- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਚਐੱਮਟੈਕਸ ਪ੍ਰਦਰਸ਼ਨੀ ਦੇ ਦੂਜੇ ਦਿਨ ਪੁੱਜੇ ਟਰੇਡ ਡੈਲੀਗੇਸ਼ਨ, ਦਰਸ਼ਕ ਰਹੇ ਹਾਜ਼ਰ

-ਨਵੀਂ ਪ੍ਰੋਡਕਟ ਰੇਂਜ, ਡਿਜ਼ਾਈਨ ਤੇ ਸਨਅਤੀ ਪੇਸ਼ਕਸ਼ਾਂ ਸਬੰਧੀ ਦਿਸਿਆ ਉਤਸ਼ਾਹ
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਐਚਐਮਟੈਕਸ 2026 ਪ੍ਰਦਰਸ਼ਨੀ ਦੇ ਦੂਜੇ ਦਿਨ ਐਤਵਾਰ ਨੂੰ ਪ੍ਰਦਰਸ਼ਨੀ ਸਥਾਨ ’ਤੇ ਦੇਸ਼ ਭਰ ਤੋਂ ਪੁੱਜੇ ਟਰੇਡ ਡੈਲੀਗੇਸ਼ਨਾਂ, ਉਦਯੋਗਿਕ ਨੁਮਾਇੰਦਿਆਂ, ਐਗਜ਼ਿਬਿਟਰਾਂ, ਡੀਲਰਾਂ, ਡਿਸਟ੍ਰੀਬਿਊਟਰਾਂ ਤੇ ਵੱਡੀ ਗਿਣਤੀ ਵਿੱਚ ਵਿਜ਼ਟਰਾਂ ਨੇ ਪ੍ਰਦਰਸ਼ਨੀ ਦੀ ਰੌਣਕ ਵਧਾ ਦਿੱਤੀ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਇਲਾਵਾ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਚੰਡੀਗੜ੍ਹ ਤੋਂ ਵੀ ਵੱਡੀ ਗਿਣਤੀ ਵਿੱਚ ਟਰੇਡ ਵਿਜ਼ਿਟਰ ਪ੍ਰਦਰਸ਼ਨੀ ਵਿੱਚ ਪੁੱਜੇ। ਉਨ੍ਹਾਂ ਨੇ ਵੱਖ-ਵੱਖ ਕੰਪਨੀਆਂ ਵੱਲੋਂ ਪ੍ਰਦਰਸ਼ਿਤ ਕੀਤੇ ਗਏ ਉਤਪਾਦਾਂ ਅਤੇ ਨਵੀਂ ਪ੍ਰੋਡਕਟ ਰੇਂਜ ਬਾਰੇ ਜਾਣਕਾਰੀ ਹਾਸਲ ਕੀਤੀ।
ਪ੍ਰਦਰਸ਼ਨੀ ਦੇ ਦੂਜੇ ਦਿਨ ਆਲ ਇੰਡੀਆ ਪੱਧਰ ਦੇ ਟਰੇਡ ਡੈਲੀਗੇਸ਼ਨ ਦੀ ਵਿਸ਼ੇਸ਼ ਮੌਜੂਦਗੀ ਰਹੀ। ਇਸ ਮੌਕੇ ਪ੍ਰੈਜ਼ੀਡੈਂਟ ਰਵਿਜਿੰਦਰ, ਜਨਰਲ ਸਕੱਤਰ ਅਨਿਲ ਰਾਓ, ਪਵਨ ਸੇਠ, ਸੁਰਤ ਸਿੰਘ ਮਲਹੋਤਰਾ, ਐਸਕੇ ਮਹਾਜਨ (ਪਠਾਨਕੋਟ), ਹੈਪੀ ਨਿਗਮਲਾ (ਅੰਮ੍ਰਿਤਸਰ), ਰਾਜੂ ਧਾਲੀਵਾਲ (ਚੰਡੀਗੜ੍ਹ) ਅਤੇ ਬੰਟੀ (ਚੰਡੀਗੜ੍ਹ) ਸਮੇਤ ਵੱਖ-ਵੱਖ ਸ਼ਹਿਰਾਂ ਤੋਂ ਆਏ ਟਰੇਡ ਨੁਮਾਇੰਦੇ ਮੌਜੂਦ ਰਹੇ।
