ਪੰਜਾਬ ਦੇ ਕਿਸਾਨਾਂ ਦੀਆਂ ਮੁੜ ਵਧੀਆਂ ਮੁਸ਼ਕਲਾਂ, ਮੌਸਮ ਵਿਗਿਆਨੀਆਂ ਵਲੋਂ ਆ ਗਈ ਵੱਡੀ ਚਿਤਾਵਨੀ; ਖ਼ਬਰ ਪੜ੍ਹ ਸੁੱਕਣਗੇ ਸਭ ਦੇ ਸਾਹ
ਸੂਬੇ ’ਚ ਇਸ ਵਾਰ ਮੌਨਸੂਨ ਦੀ ਬੇਰੁਖ਼ੀ ਕਾਰਨ ਮੀਂਹ ਦੀ ਕਮੀ ਲਗਾਤਾਰ ਵਧਦੀ ਜਾ ਰਹੀ ਹੈ। ਮੌਨਸੂਨ ਪੰਜਾਬ ਵਿੱਚੋਂ ਗੈਰਹਾਜ਼ਰ ਹੀ ਨਹੀਂ ਰਿਹਾ, ਸਗੋਂ ਮੀਂਹ ਦੀ ਵੰਡ ਵੀ ਬਹੁਤ ਅਸਮਾਨ ਰਹੀ। ਜੂਨ ਤੋਂ ਸ਼ੁਰੂ ਹੋਇਆ ਸਿਲਸਿਲਾ ਜੁਲਾਈ ਤੇ ਅਗਸਤ ਤੱਕ ਜਾਰੀ ਰਿਹਾ। ਭਾਰਤੀ ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਪੰਜਾਬ ’ਚ 1 ਜੂਨ ਤੋਂ 27 ਅਗਸਤ ਤਕ ਸਿਰਫ਼ 229.2 ਮਿਲੀਮੀਟਰ ਮੀਂਹ ਦਰਜ ਕੀਤਾ, ਜਦਕਿ ਆਮ ਤੌਰ ’ਤੇ ਇਸ ਸਮੇਂ ਦੌਰਾਨ 349 ਮਿਲੀਮੀਟਰ ਮੀਂਹ ਪੈਂਦਾ ਹੈ। ਇਸ ਤਰ੍ਹਾਂ ਘਾਟ ਕਰੀਬ 34 ਫ਼ੀਸਦੀ ਰਹੀ। ਪੰਜਾਬੀ ਜਾਗਰਣ ਟੀਮ ਨਾਲ ਗੱਲ ਕਰਦਿਆਂ ਮੌਸਮ ਵਿਭਾਗ ਪੀਏਯੂ ਲੁਧਿਆਣਾ ਦੇ ਡਾ. ਕੁਲਵਿੰਦਰ ਕੌਰ ਗਿੱਲ ਨੇ ਦੱਸਿਆ ਕਿ ਪੰਜਾਬ
Publish Date: Sun, 06 Sep 2026 11:56 AM (IST)
Updated Date: Sun, 06 Sep 2026 11:57 AM (IST)
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ- ਸੂਬੇ ’ਚ ਇਸ ਵਾਰ ਮੌਨਸੂਨ ਦੀ ਬੇਰੁਖ਼ੀ ਕਾਰਨ ਮੀਂਹ ਦੀ ਕਮੀ ਲਗਾਤਾਰ ਵਧਦੀ ਜਾ ਰਹੀ ਹੈ। ਮੌਨਸੂਨ ਪੰਜਾਬ ਵਿੱਚੋਂ ਗੈਰਹਾਜ਼ਰ ਹੀ ਨਹੀਂ ਰਿਹਾ, ਸਗੋਂ ਮੀਂਹ ਦੀ ਵੰਡ ਵੀ ਬਹੁਤ ਅਸਮਾਨ ਰਹੀ। ਜੂਨ ਤੋਂ ਸ਼ੁਰੂ ਹੋਇਆ ਸਿਲਸਿਲਾ ਜੁਲਾਈ ਤੇ ਅਗਸਤ ਤੱਕ ਜਾਰੀ ਰਿਹਾ। ਭਾਰਤੀ ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਪੰਜਾਬ ’ਚ 1 ਜੂਨ ਤੋਂ 27 ਅਗਸਤ ਤਕ ਸਿਰਫ਼ 229.2 ਮਿਲੀਮੀਟਰ ਮੀਂਹ ਦਰਜ ਕੀਤਾ, ਜਦਕਿ ਆਮ ਤੌਰ ’ਤੇ ਇਸ ਸਮੇਂ ਦੌਰਾਨ 349 ਮਿਲੀਮੀਟਰ ਮੀਂਹ ਪੈਂਦਾ ਹੈ। ਇਸ ਤਰ੍ਹਾਂ ਘਾਟ ਕਰੀਬ 34 ਫ਼ੀਸਦੀ ਰਹੀ। ਪੰਜਾਬੀ ਜਾਗਰਣ ਟੀਮ ਨਾਲ ਗੱਲ ਕਰਦਿਆਂ ਮੌਸਮ ਵਿਭਾਗ ਪੀਏਯੂ ਲੁਧਿਆਣਾ ਦੇ ਡਾ. ਕੁਲਵਿੰਦਰ ਕੌਰ ਗਿੱਲ ਨੇ ਦੱਸਿਆ ਕਿ ਪੰਜਾਬ ’ਚ ਔਸਤਨ ਵਰਖਾ 500 ਮਿਲੀਮੀਟਰ ਹੈ। ਲੰਬੇ ਸਮੇਂ ਦੇ ਵਿਸ਼ਲੇਸ਼ਣ ਤੋਂ ਪਤਾ ਚੱਲਦਾ ਹੈ ਕਿ ਪੰਜਾਬ ਵਿੱਚ ਕਈ ਸੋਕੇ ਵਾਲੇ ਸਾਲਾਂ ਵਿੱਚੋਂ ਇੱਕ ਮਹੱਤਵਪੂਰਨ ਅਨੁਪਾਤ ‘ਐਲ-ਨੀਨੋ’ ਘਟਨਾਵਾਂ ਨਾਲ ਜੁੜਿਆ ਹੋਇਆ ਹੈ। ਕੁਝ ਇਹੋ ਜਿਹਾ ਹੀ ਵਾਪਰਿਆ ਹੈ, ਜਿਸ ਨਾਲ ਪੰਜਾਬ ਵਿੱਚ ਬਾਰਿਸ਼ ਘੱਟ ਰਹੀ ਹੈ।
2026 ਵੀ ਇੱਕ ‘ਐਲ-ਨੀਨੋ’ ਸਾਲ ਹੈ। ਆਈਐੱਮਡੀ ਨੇ 2026 ਦੇ ਮੌਨਸੂਨ ਲਈ ਪਹਿਲਾਂ ਹੀ ਆਮ ਨਾਲੋਂ ਘੱਟ ਮੀਂਹ ਦੀ ਸੰਭਾਵਨਾ ਜਤਾਈ ਸੀ। ਜੇ ਮੌਨਸੂਨ ਦੀ ਆਮਦ ਦੀ ਗੱਲ ਕਰੀਏ ਤਾਂ ਇਸ ਵਾਰ ਪੰਜਾਬ ਵਿੱਚ ਮਾਨਸੂਨ ਆਮ ਨਾਲੋਂ 4 ਦਿਨ ਪਹਿਲਾਂ ਦਾਖਲ ਹੋ ਗਿਆ ਸੀ। ਪੰਜਾਬ ਵਿੱਚ ਇਸ ਵਾਰ 1 ਜੁਲਾਈ ਨੂੰ ਇਸ ਦੀ ਆਮਦ ਹੋ ਗਈ ਸੀ। ਇਸ ਤੋਂ ਬਾਅਦ ਜੂਨ-ਜੁਲਾਈ ਵਿੱਚ ਬਾਰਿਸ਼ ਕਾਫੀ ਵਧੀਆ ਰਹੀ, ਪਰ ਅਗਸਤ ਮਹੀਨੇ ਵਿੱਚ ਮੌਨਸੂਨ ਬਹੁਤ ਕਮਜ਼ੋਰ ਪੈ ਗਿਆ ਅਤੇ ਪੰਜਾਬ ਵਿੱਚ 39 ਫੀਸਦ ਘੱਟ ਵਰਖਾ ਦਰਜ ਕੀਤੀ ਗਈ। ਜੇਕਰ 1 ਜੂਨ ਤੋਂ ਅੱਜ ਤੱਕ ਦੀ ਗੱਲ ਕਰੀਏ ਤਾਂ ਸੂਬੇ ’ਚ 34 ਫੀਸਦ ਘੱਟ ਵਰਖਾ ਰਹੀ ਹੈ। ਆਉਣ ਵਾਲੇ ਦਿਨਾਂ ਦੀ ਗੱਲ ਕਰੀਏ ਤਾਂ ਮੌਨਸੂਨ ਜ਼ਿਆਦਾ ਐਕਟਿਵ ਨਹੀਂ ਲੱਗ ਰਿਹਾ, ਜਿਸ ਦੇ ਮੱਦੇਨਜ਼ਰ ਆਉਣ ਵਾਲੇ 7-8 ਦਿਨ ਪੰਜਾਬ ਵਿੱਚ ਬਾਰਿਸ਼ ਦੀ ਸੰਭਾਵਨਾ ਕਾਫੀ ਘੱਟ ਹੈ। ਨਮੀ ਅਤੇ ਹੁੰਮਸ ਇਸੇ ਤਰ੍ਹਾਂ ਬਰਕਰਾਰ ਰਹੇਗੀ।
