- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਹਿਮ ਖ਼ਬਰ-ਲੁਧਿਆਣਾ ਪੂਰਬੀ ’ਚ ਸਰਕਾਰ ਖ਼ਿਲਾਫ਼ ਵੱਜੇਗਾ ਸੰਘਰਸ਼ ਦਾ ਬਿਗੁਲ, ਹਰ ਸ਼ਨੀਵਾਰ ਨਿਕਲੇਗਾ ‘ਕੈਂਡਲ ਮਾਰਚ’

-ਢਿੱਲੋਂ ਦੀ ਅਗਵਾਈ ’ਚ ਖ਼ਸਤਾਹਾਲ ਸੜਕਾਂ ਖ਼ਿਲਾਫ਼ ਹਰ ਸ਼ਨਿੱਚਰਵਾਰ ਕੱਢਿਆ ਜਾਵੇਗਾ ‘ਕੈਂਡਲ ਮਾਰਚ’
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ : ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ’ਚ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਸ੍ਰੋਮਣੀ ਅਕਾਲੀ ਦਲ ਨੇ ਸਰਕਾਰ ਖ਼ਿਲਾਫ਼ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਸ਼ੁੱਕਰਵਾਰ ਨੂੰ ਸਾਬਕਾ ਵਿਧਾਇਕ ਤੇ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਰਣਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਹੋਈ ਅਹਿਮ ਮੀਟਿੰਗ ਦੌਰਾਨ ਫੈਸਲਾ ਕੀਤਾ ਕਿ ਹਲਕੇ ਵਿੱਚ ਹਰ ਸ਼ਨੀਵਾਰ ਸ਼ਾਮ ‘ਕੈਂਡਲ ਮਾਰਚ’ ਕੱਢਿਆ ਜਾਵੇਗਾ। ਮੀਟਿੰਗ ’ਚ ਲੁਧਿਆਣਾ ਪੂਰਬੀ ਦੀ ਮੌਜੂਦਾ ਸਥਿਤੀ ਤੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ’ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਅਕਾਲੀ ਆਗੂਆਂ ਨੇ ਹਲਕੇ ਦੀ ਬਦਹਾਲੀ ’ਤੇ ਚਿੰਤਾ ਪ੍ਰਗਟਾਉਂਦਿਆਂ ਸਰਕਾਰ ਤੇ ਇਸ ਦੇ ਨੁਮਾਇੰਦਿਆਂ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ। ਮੀਟਿੰਗ ਦੌਰਾਨ ਨੂਰਵਾਲਾ ਰੋਡ, ਕਾਕੋਵਾਲ ਰੋਡ, ਰਾਹੋਂ ਰੋਡ ਤੇ ਤਾਜਪੁਰ ਰੋਡ ਦੀ ਮਾੜੀ ਹਾਲਤ ਦਾ ਮੁੱਦਾ ਪ੍ਰਮੁੱਖਤਾ ਨਾਲ ਚੁੱਕਿਆ। ਆਗੂਆਂ ਨੇ ਦਾਅਵਾ ਕੀਤਾ ਕਿ ਸੜਕਾਂ ਦੀ ਖਸਤਾ ਹਾਲਤ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਅਤੇ ਇਲਾਕੇ ਦੇ ਦੁਕਾਨਦਾਰਾਂ ਤੇ ਕਾਰੋਬਾਰੀਆਂ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਸਰਕਾਰ ਵੱਲੋਂ ਵਿਕਾਸ ਦੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਲੁਧਿਆਣਾ ਪੂਰਬੀ ਦੀਆਂ ਸੜਕਾਂ ਦੀ ਜ਼ਮੀਨੀ ਹਕੀਕਤ ਇਨ੍ਹਾਂ ਦਾਅਵਿਆਂ ’ਤੇ ਸਵਾਲ ਖੜ੍ਹੇ ਕਰਦੀ ਹੈ। ਅਕਾਲੀ ਆਗੂਆਂ ਨੇ ਲੁੱਟ-ਖੋਹ ਦੀਆਂ ਘਟਨਾਵਾਂ ਅਤੇ ਨਸ਼ੇ ਦੇ ਮੁੱਦੇ ਨੂੰ ਲੈ ਕੇ ਵੀ ਸਰਕਾਰ ਨੂੰ ਘੇਰਿਆ। ਉਨ੍ਹਾਂ ਦੋਸ਼ ਲਾਇਆ ਕਿ ਇਲਾਕੇ ਵਿੱਚ ਅਪਰਾਧ ਅਤੇ ਨਸ਼ੇ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਹੈ ਅਤੇ ਨੌਜਵਾਨਾਂ ਦਾ ਭਵਿੱਖ ਪ੍ਰਭਾਵਿਤ ਹੋ ਰਿਹਾ ਹੈ।
ਆਗੂਆਂ ਨੇ ਕਿਹਾ ਕਿ ਕਾਨੂੰਨ-ਵਿਵਸਥਾ ਦੀ ਸਥਿਤੀ ਨੂੰ ਲੈ ਕੇ ਲੋਕਾਂ ਵਿੱਚ ਚਿੰਤਾ ਹੈ ਅਤੇ ਸਰਕਾਰ ਨੂੰ ਇਸ ਮਾਮਲੇ ’ਤੇ ਗੰਭੀਰ ਕਦਮ ਚੁੱਕਣੇ ਚਾਹੀਦੇ ਹਨ। ਅਕਾਲੀ ਆਗੂਆਂ ਨੇ ਸਰਕਾਰ ’ਤੇ ਸਿਆਸੀ ਹਮਲਾ ਕਰਦਿਆਂ ਕਿਹਾ ਕਿ ਜਿਹੜੇ ਲੋਕ ਹਰ ਸਮੱਸਿਆ ਲਈ ਪਿਛਲੀਆਂ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਰਹੇ ਹਨ, ਹੁਣ ਉਨ੍ਹਾਂ ਨੂੰ ਆਪਣੇ ਕਾਰਜਕਾਲ ਦਾ ਹਿਸਾਬ ਪੰਜਾਬ ਦੇ ਲੋਕਾਂ ਨੂੰ ਦੇਣਾ ਚਾਹੀਦਾ ਹੈ। ਮੁੱਖ ਮੰਤਰੀ ਦੇ ਦਫ਼ਤਰ ਅਤੇ ਸਰਕਾਰ ਦੇ ਕੰਮ-ਕਾਜ ਸਬੰਧੀ ਉੱਠ ਰਹੇ ਸਵਾਲਾਂ ’ਤੇ ਆਗੂਆਂ ਨੇ ਕਿਹਾ ਕਿ ਭ੍ਰਿਸ਼ਟਾਚਾਰ ਸਬੰਧੀ ਲੱਗ ਰਹੇ ਦੋਸ਼ਾਂ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਸਰਕਾਰ ਤੋਂ ਜਵਾਬਦੇਹੀ ਦੀ ਮੰਗ ਕੀਤੀ। ਮੀਟਿੰਗ ਵਿੱਚ ਲਏ ਫੈਸਲੇ ਮੁਤਾਬਕ ਲੁਧਿਆਣਾ ਪੂਰਬੀ ਵਿੱਚ ਹਰ ਸ਼ਨਿੱਚਰਵਾਰ ਸ਼ਾਮ ਕੈਂਡਲ ਮਾਰਚ ਕੱਢਿਆ ਜਾਵੇਗਾ। ਅਕਾਲੀ ਆਗੂਆਂ ਨੇ ਕਿਹਾ ਕਿ ਇਸ ਮਾਰਚ ਦਾ ਉਦੇਸ਼ ਹਲਕੇ ਦੀਆਂ ਸਮੱਸਿਆਵਾਂ ਨੂੰ ਸਰਕਾਰ ਦੇ ਧਿਆਨ ਵਿੱਚ ਲਿਆਉਣਾ ਅਤੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨਾ ਹੈ। ਕੈਂਡਲ ਮਾਰਚ ਵਿੱਚ ਜਗਦੀ ਮੋਮਬੱਤੀ ਲੋਕਾਂ ਦੀਆਂ ਆਸਾਂ ’ਤੇ ਉਨ੍ਹਾਂ ਦੇ ਹੱਕਾਂ ਲਈ ਸੰਘਰਸ਼ ਦੀ ਲੋਅ ਦਾ ਪ੍ਰਤੀਕ ਹੋਵੇਗੀ।
ਢਿੱਲੋਂ ਨੇ ਕਿਹਾ ਕਿ ਲੁਧਿਆਣਾ ਪੂਰਬੀ ਦੇ ਲੋਕਾਂ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ ਜਾਗਰੂਕ ਕੀਤਾ ਜਾਵੇਗਾ ਤੇ ਲੋਕਤੰਤਰਿਕ ਢੰਗ ਨਾਲ ਉਨ੍ਹਾਂ ਦੀ ਆਵਾਜ਼ ਸਰਕਾਰ ਤਕ ਪੁਜਾਈ ਜਾਵੇਗੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਲੋਕਾਂ ਦੀ ਆਵਾਜ਼ ਬਣ ਕੇ ਸਰਕਾਰ ਤੋਂ ਲੋਕਾਂ ਦੇ ਕੰਮ ਕਰਵਾਉਣ ਲਈ ਸੰਘਰਸ਼ ਕਰੇਗਾ ਅਤੇ ਸਰਕਾਰ ਨੂੰ ਜਵਾਬਦੇਹ ਬਣਾਇਆ ਜਾਵੇਗਾ। ਸਰਬਜੀਤ ਸਿੰਘ ਲਾਡੀ, ਡਾ. ਅਸ਼ਵਨੀ ਪਾਸੀ (ਮੈਂਬਰ ਪੀਏਸੀ), ਤੇਜਾ ਸਿੰਘ ਖਾਲਸਾ, ਬਲਵਿੰਦਰ ਸਿੰਘ ਬਾਜੜਾ, ਕਮਲਜੀਤ ਸਿੰਘ ਨਿੱਕੂ ਗਰੇਵਾਲ (ਮੈਂਬਰ ਜਨਰਲ ਕੌਂਸਲ), ਸਿਮਰਨਜੀਤ ਸਿੰਘ ਹਨੀ, ਗੁਰਮੇਲ ਸਿੰਘ ਜੱਜੀ, ਗੁਰਜੀਤ ਸਿੰਘ, ਰਤਨ ਵੜੈਚ, ਸਿਮਰਜੀਤ ਸਿੰਘ ਸਮਰਾ, ਮੁਨੀਸ਼ ਸਹਿਗਲ, ਸੁਰੇਸ਼ ਬੱਬੂ ਭਾਰਦਵਾਜ, ਬਲਵੀਰ ਸਿੰਘ, ਕਰਨੈਲ ਸਿੰਘ, ਬਲਕਾਰ ਸਿੰਘ ਅਨੰਦਪੁਰਾ, ਡਾ. ਕੁਲਵੰਤ, ਕੁਲਦੀਪ ਸੈਣੀ, ਰਾਜਨ ਅਰੋੜਾ, ਸੱਚਦਾਨੰਦ ਮਿੰਟੂ, ਜਤਿੰਦਰ ਸਿੰਘ, ਵਜਿੰਦਰ ਚਡਾਲੀਆ, ਹਰਦੀਪ ਸਿੰਘ ਮੁਲਤਾਨੀ, ਵਰਿੰਦਰ ਧੀਰ, ਸਿਮਰਨਜੀਤ ਸਿੰਘ ਰਾਜੂ, ਸ਼ਿਵ ਵਰਮਾ ਅਤੇ ਸੁਖਵਿੰਦਰ ਸਿੰਘ ਢਿੱਲੋਂ ਸਮੇਤ ਹੋਰ ਅਕਾਲੀ ਆਗੂ ਤੇ ਵਰਕਰਜ਼ ਮੌਜੂਦ ਸਨ।