
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਏਡਜ਼ ਕੰਟਰੋਲ ਕਾਮਿਆਂ ਨੇ ਸ਼ੁਰੂ ਕੀਤੀ ਕਲਮ ਛੋੜ ਹੜਤਾਲ

ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ
ਪੰਜਾਬ ਸਟੇਟ ਏਡਜ਼ ਕੰਟਰੋਲ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਹੈਲਥ ਵਿਭਾਗ ਵੱਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਜਾਇਜ਼ ਮੰਗਾਂ ਦਾ ਹੱਲ ਨਾ ਹੋਣ ਦੇ ਰੋਸ ਵਜੋਂ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਹੈ।ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਅਤੇ ਯੂਨੀਅਨ ਦੇ ਅਹੁਦੇਦਾਰਾਂ ਨੇ ਕਿਹਾ ਕਿ ਕਾਮਿਆਂ ਦੀਆਂ ਮੰਗਾਂ ਸਬੰਧੀ ਸਰਕਾਰ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਕਈ ਮੀਟਿੰਗਾਂ ਹੋ ਚੁੱਕੀਆਂ ਹਨ ਅਤੇ ਕਈ ਮੌਕਿਆਂ ’ਤੇ ਮੰਗਾਂ ਨੂੰ ਪੂਰਾ ਕਰਨ ਸਬੰਧੀ ਭਰੋਸੇ ਵੀ ਦਿੱਤੇ ਹਨ, ਪਰੰਤੂ ਅਜੇ ਤੱਕ ਜ਼ਮੀਨੀ ਪੱਧਰ ’ਤੇ ਕੋਈ ਪ੍ਰਭਾਵਸ਼ਾਲੀ ਹੱਲ ਨਹੀਂ ਹੋਇਆ। ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਏਡਜ਼ ਕੰਟਰੋਲ ਕਾਮਿਆਂ ਲਈ 20 ਫੀਸਦੀ ਤਨਖਾਹ ਵਾਧੇ ਦੀ ਮੰਗ ਨੂੰ ਕਈ ਮੀਟਿੰਗਾਂ ’ਚ ਸਹਿਮਤੀ ਮਿਲਣ ਤੋਂ ਬਾਅਦ ਵੀ ਭਰੋਸੇ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ, ਕਾਮਿਆਂ ਦੀਆਂ ਤਨਖਾਹ ਵਿੱਚ ਮੌਜੂਦ ਅਸਮਾਨਤਾ ਨੂੰ ਦੂਰ ਕਰਨ ਲਈ ਮਈ 2026 ਵਿੱਚ ਪ੍ਰੋਜੈਕਟ ਡਾਇਰੈਕਟਰ ਵੱਲੋਂ ਹੁਕਮ ਜਾਰੀ ਕੀਤੇ ਜਾਣ ਦੇ ਬਾਵਜੂਦ ਵੀ ਹੁਣ ਤੱਕ ਹੱਲ ਨਹੀਂ ਹੋਇਆ,ਸਿਹਤ ਬੀਮੇ ਦਾ ਭਰੋਸਾ ਵੀ ਪੂਰਾ ਨਹੀਂ ਕੀਤਾ, ਫੀਲਡ ’ਚ ਜਾਗਰੂਕਤਾ ਅਤੇ ਕੈਂਪੇਨ ਸਬੰਧੀ ਡਿਊਟੀਆਂ ਦੇਣ ਵਾਲੇ ਫੀਲਡ ਸਟਾਫ ਨੂੰ ਕਈ ਮਾਮਲਿਆਂ ਵਿੱਚ ਆਵਾਜਾਈ ਭੱਤਾ ਦੇਣ ਤੋਂ ਟਾਲਾ ਵੱਟਿਆ ਜਾ ਰਿਹਾ ਹੈ ।ਜਥੇਬੰਦੀ ਦੇ ਆਗੂਆਂ ਨੇ ਸਿਵਲ ਹਸਪਤਾਲ ਵਿੱਚ ਕਲਮ ਛੋੜ ਹੜਤਾਲ ‘ਤੇ ਬੈਠੇ ਕਾਮਿਆਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਜੇਕਰ ਕਾਮਿਆਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ, ਤਾਂ 17 ਅਗਸਤ ਨੂੰ ਚੰਡੀਗੜ੍ਹ ਸਥਿਤ ਸੁਸਾਇਟੀ ਦੇ ਮੁੱਖ ਦਫਤਰ ਅੱਗੇ ਜਥੇਬੰਦੀ ਵੱਲੋਂ ਰੋਸ ਧਰਨਾ ਦਿੱਤਾ ਜਾਵੇਗਾ। ਆਗੂਆਂ ਨੇ ਦੱਸਿਆ ਕਿ ਜੇਕਰ 19 ਅਗਸਤ ਨੂੰ ਪੈਰਾ ਮੈਡੀਕਲ ਸੰਘਰਸ਼ ਕਮੇਟੀ ਦੀ ਸਬ ਕਮੇਟੀ ਮੀਟਿੰਗ ਵਿੱਚ ਮੰਗਾਂ ਉੱਤੇ ਵਿਚਾਰ ਨਾ ਕੀਤੀ ਗਈ ਤਾਂ 20 ਅਗਸਤ ਨੂੰ ਨਿਰਦੇਸ਼ਕ ਸਿਹਤ ਸੇਵਾਵਾਂ ਵਿਭਾਗ ਪੰਜਾਬ ਚੰਡੀਗੜ੍ਹ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਦੌਰਾਨ ਰੋਸ ਮਾਰਚ ਵੀ ਕੀਤਾ ਜਾਵੇਗਾ।