
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅਹਿਮ ਖ਼ਬਰ-ਹਲਕਾ ਆਤਮ ਨਗਰ ’ਚ 2027 ਦੀ ਸਿਆਸੀ ਜੰਗ ਲਈ ਗਤੀਵਿਧੀਆਂ ਤੇਜ਼

-‘ਆਪ’ ਦੇ ਸਿੱਧੂ ਸਾਹਮਣੇ ਕਾਂਗਰਸ, ਅਕਾਲੀ ਦਲ ਤੇ ਭਾਜਪਾ ’ਚ ਦਾਅਵੇਦਾਰਾਂ ਦੀ ਲੰਮੀ ਕਤਾਰ
ਫ਼ੋਟੋ ਨੰਬਰ-1, 2, 3, 4, 5, 6, 7, 8, 9, 10
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਪੰਜਾਬ ਦੀ ਸਿਆਸਤ ਵਿੱਚ 2027 ਦੀ ਵਿਧਾਨ ਸਭਾ ਚੋਣ ਨੂੰ ਲੈ ਕੇ ਭਾਵੇਂ ਹਾਲੇ ਕਾਫ਼ੀ ਸਮਾਂ ਬਾਕੀ ਹੈ, ਪਰ ਲੁਧਿਆਣਾ ਦਾ ਆਤਮ ਨਗਰ ਵਿਧਾਨ ਸਭਾ ਹਲਕਾ ਹੁਣ ਤੋਂ ਹੀ ਸਿਆਸੀ ਗਤੀਵਿਧੀਆਂ ਦਾ ਕੇਂਦਰ ਬਣਦਾ ਨਜ਼ਰ ਆ ਰਿਹਾ ਹੈ। ਹਲਕੇ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੇ ਸਾਹਮਣੇ ਵਿਰੋਧੀ ਧਿਰਾਂ ਵਿੱਚ ਟਿਕਟ ਲਈ ਅੰਦਰੂਨੀ ਦੌੜ ਤੇਜ਼ ਹੋਣ ਦੇ ਸੰਕੇਤ ਮਿਲ ਰਹੇ ਹਨ।
2022 ਦੀ ਚੋਣ ਵਿੱਚ ਕੁਲਵੰਤ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਦੀ ਟਿਕਟ ’ਤੇ 44,601 ਵੋਟਾਂ ਹਾਸਲ ਕਰਕੇ ਜਿੱਤ ਦਰਜ ਕੀਤੀ ਸੀ। ਕਾਂਗਰਸ ਦੇ ਕਮਲਜੀਤ ਸਿੰਘ ਕੜਵਲ ਨੂੰ 28,247 ਵੋਟਾਂ ਮਿਲੀਆਂ, ਜਦਕਿ ਸਿਮਰਜੀਤ ਸਿੰਘ ਬੈਂਸ 12,720 ਵੋਟਾਂ ਨਾਲ ਤੀਜੇ ਸਥਾਨ ’ਤੇ ਰਹੇ। ਭਾਜਪਾ ਦੇ ਪ੍ਰੇਮ ਮਿੱਤਲ ਨੂੰ 9,447 ਅਤੇ ਅਕਾਲੀ ਦਲ ਦੇ ਉਮੀਦਵਾਰ ਨੂੰ 7,120 ਵੋਟਾਂ ਮਿਲੀਆਂ ਸਨ। ਸਿੱਧੂ ਦੀ ਜਿੱਤ ਦਾ ਫਰਕ 16,354 ਵੋਟਾਂ ਰਿਹਾ। ਫਿਲਹਾਲ ਤਸਵੀਰ ਇਹ ਹੈ ਕਿ ਆਤਮ ਨਗਰ ਵਿੱਚ 2027 ਦੀ ਚੋਣ ਲਈ ਮੈਦਾਨ ਸਜਣਾ ਸ਼ੁਰੂ ਹੋ ਗਿਆ ਹੈ। ‘ਆਪ’ ਕੋਲ ਮੌਜੂਦਾ ਵਿਧਾਇਕ ਦਾ ਫਾਇਦਾ ਹੈ, ਕਾਂਗਰਸ ਕੋਲ ਕਈ ਤਜਰਬੇਕਾਰ ਚਿਹਰੇ, ਅਕਾਲੀ ਦਲ ਕੋਲ ਪੁਰਾਣਾ ਸੰਗਠਨ ਅਤੇ ਕਈ ਸਥਾਨਕ ਦਾਵੇਦਾਰ, ਜਦਕਿ ਭਾਜਪਾ ਆਪਣਾ ਸ਼ਹਿਰੀ ਆਧਾਰ ਮਜ਼ਬੂਤ ਕਰਨ ਦੀ ਕੋਸ਼ਿਸ਼ ਵਿੱਚ ਹੈ। ਹੁਣ ਨਜ਼ਰ ਇਸ ਗੱਲ ’ਤੇ ਰਹੇਗੀ ਕਿ ਕਿਹੜੀ ਪਾਰਟੀ ਕਿਸ ਚਿਹਰੇ ’ਤੇ ਦਾਅ ਲਗਾਉਂਦੀ ਹੈ, ਕਿਉਂਕਿ ਆਤਮ ਨਗਰ ਵਿੱਚ ਉਮੀਦਵਾਰ ਦੀ ਚੋਣ ਹੀ ਅੱਧੀ ਚੋਣ ਮੰਨੀ ਜਾ ਸਕਦੀ ਹੈ।
-ਬਾਕਸ-
-‘ਆਪ’ ਵੱਲੋਂ ਕੁਲਵੰਤ ਸਿੱਧੂ ਦਾ ਮਜ਼ਬੂਤ ਦਾਅਵਾ
1) ਵਿਧਾਇਕ ਕੁਲਵੰਤ ਸਿੰਘ ਸਿੱਧੂ।
ਮੌਜੂਦਾ ਸਮੇਂ ਹਲਕੇ ’ਚ ‘ਆਪ’ ਦਾ ਚਿਹਰਾ ਕੁਲਵੰਤ ਸਿੰਘ ਸਿੱਧੂ ਹੀ ਹਨ। ਉਹ 2022 ਵਿੱਚ ਪਹਿਲੀ ਵਾਰ ਵਿਧਾਇਕ ਬਣੇ ਅਤੇ 2026 ’ਚ ਵੀ ਹਲਕੇ ’ਚ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਲੈ ਕੇ ਲੋਕ ਸੰਪਰਕ ਮੁਹਿੰਮਾਂ ਕਰਦੇ ਦਿਖਾਈ ਦੇ ਰਹੇ ਹਨ। ਇਸ ਲਈ ਜੇਕਰ ਪਾਰਟੀ ਵੱਲੋਂ ਮੌਜੂਦਾ ਵਿਧਾਇਕ ’ਤੇ ਹੀ ਭਰੋਸਾ ਜਤਾਇਆ ਜਾਂਦਾ ਹੈ, ਤਾਂ ਸਿੱਧੂ ਲਈ ਸਭ ਤੋਂ ਵੱਡੀ ਚੁਣੌਤੀ ਆਪਣੀ ਪੰਜ ਸਾਲ ਦੀ ਕਾਰਗੁਜ਼ਾਰੀ ਨੂੰ ਲੋਕਾਂ ਸਾਹਮਣੇ ਰੱਖਣਾ ਤੇ 2022 ਵਾਲੇ ਵੋਟ ਅੰਤਰ ਨੂੰ ਕਾਇਮ ਰੱਖਣਾ ਹੋਵੇਗੀ।
-ਬਾਕਸ-
