- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵੀਲ੍ਹਚੇਅਰ ‘ਤੇ ਐਵਰੈਸਟ ਬੇਸ ਕੈਂਪ ਤੱਕ ਪਹੁੰਚੀ ਪੰਜਾਬ ਦੀ ਧੀ

ਡਾ. ਰੁਪਿੰਦਰ ਕੌਰ ਨੇ ਅਟੁੱਟ ਹੌਸਲੇ ਤੇ ਦ੍ਰਿੜ੍ਹ ਇਰਾਦਿਆਂ ਨਾਲ ਰਚਿਆ ਇਤਿਹਾਸ
ਦਿਵਿਆਂਗਾਂ ਤੇ ਨੌਜਵਾਨਾਂ ਲਈ ਬਣੀ ਪ੍ਰੇਰਣਾ
ਪ੍ਰਿੰਸ ਸ਼ਰਮਾ, ਪੰਜਾਬੀ ਜਾਗਰਣ
ਲੁਧਿਆਣਾ : ਬੁਲੰਦ ਹੌਸਲਿਆਂ, ਦ੍ਰਿੜ੍ਹ ਇਰਾਦਿਆਂ ਅਤੇ ਅਡੋਲ ਮਨੋਬਲ ਦੀ ਮਿਸਾਲ ਬਣੀ ਪੰਜਾਬ ਦੀ ਧੀ ਡਾ. ਰੁਪਿੰਦਰ ਕੌਰ ਨੇ ਵ੍ਹੀਲਚੇਅਰ ਦੇ ਸਹਾਰੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਦੇ ਬੇਸ ਕੈਂਪ ਤੱਕ ਪਹੁੰਚ ਕੇ ਨਵਾਂ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਦੀ ਇਸ ਵਿਲੱਖਣ ਅਤੇ ਪ੍ਰੇਰਣਾਦਾਇਕ ਪ੍ਰਾਪਤੀ ਦੇ ਸਨਮਾਨ ਵਿੱਚ ਮਨੁੱਖਤਾ ਦੀ ਸੇਵਾ ਲਈ ਸਮਰਪਿਤ ਸੰਸਥਾ ਯੂਨਾਇਟਡ ਸਿੱਖਸ ਵੱਲੋਂ ਲੁਧਿਆਣਾ ਵਿਖੇ ਵਿਸ਼ੇਸ਼ ਸਨਮਾਨ ਸਮਾਗਮ ਕਰਵਾਇਆ ਗਿਆ।
ਸਮਾਗਮ ਦੌਰਾਨ ਯੂਨਾਇਟਡ ਸਿੱਖਸ ਪੰਜਾਬ ਦੇ ਡਾਇਰੈਕਟਰ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਡਾ. ਰੁਪਿੰਦਰ ਕੌਰ ਨੇ ਨਾ ਸਿਰਫ ਪੰਜਾਬ, ਸਗੋਂ ਪੂਰੇ ਦੇਸ਼ ਦਾ ਨਾਮ ਅੰਤਰਰਾਸ਼ਟਰੀ ਪੱਧਰ ’ਤੇ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰੀਰਕ ਚੁਣੌਤੀਆਂ ਦੇ ਬਾਵਜੂਦ ਐਵਰੈਸਟ ਬੇਸ ਕੈਂਪ ਤੱਕ ਪਹੁੰਚਣ ਦਾ ਇਹ ਸਫ਼ਰ ਅਸਾਧਾਰਣ ਦ੍ਰਿੜ੍ਹਤਾ ਅਤੇ ਆਤਮ-ਵਿਸ਼ਵਾਸ ਦੀ ਮਿਸਾਲ ਹੈ, ਜੋ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਸਰੋਤ ਬਣੇਗਾ। ਉਨ੍ਹਾਂ ਕਿਹਾ ਕਿ 40 ਸਾਲਾ ਆਯੁਰਵੈਦਿਕ ਮੈਡੀਕਲ ਅਫਸਰ ਡਾ. ਰੁਪਿੰਦਰ ਕੌਰ ਨੇ ਆਪਣੇ ਜਜ਼ਬੇ, ਮਿਹਨਤ ਅਤੇ ਸਮਰਪਣ ਨਾਲ ਇਹ ਸਾਬਤ ਕਰ ਦਿੱਤਾ ਹੈ ਕਿ ਮਨੁੱਖ ਦੀ ਅਸਲ ਤਾਕਤ ਉਸਦੇ ਹੌਸਲੇ ਵਿੱਚ ਹੁੰਦੀ ਹੈ। ਅਜਿਹੀਆਂ ਪ੍ਰਾਪਤੀਆਂ ਸਮਾਜ ਨੂੰ ਸਕਾਰਾਤਮਕ ਸੋਚ ਅਤੇ ਅੱਗੇ ਵਧਣ ਦੀ ਪ੍ਰੇਰਣਾ ਦਿੰਦੀਆਂ ਹਨ। ਅੰਮ੍ਰਿਤਪਾਲ ਸਿੰਘ ਨੇ ਡਾ. ਰੁਪਿੰਦਰ ਕੌਰ ਦੇ ਪਿਤਾ ਮੇਜਰ ਸਿੰਘ ਦੀ ਵੀ ਸ਼ਲਾਘਾ ਕਰਦਿਆਂ ਕਿਹਾ ਕਿ ਮਾਪਿਆਂ ਵੱਲੋਂ ਮਿਲੀ ਪ੍ਰੇਰਣਾ, ਹੌਸਲਾ ਅਤੇ ਸੰਸਕਾਰ ਹੀ ਬੱਚਿਆਂ ਨੂੰ ਵੱਡੀਆਂ ਉਪਲਬਧੀਆਂ ਹਾਸਲ ਕਰਨ ਯੋਗ ਬਣਾਉਂਦੇ ਹਨ। ਉਨ੍ਹਾਂ ਕਿਹਾ ਕਿ ਇਸ ਸਫਲਤਾ ਪਿੱਛੇ ਪਰਿਵਾਰ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ।
ਆਪਣੇ ਸਨਮਾਨ ਲਈ ਧੰਨਵਾਦ ਪ੍ਰਗਟ ਕਰਦਿਆਂ ਡਾ. ਰੁਪਿੰਦਰ ਕੌਰ ਨੇ ਕਿਹਾ ਕਿ ਐਵਰੈਸਟ ਬੇਸ ਕੈਂਪ ਤੱਕ ਪਹੁੰਚਣਾ ਉਨ੍ਹਾਂ ਦਾ ਲੰਬੇ ਸਮੇਂ ਤੋਂ ਦੇਖਿਆ ਸੁਪਨਾ ਸੀ। ਇਸ ਸੁਪਨੇ ਨੂੰ ਸਾਕਾਰ ਕਰਨ ਲਈ ਉਨ੍ਹਾਂ ਨੇ ਕਠੋਰ ਮਿਹਨਤ, ਨਿਰੰਤਰ ਅਭਿਆਸ ਅਤੇ ਵਿਸ਼ੇਸ਼ ਸਿਖਲਾਈ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਵ੍ਹੀਲਚੇਅਰ ਰਾਹੀਂ ਪਹਾੜੀ ਰਸਤੇ ਤੈਅ ਕਰਨਾ ਬਹੁਤ ਹੀ ਚੁਣੌਤੀਪੂਰਨ ਸੀ, ਪਰ ਅਕਾਲ ਪੁਰਖ ਦੀ ਮਿਹਰ, ਪਰਿਵਾਰ ਦੀਆਂ ਦੁਆਵਾਂ, ਟਿੰਕੇਸ਼ ਐਬਿਲਟੀ ਫਾਊਂਡੇਸ਼ਨ ਦੇ ਸਹਿਯੋਗ ਅਤੇ ਸਾਥੀਆਂ ਦੇ ਉਤਸ਼ਾਹ ਨੇ ਉਨ੍ਹਾਂ ਨੂੰ ਮੰਜ਼ਿਲ ਤੱਕ ਪਹੁੰਚਾਇਆ। ਉਨ੍ਹਾਂ ਕਿਹਾ ਕਿ ਇਹ ਉਪਲਬਧੀ ਕੇਵਲ ਉਨ੍ਹਾਂ ਦੀ ਨਿੱਜੀ ਜਿੱਤ ਨਹੀਂ, ਸਗੋਂ ਪੰਜਾਬ ਦੀ ਨੌਜਵਾਨੀ ਅਤੇ ਦਿਵਿਆਂਗ ਭਾਈਚਾਰੇ ਦੀ ਜਿੱਤ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਉਨ੍ਹਾਂ ਦੀ ਇਹ ਯਾਤਰਾ ਹੋਰ ਲੋਕਾਂ ਨੂੰ ਵੀ ਆਪਣੇ ਸੁਪਨਿਆਂ ਦੀ ਪ੍ਰਾਪਤੀ ਲਈ ਪ੍ਰੇਰਿਤ ਕਰੇਗੀ। ਸਮਾਗਮ ਦੌਰਾਨ ਯੂਨਾਇਟਿਡ ਸਿੱਖਸ ਵੱਲੋਂ ਡਾ. ਰੁਪਿੰਦਰ ਕੌਰ ਨੂੰ ਸਨਮਾਨ ਚਿੰਨ੍ਹ ਅਤੇ ਯਾਦਗਾਰੀ ਟੀ-ਸ਼ਰਟ ਭੇਟ ਕਰਕੇ ਵਿਸ਼ੇਸ਼ ਸਨਮਾਨਿਤ ਕੀਤਾ ਗਿਆ। ਹਾਜ਼ਰ ਸ਼ਖਸੀਅਤਾਂ ਨੇ ਉਨ੍ਹਾਂ ਦੀ ਇਸ ਇਤਿਹਾਸਕ ਪ੍ਰਾਪਤੀ ਨੂੰ ਪੰਜਾਬ ਲਈ ਮਾਣਮੱਤਾ ਪਲ ਕਰਾਰ ਦਿੰਦਿਆਂ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸੁਰਿੰਦਰ ਸਿੰਘ ਮੱਕੜ, ਭੁਪਿੰਦਰ ਸਿੰਘ ਮੱਕੜ, ਪ੍ਰੀਤਮ ਸਿੰਘ, ਕ੍ਰਿਸ਼ਨ ਸਿੰਘ, ਤਰਨਜੀਤ ਕੌਰ, ਮਨਪ੍ਰੀਤ ਕੌਰ, ਅਜੀਤ ਕੌਰ, ਸੁਮਨਜੀਤ ਕੌਰ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।