ਆਜ਼ਾਦੀ ਦਿਹਾੜੇ ਤੋਂ ਪਹਿਲਾਂ ਡੀਜੀਪੀ ਨੇ ਲਿਆ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਡੀਜੀਪੀ ਗੌਰਵ ਯਾਦਵ ਨੇ ਲੁਧਿਆਣਾ ’ਚ ਪਰਖੀ ਸੁਰੱਖਿਆ ਤਿਆਰੀ
Publish Date: Mon, 10 Aug 2026 07:36 PM (IST)
Updated Date: Tue, 11 Aug 2026 04:05 AM (IST)
-ਰੇਲਵੇ ਸਟੇਸ਼ਨਾਂ ਤੇ ਜਨਤਕ ਥਾਵਾਂ ’ਤੇ 24 ਘੰਟੇ ਗਸ਼ਤ ਵਧਾਉਣ, ਨਾਕੇਬੰਦੀ ਕਰਨ ਤੇ ਵਾਹਨਾਂ ਦੀ ਚੈਕਿੰਗ ਕਰਨ ਦੇ ਨਿਰਦੇਸ਼ ਜਾਰੀ 39 ਸੁਸ਼ੀਲ ਕੁਮਾਰ ਸ਼ਸ਼ੀ,ਪੰਜਾਬੀ ਜਾਗਰਣ ਲੁਧਿਆਣਾ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸੇ ਤਹਿਤ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਸੋਮਵਾਰ ਨੂੰ ਪੁਲਿਸ ਲਾਈਨਜ਼ ਲੁਧਿਆਣਾ ਵਿਖੇ ਉੱਚ ਪੱਧਰੀ ਸੁਰੱਖਿਆ ਸਮੀਖਿਆ ਮੀਟਿੰਗ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਨੇ ਲੁਧਿਆਣਾ ਕਮਿਸ਼ਨਰੇਟ ਅਤੇ ਲੁਧਿਆਣਾ ਰੇਂਜ ਅਧੀਨ ਆਉਂਦੇ ਖੇਤਰਾਂ ਵਿੱਚ ਸੁਰੱਖਿਆ ਪ੍ਰਬੰਧਾਂ, ਖੁਫੀਆ ਜਾਣਕਾਰੀਆਂ ਅਤੇ ਪੁਲਿਸ ਦੀ ਕਾਰਜਸ਼ੀਲ ਤਿਆਰੀ ਦਾ ਜਾਇਜ਼ਾ ਲਿਆ। ਮੀਟਿੰਗ ਵਿੱਚ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ, ਲੁਧਿਆਣਾ ਰੇਂਜ ਦੇ ਡੀਆਈਜੀ ਸੰਦੀਪ ਗੋਇਲ, ਖੰਨਾ ਅਤੇ ਜਗਰਾਉਂ ਦੇ ਐੱਸਐੱਸਪੀਜ਼ ਤੋਂ ਇਲਾਵਾ ਸਾਰੇ ਗਜ਼ਟਿਡ ਅਫ਼ਸਰ ਅਤੇ ਵੱਖ-ਵੱਖ ਥਾਣਿਆਂ ਦੇ ਐੱਸਐੱਚਓ ਹਾਜ਼ਰ ਸਨ। ਅਧਿਕਾਰੀਆਂ ਵੱਲੋਂ ਡੀਜੀਪੀ ਨੂੰ ਮੌਜੂਦਾ ਖੁਫੀਆ ਜਾਣਕਾਰੀਆਂ, ਬਹੁ-ਪੱਧਰੀ ਸੁਰੱਖਿਆ ਪ੍ਰਬੰਧਾਂ ਅਤੇ ਵੱਖ-ਵੱਖ ਸੰਵੇਦਨਸ਼ੀਲ ਥਾਵਾਂ ’ਤੇ ਕੀਤੀ ਜਾ ਰਹੀ ਪੁਲਿਸ ਤਾਇਨਾਤੀ ਬਾਰੇ ਜਾਣਕਾਰੀ ਦਿੱਤੀ ਗਈ। -ਸੁਰੱਖਿਆ ਪ੍ਰਬੰਧਾਂ ’ਚ ਨਾ ਵਰਤੀ ਜਾਵੇ ਢਿੱਲ ਡੀਜੀਪੀ ਗੌਰਵ ਯਾਦਵ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਆਜ਼ਾਦੀ ਦਿਹਾੜੇ ਦੇ ਸਮਾਗਮਾਂ ਨੂੰ ਧਿਆਨ ਵਿੱਚ ਰੱਖਦਿਆਂ ਸੁਰੱਖਿਆ ਪ੍ਰਬੰਧਾਂ ਵਿੱਚ ਕਿਸੇ ਕਿਸਮ ਦੀ ਢਿੱਲ ਨਾ ਵਰਤੀ ਜਾਵੇ। ਉਨ੍ਹਾਂ ਨੇ ਮਹੱਤਵਪੂਰਨ ਥਾਵਾਂ, ਆਵਾਜਾਈ ਦੇ ਕੇਂਦਰਾਂ, ਰੇਲਵੇ ਸਟੇਸ਼ਨਾਂ ਅਤੇ ਜਨਤਕ ਥਾਵਾਂ ’ਤੇ 24 ਘੰਟੇ ਗਸ਼ਤ ਵਧਾਉਣ, ਅਚਾਨਕ ਨਾਕਾਬੰਦੀ ਕਰਨ ਅਤੇ ਸ਼ੱਕੀ ਵਿਅਕਤੀਆਂ ਤੇ ਵਾਹਨਾਂ ਦੀ ਚੈਕਿੰਗ ਕਰਨ ਦੇ ਨਿਰਦੇਸ਼ ਦਿੱਤੇ। -ਰੀਅਲ ਟਾਈਮ ਜਾਣਕਾਰੀ ਕੀਤੀ ਜਾਵੇ ਸਾਂਝੀ ਉਨ੍ਹਾਂ ਨੇ ਖੁਫ਼ੀਆ ਏਜੰਸੀਆਂ ਤੇ ਜ਼ਿਲ੍ਹਾ ਪੱਧਰੀ ਖੁਫੀਆ ਯੂਨਿਟਾਂ ਵਿਚਕਾਰ ਰੀਅਲ ਟਾਈਮ ਜਾਣਕਾਰੀ ਸਾਂਝੀ ਕਰਨ ’ਤੇ ਵੀ ਜ਼ੋਰ ਦਿੱਤਾ, ਤਾਂ ਜੋ ਕਿਸੇ ਵੀ ਸੰਭਾਵਿਤ ਸੁਰੱਖਿਆ ਖ਼ਤਰੇ ਨੂੰ ਸਮੇਂ ਸਿਰ ਪਛਾਣ ਕੇ ਉਸ ਨਾਲ ਨਜਿੱਠਿਆ ਜਾ ਸਕੇ। ਇਸ ਤੋਂ ਇਲਾਵਾ ਮਹੱਤਵਪੂਰਨ ਸਮਾਗਮ ਸਥਾਨਾਂ ’ਤੇ ਘੇਰਾਬੰਦੀ ਸੁਰੱਖਿਆ, ਐਂਟੀ-ਸੈਬੋਟਾਜ਼ ਜਾਂਚ ਅਤੇ ਆਵਾਜਾਈ ਦੇ ਸੁਚਾਰੂ ਪ੍ਰਬੰਧ ਯਕੀਨੀ ਬਣਾਉਣ ਲਈ ਕਿਹਾ ਗਿਆ। -ਸੋਸ਼ਲ ਮੀਡੀਆ ’ਤੇ ਰੱਖੀ ਜਾਵੇ ਵਿਸ਼ੇਸ਼ ਨਿਗਰਾਨੀ ਡੀਜੀਪੀ ਨੇ ਸਾਈਬਰ ਅਤੇ ਸੋਸ਼ਲ ਮੀਡੀਆ ’ਤੇ ਵੀ ਵਿਸ਼ੇਸ਼ ਨਿਗਰਾਨੀ ਰੱਖਣ ਦੀਆਂ ਹਦਾਇਤਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਅਫ਼ਵਾਹਾਂ, ਝੂਠੀਆਂ ਖ਼ਬਰਾਂ ਅਤੇ ਭਾਈਚਾਰਕ ਸਾਂਝ ਨੂੰ ਪ੍ਰਭਾਵਿਤ ਕਰਨ ਵਾਲੀ ਕਿਸੇ ਵੀ ਕੋਸ਼ਿਸ਼ ’ਤੇ ਤੁਰੰਤ ਕਾਰਵਾਈ ਕੀਤੀ ਜਾਵੇ। -ਸ਼ੱਕੀ ਤੇ ਲਵਾਰਸ ਵਸਤਾਂ ਬਾਰੇ ਦਿੱਤੀ ਜਾਵੇ ਤੁਰੰਤ ਜਾਣਕਾਰੀ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਆਜ਼ਾਦੀ ਦਿਹਾੜੇ ਨੂੰ ਸੂਬੇ ਭਰ ਵਿੱਚ ਸੁਰੱਖਿਅਤ ਤੇ ਸ਼ਾਨਦਾਰ ਢੰਗ ਨਾਲ ਮਨਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਸ਼ੱਕੀ ਸਰਗਰਮੀ ਜਾਂ ਲਾਵਾਰਿਸ ਵਸਤੂ ਬਾਰੇ ਤੁਰੰਤ ਨੇੜਲੇ ਪੁਲਿਸ ਥਾਣੇ ਜਾਂ ਐਮਰਜੈਂਸੀ ਹੈਲਪਲਾਈਨ ਨੂੰ ਸੂਚਿਤ ਕਰਨ ਅਤੇ ਸੁਰੱਖਿਆ ਜਾਂਚ ਦੌਰਾਨ ਪੁਲਿਸ ਮੁਲਾਜ਼ਮਾਂ ਨੂੰ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਪੁਲਿਸ ਤੇ ਲੋਕਾਂ ਦੇ ਸਾਂਝੇ ਸਹਿਯੋਗ ਨਾਲ ਆਜ਼ਾਦੀ ਦਿਹਾੜੇ ਦਾ ਜਸ਼ਨ ਅਮਨ-ਅਮਾਨ ਤੇ ਸੁਰੱਖਿਅਤ ਮਾਹੌਲ ’ਚ ਕਰਵਾਇਆ ਜਾਵੇਗਾ।