-ਕਾਂਗਰਸ ’ਚ ਹੈ ਤਿਕੋਣਾ ਮੁਕਾਬਲਾ
2) ਸਿਮਰਜੀਤ ਸਿੰਘ ਬੈਂਸ।
3)ਕਮਲਜੀਤ ਸਿੰਘ ਕੜਵਲ।
4) ਮਨਰਾਜ ਸਿੰਘ ਠੁਕਰਾਲ।
ਕਾਂਗਰਸ ਖੇਮੇ ਵਿੱਚ ਹਲਕਾ ਆਤਮ ਨਗਰ ਦੀ ਟਿਕਟ ਨੂੰ ਲੈ ਕੇ ਕਈ ਨਾਮ ਚਰਚਾ ਵਿੱਚ ਹਨ। ਇਨ੍ਹਾਂ ਵਿੱਚ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ, ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਮਨਰਾਜ ਸਿੰਘ ਠੁਕਰਾਲ ਅਤੇ 2022 ਵਿੱਚ ਕਾਂਗਰਸ ਦੀ ਟਿਕਟ ’ਤੇ ਚੋਣ ਲੜ ਚੁੱਕੇ ਕਮਲਜੀਤ ਸਿੰਘ ਕੜਵਲ ਦੇ ਨਾਮ ਪ੍ਰਮੁੱਖ ਤੌਰ ’ਤੇ ਲਏ ਜਾ ਰਹੇ ਹਨ। ਬੈਂਸ ਆਤਮ ਨਗਰ ਦੀ ਸਿਆਸਤ ਵਿੱਚ ਪੁਰਾਣਾ ਅਤੇ ਜਾਣਿਆ-ਪਛਾਣਿਆ ਚਿਹਰਾ ਹਨ। ਉਹ 2012 ਅਤੇ 2017 ਵਿੱਚ ਇਸ ਹਲਕੇ ਤੋਂ ਵਿਧਾਇਕ ਰਹੇ। 2022 ਵਿੱਚ ਉਹ ਲੋਕ ਇਨਸਾਫ਼ ਪਾਰਟੀ ਵੱਲੋਂ ਚੋਣ ਲੜੇ, ਪਰ ਕੁਲਵੰਤ ਸਿੰਘ ਸਿੱਧੂ ਨੇ ਉਨ੍ਹਾਂ ਨੂੰ ਪਿੱਛੇ ਛੱਡ ਦਿੱਤਾ। ਬੈਂਸ ਭਰਾਵਾਂ ਨੇ 2024 ਵਿੱਚ ਕਾਂਗਰਸ ’ਚ ਸ਼ਾਮਲ ਹੋ ਕੇ ਲੋਕ ਇਨਸਾਫ਼ ਪਾਰਟੀ ਦਾ ਕਾਂਗਰਸ ਵਿੱਚ ਰਲੇਵਾਂ ਕੀਤਾ ਸੀ। ਇਸ ਕਾਰਨ ਬੈਂਸ ਦਾ ਕਾਂਗਰਸ ਵਿੱਚ ਆਉਣਾ ਆਤਮ ਨਗਰ ਦੀ ਟਿਕਟ ਦੀ ਦੌੜ ਨੂੰ ਹੋਰ ਦਿਲਚਸਪ ਬਣਾਉਂਦਾ ਹੈ। ਦੂਜੇ ਪਾਸੇ ਕਮਲਜੀਤ ਸਿੰਘ ਕੜਵਲ 2022 ਵਿੱਚ ਕਾਂਗਰਸ ਦੇ ਉਮੀਦਵਾਰ ਰਹਿ ਚੁੱਕੇ ਹਨ ਅਤੇ 28,247 ਵੋਟਾਂ ਨਾਲ ਦੂਜੇ ਸਥਾਨ ’ਤੇ ਰਹੇ ਸਨ। ਇਸ ਲਈ ਉਨ੍ਹਾਂ ਦਾ ਦਾਅਵਾ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਸ ਤਰ੍ਹਾਂ ਕਾਂਗਰਸ ਲਈ ਸਭ ਤੋਂ ਵੱਡਾ ਸਵਾਲ ਇਹ ਹੋਵੇਗਾ ਕਿ ਪਾਰਟੀ ਪੁਰਾਣੇ ਸਿਆਸੀ ਤਜਰਬੇ, ਨੌਜਵਾਨ ਚਿਹਰੇ ਜਾਂ 2022 ਦੇ ਉਮੀਦਵਾਰ ਵਿੱਚੋਂ ਕਿਸ ’ਤੇ ਦਾਅ ਖੇਡਦੀ ਹੈ।
-ਬਾਕਸ-
-ਅਕਾਲੀ ਦਲ ’ਚ ਵੀ ਹਨ ਕਈ ਚਿਹਰੇ
5) ਜਗਬੀਰ ਸਿੰਘ ਸੋਖੀ।
6) ਹਰਚਰਨ ਸਿੰਘ ਗੋਹਲਵੜੀਆ।
7) ਗੁਰਮੀਤ ਸਿੰਘ ਕੁਲਾਰ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਜਗਬੀਰ ਸਿੰਘ ਸੋਖੀ ਦਾ ਨਾਮ ਹਲਕੇ ਦੇ ਇੰਚਾਰਜ ਵਜੋਂ ਸਾਹਮਣੇ ਆਇਆ ਹੈ, ਪਰ ਉਨ੍ਹਾਂ ਤੋਂ ਇਲਾਵਾ ਸਨਅਤਕਾਰ ਤੇ ਫਿਕੋ ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ, ਸਾਬਕਾ ਮੇਅਰ ਹਰਚਰਨ ਸਿੰਘ ਗੋਹਲਵੜੀਆ, ਸਾਬਕਾ ਕੈਬਨਿਟ ਮੰਤਰੀ ਹੀਰਾ ਸਿੰਘ ਗਾਬੜੀਆ ਦੇ ਪੁੱਤਰ ਤੇ ਕੌਂਸਲਰ ਰਖਵਿੰਦਰ ਸਿੰਘ ਗਾਬੜੀਆ ਦੇ ਨਾਮ ਵੀ ਦਾਵੇਦਾਰਾਂ ਵਿੱਚ ਚਰਚਾ ਵਿੱਚ ਹਨ। ਕੁਲਾਰ ਦਾ ਆਤਮ ਨਗਰ ਨਾਲ ਪੁਰਾਣਾ ਸਿਆਸੀ ਨਾਤਾ ਹੈ। ਉਹ ਪਹਿਲਾਂ ਵੀ ਇਸ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਵਜੋਂ ਚੋਣ ਲੜ ਚੁੱਕੇ ਹਨ ਅਤੇ ਉਦਯੋਗਿਕ ਖੇਤਰ ਵਿੱਚ ਉਨ੍ਹਾਂ ਦੀ ਆਪਣੀ ਪਛਾਣ ਹੈ। ਗਾਬੜੀਆ ਵੀ ਆਤਮ ਨਗਰ ਦੀ ਸਿਆਸਤ ਵਿੱਚ ਪੁਰਾਣਾ ਨਾਮ ਹਨ। 2012 ਵਿੱਚ ਉਹ ਸਿਮਰਜੀਤ ਸਿੰਘ ਬੈਂਸ ਤੋਂ ਚੋਣ ਹਾਰ ਗਏ ਸਨ। ਇੱਥੇ ਅਕਾਲੀ ਦਲ ਸਾਹਮਣੇ ਚੁਣੌਤੀ ਇਹ ਹੈ ਕਿ ਪਾਰਟੀ ਕਿਹੜੇ ਚਿਹਰੇ ਰਾਹੀਂ ਹਲਕੇ ਦੇ ਸ਼ਹਿਰੀ, ਉਦਯੋਗਿਕ ਤੇ ਸਿੱਖ ਵੋਟਰਾਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰੇਗੀ। ਜੇਕਰ ਗੋਹਲਵੜੀਆ ਦੀ ਗੱਲ ਕੀਤੀ ਜਾਵੇ, ਉਹ 5 ਸਾਲ ਲੁਧਿਆਣਾ ਦੇ ਮੇਅਰ ਰਹੇ ਅਤੇ ਉਨ੍ਹਾਂ ਦਾ ਸਾਫ਼ ਅਕਸ ਸਾਫ਼ ਸੁਥਰਾ ਹੈ, ਜਿਸ ਦਾ ਗੋਹਲਵੜੀਆ ਨੂੰ ਲਾਭ ਮਿਲ ਸਕਦਾ ਹੈ।
-ਬਾਕਸ-
-ਭਾਜਪਾ ਵੀ ਇਕੱਲੀ ਲੜਾਈ ਲਈ ਤਿਆਰ
8) ਅਮਰਜੀਤ ਸਿੰਘ ਟਿੱਕਾ।
9) ਪ੍ਰੇਮ ਮਿੱਤਲ।
10) ਰਾਜੇਸ਼ਵਰੀ ਗੋਸਾਈਂ।
ਭਾਰਤੀ ਜਨਤਾ ਪਾਰਟੀ ਵੱਲੋਂ ਸਿੱਖ ਆਗੂ ਅਮਰਜੀਤ ਸਿੰਘ ਟਿੱਕਾ, 2022 ਵਿੱਚ ਚੋਣ ਲੜ ਚੁੱਕੇ ਪ੍ਰੇਮ ਮਿੱਤਲ, ਰਾਜੇਸ਼ਵਰੀ ਗੋਸਾਈ ਸਪੁੱਤਰੀ ਸਤਪਾਲ ਗੋਸਾਈਂ ਸਮੇਤ ਹੋਰ ਨਾਮ ਵੀ ਚਰਚਾ ਵਿੱਚ ਹਨ। 2022 ਵਿੱਚ ਪ੍ਰੇਮ ਮਿੱਤਲ ਨੂੰ 9,447 ਵੋਟਾਂ ਮਿਲੀਆਂ ਸਨ। ਇਸ ਵਾਰ ਜੇਕਰ ਭਾਜਪਾ ਆਪਣਾ ਸੰਗਠਨਾਤਮਕ ਆਧਾਰ ਹੋਰ ਮਜ਼ਬੂਤ ਕਰਦੀ ਹੈ ਅਤੇ ਸ਼ਹਿਰੀ ਵੋਟਰਾਂ ਵਿੱਚ ਆਪਣੀ ਪਕੜ ਵਧਾਉਂਦੀ ਹੈ, ਤਾਂ ਪਾਰਟੀ ਲਈ ਆਤਮ ਨਗਰ ਵਿੱਚ ਆਪਣਾ ਵੋਟ ਹਿੱਸਾ ਵਧਾਉਣਾ ਇੱਕ ਅਹਿਮ ਟੀਚਾ ਹੋ ਸਕਦਾ ਹੈ।
-2027 ’ਚ ਬਦਲ ਸਕਦਾ ਹੈ, 2022 ਦਾ ਗਣਿਤ
ਆਤਮ ਨਗਰ ਦੀ ਸਿਆਸਤ ਦਾ ਸਭ ਤੋਂ ਦਿਲਚਸਪ ਪੱਖ ਇਹ ਹੈ ਕਿ ਹਲਕੇ ਵਿੱਚ ਪਿਛਲੇ ਕੁੱਝ ਚੋਣਾਂ ਦੌਰਾਨ ਵੋਟਰਾਂ ਨੇ ਵੱਖ-ਵੱਖ ਸਿਆਸੀ ਚਿਹਰਿਆਂ ਨੂੰ ਮੌਕਾ ਦਿੱਤਾ ਹੈ। 