- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
2,927 ਬੀਐਲਓਜ਼ ਨੇ ਜ਼ਿਲ੍ਹੇ ਦੇ 14 ਵਿਧਾਨ ਸਭਾ ਹਲਕਿਆਂ ਦੇ 26 ਲੱਖ 83 ਹਜ਼ਾਰ 999 ਵੋਟਰਾਂ ਦੀ ਕੀਤੀ ਮੈਪਿੰਗ-ਹਿਮਾਂਸ਼ੂ ਜੈਨ

-8 ਅਕਤੂਬਰ ਤੱਕ ਹੋਵੇਗਾ ਦਾਅਵਿਆਂ ਤੇ ਇਤਰਾਜ਼ਾਂ ਦਾ ਨਿਪਟਾਰਾ
-12 ਅਕਤੂਬਰ 2026 ਨੂੰ ਅੰਤਿਮ ਵੋਟਰ ਸੂਚੀ ਕੀਤੀ ਜਾਵੇਗੀ ਪ੍ਰਕਾਸ਼ਿਤ
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ :
ਭਾਰਤੀ ਚੋਣ ਕਮਿਸ਼ਨ ਵੱਲੋਂ ਚਲਾਈ ਗਈ ਵੋਟਰਾਂ ਦੀ ਵਿਸ਼ੇਸ਼ ਸੋਧ (ਐੱਸਆਈਆਰ) ਤਹਿਤ ਲੁਧਿਆਣਾ ਜ਼ਿਲ੍ਹੇ ਦੇ ਸਾਰੇ 14 ਵਿਧਾਨ ਸਭਾ ਹਲਕਿਆਂ ਵਿੱਚ ਘਰ-ਘਰ ਜਾ ਕੇ ਵੋਟਰਾਂ ਦੀ ਗਿਣਤੀ (ਹਾਊਸ-ਟੂ-ਹਾਊਸ ਐਨਯੂਮੇਰੇਸ਼ਨ) ਦਾ ਪੜਾਅ ਸਫ਼ਲਤਾਪੂਰਵਕ ਮੁਕੰਮਲ ਹੋ ਗਿਆ ਹੈ। ਇਸ ਅਭਿਆਨ ਦੌਰਾਨ ਜ਼ਿਲ੍ਹੇ ਦੇ 26,83,999 ਰਜਿਸਟਰਡ ਵੋਟਰਾਂ ਦੀ ਤਸਦੀਕ ਕੀਤੀ ਗਈ, ਜਿਸ ਵਿੱਚ ਮ੍ਰਿਤਕ, ਡੁਪਲੀਕੇਟ, ਸਥਾਈ ਤੌਰ 'ਤੇ ਹੋਰ ਥਾਂ ਚਲੇ ਗਏ ਅਤੇ ਗੈਰ-ਹਾਜ਼ਰ ਵੋਟਰਾਂ ਦੇ ਦਾਖ਼ਲਿਆਂ ਨੂੰ ਵੀ ਦੇਖਿਆ ਗਿਆ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕੀਤਾ।
ਜੈਨ ਨੇ ਇਸ ਮੁਹਿੰਮ ਦੀ ਸਫ਼ਲਤਾ ਲਈ ਚੋਣ ਅਮਲੇ, ਖ਼ਾਸ ਕਰਕੇ ਬੂਥ ਲੈਵਲ ਅਫ਼ਸਰਾਂ (ਬੀਐੱਲਓ), ਨਾਗਰਿਕਾਂ, ਰਾਜਨੀਤਿਕ ਪਾਰਟੀਆਂ ਅਤੇ ਜਾਗਰੂਕਤਾ ਫੈਲਾਉਣ ਵਿੱਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ 9 ਜੂਨ 2026 ਤੱਕ ਜ਼ਿਲ੍ਹੇ ਵਿੱਚ ਕੁੱਲ 26,83,999 ਰਜਿਸਟਰਡ ਵੋਟਰ ਸਨ। ਇਨ੍ਹਾਂ ਵਿੱਚੋਂ 22,67,911 ਵੋਟਰਾਂ (84.50 ਫ਼ੀਸਦੀ) ਨੇ 3 ਅਗਸਤ ਤੱਕ ਆਪਣੇ ਐਨਯੂਮੇਰੇਸ਼ਨ ਫਾਰਮ ਜਮ੍ਹਾਂ ਕਰਵਾ ਦਿੱਤੇ। ਜਦਕਿ 4,16,088 (15.50 ਫ਼ੀਸਦੀ) ਵੋਟਰਾਂ ਦੇ ਫਾਰਮ ਇਕੱਠੇ ਨਹੀਂ ਹੋ ਸਕੇ। ਇਨ੍ਹਾਂ ਵਿੱਚ 80,050 ਮ੍ਰਿਤਕ, 1,19,879 ਗੈਰ-ਹਾਜ਼ਰ ਜਾਂ ਪਤਾ ਨਾ ਲੱਗਣ ਵਾਲੇ, 1,90,415 ਸਥਾਈ ਤੌਰ 'ਤੇ ਹੋਰ ਥਾਂ ਤਬਦੀਲ ਹੋਏ, 19,245 ਪਹਿਲਾਂ ਹੀ ਹੋਰ ਥਾਂ ਦਰਜ ਅਤੇ 6,499 ਹੋਰ ਸ੍ਰੇਣੀ ਦੇ ਮਾਮਲੇ ਸ਼ਾਮਲ ਹਨ। ਚੋਣ ਅਧਿਕਾਰੀਆਂ ਅਨੁਸਾਰ ਰਾਏਕੋਟ ਵਿਧਾਨ ਸਭਾ ਹਲਕੇ ਨੇ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ, ਜਿੱਥੇ 94.93 ਫ਼ੀਸਦੀ ਐਨਯੂਮੇਰੇਸ਼ਨ ਫਾਰਮ ਇਕੱਠੇ ਕੀਤੇ ਗਏ। ਇਸ ਤੋਂ ਬਾਅਦ ਦਾਖਾ (94.54 ਫ਼ੀਸਦੀ), ਪਾਇਲ (93.23 ਫ਼ੀਸਦੀ) ਅਤੇ ਜਗਰਾਓਂ (92.49 ਫ਼ੀਸਦੀ) ਰਹੇ।
ਹਾਊਸ-ਟੂ-ਹਾਊਸ ਮੁਹਿੰਮ ਦੌਰਾਨ 2,927 ਬੂਥ ਲੈਵਲ ਅਫ਼ਸਰਾਂ ਨੇ ਹਰ ਰਜਿਸਟਰਡ ਵੋਟਰ ਦੇ ਘਰ ਜਾ ਕੇ ਐਨਯੂਮੇਰੇਸ਼ਨ ਫਾਰਮ ਵੰਡੇ ਅਤੇ ਫਾਰਮ ਇਕੱਠੇ ਕਰਨ ਲਈ ਘੱਟੋ-ਘੱਟ ਤਿੰਨ ਵਾਰ ਮੁੜ ਦੌਰੇ ਕੀਤੇ। ਜਿਹੜੇ ਵੋਟਰ ਘਰ ਨਹੀਂ ਮਿਲੇ, ਉਨ੍ਹਾਂ ਦੇ ਘਰਾਂ 'ਤੇ ਸੂਚਨਾ ਸਟਿੱਕਰ ਵੀ ਲਗਾਏ ਗਏ ਤਾਂ ਜੋ ਕੋਈ ਵੀ ਯੋਗ ਵੋਟਰ ਵੋਟਰ ਸੂਚੀ ਤੋਂ ਵਾਂਝਾ ਨਾ ਰਹਿ ਜਾਵੇ। ਮੁਹਿੰਮ ਨੂੰ ਸਫ਼ਲ ਬਣਾਉਣ ਲਈ ਇਕ ਮਹੀਨੇ ਤੱਕ ਵਿਸ਼ੇਸ਼ ਸਵੀਪ ਜਾਗਰੂਕਤਾ ਮੁਹਿੰਮ ਵੀ ਚਲਾਇਆ ਗਿਆ। ਈ-ਰਿਕਸ਼ਿਆਂ ਰਾਹੀਂ ਆਡੀਓ ਸੁਨੇਹੇ, ਬੀਐਲਓ ਵੱਲੋਂ ਜਾਗਰੂਕਤਾ ਮੁਹਿੰਮ, ਇਲੈਕਟੋਰਲ ਲਿਟਰੇਸੀ ਕਲੱਬਾਂ ਵੱਲੋਂ ਪੋਸਟਰ ਮੁਕਾਬਲੇ, ਸੈਮੀਨਾਰ, ਬਹਿਸਾਂ ਤੇ ਰੰਗੋਲੀ ਮੁਕਾਬਲੇ ਕਰਵਾਏ। ਇਸ ਤੋਂ ਇਲਾਵਾ ਜ਼ਿਲ੍ਹਾ ਅਤੇ ਹਲਕਾ ਚੋਣ ਦਫ਼ਤਰਾਂ ਵਿੱਚ ਹੈਲਪ ਡੈਸਕ ਵੀ ਸਥਾਪਤ ਕੀਤੇ ਗਏ। ਡੀਸੀ ਨੇ ਦੱਸਿਆ ਕਿ 13 ਅਗਸਤ 2026 ਨੂੰ ਡਰਾਫਟ ਵੋਟਰ ਸੂਚੀ ਜਾਰੀ ਕੀਤੀ ਜਾਵੇਗੀ। ਜੇਕਰ ਕਿਸੇ ਯੋਗ ਵੋਟਰ ਦਾ ਨਾਮ ਕਿਸੇ ਕਾਰਨ ਕਰਕੇ ਸੂਚੀ ਵਿੱਚ ਸ਼ਾਮਲ ਨਾ ਹੋਵੇ, ਤਾਂ ਉਹ 13 ਅਗਸਤ ਤੋਂ 12 ਸਤੰਬਰ ਤਕ ਫਾਰਮ ਨੰਬਰ-6 ਅਤੇ ਘੋਸ਼ਣਾ ਪੱਤਰ ਦੇ ਨਾਲ ਆਨਲਾਈਨ ਜਾਂ ਆਫ਼ਲਾਈਨ ਦਾਅਵਾ ਪੇਸ਼ ਕਰ ਸਕਦਾ ਹੈ। ਦਾਅਵਿਆਂ ਤੇ ਇਤਰਾਜ਼ਾਂ ਦਾ ਨਿਪਟਾਰਾ 8 ਅਕਤੂਬਰ ਤੱਕ ਕੀਤਾ ਜਾਵੇਗਾ ਤੇ 12 ਅਕਤੂਬਰ 2026 ਨੂੰ ਅੰਤਿਮ ਵੋਟਰ ਸੂਚੀ ਪ੍ਰਕਾਸ਼ਿਤ ਕੀਤੀ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ 14 ਵਿਧਾਨ ਸਭਾ ਹਲਕਿਆਂ ਦੇ ਪੋਲਿੰਗ ਸਟੇਸ਼ਨਾਂ ਦਾ ਮੁੜ ਗਠਨ ਵੀ ਕੀਤਾ ਗਿਆ ਹੈ। ਜ਼ਿਲ੍ਹੇ ਵਿੱਚ ਪੋਲਿੰਗ ਬੂਥਾਂ ਦੀ ਗਿਣਤੀ 2,927 ਤੋਂ ਵਧਾ ਕੇ 3,031 ਕਰ ਦਿੱਤੀ ਹੈ, ਤਾਂ ਜੋ ਵੋਟਰਾਂ ਨੂੰ ਵਧੀਆ ਸਹੂਲਤ ਮਿਲ ਸਕੇ ਅਤੇ ਹਰ ਬੂਥ 'ਤੇ ਵੋਟਰਾਂ ਦਾ ਬੋਝ ਸੰਤੁਲਿਤ ਰਹੇ। ਇਸ ਦੌਰਾਨ ਹਰ ਪੋਲਿੰਗ ਸਟੇਸ਼ਨ ਦੀ ਭੌਤਿਕ ਜਾਂਚ ਕਰਕੇ ਘੱਟੋ-ਘੱਟ ਲੋੜੀਂਦੀਆਂ ਸਹੂਲਤਾਂ (ਏਐੱਮਐੱਫ) ਦੀ ਵੀ ਤਸਦੀਕ ਕੀਤੀ। ਹਿਮਾਂਸ਼ੂ ਜੈਨ ਨੇ ਕਿਹਾ ਕਿ ਐਸਆਈਆਰ-2026 ਤਹਿਤ ਘਰ-ਘਰ ਗਿਣਤੀ ਦੀ ਸਫ਼ਲਤਾ ਚੋਣ ਅਮਲੇ, ਰਾਜਨੀਤਿਕ ਪਾਰਟੀਆਂ ਅਤੇ ਆਮ ਲੋਕਾਂ ਦੇ ਸਾਂਝੇ ਯਤਨਾਂ ਦਾ ਨਤੀਜਾ ਹੈ। ਉਨ੍ਹਾਂ ਨੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ 13 ਅਗਸਤ ਨੂੰ ਜਾਰੀ ਹੋਣ ਵਾਲੀ ਡਰਾਫਟ ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ ਅਤੇ ਜੇਕਰ ਕਿਸੇ ਯੋਗ ਵਿਅਕਤੀ ਦਾ ਨਾਮ ਰਹਿ ਗਿਆ ਹੋਵੇ ਤਾਂ ਨਿਰਧਾਰਿਤ ਸਮੇਂ ਦੌਰਾਨ ਦਾਅਵਾ ਜ਼ਰੂਰ ਪੇਸ਼ ਕਰਨ।
ਚੋਣ ਹਲਕਾ ਕੁੱਲ ਵੋਟਰ ਫਾਰਮ ਇਕੱਠੇ ਨਹੀਂ ਕੀਤੇ ਗਏ ਪ੍ਰਤੀਸ਼ਤਤਾ
ਖੰਨਾ 174280 17447 10.1
ਸਮਰਾਲਾ 176834 14383 8.13
ਸਾਹਨੇਵਾਲ 273791 48853 17.84
ਲੁਧਿਆਣਾ ਪੂਰਬੀ 227442 54493 23.96
ਲੁਧਿਆਣਾ ਦੱਖਣੀ 183298 49957 27.25
ਆਤਮਨਗਰ 160530 31997 19.93
ਲੁਧਿਆਣਾ ਕੇਂਦਰੀ 149655 40032 26.75
ਲੁਧਿਆਣਾ ਪੱਛਮੀ 169627 28161 16.6
ਲੁਧਿਆਣਾ ਉੱਤਰੀ 203054 51217 25.22
ਗਿੱਲ 284275 36997 13.01
ਪਾਇਲ 166512 11274 6.77
ਦਾਖਾ 184136 10061 5.46
ਰਾਏਕੋਟ 147876 7495 5.07
ਜਗਰਾਉਂ 182689 13721 7.51
ਕੁੱਲ 2683999 416088 15.50
ਵਿਧਾਨ ਸਭਾ ਹਲਕਾ-ਵਾਰ ਪੋਲਿੰਗ ਸਟੇਸ਼ਨਾਂ ਦੇ ਪੁਨਰਗਠਨ ਦਾ ਵੇਰਵਾ
ਹਲਕਾ ਪਹਿਲਾਂ ਪੋਲਿੰਗ ਸਟੇਸ਼ਨ ਪੁਨਰਗਠਨ ਤੋਂ ਬਾਅਦ
ਖੰਨਾ 192 198
ਸਮਰਾਲਾ 218 230
ਸਾਹਨੇਵਾਲ 279 300
ਲੁਧਿਆਣਾ ਪੂਰਬੀ 222 235
ਲੁਧਿਆਣਾ ਦੱਖਣੀ 174 183
ਆਤਮ ਨਗਰ 167 170
ਲੁਧਿਆਣਾ ਕੇਂਦਰੀ 178 178
ਲੁਧਿਆਣਾ ਪੱਛਮੀ 192 192
ਲੁਧਿਆਣਾ ਉੱਤਰੀ 201 211
ਗਿੱਲ 298 310
ਪਾਇਲ 207 210
ਦਾਖਾ 217 222
ਰਾਏਕੋਟ 188 188
ਜਗਰਾਓਂ 194 204
ਕੁੱਲ 2927 3031