
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਹਲਕਾ ਸਾਹਨੇਵਾਲ ਅੰਦਰ ਚੋਣ ਲੜਨ ਦੇ ਚਾਹਵਾਨ ਆਗੂਆਂ ਨੇ ਸਰਗਰਮੀਆਂ ਕੀਤੀਆਂ ਤੇਜ

-ਪਾਰਟੀ ਹਾਈ ਕਮਾਂਡ ਵੱਲੋਂ ਐਲਾਨ ਹੋਣ ਉਪਰੰਤ ਪਤਾ ਲੱਗੇਗਾ ਕਿ ਕਿਸ ਨੂੰ ਮਿਲੇਗੀ ਟਿਕਟ
ਰਵੀ ਭਾਟੀਆ, ਪੰਜਾਬੀ ਜਾਗਰਣ, ਸਾਹਨੇਵਾਲ/ਲੁਧਿਆਣਾ
ਪੰਜਾਬ ’ਚ ਭਵਿੱਖੀ ਵਿਧਾਨ ਸਭਾ ਚੋਣਾਂ ਸਬੰਧੀ ਜਿੱਥੇ ਸਿਆਸੀ ਪਾਰਟੀਆਂ ਨੇ ਸਰਗਰਮੀਆਂ ਆਰੰਭੀਆਂ ਹਨ, ਉੱਥੇ ਹੀ ਵੱਖ-ਵੱਖ ਸਿਆਸੀ ਪਾਰਟੀਆਂ ਤੋਂ ਚੋਣ ਲੜਨ ਦੇ ਇੱਛੁਕ ਆਗੂਆਂ ਨੇ ਵੀ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਵਿਧਾਨ ਸਭਾ ਹਲਕਾ ਸਾਹਨੇਵਾਲ ਅੰਦਰ ਜੇਕਰ ਸਤਾਧਾਰੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਮੌਜੂਦਾ ਵਿਧਾਇਕ ਤੇ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਤੇ ਉਹਨਾਂ ਦਾ ਖੇਮਾ ਚੋਣ ਲੜਨ ਲਈ ਪੂਰੀ ਤਰ੍ਹਾਂ ਆਸਵੰਦ ਹੈ ਮੁੰਡੀਆਂ ਕੈਬਨਿਟ ਮੰਤਰੀ ਹੋਣ ਦੇ ਨਾਲ-ਨਾਲ ਉਹਨਾਂ ਦੀ ਦਿੱਲੀ ਦਰਬਾਰ ’ਚ ਵੀ ਚੰਗੀ ਪਕੜ ਦੱਸੀ ਜਾ ਰਹੀ ਹੈ। ਪਾਰਟੀ ਦੇ ਅੰਦਰੂਨੀ ਸੂਤਰਾਂ ਵੱਲੋਂ ਕੁਝ ਹਲਕਿਆਂ ’ਚ ਟਿਕਟਾਂ ਬਦਲਣ ਜਾਂ ਨਵੇਂ ਚਿਹਰਿਆਂ ਨੂੰ ਉਤਾਰਨ ਦੀਆਂ ਆ ਰਹੀਆਂ ਖਬਰਾਂ ਨੇ ਕੁਝ ਚੋਣਾਂ ਲੜਨ ਦੇ ‘ਆਪ’ ਦੇ ਇੱਛੁਕ ਆਗੂਆਂ ਨੂੰ ਵੀ ਆਸਵੰਦ ਕਰ ਦਿੱਤਾ ਹੈ, ਜਿਨ੍ਹਾਂ ’ਚੋਂ ਮਾਰਕੀਟ ਕਮੇਟੀ ਸਾਹਨੇਵਾਲ ਦੇ ਚੇਅਰਮੈਨ ਹੇਮਰਾਜ ਰਾਜੀ ਕਾਫੀ ਸਰਗਰਮ ਦੱਸੇ ਜਾ ਰਹੇ ਹਨ ਅਤੇ ਬੀਤੇ ਕੁਝ ਦਿਨ ਪਹਿਲਾਂ ਉਨ੍ਹਾਂ ਵੱਲੋਂ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਨਾਲ ਉਹਨਾਂ ਦੇ ਜਨਮ ਦਿਨ ਤੇ ਮੁਲਾਕਾਤ ਵੀ ਕੀਤੀ ਗਈ ਸੀ ਅਤੇ ਉਨ੍ਹਾਂ ਵੱਲੋਂ ਵੀ ਦਿੱਲੀ ’ਚ ਟਿਕਟ ਹਾਸਲ ਕਰਨ ਲਈ ਜਿੱਥੇ ਜੋੜ-ਤੋੜ ਕਰ ਰਹੇ ਹਨ ਉਸ ਦੇ ਨਾਲ ਹੀ ਉਹਨਾਂ ਵੱਲੋਂ ਹਲਕੇ ਅੰਦਰ ਵੀ ਸਰਗਰਮੀਆਂ ਤੇਜ਼ ਕੀਤੀਆਂ ਹਨ।
