42 ਦਿਨਾਂ ਬਾਅਦ ਵੀ ਸਕੂਲ ਮਾਲਕ ਦੇ ਕਤਲ ਦੀ ਗੁੱਥੀ ਨਹੀਂ ਸੁਲਝੀ 42 ਦਿਨਾਂ ਬਾਅਦ ਵੀ ਧਾਲੀਵਾਲ ਸਕੂਲ ਦੇ ਮਾਲਕ ਦੇ ਕਤਲ ਦੀ ਗੁੱਥੀ ਨਹੀਂ ਸੁਲਝੀ
Publish Date: Sun, 09 Aug 2026 07:38 PM (IST)
Updated Date: Mon, 10 Aug 2026 04:05 AM (IST)
-ਮ੍ਰਿਤਕ ਦੇ ਪਿਤਾ ਤੇ ਸਾਬਕਾ ਪੁਲਿਸ ਅਧਿਕਾਰੀ ਨੇ ਲਾਈ ਇਨਸਾਫ ਦੀ ਗੁਹਾਰ ਫੋਟੋ ਨੰਬਰ-42 ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ ਕਿਸੇ ਵੇਲੇ ਪੁਲਿਸ ਅਧਿਕਾਰੀ ਹੋਣ ਦੇ ਬਾਵਜੂਦ ਇੱਕ ਬਜ਼ੁਰਗ ਪਿਤਾ ਆਪਣੇ ਪੁੱਤਰ ਲਈ ਇਨਸਾਫ ਲੈਣ ਲਈ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੈ। ਚਰਚਾ ਵਿੱਚ ਰਹੇ ਧਾਲੀਵਾਲ ਸੀਨੀਅਰ ਸੈਕੰਡਰੀ ਸਕੂਲ ਦੇ ਮਾਲਕ ਇਕਬਾਲ ਸਿੰਘ ਧਾਲੀਵਾਲ ਦੇ ਕਤਲ ਨੂੰ ਕਰੀਬ 42 ਦਿਨ ਬੀਤ ਜਾਣ ਗਏ ਹਨ, ਪਰ ਪਰਿਵਾਰ ਕਾਤਲਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਅਜੇ ਤੱਕ ਸੰਘਰਸ਼ ਕਰ ਰਿਹਾ ਹੈ। ਮ੍ਰਿਤਕ ਦੇ ਪਿਤਾ ਸਾਬਕਾ ਪੁਲਿਸ ਅਧਿਕਾਰੀ ਸ਼ਿਵ ਚਰਨ ਸਿੰਘ ਨੇ ਕਿਹਾ ਕਿ ਉਹਨਾਂ ਦਾ ਬੇਟਾ ਆਪਣੇ ਪਰਿਵਾਰ ਸਮੇਤ ਬੁੱਢੇਵਾਲ ਰੋਡ ਤੇ ਧਾਲੀਵਾਲ ਸਕੂਲ ਦੇ ਉੱਪਰ ਹੀ ਪਰਿਵਾਰ ਸਮੇਤ ਰਹਿੰਦਾ ਸੀ। 29 ਜੂਨ ਨੂੰ ਇਕਬਾਲ ਸਿੰਘ ਧਾਲੀਵਾਲ ਦਾ ਕਤਲ ਕਰ ਦਿੱਤਾ ਗਿਆ ਸੀ। ਪਰਿਵਾਰ ਮੁਤਾਬਕ ਘਟਨਾ ਸਮੇਂ ਘਰ ’ਚ ਇਕਬਾਲ ਸਿੰਘ ਅਤੇ ਉਸ ਦਾ 14 ਸਾਲਾ ਪੁੱਤਰ ਮੌਜੂਦ ਸਨ, ਜਦਕਿ ਉਸ ਦੀ ਪਤਨੀ ਆਪਣੇ ਐਲਐਲਬੀ ਦੇ ਪੇਪਰਾਂ ਸਬੰਧੀ ਬਾਹਰ ਗਈ ਹੋਈ ਸੀ। ਸੇਵਾ ਮੁਕਤ ਅਧਿਕਾਰੀ ਨੇ ਦੱਸਿਆ ਕਿ ਉਹ ਖੁਦ ਆਪਣੀ ਪਤਨੀ ਦੇ ਨਾਲ ਆਪਣੇ ਗੋਡਿਆਂ ਦਾ ਇਲਾਜ ਕਰਵਾਉਣ ਦੇ ਲਈ ਹਸਪਤਾਲ ਵਿੱਚ ਦਾਖਲ ਸੀ। ਪਿਤਾ ਨੇ ਆਖਿਆ ਕਿ ਉਹਨਾਂ ਦੇ ਜਵਾਨ ਪੁੱਤਰ ਦੀ ਹੱਤਿਆ ਹੋਈ ਨੂੰ ਕਈ ਦਿਨ ਬੀਤ ਗਏ ਹਨ ਪਰ ਪਰਿਵਾਰ ਨੂੰ ਅਜੇ ਤੱਕ ਨਿਆਂ ਨਹੀਂ ਮਿਲਿਆ। -ਬਾਕਸ- ਜ਼ਿੰਦਗੀ ਦਾ ਵੱਡਾ ਹਿੱਸਾ ਕਾਨੂੰਨ ਨੂੰ ਦਿੱਤਾ, ਪਰ ਨਹੀਂ ਮਿਲ ਰਿਹਾ ਇਨਸਾਫ ਉਨ੍ਹਾਂ ਦੱਸਿਆ ਕਿ ਉਹ ਪਹਿਲਾਂ ਬੀਐਸਐਫ ਵਿੱਚ ਦੇਸ਼ ਦੀ ਸੇਵਾ ਕਰ ਚੁੱਕੇ ਹਨ ਅਤੇ ਫਿਰ ਪੁਲਿਸ ਵਿਭਾਗ ਵਿੱਚ ਵੀ ਲੰਮਾ ਸਮਾਂ ਆਪਣੀਆਂ ਸੇਵਾਵਾਂ ਨਿਭਾਈਆਂ ਹਨ। ਉਨ੍ਹਾਂ ਕਿਹਾ ਕਿ ਜ਼ਿੰਦਗੀ ਦਾ ਵੱਡਾ ਹਿੱਸਾ ਕਾਨੂੰਨ ਅਤੇ ਵਿਵਸਥਾ ਨਾਲ ਜੁੜ ਕੇ ਕੰਮ ਕਰਨ ਦੇ ਬਾਵਜੂਦ ਅੱਜ ਜਦੋਂ ਉਹ ਖੁਦ ਆਪਣੇ ਪੁੱਤਰ ਦੇ ਕਤਲ ਦੇ ਮਾਮਲੇ ਵਿੱਚ ਇਨਸਾਫ਼ ਲਈ ਭਟਕ ਰਹੇ ਹਨ ਤਾਂ ਇਹ ਸਥਿਤੀ ਉਨ੍ਹਾਂ ਲਈ ਬੇਹੱਦ ਦੁਖਦਾਈ ਅਤੇ ਹੈਰਾਨ ਕਰਨ ਵਾਲੀ ਹੈ। -ਸਾਬਕਾ ਪੁਲਿਸ ਮੁਲਾਜ਼ਮ ਦੇ ਪਰਿਵਾਰ ਨੂੰ ਇਨਸਾਫ਼ ਲਈ ਭਟਕਣਾ ਪਵੇ ਤਾਂ ਕੀ ਬਣੇਗਾ ਜਨਤਾ ਦਾ ਸ਼ਿਵਚਰਨ ਸਿੰਘ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਲੋਕਾਂ ਦੀ ਸੁਰੱਖਿਆ ਅਤੇ ਕਾਨੂੰਨ ਦੀ ਪਾਲਣਾ ਲਈ ਸੇਵਾ ਕੀਤੀ ਹੈ। ਪਰ ਅੱਜ ਆਪਣੇ ਹੀ ਪੁੱਤਰ ਦੇ ਕਤਲ ਤੋਂ ਬਾਅਦ ਉਹ ਆਪਣੇ ਪਰਿਵਾਰ ਸਮੇਤ ਇਨਸਾਫ਼ ਦੀ ਮੰਗ ਕਰ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਇੱਕ ਅਜਿਹਾ ਪਰਿਵਾਰ, ਜਿਸ ਦਾ ਮੁਖੀ ਖੁਦ ਬੀਐਸਐਫ ਅਤੇ ਪੁਲਿਸ ਵਿਭਾਗ ਵਿੱਚ ਸੇਵਾ ਨਿਭਾ ਚੁੱਕਾ ਹੋਵੇ, ਉਸ ਨੂੰ ਵੀ ਆਪਣੇ ਪੁੱਤਰ ਦੇ ਕਤਲ ਦੇ ਮਾਮਲੇ ਵਿੱਚ ਇਨਸਾਫ਼ ਲਈ ਦਰ-ਦਰ ਜਾਣਾ ਪਵੇ ਤਾਂ ਆਮ ਲੋਕਾਂ ਦਾ ਕੀ ਹਾਲ ਹੁੰਦਾ ਹੋਵੇਗਾ। -ਬਜ਼ੁਰਗ ਮਾਪਿਆਂ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਲਾਈ ਇਨਸਾਫ਼ ਦੀ ਗੁਹਾਰ ਮ੍ਰਿਤਕ ਦੇ ਪਰਿਵਾਰ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਕਬਾਲ ਸਿੰਘ ਧਾਲੀਵਾਲ ਦੇ ਕਤਲ ਮਾਮਲੇ ਦੀ ਜਾਂਚ ਨੂੰ ਤੇਜ਼ ਕੀਤਾ ਜਾਵੇ ਤੇ ਜੇਕਰ ਜਾਂਚ ਵਿੱਚ ਕਿਸੇ ਵਿਅਕਤੀ ਦੀ ਸ਼ਮੂਲੀਅਤ ਸਾਹਮਣੇ ਆਉਂਦੀ ਹੈ ਤਾਂ ਉਸ ਨੂੰ ਕਾਨੂੰਨ ਅਨੁਸਾਰ ਗ੍ਰਿਫ਼ਤਾਰ ਕਰਕੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ। -ਅਜੇ ਤੱਕ ਨਹੀਂ ਹੋ ਸਕੀ ਮੁਲਜ਼ਮਾਂ ਦੀ ਪਛਾਣ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣਾ ਪੁੱਤਰ ਗੁਆ ਦਿੱਤਾ ਹੈ ਤੇ ਇਸ ਦੁੱਖ ਦੀ ਕੋਈ ਭਰਪਾਈ ਨਹੀਂ ਹੋ ਸਕਦੀ, ਪਰ ਘੱਟੋ-ਘੱਟ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ, ਤਾਂ ਜੋ ਪਰਿਵਾਰ ਨੂੰ ਇਹ ਭਰੋਸਾ ਮਿਲ ਸਕੇ ਕਿ ਕਾਨੂੰਨ ਸਭ ਲਈ ਬਰਾਬਰ ਹੈ। -ਪੁਲਿਸ ਕਰ ਰਹੀ ਹੈ ਪੜਤਾਲ ਉਧਰੋਂ ਇਸ ਮਾਮਲੇ ਵਿੱਚ ਥਾਣਾ ਜਮਾਲਪੁਰ ਦੇ ਇੰਚਾਰਜ ਪ੍ਰਮੋਦ ਰਾਜ ਦਾ ਕਹਿਣਾ ਹੈ ਕਿ ਪੁਲਿਸ ਇਸ ਸਾਰੇ ਕੇਸ ਦੀ ਪੜਤਾਲ ਵਿੱਚ ਜੁਟੀ ਹੋਈ ਹੈ। ਉਹਨਾਂ ਦੱਸਿਆ ਕਿ ਅਜੇ ਤੱਕ ਮੁਲਜਮਾਂ ਦੀ ਪਛਾਣ ਨਹੀਂ ਹੋ ਸਕੀ। ਪੁਲਿਸ ਦਾ ਕਹਿਣਾ ਹੈ ਕਿ ਕੇਸ ਦੀ ਡੁੰਗਾਈ ਨਾਲ ਤਫਤੀਸ਼ ਕੀਤੀ ਜਾ ਰਹੀ। ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ ਪਰ ਅਜੇ ਤੱਕ ਉਹਨਾਂ ਨੂੰ ਫੁਟੇਜ ਵਿੱਚੋਂ ਕੁਝ ਨਹੀਂ ਮਿਲਿਆ। ਪ੍ਰਮੋਦ ਰਾਜ ਨੇ ਦੱਸਿਆ ਕਿ ਪੁਲਿਸ ਮਾਮਲਾ ਜਲਦੀ ਹੱਲ ਕਰ ਲਵੇਗੀ।