
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

80ਵੇਂ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਹਾੜੇ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਲਹਿਰਾਇਆ ਤਿਰੰਗਾ

-ਕਿਹਾ, ਸਰਕਾਰ ਸ਼ਹੀਦਾਂ ਦੇ ਸੁਪਨੇ ਸਾਕਾਰ ਕਰਨ ਲਈ ਵਚਨਬੱਧ, ਦਿਵਿਆਂਗਾਂ ਨੂੰ ਦਿੱਤੇ ਟ੍ਰਾਈਸਾਈਕਲ ਤੇ ਹੋਣਹਾਰ ਸਨਮਾਨਿਤ
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਪੰਜਾਬ ਖੇਤੀਬਾੜੀ ’ਵਰਿਸਟੀ (ਪੀਏਯੂ) ਵਿਖੇ ਦੇਸ਼ ਦੇ 80ਵੇਂ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ, ਜਿਸ ’ਚ ਪੰਜਾਬ ਦੇ ਵਿੱਤ, ਯੋਜਨਾ, ਟਰਾਂਸਪੋਰਟ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਤਿਰੰਗਾ ਲਹਿਰਾਇਆ ਅਤੇ ਦੇਸ਼ ਵਾਸੀਆਂ ਨੂੰ ਹਾਰਦਿਕ ਵਧਾਈ ਦਿੱਤੀ। ਉਨ੍ਹਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸ਼ਹੀਦ ਰਾਜਗੁਰੂ, ਸ਼ਹੀਦ ਸੁਖਦੇਵ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਸ਼ਹੀਦ ਲਾਲਾ ਲਾਜਪਤ ਰਾਏ, ਸ਼ਹੀਦ ਡਾ. ਦੀਵਾਨ ਸਿੰਘ ਕਾਲੇਪਾਣੀ ਸਮੇਤ ਸਾਰੇ ਆਜ਼ਾਦੀ ਘੁਲਾਟੀਆਂ ਦੀਆਂ ਲਾਸਾਨੀ ਕੁਰਬਾਨੀਆਂ ਨੂੰ ਯਾਦ ਕਰਦਿਆਂ ਕਿਹਾ ਕਿ ਆਜ਼ਾਦੀ ਸੰਘਰਸ਼ ਵਿੱਚ ਪੰਜਾਬੀਆਂ ਦਾ ਯੋਗਦਾਨ ਸਭ ਤੋਂ ਮੋਹਰੀ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸ਼ਹੀਦਾਂ ਤੇ ਬਾਬਾ ਸਾਹਿਬ ਡਾ. ਬੀਆਰ ਅੰਬੇਦਕਰ ਦੀ ਸੋਚ ’ਤੇ ਚੱਲ ਰਹੀ ਹੈ, ਜਿਸ ਤਹਿਤ ਦਫ਼ਤਰਾਂ ਵਿੱਚ ਉਨ੍ਹਾਂ ਦੀਆਂ ਤਸਵੀਰਾਂ ਲਾਈਆਂ ਗਈਆਂ ਤੇ ਮੋਹਾਲੀ ਹਵਾਈ ਅੱਡੇ ’ਤੇ ਸ਼ਹੀਦ ਭਗਤ ਸਿੰਘ ਦਾ ਬੁੱਤ ਸਥਾਪਤ ਕੀਤਾ ਗਿਆ।
ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹੀਦ ਜਵਾਨਾਂ ਦੇ ਵਾਰਿਸਾਂ ਨੂੰ ਦਿੱਤੀ ਜਾਂਦੀ ਐਕਸ-ਗ੍ਰੇਸ਼ੀਆ ਰਾਸ਼ੀ 50 ਲੱਖ ਤੋਂ ਵਧਾ ਕੇ 1 ਕਰੋੜ ਰੁਪਏ ਕਰ ਚੁੱਕੀ ਹੈ, ਜਿਸ ਵਿੱਚ ਅਗਨੀਵੀਰ ਤੇ ਸ਼ਹੀਦ ਪੁਲਿਸ ਕਰਮਚਾਰੀ ਵੀ ਸ਼ਾਮਲ ਹਨ। ਧਰਮੀ ਫ਼ੌਜੀਆਂ ਦੀ ਵਿੱਤੀ ਮਦਦ 12,000 ਰੁਪਏ ਪ੍ਰਤੀ ਮਹੀਨਾ ਅਤੇ ਆਜ਼ਾਦੀ ਘੁਲਾਟੀਆਂ ਦੀ ਪੈਨਸ਼ਨ 11,000 ਰੁਪਏ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਵਾਰਸਾਂ ਲਈ ਸਰਕਾਰੀ ਭਰਤੀ ਵਿੱਚ 1 ਫ਼ੀਸਦੀ ਰਾਖਵਾਂਕਰਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਿੱਤੀ ਪੱਖੋਂ ਪੰਜਾਬ ਨੇ ਚਾਲੂ ਵਿੱਤੀ ਸਾਲ ਦੇ ਪਹਿਲੇ ਚਾਰ ਮਹੀਨਿਆਂ ਵਿੱਚ ਜੀਐਸਟੀ ਮਾਲੀਏ ਵਿੱਚ 20 ਫ਼ੀਸਦੀ ਵਾਧਾ ਦਰਜ ਕੀਤਾ ਹੈ ਅਤੇ ਜੁਲਾਈ ਵਿੱਚ 16.23 ਫ਼ੀਸਦੀ ਐਸਜੀਐਸਟੀ ਨਕਦ ਵਾਧਾ ਦੇਸ਼ ਵਿੱਚ ਸਭ ਤੋਂ ਵੱਧ ਰਿਹਾ। ਉਨ੍ਹਾ ਅੱਗੇ ਕਿਹਾ ਇਸ ਵਿੱਤੀ ਵਰ੍ਹੇ ਲਈ 'ਰੰਗਲਾ ਪੰਜਾਬ ਵਿਕਾਸ ਸਕੀਮ' ਦਾ ਬਜਟ ਵਧਾ ਕੇ 1,170 ਕਰੋੜ ਰੁਪਏ ਕੀਤਾ ਗਿਆ ਹੈ।
ਉਨ੍ਹਾਂ ਨੇ ਸਿੱਖਿਆ ਕ੍ਰਾਂਤੀ, ਸਿਹਤ, ਆਰਥਿਕਤਾ, ਲੋਕ ਭਲਾਈ, ਖੇਤੀਬਾੜੀ ਤੇ ਬੁਨਿਆਦੀ ਢਾਂਚੇ ਵਿੱਚ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਵਿੱਤ ਮੰਤਰੀ ਚੀਮਾ ਨੇ ਕਿਹਾ ਅਪ੍ਰੈਲ 2022 ਤੋਂ ਹੁਣ ਤੱਕ 69,000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਉਦਯੋਗਿਕ ਖੇਤਰ ਵਿੱਚ 1.83 ਲੱਖ ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ ਮਿਲੇ, 13.53 ਲੱਖ ਨਵੇਂ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਰਜਿਸਟਰ ਹੋਏ, ਨਵੀਂ ਉਦਯੋਗਿਕ ਨੀਤੀ 2026 ਲਿਆਂਦੀ ਗਈ ਅਤੇ ਓ.ਟੀ.ਐਸ. ਸਕੀਮ ਦੀ ਮਿਆਦ 30 ਸਤੰਬਰ 2026 ਤੱਕ ਵਧਾਈ ਗਈ।
ਲੁਧਿਆਣਾ ਜ਼ਿਲ੍ਹੇ ਦਾ ਵਿਸ਼ੇਸ਼ ਵਰਨਣ ਕਰਦਿਆਂ ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਸਨਅਤੀ ਸ਼ਹਿਰ ਲੁਧਿਆਣਾ ਦੇ ਵਿਕਾਸ ਨੂੰ ਹੋਰ ਰਫਤਾਰ ਦੇਣ ਲਈ ਇਸ ਸਾਲ ਹਲਵਾਰਾ ਏਅਰਪੋਰਟ ਟਰਮੀਨਲ ਬਿਲਡਿੰਗ ਦੇ ਨਿਰਮਾਣ ਦੇ ਨਾਲ-ਨਾਲ ਹਲਵਾਰਾ ਤੋਂ ਦਿੱਲੀ ਲਈ ਰੋਜ਼ਾਨਾ 2 ਉਡਾਣਾਂ ਦੀ ਸ਼ੁਰੂਆਤ ਵੀ ਸ਼ੁਰੂ ਕੀਤੀ ਗਈ। ਉਨ੍ਹਾ ਕਿਹਾ ‘ਲੁਧਿਆਣਾ ਦੇ ਸਕੂਲ ਆਫ਼ ਐਮੀਨੈਂਸ, ਕਿਦਵਈ ਨਗਰ ਅਤੇ ਸਕੂਲ ਆਫ਼ ਐਮੀਨੈਂਸ ਮਿੱਲਰਗੰਜ ਵਿਦਿਆਰਥੀਆਂ ਨੂੰ ਬਿਹਤਰ ਸਹੂਲਤਾਂ ਤੇ ਭਵਿੱਖ-ਕੇਂਦ੍ਰਿਤ ਸਿੱਖਿਆ ਮਾਹੌਲ ਪ੍ਰਦਾਨ ਕਰਦਿਆਂ ਹਰ ਵਰਗ ਦੇ ਵਿਦਿਆਰਥੀਆਂ ਲਈ ਮਿਆਰੀ ਯਕੀਨੀ ਬਣਾ ਰਹੇ ਹਨ।
ਪੀਏਯੂ ਸਕੂਲ ਅਤੇ ਸਕੂਲ ਆਫ਼ ਐਮੀਨੈਂਸ, ਇੰਦਰਪੁਰੀ ਵਿਖੇ ਰੋਬੋਟਿਕਸ ਲੈਬ ਵਿਦਿਆਰਥੀਆਂ ਨੂੰ ਰੋਬੋਟਿਕਸ, ਕੋਡਿੰਗ ਆਦਿ ਤਕਨੀਕਾਂ ਤੋਂ ਜਾਣੂੰ ਕਰਵਾਕੇ ਉਨ੍ਹਾਂ ਅੰਦਰ ਸਮੱਸਿਆ-ਹੱਲ ਕਰਨ, ਗੁਣਾਤਮਕ ਸੋਚ ਤੇ ਹੁਨਰ ਨੂੰ ਵਿਕਸਤ ਕਰ ਰਹੀਆਂ ਹਨ। ਵਿੱਤ ਮੰਤਰੀ ਨੇ ਕਿਹਾ ਕਿ ਲੁਧਿਆਣਾ ਵਿੱਚ 80 ਨਵੇਂ ਆਮ ਆਦਮੀ ਕਲੀਨਿਕ ਬਣਾਏ ਜਾ ਰਹੇ ਹਨ, ਜਿਨ੍ਹਾਂ ਵਿੱਚੋਂ 37 ਦਾ ਉਦਘਾਟਨ ਕੀਤਾ ਜਾ ਚੁੱਕਾ ਹੈ ਅਤੇ ਬਾਕੀ 43 ਨੂੰ ਅਗਲੇ 1 ਮਹੀਨੇ ਵਿੱਚ ਚਾਲੂ ਕਰ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਸਿਵਲ ਹਸਪਤਾਲ ਲੁਧਿਆਣਾ ਨੇ ਵੱਖ-ਵੱਖ ਅਹਿਮ ਪਹਿਲਕਦਮੀਆਂ ਸਦਕਾ ਕਾਇਆਕਲਪ ਮੁਲਾਂਕਣ ਰੈਂਕਿੰਗ ਵਿੱਚ ਪਹਿਲਾ ਰੈਂਕ ਪ੍ਰਾਪਤ ਕੀਤਾ ਹੈ। ਇਸ ਤੋਂ ਇਲਾਵਾ ਐੱਮਸੀਐੱਚ ਦਾ ਵਿਸਤਾਰ ਕਰਦਿਆਂ 100 ਹੋਰ ਬਿਸਤਰੇ ਸ਼ਾਮਲ ਕੀਤੇ ਜਾ ਰਹੇ ਹਨ, ਸੀ.ਸੀ.ਯੂ. ਦੀ ਉਸਾਰੀ ਜਾਰੀ ਹੈ ਅਤੇ75 ਹੋਰ ਬਿਸਤਰੇ ਸ਼ਾਮਲ ਕੀਤੇ ਜਾਣਗੇ। ਡੀਐਚ ਲੁਧਿਆਣਾ ਇਸ ਸਾਲ ਦੇ ਅੰਤ ਤੱਕ 500 ਬਿਸਤਰਿਆਂ ਵਾਲਾ ਹਸਪਤਾਲ ਬਣ ਜਾਵੇਗਾ। ਕੈਂਸਰ ਕੇਅਰ ਯੂਨਿਟ ਸ਼ੁਰੂ ਹੋ ਗਿਆ ਹੈ ਅਤੇ ਕੈਂਸਰ ਦੇ ਮਰੀਜ਼ਾਂ ਨੂੰ ਕੀਮੋਥੈਰੇਪੀ ਦਿੱਤੀ ਜਾ ਰਹੀ ਹੈ। ਚੀਮਾ ਨੇ ਕਿਹਾ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਲੁਧਿਆਣਾ ਵਿੱਚ 5 ਲੱਖ ਤੋਂ ਵੱਧ ਮਹਿਲਾਵਾਂ ਰਜਿਸਟਰ ਹੋਈਆਂ-ਜੋ ਕਿ ਪੰਜਾਬ ਵਿੱਚ ਸਭ ਤੋਂ ਵੱਧ ਹਨ। ਇਸ ਤੋਂ ਇਲਾਵਾ ਲੁਧਿਆਣਾ ਵਿਚ ਇੱਕ ਉੱਚ ਪੱਧਰੀ ਜਿਮ ਦੀ ਸਹੂਲਤ ਦੇਣ ਦੇ ਨਾਲ-ਨਾਲ ਸ਼ਾਸਤਰੀ ਬੈਡਮਿੰਟਨ ਹਾਲ ਦਾ ਨਵੀਨੀਕਰਨ, ਵੇਟਲਿਫਟਿੰਗ ਹਾਲ ਦੀ ਉਸਾਰੀ ਕੀਤੀ ਹੈ। ਸ਼ੂਟਿੰਗ ਰੇਂਜ ਦਾ ਨਵੀਨੀਕਰਨ ਅਗਲੇ 1 ਮਹੀਨੇ ਵਿਚ ਮੁਕੰਮਲ ਕਰ ਲਿਆ ਜਾਵੇਗਾ, ਜਦੋਂ ਕਿ ਅਤਿ-ਆਧੁਨਿਕ ਵਾਲੀਬਾਲ ਇਨਡੋਰ ਹਾਲ ਆਉਂਦੇ 4 ਮਹੀਨਿਆਂ ਵਿੱਚ ਤਿਆਰ ਕੀਤਾ ਜਾਵੇਗਾ।
ਇਸ ਮੌਕੇ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਵਿਅਕਤੀਆਂ ਨੂੰ ਸਨਮਾਨਿਤ ਵੀ ਕੀਤਾ। ਸਮਾਗਮ ਦੌਰਾਨ ਅੰਗਹੀਣਾਂ ਨੂੰ ਟ੍ਰਾਈਸਾਈਕਲ ਅਤੇ ਲੋੜਵੰਦ ਔਰਤਾਂ ਨੂੰ ਰੈੱਡ ਕਰਾਸ ਸੁਸਾਇਟੀ ਵੱਲੋਂ ਸਿਲਾਈ ਮਸ਼ੀਨਾਂ ਭੇਂਟ ਕੀਤੀਆਂ ਗਈਆਂ। ਚੀਮਾ ਨੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ, ਪੁਲਿਸ ਕਰਮਚਾਰੀਆਂ ਤੇ ਪਰੇਡ ਭਾਗੀਦਾਰਾਂ ਨੂੰ ਸਨਮਾਨਿਤ ਕੀਤਾ। ਆਜ਼ਾਦੀ ਦਿਹਾੜੇ ਦੇ 80ਵੇਂ ਸਮਾਗਮ ਦੌਰਾਨ ਡੀਸੀ ਹਿਮਾਂਸ਼ੂ ਜੈਨ, ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਅਤੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਦਾ ਸਨਮਾਨ ਕੀਤਾ। ਇਸ ਦੌਰਾਨ ਵਿਧਾਇਕ ਮਦਨ ਲਾਲ ਬੱਗਾ, ਜੀਵਨ ਸਿੰਘ ਸੰਗੋਵਾਲ, ਰਜਿੰਦਰਪਾਲ ਕੌਰ ਛੀਨਾ, ਦਲਜੀਤ ਸਿੰਘ ਗਰੇਵਾਲ, ਅਸ਼ੋਕ ਪਰਾਸ਼ਰ ਪੱਪੀ ਅਤੇ ਕੁਲਵੰਤ ਸਿੰਘ ਸਿੱਧੂ, ਮੇਅਰ ਇੰਦਰਜੀਤ ਕੌਰ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ, ਡਿਪਟੀ ਮੇਅਰ ਪ੍ਰਿੰਸ ਜੌਹਰ, ਚੇਅਰਮੈਨ ਨਵਜੋਤ ਸਿੰਘ ਜਰਗ, ਚੇਅਰਮੈਨ ਤੇਜਪਾਲ ਸਿੰਘ ਗਿੱਲ, ਜ਼ਿਲ੍ਹਾ ਤੇ ਸੈਸ਼ਨ ਜੱਜ ਹਰਪ੍ਰੀਤ ਕੌਰ ਰੰਧਾਵਾ, ਡੀਸੀ ਹਿਮਾਂਸ਼ੂ ਜੈਨ, ਕਮਿਸ਼ਨਰ ਪੁਲਿਸ ਸਵਪਨ ਸ਼ਰਮਾ, ਨਿਗਮ ਕਮਿਸ਼ਨਰ ਓਜਸਵੀ ਅਲੰਕਾਰ, ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਖੰਗੂੜਾ ਤੋਂ ਇਲਾਵਾ ਕਈ ਹੋਰ ਹਾਜ਼ਰ ਸਨ।
-ਬਾਕਸ-
-ਮਾਰਚ ਪਾਸਟ, ਪੀਟੀ ਸ਼ੋਅ ਤੇ ਸੱਭਿਆਚਾਰਕ ਸਮਾਗਮ ਹੋਇਆ
ਸਮਾਗਮ ਵਿੱਚ ਪਰੇਡ ਕਮਾਂਡਰ ਹਰਸ਼ਪ੍ਰੀਤ ਸਿੰਘ ਪੀਪੀਐਸ ਅਫਸਰ ਦੀ ਅਗਵਾਈ ਵਿੱਚ ਮਾਰਚ ਪਾਸਟ ਵੀ ਹੋਇਆ, ਜਿਸ ਵਿੱਚ ਪੰਜਾਬ ਪੁਲਿਸ, ਪੰਜਾਬ ਹੋਮ ਗਾਰਡ, ਐਨਸੀਸੀ ਸਕਾਊਟਸ ਅਤੇ ਹੋਰ ਟੁਕੜੀਆਂ ਸ਼ਾਮਲ ਸਨ। ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੁਆਰਾ ਇਕ ਜੀਵੰਤ ਮਾਸ ਪੀਟੀ ਪ੍ਰਦਰਸ਼ਨੀ ਤੇ ਵੱਖ-ਵੱਖ ਸੰਸਥਾਵਾਂ ਦੇ ਵਿਦਿਆਰਥੀਆਂ ਦੁਆਰਾ ਇਕ ਦੇਸ਼ ਭਗਤੀ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ।
-ਬਾਕਸ-
-ਲੁਧਿਆਣਾ ਜ਼ਿਲ੍ਹੇ ਦੇ ਸਾਰੇ ਸਕੂਲਾਂ ’ਚ ਅੱਜ ਰਹੇਗੀ ਛੁੱਟੀ
ਸੁਖਦੇਵ ਸਿੰਘ, ਪੰਜਾਬੀ ਜਾਗਰਣ, ਲੁਧਿਆਣਾ : 15 ਅਗਸਤ (ਸ਼ਨਿੱਚਰਵਾਰ) ਨੂੰ ਹੋਏ ਆਜ਼ਾਦੀ ਦਿਹਾੜੇ ਦੇ ਸਮਾਗਮਾਂ ਦੇ ਮੱਦੇਨਜ਼ਰ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਲੁਧਿਆਣਾ ਜ਼ਿਲ੍ਹੇ ਦੇ ਸਾਰੇ ਸਰਕਾਰੀ ਤੇ ਨਿੱਜੀ ਸਕੂਲਾਂ ਵਿੱਚ ਸੋਮਵਾਰ 17 ਅਗਸਤ ਨੂੰ ਛੁੱਟੀ ਦਾ ਐਲਾਨ ਕੀਤਾ ਹੈ। ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਆਜ਼ਾਦੀ ਦਿਹਾੜੇ ਦੇ ਸਮਾਗਮਾਂ ਵਿੱਚ ਸਕੂਲਾਂ ਦੀ ਭੂਮਿਕਾ ਅਤੇ ਸ਼ਮੂਲੀਅਤ ਨੂੰ ਧਿਆਨ ਵਿੱਚ ਰੱਖਦਿਆਂ ਇਹ ਫ਼ੈਸਲਾ ਲਿਆ ਹੈ। ਪ੍ਰਸ਼ਾਸਨ ਵੱਲੋਂ ਹੁਕਮ ਜਾਰੀ ਹੋਣ ਤੋਂ ਬਾਅਦ ਸਕੂਲਾਂ ਵੱਲੋਂ ਵੀ ਵਿਦਿਆਰਥੀਆਂ ਦੇ ਮਾਪਿਆਂ ਨੂੰ ਸੁਨੇਹਾ ਭੇਜ ਕੇ ਸੂਚਿਤ ਕਰ ਦਿੱਤਾ ਗਿਆ ਹੈ।