂ ਦੀ ਅਲਾਟਮੈਂਟ ਕਰ ਦਿੱਤੀ ਗਈ ਹੈ।
ਹੈਰਾਨੀ ਦੀ ਗੱਲ ਹੈ ਕਿ ਮਾਰਕੀਟ ਕਮੇਟੀ ਨੇ ਸਭ ਜਾਣਦੇ ਹੋਏ ਵੀ ਇਸ ਨੂੰ ਅਣਦੇਖਿਆ ਕਰ ਦਿੱਤਾ ਅਤੇ ਜਗ੍ਹਾ ਘੱਟ ਹੋਣ ਕਰਕੇ ਫੜ੍ਹ ਅਲਾਟ ਕਰ ਦਿੱਤੇ। ਸਵਾਲ ਉੱਠਦਾ ਹੈ ਕਿ ਕੀ ਮੌਤ ਦੇ ਸਾਏ ਹੇਠ ਵਪਾਰ ਕਰਨਾ ਜਾਇਜ਼ ਹੈ। ਦੱਸਣਯੋਗ ਹੈ ਕਿ ਮੰਡੀ ਵਿੱਚ ਪਈਆਂ ਪਲਾਸਟਿਕ ਦੀਆਂ ਕਰੇਟਾਂ ਕਾਰਨ ਕਈ ਵਾਰ ਭਿਆਨਕ ਹਾਦਸੇ ਹੋ ਚੁੱਕੇ ਹਨ। ਅੱਗ ਨੇ ਇੰਨਾ ਭਿਆਨਕ ਰੂਪ ਧਾਰ ਲਿਆ ਸੀ ਕਿ ਫਾਇਰ ਬ੍ਰਿਗੇਡ ਨੂੰ ਅੱਗ ਬੁਝਾਉਣ ਲਈ ਕਾਫੀ ਜੱਦੋ-ਜਹਿਦ ਕਰਨੀ ਪਈ ਸੀ। ਕੀ ਮਾਰਕੀਟ ਕਮੇਟੀ ਉਨ੍ਹਾਂ ਹਾਦਸਿਆਂ ਤੋਂ ਸਬਕ ਲੈਣ ਦੀ ਥਾਂ ਸਭ ਕੁਝ ਭੁੱਲ ਚੁੱਕੀ ਹੈ।
ਹਾਈ-ਟੈਂਸ਼ਨ ਤਾਰਾਂ ਹੇਠਾਂ ਫੜ੍ਹ ਲਗਾਉਣਾ ਸਿੱਧੇ ਤੌਰ 'ਤੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਹੈ। ਪੀਐੱਸਪੀਸੀਐੱਲ ਵੱਲੋਂ ਸਖ਼ਤ ਨਿਰਦੇਸ਼ ਹਨ ਕਿ ਹਾਈ-ਟੈਂਸ਼ਨ ਲਾਈਨਾਂ ਹੇਠਾਂ ਕਲੀਅਰੈਂਸ ਜ਼ੋਨ ਛੱਡਣਾ ਜ਼ਰੂਰੀ ਹੈ। ਉੱਥੇ ਕਿਸੇ ਵੀ ਤਰ੍ਹਾਂ ਦੀ ਵਪਾਰਕ ਗਤੀਵਿਧੀ ਅਤੇ ਵਿਅਕਤੀ ਦੀ ਮੌਜੂਦਗੀ ਕਾਨੂੰਨੀ ਤੌਰ 'ਤੇ ਪੂਰੀ ਤਰ੍ਹਾਂ ਪਾਬੰਦ ਹੈ। ਕਿਸੇ ਵੀ ਸਮੇਂ ਸ਼ਾਰਟ ਸਰਕਟ ਜਾਂ ਤਾਰ ਟੁੱਟਣ ਨਾਲ ਇਹ ਜਾਨਲੇਵਾ ਸਾਬਤ ਹੋ ਸਕਦਾ ਹੈ।
ਸੂਤਰਾਂ ਮੁਤਾਬਕ ਮਾਰਕੀਟ ਦੇ ਉੱਚ ਅਧਿਕਾਰੀ ਮਾਰਕੀਟ ਅੰਦਰ ਜਗ੍ਹਾ ਘੱਟ ਹੋਣ ਦਾ ਬਹਾਨਾ ਬਣਾ ਰਹੇ ਹਨ। ਜੇਕਰ ਜਗ੍ਹਾ ਦੀ ਘਾਟ ਹੈ, ਤਾਂ ਨਿਯਮਾਂ ਵਿੱਚ ਰਹਿੰਦੇ ਹੋਏ ਨਵੀਆਂ ਅਲਾਟਮੈਂਟਾਂ ਰੋਕਣੀਆਂ ਚਾਹੀਦੀਆਂ ਹਨ ਜਾਂ ਫਿਰ ਸੁਰੱਖਿਅਤ ਜਗ੍ਹਾ ਦੀ ਭਾਲ ਕਰਕੇ ਅਲਾਟਮੈਂਟ ਕਰਨੀ ਚਾਹੀਦੀ ਹੈ। ਜਗ੍ਹਾ ਦੀ ਘਾਟ ਦਾ ਬਹਾਨਾ ਬਣਾ ਕੇ ਲੋਕਾਂ ਨੂੰ ਮੌਤ ਦੇ ਖੂਹ ਵਿੱਚ ਧੱਕਣਾ ਪ੍ਰਸ਼ਾਸਨਿਕ ਲਾਪਰਵਾਹੀ ਅਤੇ ਭ੍ਰਿਸ਼ਟਾਚਾਰ ਵੱਲ ਇਸ਼ਾਰਾ ਕਰਦਾ ਹੈ।