ਸਾਉਣੀ ਫਸਲਾਂ ਨੂੰ ਪਾਣੀ ਦੀ ਕਮੀ ਜ਼ਰੂਰ ਰਹੇਗੀ ਤੇ ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਫਸਲਾਂ ਨੂੰ ਪਾਣੀ ਦੀ ਕਮੀ ਨਾ ਆਉਣ ਦਿੱਤੀ ਜਾਵੇ। ਮੀਂਹ ਘੱਟ ਹੋਣ ਨਾਲ ਕਿਸਾਨ ਪਾਣੀ ਦੀ ਪੂਰਤੀ ਧਰਤੀ ਹੇਠੋਂ ਪਾਣੀ ਕੱਢ ਕੇ ਕਰ ਲੈਣਗੇ, ਪਰ ਧਰਤੀ ਹੇਠਲੇ ਪਾਣੀ ਦਾ ਪੱਧਰ ਹੋਰ ਨੀਵਾਂ ਹੋ ਜਾਵੇਗਾ। ਘੱਟ ਮੀਂਹ ਦੇ ਕੁਝ ਤੁਰੰਤ ਫਾਇਦੇ ਵੀ ਹਨ। ਲਗਾਤਾਰ ਭਾਰੀ ਮੀਂਹ ਨਾ ਪੈਣ ਕਾਰਨ ਸ਼ਹਿਰਾਂ ਵਿੱਚ ਪਾਣੀ ਭਰਨ, ਸੜਕਾਂ ਟੁੱਟਣ, ਆਵਾਜਾਈ ਪ੍ਰਭਾਵਿਤ ਹੋਣ ਤੇ ਹੜ੍ਹਾਂ ਦਾ ਖਤਰਾ ਕੁਝ ਹੱਦ ਤੱਕ ਘੱਟ ਰਿਹਾ। ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਕਈ ਥਾਵਾਂ ’ਤੇ ਲਗਾਤਾਰ ਭਾਰੀ ਮੀਂਹ ਤੇ ਲੰਬੇ ਸਮੇਂ ਦੀ ਜਲ-ਭਰਾਅ ਵਾਲੀ ਸਥਿਤੀ ਘੱਟ ਦੇਖਣ ਨੂੰ ਮਿਲੀ ਪਰ ਇਹ ਫਾਇਦਾ ਸੀਮਤ ਹੈ। ਖੇਤੀਬਾੜੀ ਵਾਲੇ ਸੂਬੇ ਲਈ ਲੰਬੇ ਸਮੇਂ ਤੱਕ ਘੱਟ ਮੀਂਹ ਪੈਣਾ ਸਮੁੱਚੇ ਤੌਰ ’ਤੇ ਫਾਇਦੇ ਦੀ ਬਜਾਏ ਚਿੰਤਾ ਦਾ ਵਿਸ਼ਾ ਹੈ। ਆਮ ਤੌਰ 'ਤੇ ਪੰਜਾਬ ’ਚੋਂ ਮੌਨਸੂਨ ਦੀ ਵਾਪਸੀ 22-23 ਸਤੰਬਰ ਨੂੰ ਹੋ ਜਾਂਦੀ ਹੈ, ਪਰ ਪਿਛਲੇ ਸਾਲ 17 ਸਤੰਬਰ ਨੂੰ ਮੌਨਸੂਨ ਪੰਜਾਬ ਵਿੱਚੋਂ ਵਿਦਾ ਹੋ ਗਿਆ ਸੀ। ਮੌਨਸੂਨ ਦੀ ਵਿਦਾਈ ਦੀ ਸਹੀ ਤਰੀਕ ਪਹਿਲਾਂ ਤੋਂ ਪੱਕੀ ਨਹੀਂ ਦੱਸੀ ਜਾ ਸਕਦੀ। ਇਹ ਮੌਸਮੀ ਹਾਲਾਤ ਦੇਖ ਕੇ ਆਈਐੱਮਡੀ ਵੱਲੋਂ ਅਧਿਕਾਰਤ ਤੌਰ ’ਤੇ ਐਲਾਨੀ ਜਾਂਦੀ ਹੈ।