2012 ਵਿੱਚ ਸਿਮਰਜੀਤ ਸਿੰਘ ਬੈਂਸ ਆਜ਼ਾਦ ਉਮੀਦਵਾਰ ਵਜੋਂ ਜਿੱਤੇ, 2017 ਵਿੱਚ ਲੋਕ ਇਨਸਾਫ਼ ਪਾਰਟੀ ਵੱਲੋਂ ਜਿੱਤੇ ਅਤੇ 2022 ਵਿੱਚ ਆਮ ਆਦਮੀ ਪਾਰਟੀ ਦੇ ਕੁਲਵੰਤ ਸਿੰਘ ਸਿੱਧੂ ਨੇ ਬਾਜ਼ੀ ਮਾਰੀ। ਇਸ ਵਾਰ ਮੁਕਾਬਲੇ ਦਾ ਸਭ ਤੋਂ ਵੱਡਾ ਨਿਰਧਾਰਕ ਵਿਰੋਧੀ ਵੋਟ ਦੀ ਵੰਡ ਬਣ ਸਕਦੀ ਹੈ। ਜੇਕਰ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਵੱਖ-ਵੱਖ ਮਜ਼ਬੂਤ ਚਿਹਰੇ ਉਤਾਰਦੇ ਹਨ, ਤਾਂ ‘ਆਪ’ ਲਈ ਆਪਣੇ 2022 ਦੇ ਵੋਟ ਆਧਾਰ ਨੂੰ ਬਰਕਰਾਰ ਰੱਖਣਾ ਵੱਡਾ ਫਾਇਦਾ ਹੋ ਸਕਦਾ ਹੈ। ਪਰ ਜੇਕਰ ਕਿਸੇ ਇੱਕ ਵਿਰੋਧੀ ਪਾਰਟੀ ਦਾ ਉਮੀਦਵਾਰ ਬਾਕੀਆਂ ਨਾਲੋਂ ਸਪੱਸ਼ਟ ਤੌਰ ’ਤੇ ਮਜ਼ਬੂਤ ਉਭਰਦਾ ਹੈ, ਤਾਂ ਮੁਕਾਬਲਾ ਕਾਫ਼ੀ ਦਿਲਚਸਪ ਹੋ ਸਕਦਾ ਹੈ।
-ਸਭ ਤੋਂ ਵੱਡਾ ਸਵਾਲ : ਬੈਂਸ ਬਨਾਮ ਸਿੱਧੂ
ਜੇਕਰ ਕਾਂਗਰਸ ਵੱਲੋਂ ਸਿਮਰਜੀਤ ਸਿੰਘ ਬੈਂਸ ਨੂੰ ਮੈਦਾਨ ਵਿੱਚ ਉਤਾਰਿਆ ਜਾਂਦਾ ਹੈ, ਆਤਮ ਨਗਰ ਵਿੱਚ 2027 ਦੀ ਲੜਾਈ ਨੂੰ ਇੱਕ ਵੱਖਰਾ ਰੰਗ ਮਿਲ ਸਕਦਾ ਹੈ। ਇੱਕ ਪਾਸੇ ਮੌਜੂਦਾ ਵਿਧਾਇਕ ਕੁਲਵੰਤ ਸਿੰਘ ਸਿੱਧੂ ਹੋਣਗੇ ਅਤੇ ਦੂਜੇ ਪਾਸੇ ਹਲਕੇ ਦੇ ਦੋ ਵਾਰ ਵਿਧਾਇਕ ਰਹਿ ਚੁੱਕੇ ਬੈਂਸ ਹੋਣਗੇ। ਪਰ ਕਾਂਗਰਸ ਦੇ ਅੰਦਰ ਕੜਵਲ ਅਤੇ ਹੋਰ ਦਾਵੇਦਾਰਾਂ ਦੀ ਮੌਜੂਦਗੀ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਟਿਕਟ ਦਾ ਫੈਸਲਾ ਹੀ ਹਲਕੇ ਦੀ ਸਿਆਸਤ ਦਾ ਪਹਿਲਾ ਵੱਡਾ ਮੋੜ ਹੋਵੇਗਾ।