ਕਾਨੂੰਨੀ ਮਾਹਿਰਾਂ ਮੁਤਾਬਕ ਜੇਕਰ ਅਸੁਰੱਖਿਅਤ ਜਗ੍ਹਾ 'ਤੇ ਲੱਗੇ ਫੜ੍ਹ ਕਾਰਨ ਕੋਈ ਹਾਦਸਾ ਹੁੰਦਾ ਹੈ, ਤਾਂ ਸਬੰਧਤ ਮਾਰਕੀਟ ਕਮੇਟੀ ਅਧਿਕਾਰੀਆਂ 'ਤੇ ਲਾਪਰਵਾਹੀ ਤਹਿਤ ਮਾਮਲਾ ਦਰਜ ਹੋ ਸਕਦਾ ਹੈ। ਨਾਮ ਨਾ ਛਾਪਣ ਦੀ ਸ਼ਰਤ 'ਤੇ ਦੁਕਾਨਦਾਰਾਂ ਅਤੇ ਸਥਾਨਕ ਵਾਸੀਆਂ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਪੰਜਾਬ ਮੰਡੀ ਬੋਰਡ ਦੇ ਮੁੱਖ ਪ੍ਰਸ਼ਾਸਕ ਚੰਡੀਗੜ੍ਹ ਅਤੇ ਪੀਐੱਸਪੀਸੀਐੱਲ ਅਧਿਕਾਰੀਆਂ ਕੋਲ ਇਹ ਮੁੱਦਾ ਚੁੱਕਣਗੇ। ਸੂਤਰਾਂ ਮੁਤਾਬਕ ਕੁੱਝ ਸਮਾਂ ਪਹਿਲਾਂ ਵੀ ਇਹ ਮਾਮਲਾ ਭਖਿਆ ਸੀ। ਜਦੋਂ ਮਾਰਕੀਟ ਕਮੇਟੀ ਵੱਲੋਂ ਕਾਰਵਾਈ ਦੀ ਤਿਆਰੀ ਕੀਤੀ ਗਈ। ਫਿਰ ਇਹ ਕਾਰਵਾਈ ਰੋਕ ਦਿੱਤੀ ਗਈ ਸੀ।
ਤਰਪਾਲ ਨਾਲ ਬਣੀ ਝੌਂਪੜੀ ਵਰਗਾ ਕੋਈ ਖ਼ਤਰਾ ਨਹੀਂ-ਖੰਗੂੜਾ
ਇਸ ਸੰਬੰਧੀ ਮਾਰਕੀਟ ਕਮੇਟੀ ਸੱਕਤਰ ਗੁਰਦੀਪ ਸਿੰਘ ਖੰਗੂੜਾ ਨਾਲ ਗੱਲਬਾਤ ਕੀਤੀ, ਤਾਂ ਉਨ੍ਹਾਂ ਕਿਹਾ ਕਿ ਇਹ ਲੋਹੇ ਦੇ ਸ਼ੈਡ ਨਹੀਂ, ਇਹ ਤਰਪਾਲ ਨਾਲ ਬਣੀ ਝੌਂਪੜੀ ਵਰਗਾ ਹੈ। ਇਸ ਦੇ ਵਿਚ ਕੋਈ ਡਰ ਵਾਲੀ ਗੱਲ ਨਹੀਂ ਹੈ। ਇੱਥੇ ਇਹ ਵੀ ਕਹਿਣਾ ਲਾਜ਼ਮੀ ਹੈ, ਕਿ ਹਾਦਸਾ ਅਚਾਨਕ ਹੁੰਦਾ ਹੈ, ਹਾਦਸਾ ਦੱਸ ਕੇ ਨਹੀਂ ਆਉਂਦਾ। ਹੁਣ ਦੇਖਣਾ ਹੋਵੇਗਾ ਕਿ ਮਾਰਕੀਟ ਕਮੇਟੀ ਲੋਕਾਂ ਦੀ ਜਿੰਦਗੀ ਨੂੰ ਬਚਾਉਣ ਲਈ ਕੀ ਕਦਮ ਚੁੱਕੇਗੀ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।