
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਲੋਕਲ 4 ਨੰਬਰ ਦੀ ਮੇਨ ਲੀਡ-ਨਸ਼ਾ ਛਡਾਉ ਕੇਂਦਰ ’ਤੇ ਮਰੀਜ਼ ਨਾਲ ਕੁੱਟ ਮਾਰ ਕਰਨ ਦਾ ਦੋਸ਼ ਲਗਾਇਆ

-ਨਸ਼ਾ ਛੁਡਾਊ ਕੇਂਦਰ ’ਚ ਦਾਖ਼ਲ ਵਿਅਕਤੀ ਦੀ ਪਤਨੀ ਵੱਲੋਂ ਪੁਲਿਸ ਨੂੰ ਸ਼ਿਕਾਇਤ
ਫ਼ੋਟੋ ਨੰਬਰ-39,40
ਰਵੀ ਭਾਟੀਆ, ਪੰਜਾਬੀ ਜਾਗਰਣ, ਲੁਧਿਆਣਾ, ਸਾਨੇਵਾਲ/ਲੁਧਿਆਣਾ
ਪੰਜਾਬ ਦੇ ਅੰਦਰ ਹਰ ਦਿਨ ਨਸ਼ੇ ਦੇ ਆਦੀ ਨੌਜਵਾਨਾਂ ਦੀ ਵੱਧ ਰਹੀ ਗਿਣਤੀ ’ਚ ਸੂਬੇ ਦੇ ਅੰਦਰ ਵੱਖ-ਵੱਖ ਇਲਾਕਿਆਂ ਦੇ ਅੰਦਰ ਅਮਰਵੇਲ ਵਾਂਗ ਮਾਨਤਾ ਪ੍ਰਾਪਤ ਅਤੇ ਗ਼ੈਰ-ਕਾਨੂੰਨੀ ਢੰਗ ਨਾਲ ਨਸ਼ਾ ਛੁਡਾਊ ਕੇਂਦਰ ਵੀ ਧੜਾ ਧੜ ਖੁੱਲ ਰਹੇ ਹਨ। ਇਸੇ ਤਰ੍ਹਾਂ ਦੇ ਇੱਕ ਪੁਲਿਸ ਥਾਣਾ ਸਾਨੇਵਾਲ ਅਧੀਨ ਪੈਂਦੇ ਪਿੰਡ ਬਿਲਗਾ ਅੰਦਰ ਖੁੱਲੇ ਗੈਰ ਕਾਨੂੰਨੀ ਤਰੀਕੇ ਨਾਲ ਨਸ਼ਾ ਛੁਡਾਊ ਕੇਂਦਰ ਦੇ ਸੰਚਾਲਕਾਂ ਉੱਪਰ ਇੱਕ ਨਸ਼ੇ ਦੇ ਆਦੀ ਮਰੀਜ਼ ਦੇ ਪਰਿਵਾਰ ਵੱਲੋਂ ਮਾਨਸਿਕ ਤੌਰ ਤੇ ਪਰੇਸ਼ਾਨ ਕਰਕੇ ਪੈਸੇ ਵਸੂਲਣ ਅਤੇ ਨਸ਼ੇ ਦੇ ਆਦੀ ਮਰੀਜ਼ ਦੇ ਕੁੱਟਮਾਰ ਕਰਨ ਦੇ ਦੋਸ਼ ਲੱਗੇ ਹਨ। ਸ਼ਿਕਾਇਤ ਪੀੜਤ ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਕਰਕੇ ਨਸ਼ਾ ਛਡਾਉ ਕੇਂਦਰ ਦੇ ਸੰਚਾਲਕਾਂ ’ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਰਸ਼ਪਾਲ ਕੌਰ ਮਾਂਗਟ ਵਾਸੀ ਪਿੰਡ ਬੇਗੋਵਾਲ ਨੇ ਦੱਸਿਆ ਕਿ ਉਸ ਦਾ ਪਤੀ ਕੁੱਝ ਸਮੇਂ ਤੋਂ ਨਸ਼ਾ ਕਰਨ ਦਾ ਆਦੀ ਸੀ, ਜਿਸ ਤੇ ਉਸ ਦੇ ਕਿਸੇ ਜਾਣਕਾਰ ਨੇ ਦੱਸਿਆ ਕਿ ਪਿੰਡ ਬਿਲਗਾ ’ਚ ਇਕ ਨਸ਼ਾ ਛੁਡਾਊ ਕੇਂਦਰ ਹੈ, ਜਿੱਥੇ ਨਸ਼ਾ ਛੁਡਾਇਆ ਜਾਂਦਾ ਹੈ, ਜਦੋਂ ਉਸਨੇ ਨਸ਼ਾ ਛਡਾਊ ਕੇਂਦਰ ਦੇ ਸੰਚਾਲਕ ਨਾਲ ਗੱਲ ਕੀਤੀ, ਤਾਂ ਉਸ ਨੇ ਕਿਹਾ ਕਿ ਉਹ ਕੁਦਰਤੀ ਤੇ ਦਵਾਈਆਂ ਦੇ ਨਾਲ ਮਰੀਜ਼ ਦਾ ਨਸ਼ਾ ਛੁਡਵਾਉਂਦੇ ਹਨ। ਉਸ ਨੇ ਕੇਂਦਰ ਦੇ ਸੰਚਾਲਕ ਦੀਆਂ ਗੱਲਾਂ ਵਿੱਚ ਆ ਕੇ ਉਸ ਦੇ ਪਤੀ ਨੂੰ ਨਸ਼ਾ ਛਡਾਉ ਕੇਂਦਰ ਵਿੱਚ ਭਰਤੀ ਕਰਵਾ ਦਿੱਤਾ ਤੇ ਨਸ਼ਾ ਛਡਾਊ ਕੇਂਦਰ ਦੇ ਸੰਚਾਲਕਾਂ ਨੇ ਉਸ ਤੋਂ ਹੌਲੀ-ਹੌਲੀ ਪੈਸੇ ਵਸੂਲਣੇ ਸ਼ੁਰੂ ਕਰ ਦਿੱਤੇ ਤੇ ਕਰੀਬ 17 ਦਿਨ ਵਿੱਚ ਹੀ ਉਸ ਤੋਂ 92 ਹਜਾਰ ਰੁਪਿਆ ਵਸੂਲ ਕਰ ਲਿਆ। ਪਰ ਜਦੋਂ ਵੀ ਉਹ ਕੇਂਦਰ ਦੇ ਸੰਚਾਲਕਾਂ ਨਾਲ ਆਪਣੇ ਪਤੀ ਨਾਲ ਗੱਲ ਕਰਵਾਉਣ ਲਈ ਆਖਦੇ ਸਨ, ਤਾਂ ਉਹ ਕੋਈ ਨਾ ਕੋਈ ਬਹਾਨਾ ਲਗਾ ਦਿੰਦੇ ਸੀ ਅਤੇ ਉਸ ਨੂੰ ਉਸਦੇ ਪਤੀ ਦੀ ਵੀਡੀਓ ਰਿਕਾਰਡਿੰਗ ਪਾ ਦਿੰਦੇ ਸਨ। ਬੀਤੇ ਦਿਨ ਉਸ ਨੇ ਜ਼ਬਰਦਸਤੀ ਕੇਂਦਰ ਦੇ ਸੰਚਾਲਕਾਂ ਨੂੰ ਆਪਣੇ ਪਤੀ ਨਾਲ ਗੱਲ ਕਰਵਾਉਣ ਲਈ ਕਿਹਾ ਜਦੋਂ ਉਹਨਾਂ ਨੇ ਉਸ ਦੇ ਪਤੀ ਨਾਲ ਗੱਲ ਕਰਵਾਈ, ਤਾਂ ਉਸ ਨੂੰ ਆਪਣੇ ਪਤੀ ਦੀ ਹਾਲਤ ਠੀਕ ਨਹੀਂ ਲੱਗੀ, ਜਿਸ ’ਤੇ ਉਸ ਨੇ ਕੇਂਦਰ ਦੇ ਸੰਚਾਲਕਾਂ ਨੂੰ ਆਪਣੇ ਪਤੀ ਨੂੰ ਘਰ ਭੇਜਣ ਲਈ ਕਿਹਾ। ਤਾਂ ਉਹ ਬਹਾਨੇ ਬਣਾਉਣ ਲੱਗੇ, ਪਰ ਉਹ ਆਪਣੇ ਇੱਕ ਰਿਸ਼ਤੇਦਾਰ ਨਾਲ ਆ ਕੇ ਧੱਕੇ ਨਾਲ ਆਪਣੇ ਪਤੀ ਨੂੰ ਨਸ਼ਾ ਛੁੜਾਊ ਕੇਂਦਰ ਤੋਂ ਘਰ ਲੈ ਗਈ। ਜਿੱਥੇ ਉਸਦੇ ਪਤੀ ਦੀ ਹਾਲਤ ਦੇਖ ਕੇ ਉਹ ਹੈਰਾਨ ਰਹਿ ਗਈ। ਉਸ ਦੇ ਪਤੀ ਦੇ ਕੱਪੜਿਆਂ ਦੇ ਵਿੱਚੋਂ ਬਦਬੂ ਆ ਰਹੀ ਸੀ ਅਤੇ ਉਸ ਦੇ ਪਤੀ ਦੀ ਸਿਹਤ ਪੱਖੋਂ ਹਾਲਤ ਵੀ ਬਹੁਤ ਖਰਾਬ ਸੀ, ਜਿਸ ਤੋਂ ਬਾਅਦ ਉਸ ਨੇ ਤੁਰੰਤ ਆਪਣੇ ਪਤੀ ਨੂੰ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਭਰਤੀ ਕਰਵਾਇਆ ਅਤੇ ਨਸ਼ਾ ਛੁਡਾਉ ਕੇਂਦਰ ਦੇ ਸੰਚਾਲਕਾਂ ਖਿਲਾਫ ਕਾਰਵਾਈ ਲਈ ਸਾਹਨੇਵਾਲ ਪੁਲਿਸ ਨੂੰ ਸ਼ਿਕਾਇਤ ਕਰਕੇ ਕਾਰਵਾਈ ਦੀ ਮੰਗ ਕੀਤੀ ਹੈ।
-ਨਾ ਕੋਈ ਡਾਕਟਰ ਤੇ ਨਾ ਹੀ ਮੈਡੀਕਲ ਟੀਮ
ਪੀੜਤ ਪਰਿਵਾਰ ਨੇ ਦੱਸਿਆ ਕਿ ਉਹ ਹੈਰਾਨ ਹਨ ਕਿ ਪਹਿਲਾਂ ਤਾਂ ਕਿਹਾ ਗਿਆ ਸੀ ਕਿ ਪੂਰੀ ਮੈਡੀਕਲ ਸਹੂਲਤ ਮਿਲੇਗੀ। ਪਰ ਉਸਦੇ ਪਤੀ ਨੇ ਦੱਸਿਆ ਕਿ ਉਸ ਨਸ਼ਾ ਛਡਾਊ ਕੇਂਦਰ ਦੇ ਵਿੱਚ ਨਾ ਤਾਂ ਕੋਈ ਡਾਕਟਰ ਹੈ ਅਤੇ ਨਾ ਹੀ ਕੋਈ ਮੈਡੀਕਲ ਟੀਮ ਰੱਖੀ ਹੋਈ ਹੈ
-ਮੇਰਾ ਪਤੀ ਸ਼ੂਗਰ ਦਾ ਮਰੀਜ਼, ਪਰ ਨਹੀਂ ਦਿੱਤੀ ਸਮੇਂ ’ਤੇ ਦਵਾਈ
ਪੀੜਤ ਰਸਪਾਲ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਨੂੰ ਕੇਂਦਰ ਦੇ ਸੰਚਾਲਕਾਂ ਵੱਲੋਂ ਖੁਦ ਤਾਂ ਕੋਈ ਦਵਾਈ ਕੀ ਦੇਣੀ ਸੀ, ਸਗੋਂ ਮੇਰਾ ਪਤੀ ਸ਼ੂਗਰ ਦਾ ਮਰੀਜ਼ ਹੈ। ਉਸ ਨੂੰ ਜਿਹੜੀ ਦਵਾਈ ਅਸੀਂ ਘਰ ਤੋਂ ਭੇਜੀ ਸੀ, ਉਹ ਵੀ ਸਮੇਂ ਸਿਰ ਨਹੀਂ ਦਿੱਤੀ ਗਈ।
-ਸੰਚਾਲਕ ਕਰਦੇ ਸਨ ਕੁੱਟਮਾਰ ਅਤੇ ਦਿੰਦੇ ਸਨ ਧਮਕੀਆਂ
