
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪੀਏਯੂ ਦੇ ਵਿਦਿਆਰਥੀਆਂ ਨੂੰ ਦਿੱਤੀਆਂ ਜਾ ਰਹੀਆਂ ਉੱਚ ਪੱਧਰੀ ਖੇਡ ਸਹੂਲਤਾਂ-ਨਿਰਦੇਸ਼ਕ

-ਕਿਹਾ, ਸਿੱਖਿਆ ਦੇ ਨਾਲ-ਨਾਲ ਸਿਹਤਮੰਦ ਤੇ ਸਮਰੱਥ ਨੌਜਵਾਨ ਤਿਆਰ ਕਰਨਾ ’ਵਰਸਿਟੀ ਦਾ ਉਦੇਸ਼
ਫੋਟੋ ਨੰਬਰ-7
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਨੂੰ ਜਿੱਥੇ ਉੱਚ ਪੱਧਰੀ ਖੇਡ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਉੱਥੇ ਮਾਹਿਰ ਕੋਚਿੰਗ ਵੀ ਮੁਹੱਈਆ ਕਰਵਾਏ ਗਏ ਹਨ। ਇਹ ਗੱਲ ਕੇਐੱਸ ਸੂਰੀ ਨਿਰਦੇਸ਼ਕ, ਵਿਦਿਆਰਥੀ ਭਲਾਈ ਵਿਭਾਗ ਪੀਏਯੂ ਨੇ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਪੀਏਯੂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਿੱਖਿਆ ਦੇ ਨਾਲ-ਨਾਲ ਖੇਡਾਂ ਅਤੇ ਸਰੀਰਿਕ ਤੰਦਰੁਸਤੀ ਨੂੰ ਵੀ ਵਿਸ਼ੇਸ਼ ਮਹੱਤਵ ਦੇ ਰਹੀ ਹੈ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵਿੱਚ ਸਵਿਮਿੰਗ, ਹਾਕੀ ਅਤੇ ਐਥਲੈਟਿਕਸ ਦੇ ਤਿੰਨ ਨਿਯਮਤ ਕੋਚ ਵੀ ਵਿਦਿਆਰਥੀਆਂ ਨੂੰ ਨਿਰੰਤਰ ਸਿਖਲਾਈ ਪ੍ਰਦਾਨ ਕਰ ਰਹੇ ਹਨ। ਵੱਖ-ਵੱਖ ਖੇਡਾਂ ਵਿੱਚ ਵੱਡੀ ਗਿਣਤੀ ’ਚ ਵਿਦਿਆਰਥੀਆਂ ਦੀ ਸ਼ਮੂਲੀਅਤ ਅਤੇ ਯੂਨੀਵਰਸਿਟੀ ਦੀਆਂ ਟੀਮਾਂ ਵੱਲੋਂ ਅੰਤਰ-ਯੂਨੀਵਰਸਿਟੀ ਅਤੇ ਹੋਰ ਉੱਚ ਪੱਧਰੀ ਮੁਕਾਬਲਿਆਂ ਵਿੱਚ ਭਾਗ ਲੈਣ ਕਾਰਨ ਖੇਡ ਵਿਭਾਗ ਦੀਆਂ ਗਤੀਵਿਧੀਆਂ ਦਾ ਘੇਰਾ ਕਾਫੀ ਵਿਸ਼ਾਲ ਹੈ।
ਅੰਡਰਗ੍ਰੈਜੂਏਟ ਵਿਦਿਆਰਥੀਆਂ ਲਈ ਸਰੀਰਕ ਸਿੱਖਿਆ ਨੂੰ ਲਾਜ਼ਮੀ ਵਿਸ਼ੇ ਵਜੋਂ ਲਾਗੂ ਕਰਨ ਨਾਲ ਵੀ ਵਿਦਿਆਰਥੀਂ ਦੀ ਖੇਡਾਂ ਅਤੇ ਸਰੀਰਿਕ ਗਤੀਵਿਧੀਆਂ ਵਿੱਚ ਭਾਗੀਦਾਰੀ ਵਧੀ ਹੈ। ਇਸ ਵੱਡੀ ਗਿਣਤੀ ਅਤੇ ਵੱਖ-ਵੱਖ ਖੇਡਾਂ ਦੀਆਂ ਵਿਸ਼ੇਸ਼ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਯੂਨੀਵਰਸਿਟੀ ਵੱਲੋਂ ਲੋੜ ਅਨੁਸਾਰ ਅਸਥਾਈ/ਵਿਜ਼ਿਟਿੰਗ ਕੋਚਾਂ ਦੀਆਂ ਸੇਵਾਵਾਂ ਵੀ ਲਈਆਂ ਜਾਂਦੀਆਂ ਹਨ। ਇਹ ਕੋਚ ਨਿਯਮਤ ਫੈਕਲਟੀ ਜਾਂ ਨਿਯਮਤ ਕੋਚਾਂ ਦਾ ਬਦਲ ਨਹੀਂ, ਸਗੋਂ ਵਿਦਿਆਰਥੀਆਂ ਨੂੰ ਵਾਧੂ ਅਤੇ ਖੇਡ-ਵਿਸ਼ੇਸ਼ ਸਿਖਲਾਈ ਪ੍ਰਦਾਨ ਕਰਨ ਲਈ ਇੱਕ ਸਹਾਇਕ ਵਿਵਸਥਾ ਹੈ। ਉਨ੍ਹਾਂ ਦੀਆਂ ਸੇਵਾਵਾਂ ਮੁੱਖ ਤੌਰ 'ਤੇ ਲੋੜ ਅਨੁਸਾਰ ਸਵੇਰ ਅਤੇ ਸ਼ਾਮ ਦੇ ਟ੍ਰੇਨਿੰਗ ਸੈਸ਼ਨਾਂ ਲਈ ਲਈਆਂ ਜਾਂਦੀਆਂ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕੋਲ ਵਿਦਿਆਰਥੀਆਂ ਲਈ ਸਾਈਕਲਿੰਗ ਵੈਲੋਡਰੋਮ, ਸ਼ੂਟਿੰਗ ਰੇਂਜ, ਵੱਖ-ਵੱਖ ਤਰ੍ਹਾਂ ਦੇ ਖੇਡ ਮੈਦਨਾਂ ਤੋਂ ਇਲਾਵਾ ਸਵਿਮਿੰਗ ਪੂਲ ਅਤੇ ਜਿਮਨੇਜ਼ੀਅਮ ਸਮੇਤ ਕਈ ਖੇਡ ਸਹੂਲਤਾਂ ਮੌਜੂਦ ਹਨ। ਵਿਦਿਆਰਥੀਆਂ ਦੀ ਫਿਟਨੈੱਸ ਨੂੰ ਹੋਰ ਉਤਸ਼ਾਹਿਤ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਪੂਰਨ ਏਅਰ ਕੰਡੀਨਸ਼ਡ ਪੀਏਯੂ ਵੈਲਨੈੱਸ ਜਿਮ ਦਾ ਨਿਰਮਾਣ ਕੀਤਾ ਗਿਆ ਹੈ, ਜਿਸ ਵਿੱਚ ਆਧੁਨਿਕ ਅਤੇ ਨਵੇਂ ਜਿਮ ਉਪਕਰਨ ਮੁਹੱਈਆ ਕਰਵਾਏ ਗਏ ਹਨ। ਇਹ ਸਹੂਲਤ ਵਿਦਿਆਰਥੀਆਂ ਅਤੇ ਯੂਨੀਵਰਸਿਟੀ ਭਾਈਚਾਰੇ ਨੂੰ ਬਿਹਤਰ ਅਤੇ ਆਧੁਨਿਕ ਫਿਟਨੈੱਸ ਸਹੂਲਤਾਂ ਪ੍ਰਦਾਨ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ।
ਉਨ੍ਹਾਂ ਦੱਸਿਆ ਕਿ ਵਿਭਾਗ ਦਾ ਉਦੇਸ਼ ਸਿਰਫ ਖਿਡਾਰੀਆਂ ਨੂੰ ਮੁਕਾਬਲਿਆਂ ਲਈ ਤਿਆਰ ਕਰਨਾ ਹੀ ਨਹੀਂ, ਸਗੋਂ ਸਮੁੱਚੇ ਵਿਦਿਆਰਥੀ ਵਰਗ ਵਿੱਚ ਫਿਟਨੈੱਸ, ਅਨੁਸ਼ਾਸਨ, ਟੀਮ ਸਪਿਰਿਟ, ਨੇਤ੍ਰਿਤਵ ਅਤੇ ਸਿਹਤਮੰਦ ਜੀਵਨ-ਸ਼ੈਲੀ ਨੂੰ ਉਤਸ਼ਾਹਿਤ ਕਰਨਾ ਵੀ ਹੈ। ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਦੀ ਖੇਡਾਂ ਵਿੱਚ ਸ਼ਮੂਲੀਅਤ, ਲਾਜ਼ਮੀ ਸਰੀਰਕ ਸਿੱਖਿਆ ਕੋਰਸ ਅਤੇ ਵੱਖ-ਵੱਖ ਖੇਡਾਂ ਦੀਆਂ ਵਿਸ਼ੇਸ਼ ਲੋੜਾਂ ਨੂੰ ਦੇਖਦਿਆਂ ਮਾਹਿਰ ਨਿਯਮਤ ਸਟਾਫ ਦੇ ਨਾਲ-ਨਾਲ ਲੋੜ ਅਨੁਸਾਰ ਵਾਧੂ ਕੋਚਿੰਗ ਸਰੋਤਾਂ ਦੀ ਵਰਤੋਂ ਕਰਨਾ ਇੱਕ ਵਿਦਿਆਰਥੀ-ਕੇਂਦਰਿਤ ਅਤੇ ਲੋੜ ਅਧਾਰਿਤ ਵਿਵਸਥਾ ਹੈ। ਇਸ ਦਾ ਮਕਸਦ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੋੜਨਾ ਅਤੇ ਉਨ੍ਹਾਂ ਨੂੰ ਆਪਣੀ ਯੋਗਤਾ ਅਨੁਸਾਰ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰਨਾ ਹੈ। ਵਿਭਾਗ ਯੂਨੀਵਰਸਿਟੀ ਦੇ ਖਿਡਾਰੀਆਂ ਅਤੇ ਵਿਦਿਆਰਥੀਆਂ ਨੂੰ ਬਿਹਤਰ ਕੋਚਿੰਗ, ਆਧੁਨਿਕ ਖੇਡ ਸਹੂਲਤਾਂ ਅਤੇ ਉੱਚ ਪੱਧਰੀ ਮੁਕਾਬਲਿਆਂ ਲਈ ਤਿਆਰੀ ਦੇ ਮੌਕੇ ਪ੍ਰਦਾਨ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਯੂਨੀਵਰਸਿਟੀ ਦਾ ਉਦੇਸ਼ ਸਿੱਖਿਆ ਦੇ ਨਾਲ-ਨਾਲ ਖੇਡਾਂ ਅਤੇ ਸਰੀਰਿਕ ਤੰਦਰੁਸਤੀ ਰਾਹੀਂ ਸਿਹਤਮੰਦ, ਅਨੁਸ਼ਾਸਿਤ ਅਤੇ ਸਮਰੱਥ ਨੌਜਵਾਨ ਤਿਆਰ ਕਰਨਾ ਹੈ।