ਪੰਜਾਬ ਟਰੇਡ ਡੀਲਰਜ਼ ਦੇ ਅਹੁਦੇਦਾਰਾਂ ਦੀ ਵੀ ਐਚਐਮਟੈਕਸ 2026 ਵਿੱਚ ਵਿਸ਼ੇਸ਼ ਮੌਜੂਦਗੀ ਰਹੀ। ਆਲ ਇੰਡੀਆ ਪੱਧਰ ’ਤੇ ਟਰੇਡ ਦੀ ਨੁਮਾਇੰਦਗੀ ਕਰ ਰਹੇ ਚੇਅਰਮੈਨ ਤੇ ਪੰਜਾਬ ਟਰੇਡ ਡੀਲਰਜ਼ ਦੇ ਪ੍ਰੈਜ਼ੀਡੈਂਟ ਐਸਐਸ ਮੱਕੜ ਦੇ ਨਾਲ ਜਨਰਲ ਸਕੱਤਰ ਸ਼ਿਵ ਸ਼ੰਕਰ ਰਾਏ ਅਤੇ ਹੋਰ ਅਹੁਦੇਦਾਰ ਪ੍ਰਦਰਸ਼ਨੀ ਵਿੱਚ ਪੁੱਜੇ। ਇਸ ਤਰ੍ਹਾਂ ਲੁਧਿਆਣਾ ਟਰੇਡ ਡੀਲਰਜ਼ ਵੱਲੋਂ ਜਨਰਲ ਸਕੱਤਰ ਅਸ਼ੋਕ ਸ਼ਰਮਾ, ਚੇਅਰਮੈਨ ਰਾਜ ਅਗਰਵਾਲ, ਸਾਰੇ ਜ਼ੋਨਲ ਪ੍ਰੈਜ਼ੀਡੈਂਟ ਅਤੇ ਪੂਰੀ ਟੀਮ ਨੇ ਐਚਐਮਟੈਕਸ 2026 ਵਿੱਚ ਹਾਜ਼ਰੀ ਲਗਵਾਈ।
ਪ੍ਰਦਰਸ਼ਨੀ ਦੌਰਾਨ ਵੱਖ-ਵੱਖ ਇਲਾਕਿਆਂ ਤੋਂ ਆਏ ਐਗਜ਼ਿਬਿਟਰਾਂ ਤੇ ਟਰੇਡ ਵਿਜ਼ਟਰਾਂ ਵਿਚਕਾਰ ਬਿਜ਼ਨਸ ਮੀਟਿੰਗਾਂ ਅਤੇ ਉਤਪਾਦਾਂ ਬਾਰੇ ਵਿਚਾਰ-ਵਟਾਂਦਰਾ ਹੋਇਆ। ਕਈ ਕਾਰੋਬਾਰੀਆਂ ਨੇ ਨਵੇਂ ਵਪਾਰਕ ਸੰਪਰਕ ਬਣਾਏ ਅਤੇ ਬਾਜ਼ਾਰ ਦੀਆਂ ਲੋੜਾਂ ਮੁਤਾਬਕ ਉਪਲਬਧ ਨਵੀਂ ਰੇਂਜ ਬਾਰੇ ਜਾਣਕਾਰੀ ਹਾਸਲ ਕੀਤੀ।
ਵੱਖ-ਵੱਖ ਸਟਾਲਾਂ ’ਤੇ ਨਵੇਂ ਉਤਪਾਦਾਂ, ਡਿਜ਼ਾਈਨਾਂ ਅਤੇ ਉਦਯੋਗ ਨਾਲ ਸਬੰਧਤ ਨਵੀਆਂ ਪੇਸ਼ਕਸ਼ਾਂ ਨੂੰ ਲੈ ਕੇ ਵਿਜ਼ਟਰਾਂ ਵਿੱਚ ਖਾਸਾ ਉਤਸ਼ਾਹ ਦੇਖਣ ਨੂੰ ਮਿਲਿਆ। ਪ੍ਰਦਰਸ਼ਨੀ ਨੇ ਐਗਜ਼ਿਬਿਟਰਾਂ ਨੂੰ ਆਪਣੇ ਉਤਪਾਦ ਸਿੱਧੇ ਟਰੇਡ ਨਾਲ ਜੋੜਨ ਅਤੇ ਕਾਰੋਬਾਰੀਆਂ ਨੂੰ ਇੱਕੋ ਛੱਤ ਹੇਠ ਵੱਖ-ਵੱਖ ਕੰਪਨੀਆਂ ਦੀ ਰੇਂਜ ਦੇਖਣ ਦਾ ਮੌਕਾ ਦਿੱਤਾ। ਦੂਜੇ ਦਿਨ ਕਈ ਵਿਸ਼ੇਸ਼ ਮਹਿਮਾਨ ਵੀ ਐਚਐਮਟੈਕਸ 2026 ਦਾ ਦੌਰਾ ਕਰਨ ਪੁੱਜੇ। ਸਨਅਤ ਨਾਲ ਜੁੜੇ ਕੁਲਾਰ ਸਾਹਿਬ ਨੇ ਪ੍ਰਦਰਸ਼ਨੀ ਦਾ ਦੌਰਾ ਕਰਕੇ ਐਗਜ਼ਿਬਿਟਰਾਂ ਨਾਲ ਗੱਲਬਾਤ ਕੀਤੀ। ਇਸ ਤੋਂ ਇਲਾਵਾ ਭਾਜਪਾ ਦੇ ਜਨਰਲ ਸਕੱਤਰ ਰਜਨੀਸ਼ ਤਿਵਾਨ ਵੀ ਪ੍ਰਦਰਸ਼ਨੀ ਵਿੱਚ ਪੁੱਜੇ ਅਤੇ ਕਰੀਬ ਅੱਧਾ ਘੰਟਾ ਉੱਥੇ ਰਹੇ। ਉਨ੍ਹਾਂ ਨੇ ਉਦਯੋਗ ਅਤੇ ਟਰੇਡ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ’ਤੇ ਵਿਚਾਰ ਸਾਂਝੇ ਕੀਤੇ। ਐੱਚਐੱਮਟੈਕਸ 2026 ਦੌਰਾਨ ਵਿਜ਼ਟਰਾਂ ਦੀ ਗਿਣਤੀ, ਐਗਜ਼ਿਬਿਟਰਾਂ ਦੀ ਭਾਗੀਦਾਰੀ ਅਤੇ ਟਰੇਡ ਕਮਿਊਨਿਟੀ ਦੀ ਸਰਗਰਮੀ ਦਾ ਪ੍ਰਬੰਧਕਾਂ ਨੇ ਜਾਇਜ਼ਾ ਲਿਆ। ਪ੍ਰਦਰਸ਼ਨੀ ਦੇ ਦੂਜੇ ਦਿਨ ਵੀ ਭਾਰੀ ਭੀੜ ਦੇਖਣ ਨੂੰ ਮਿਲਿਆ ਅਤੇ ਟਰੇਡ ਤੇ ਉਦਯੋਗ ਲਈ ਇਹ ਇੱਕ ਪ੍ਰਭਾਵਸ਼ਾਲੀ ਬਿਜ਼ਨਸ ਪਲੇਟਫਾਰਮ ਵਜੋਂ ਉਭਰਦੀ ਨਜ਼ਰ ਆਈ।
ਐਚਐਮਟੈਕਸ 2026 ਦਾ ਤੀਜਾ ਅਤੇ ਆਖਰੀ ਦਿਨ 14 ਸਤੰਬਰ ਨੂੰ ਹੋਵੇਗਾ। ਪ੍ਰਦਰਸ਼ਨੀ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਰਹੇਗਾ। ਪ੍ਰਬੰਧਕਾਂ ਨੇ ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਦੇ ਟੈਂਟ ਹਾਊਸ, ਪੇਪਰ ਡੀਲਰ, ਹੋਟਲ ਇੰਡਸਟਰੀ, ਪੈਲੇਸ, ਇਵੈਂਟ ਅਤੇ ਸਬੰਧਤ ਟਰੇਡ ਨਾਲ ਜੁੜੇ ਕਾਰੋਬਾਰੀਆਂ ਨੂੰ ਪ੍ਰਦਰਸ਼ਨੀ ਵਿੱਚ ਪੁੱਜ ਕੇ ਇਸ ਮੌਕੇ ਦਾ ਲਾਭ ਲੈਣ ਦੀ ਅਪੀਲ ਕੀਤੀ ਹੈ।
ਪ੍ਰਬੰਧਕਾਂ ਮੁਤਾਬਕ ਐੱਚਐੱਮਟੈਕਸ 2026 ਦਾ ਇਹ ਐਡੀਸ਼ਨ ਟਰੇਡ ਅਤੇ ਇੰਡਸਟਰੀ ਨੂੰ ਇੱਕ ਮੰਚ ’ਤੇ ਲਿਆਉਣ ਦੀ ਦਿਸ਼ਾ ਵਿੱਚ ਮਹੱਤਵਪੂਰਨ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਦੀ ਪ੍ਰਦਰਸ਼ਨੀ ਦਾ 14 ਸਤੰਬਰ ਨੂੰ ਆਖਰੀ ਦਿਨ ਹੋਵੇਗਾ, ਪਰ ਐਚਐਮਟੈਕਸ ਆਉਣ ਵਾਲੇ ਸਮੇਂ ਵਿੱਚ ਨਵੀਂ ਊਰਜਾ, ਨਵੀਆਂ ਕੰਪਨੀਆਂ ਅਤੇ ਨਵੀਂ ਪ੍ਰੋਡਕਟ ਰੇਂਜ ਨਾਲ ਮੁੜ ਟਰੇਡ ਕਮਿਊਨਿਟੀ ਦੇ ਸਾਹਮਣੇ ਆਵੇਗੀ।