ਨਸ਼ਾ ਛੁੜਾਊ ਕੇਂਦਰ ਤੋਂ ਛੁੱਟੀ ਲੈ ਕੇ ਆਏ ਚਤਰ ਸਿੰਘ ਨੇ ਦੱਸਿਆ ਕਿ ਸਮੇਂ ਸਿਰ ਉਸ ਨੂੰ ਨਾ ਤਾਂ ਕੁੱਝ ਖਾਣ ਨੂੰ ਮਿਲਦਾ ਸੀ। ਜਦੋਂ ਉਹ ਖਾਣ ਲਈ ਰੋਟੀ ਜਾਂ ਕੁਝ ਹੋਰ ਮੰਗਦੇ ਸੀ, ਤਾਂ ਉਸ ਦੀ ਚੱਪਲਾਂ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਸੀ ਅਤੇ ਕਈ ਕਈ ਘੰਟੇ ਪੈਰਾਂ ਭਾਰ ਬਿਠਾਇਆ ਜਾਂਦਾ ਸੀ।
-ਪੁਲਿਸ ਨੂੰ ਨਹੀਂ ਨਸ਼ਾ ਛੁਡਾਉ ਕੇਂਦਰ ਦੀ ਜਾਣਕਾਰੀ
ਪੀੜਿਤ ਪਰਿਵਾਰ ਨੇ ਭਾਵੇਂ ਪੁਲਿਸ ਕੋਲ ਸ਼ਿਕਾਇਤ ਕੀਤੀ ਹੈ, ਪਰ ਹੈਰਾਨੀਜਨਕ ਗੱਲ ਹੈ ਕਿ ਪਿਛਲੇ ਕਰੀਬ ਚਾਰ ਸਾਲ ਤੋਂ ਇਹ ਨਸ਼ਾ ਛੜਾਊ ਕੇਂਦਰ ਪਿੰਡ ਬਿਲਗਾ ਦੇ ਅੰਦਰ ਚੱਲ ਰਿਹਾ ਸੀ। ਪਰ ਸਥਾਨਕ ਪੁਲਿਸ ਨੂੰ ਇਸ ਨਸ਼ਾ ਛੁਡਾਊ ਕੇਂਦਰ ਦੀ ਜਾਣਕਾਰੀ ਤੱਕ ਨਹੀਂ ਸੀ । ਇਸ ਸਬੰਧੀ ਜਦੋਂ ਪੁਲਿਸ ਥਾਣਾ ਮੁਖੀ ਦਲਵੀਰ ਸਿੰਘ ਨਾਲ ਗੱਲ ਕੀਤੀ, ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਕੋਈ ਨਸ਼ਾ ਛਡਾਊ ਕੇਂਦਰ ਦੀ ਜਾਣਕਾਰੀ ਨਹੀਂ, ਹੁਣ ਸ਼ਿਕਾਇਤ ਆਈ ਹੈ, ਅਸੀਂ ਜਾਂਚ ਕਰਕੇ ਬਣਦੀ ਕਾਰਵਾਈ ਕਰਾਂਗੇ।
-ਪੁਲਿਸ ਨੂੰ ਪੁੱਛੋ, ਉਸ ਨੂੰ ਸਭ ਜਾਣਕਾਰੀ ਹੈ : ਸੰਚਾਲਕ
ਜਦੋਂ ਨਸ਼ਾ ਛੁਡਾਊ ਕੇਂਦਰ ਦੇ ਸੰਚਾਲਕ ਗੁਰਪ੍ਰੀਤ ਸਿੰਘ ਨਾਲ ਉਹਨਾਂ ਦੇ ਫੋਨ ’ਤੇ ਗੱਲ ਕੀਤੀ, ਤਾਂ ਉਨ੍ਹਾਂ ਕਿਹਾ ਕਿ ਸਾਡੇ ਕੋਲ ਪਿੰਡ ਤੋਂ ਹੀ ਇੱਕ ਆਰਐਮਪੀ ਡਾਕਟਰ ਆਉਂਦਾ ਹੈ, ਜਦੋਂ ਉਹਨਾਂ ਤੋਂ ਨਸ਼ਾ ਛੁਡਾਊ ਕੇਂਦਰ ਦੀ ਮਾਨਤਾ ਬਾਰੇ ਪੁੱਛਿਆ, ਤਾਂ ਉਨ੍ਹਾਂ ਕਿਹਾ ਸਾਰਾ ਕੁੱਝ ਪੁਲਿਸ ਨੂੰ ਪਤਾ ਹੈ ਪੁਲਿਸ ਨੂੰ ਪੁੱਛੋ।