ਉਨ੍ਹਾਂ ਦਾ ਤਰਕ ਹੈ ਕਿ ਉਹ ਗੁੱਜਰ ਸਮਾਜ ਵਿੱਚੋਂ ਆਉਂਦੇ ਹਨ ਅਤੇ ਉਨ੍ਹਾਂ ਦੀ ਭਾਈਚਾਰੇ ਦੀਆਂ ਪੰਜਾਬ ਦੇ ਕਰੀਬ ਇੱਕ ਹਲਕੇ ਅੰਦਰ ਬਹੁ ਗਿਣਤੀ ਵੋਟਾਂ ਹਨ ਜੇਕਰ ਪਾਰਟੀ ਉਹਨਾਂ ਨੂੰ ਟਿਕਟ ਦਿੰਦੀ ਹੈ ਤਾਂ ਉਸਦਾ ਕਈ ਹਲਕਿਆਂ ’ਚ ਪਾਰਟੀ ਨੂੰ ਲਾਭ ਹੋ ਸਕਦਾ ਹੈ ਰਾਜੀ ਜਿੱਥੇ ਮਾਰਕੀਟ ਕਮੇਟੀ ਸਾਹਨੇਵਾਲ ਦੇ ਚੇਅਰਮੈਨ ਹਨ, ਉਸ ਦੇ ਨਾਲ ਪਾਰਟੀ ਵੱਲੋਂ ਸੰਗਠਨ ਵਿੱਚ ਵੀ ਉਹਨਾਂ ਨੂੰ ਕਈ ਜ਼ਿੰਮੇਵਾਰੀਆਂ ਦਿੱਤੀਆਂ ਹਨ। ਸਮਾਜ-ਸੇਵੀ ਤੇ ਖਾਸੀ ਕਲਾਂ ਦੇ ਸਰਪੰਚ ਕਰਮਜੀਤ ਸਿੰਘ ਗਰੇਵਾਲ ਵੀ ਚੋਣ ਲੜਨ ਲਈ ਇਸ ਵਾਰ ਪੂਰੇ ਇੱਛੁਕ ਦੱਸੇ ਜਾਂਦੇ ਹਨ ਹਲਕਾ ਸਾਹਨੇਵਾਲ ਅੰਦਰ ਤਿੰਨ ਜ਼ਿਲ੍ਹਾ ਪ੍ਰੀਸ਼ਦ ਸੀਟਾਂ ਵਿੱਚੋਂ ਇੱਕੋ ਇੱਕ-ਸੀਟ ਗਰੇਵਾਲ ਪਰਿਵਾਰ ਨੇ ਹੀ ਜਿੱਤੀ ਸੀ। ਇਸ ਤੋਂ ਇਲਾਵਾ ਅੰਨਾ ਅੰਦੋਲਨ ਤੋਂ ‘ਆਪ’ ਦੇ ਨਾਲ ਜੁੜੇ ਚੇਅਰਮੈਨ ਪ੍ਰਦੀਪ ਸਿੰਘ ਖਾਲਸਾ ਜੋ ਕਿ ਪਿਛਲੀਆਂ ਚੋਣਾਂ ਵਿੱਚ ਵੀ ਟਿਕਟ ਦੇ ਪ੍ਰਮੁੱਖ ਦਾਅਵੇਦਾਰ ਸਨ ਉਹਨਾਂ ਵੱਲੋਂ ਵੀ ਸਰਗਰਮੀਆਂ ਤੇਜ਼ ਕੀਤੀਆਂ ਹਨ।
ਜੇਕਰ ਜਿਸ ਢੰਗ ਨਾਲ ਦਿੱਲੀ ਦੇ ਅੰਦਰ ਮਹਿਲਾਵਾਂ ਨੂੰ ਵੱਧ ਤੋਂ ਵੱਧ ਟਿਕਟਾਂ ਦੇਣ ਦੀ ਚਰਚਾ ਚੱਲ ਰਹੀ ਹੈ ਉਸ ਵਿੱਚ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਤੇ ਸਰਗਰਮ ਆਗੂ ਬੀਬੀ ਹਰਪ੍ਰੀਤ ਕੌਰ ਗਰੇਵਾਲ ਦਾ ਵੀ ਦਾਅ ਹੋ ਸਕਦਾ ਹੈ। ਬਾਕੀ ਭਾਵੇਂ ਹਾਲੇ ਚੋਣਾਂ ਵਿੱਚ ਕੁਝ ਸਮਾਂ ਪਿਆ ਹੈ ਤੇ ਪਾਰਟੀ ਹਾਈ ਕਮਾਂਡ ਵੱਲੋਂ ਐਲਾਨ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ‘ਆਪ’ ਕਿਸ ’ਤੇ ਭਰੋਸਾ ਕਰਕੇ ਚੋਣ ਮੈਦਾਨ ’ਚ ਉਤਾਰਦੀ ਹੈ ਤੇ ਕਿਸ ਦੀਆਂ ਉਮੀਦਾਂ ਟੁੱਟਦੀਆਂ ਹਨ।