- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ ਨੇ ਨਾਮੰਜੂਰ ਕਰ ਦਿੱਤੀ ਸੀ ਦੇਸ਼ ਦੀ ਵੰਡ-ਸ਼ਾਹੀ ਇਮਾਮ

-ਕਿਹਾ, ਪਾਕਿਸਤਾਨ ਦੀ ਸਥਾਪਨਾ ਦੀ ਵੀ ਡਟ ਕੇ ਕੀਤਾ ਸੀ ਵਿਰੋਧ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਬੁੱਧਵਾਰ ਨੂੰ ਭਾਰਤ ਦੇ ਸੁਤੰਰਤਾ ਸੰਗਰਾਮ 'ਚ ਲੁਧਿਆਣਾ ਦੇ ਕੌਮੀ ਨਾਇਕ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ ਦੀ 70ਵੀਂ ਬਰਸੀ ਮੌਕੇ ਇਤਿਹਾਸਿਕ ਜਾਮਾ ਮਸਜਿਦ 'ਚ ਸੁਤੰਰਤਾ ਸੰਗਰਾਮ ਦੀ ਪਾਰਟੀ ਮਜਲਿਸ ਅਹਿਰਾਰ ਇਸਲਾਮ ਦੇ ਵੱਲੋਂ ਕੁਰਾਨ ਸ਼ਰੀਫ ਪੜ੍ਹ ਕੇ ਦੁਆ ਦੇ ਨਾਲ–ਨਾਲ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਸੰਬੋਧਨ ਕਰਦਿਆਂ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਮੌਲਾਨਾ ਹਬੀਬ-ਉਰ-ਰਹਿਮਾਨ ਲੁਧਿਆਣਵੀ ਭਾਰਤ ਦੀ ਜੰਗ-ਏ-ਅਜ਼ਾਦੀ ਦੇ ਉਹ ਨਾਇਕ ਹਨ, ਜਿਨ੍ਹਾਂ ਨੇ ਅੰਗਰੇਜ਼ ਸਾਮਰਾਜ ਦੀਆਂ ਜੜ੍ਹਾਂ ਨੂੰ ਹਿਲਾ ਦਿੱਤਾ ਸੀ। ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ ਨੇ ਦੇਸ਼ ਦੇ ਸੁਤੰਰਤਾ ਸੰਗਰਾਮ 'ਚ 14 ਸਾਲ ਜੇਲ੍ਹ ਕੱਟੀ ਤੇ ਅੰਗਰੇਜਾਂ ਵੱਲੋਂ ਰੇਲਵੇ ਸਟੇਸ਼ਨਾਂ 'ਤੇ ਹਿੰਦੂ ਪਾਣੀ ਅਤੇ ਮੁਸਲਮਾਨ ਪਾਣੀ ਦੇ ਘੜੇ ਰੱਖ ਕੇ ਰਚੀ ਸਾਜ਼ਿਸ਼ ਖ਼ਿਲਾਫ਼ ਐਲਾਨ ਕਰਦਿਆਂ ਪੇਸ਼ਾਵਰ ਤੱਕ ਸਾਰੇ ਘੜੇ ਤੁੜਵਾ ਦਿੱਤੇ ਤੇ ਇਸ ਜੁਰਮ 'ਚ ਜੇਲ੍ਹ ਵੀ ਕੱਟੀ ਅਤੇ ਦੇਸ਼ ਦੇ ਲੋਕਾਂ ਨੂੰ ਸਮਝਾ ਦਿੱਤਾ ਕਿ ਇਕ ਹੀ ਪਾਣੀ ਪੀ ਕੇ ਅੰਗਰੇਜ਼ਾਂ ਦੀ ਇਸ ਸਾਜ਼ਿਸ਼ ਨੂੰ ਨਾਕਾਮ ਬਣਾਉਣਾ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਇਹ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀਂ ਹੀ ਸਨ, ਜਿਨ੍ਹਾਂ ਨੇ ਜ਼ਾਲਮ ਅੰਗਰੇਜ਼ਾਂ ਦੀ ਪਰਵਾਹ ਨਾ ਕਰਦੇ ਹੋਏ ਸ਼ਹੀਦ-ਏ-ਆਜਮ ਭਗਤ ਸਿੰਘ ਦੇ ਪਰਿਵਾਰ, ਨੇਤਾ ਜੀ ਸੁਭਾਸ਼ ਚੰਦਰ ਬੋਸ, ਪੰਡਿਤ ਜਵਾਹਰ ਲਾਲ ਨਹਿਰ, ਪੰਥ ਰਤਨ ਮਾਸਟਰ ਤਾਰਾ ਸਿੰਘ, ਪੰਜਾਬ ਕੇਸਰੀ ਲਾਲਾ ਲਾਜਪਤ ਰਾਏ, ਨਾਮਧਾਰੀ ਸਤਗੁਰੁ ਪ੍ਰਤਾਪ ਸਿੰਘ, ਸਇਯਦ ਅਤਾਉੱਲਾਹ ਸ਼ਾਹ ਬੁਖਾਰੀ ਦਾ ਹਮੇਸ਼ਾ ਸਾਥ ਦਿੱਤਾ।
ਇਹ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ ਹੀ ਸਨ ਜਿਨਾਂ ਨੇ 1947 'ਚ ਦੇਸ਼ ਦੀ ਵੰਡ ਨੂੰ ਨਾਮਨਜ਼ੂਰ ਕਰਦੇ ਹੋਏ ਪਾਕਿਸਤਾਨ ਦੀ ਸਥਾਪਨਾ ਦੀ ਵਿਰੋਧਤਾ ਕੀਤੀ ਅਤੇ ਫਿਰ ਪਾਕਿਸਤਾਨ ਜਾਣ ਦੀ ਬਜਾਏ ਭਾਰਤ 'ਚ ਹੀ ਰਹਿਣ ਨੂੰ ਠੀਕ ਸਮਝਿਆ। ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਨੇ ਦੱਸਿਆ ਕਿ ਭਾਰਤ ਦੀ ਜੰਗੇ ਆਜ਼ਾਦੀ ਦਾ ਪਹਿਲਾ ਫਤਵਾ ਵੀ ਆਪਜੀ ਦੇ ਦਾਦਾ ਜਾਨ ਮੌਲਾਨਾ ਸ਼ਾਹ ਅਬਦੁਲ ਕਾਦਿਰ ਲੁਧਿਆਣਵੀ ਨੇ 1857 'ਚ ਦਿੱਤਾ ਸੀ ਅਤੇ ਲੁਧਿਆਣਾ ਤੋਂ ਅੰਗਰੇਜ਼ਾਂ ਨੂੰ ਮਾਰ ਭਜਾਇਆ ਸੀ। ਉਨ੍ਹਾਂ ਕਿਹਾ ਕਿ ਅੱਜ ਇਸ ਮਹਾਨ ਆਜ਼ਾਦੀ ਘੁਲਾਟੀ ਦੀ ਬਰਸੀ ਦੇ ਮੌਕੇ 'ਤੇ ਅਸੀਂ ਜਿੱਥੇ ਉਨ੍ਹਾਂ ਲਈ ਦੁਆ ਕਰਦੇ ਹਾਂ ਉਥੇ ਹੀ ਇਸ ਗੱਲ ਦਾ ਫਿਰ ਤੋਂ ਪ੍ਰਣ ਕਰਦੇ ਹਾਂ ਕਿ ਬਹੁਤ ਕੁਰਬਾਨੀਆਂ ਦੇਣ ਤੋਂ ਬਾਅਦ ਆਜ਼ਾਦ ਕਰਵਾਏ ਗਏ ਆਪਣੇ ਇਸ ਭਾਰਤ ਦੇਸ਼ 'ਚ ਏਕਤਾ ਭਾਈਚਾਰੇ ਲਈ ਕੰਮ ਕਰਦੇ ਹੋਏ ਦੇਸ਼ ਦੇ ਵਿਕਾਸ 'ਚ ਯੋਗਦਾਨ ਪਾਉਂਦੇ ਰਹਾਂਗੇ।