ਪੰਜਾਬ ਦੇ ਮੁੱਖ ਮੰਤਰੀ ਸਟੇਜ ਤਾਂ ਚਲਾ ਸਕਦੇ ਹਨ, ਪਰ ਸਟੇਟ ਨਹੀਂ : ਚੀਮਾ
ਪੰਜਾਬ ਦੇ ਮੁੱਖ ਮੰਤਰੀ ਸਟੇਜ ਤਾਂ ਚਲਾ ਸਕਦੇ ਹਨ, ਪਰ ਸਟੇਟ ਨਹੀਂ-ਚੀਮਾ
Publish Date: Sun, 05 Apr 2026 06:22 PM (IST)
Updated Date: Sun, 05 Apr 2026 06:25 PM (IST)

-ਕਿਹਾ-ਆਪ ਦੀਆਂ ਰੈਲੀਆਂ ਵਿੱਚ ਲੋਕ ਚੁਟਕਲੇ ਸੁਣਨ ਜਾਂਦੇ ਨੇ ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਈਸ਼ਵਰਜੋਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਦੇ ਨਾਲ ਨਾਲ ਸੂਬੇ ਦੇ ਆਰਥਿਕ ਹਾਲਾਤ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਨਲਾਇਕੀ ਅਤੇ ਤਜਰਬੇ ਦੀ ਘਾਟ ਕਾਰਨ ਦਿਨ ਬ ਦਿਨ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਕਲੀਆ ਤੇ ਚੁਟਕਲੇ ਸੁਣਾ ਕੇ ਸਟੇਜ ਤਾਂ ਬਾਖੂਬੀ ਚਲਾ ਸਕਦੇ ਹਨ, ਪਰ ਸਟੇਟ ਚਲਾਉਣਾ ਉਨ੍ਹਾਂ ਦੇ ਵਸ ਵਿਚ ਨਹੀਂ ਹੈ ਅਤੇ ਪੰਜਾਬ ਵਾਸੀ ਉਨ੍ਹਾਂ ਦੀਆਂ ਰੈਲੀਆਂ ਵਿਚ ਮਨੋਰੰਜਨ ਕਰਨ ਹੀ ਜਾਂਦੇ ਹਨ। ਉਨ੍ਹਾਂ ਹੋਰ ਕਿਹਾ ਕਿ ਜੇਕਰ ਅਮਨ ਕਾਨੂੰਨ ਦੀ ਸਥਿਤੀ ਦੀ ਗਲ ਕਰੀਏ ਤਾਂ ਦਿਨ ਦਿਹਾੜੇ ਲੁੱਟਾਂ ਖੋਹਾਂ ਅਤੇ ਕਤਲ ਵਰਗੀਆਂ ਵਾਰਦਾਤਾਂ ਆਮ ਤੌਰ ਤੇ ਦੇਖਣ ਅਤੇ ਪੜ੍ਹਨ ਨੂੰ ਮਿਲ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਚਲਦੇ ਟੂਰਨਾਮੈਂਟਾਂ ਅਤੇ ਸਮਾਗਮਾਂ ਦੌਰਾਨ ਗੋਲੀਆਂ ਮਾਰ ਕੇ ਬਾਰਸੂਖ਼ ਇਨਸਾਨ ਕਤਲ ਕੀਤੇ ਜਾ ਰਹੇ ਹਨ, ਚੌਕੀਆਂ ਥਾਣਿਆ ਤੇ ਹੈਂਡ ਗਰਨੇਡ ਸੁੱਟੇ ਜਾ ਰਹੇ ਹਨ ਅਤੇ ਹੁਣ ਤਾਂ ਪੰਜਾਬ ਦਾ ਸੇਕ ਰਾਜਧਾਨੀ ਚੰਡੀਗੜ੍ਹ ਤੱਕ ਵੀ ਪੁੱਜ ਗਿਆ ਹੈ ਅਤੇ ਭਾਜਪਾ ਦੇ ਦਫਤਰ ਤੇ ਵੀ ਹੈਂਡ ਗਰਨੇਡ ਨਾਲ ਹਮਲਾ ਹੋ ਚੁੱਕਾ ਹੈ। ਚੀਮਾ ਨੇ ਕਿਹਾ ਕਿ ਵੱਡੇ-ਵੱਡੇ ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਗੈਂਗਸਟਰਾਂ ਦੇ ਧਮਕੀ ਭਰੇ ਫੋਨ ਆਉਂਦੇ ਹਨ, ਜਿਨ੍ਹਾਂ ਵਿਚ ਉਨ੍ਹਾਂ ਤੋਂ ਵੱਡੀਆਂ ਫ਼ਿਰੌਤੀਆਂ ਦੀ ਮੰਗ ਹੁੰਦੀ ਹੈ ਅਤੇ ਉਹ ਜਾਂ ਤਾਂ ਗੁੰਡਾ ਟੈਕਸ ਦੇਣ ਲਈ ਮਜਬੂਰ ਹੁੰਦੇ ਹਨ ਜਾਂ ਫਿਰ ਪੰਜਾਬ ਵਿਚੋਂ ਪਲਾਇਨ ਕਰਦੇ ਹੋਏ ਦੂਜੇ ਸੂਬਿਆਂ ਵਿਚ ਜਾਣ ਨੂੰ ਤਰਜੀਹ ਦਿੰਦੇ ਹਨ। ਆਪ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਪ੍ਰਾਪਰਟੀ ਦਾ ਧੰਦਾ ਚੌਪਟ ਹੋ ਚੁੱਕਾ ਹੈ। ਕੱਟੜ ਇਮਾਨਦਾਰ ਸਰਕਾਰ ਦੇ ਰਾਜ ਵਿਚ ਕੋਈ ਰਜਿਸਟਰੀ ਕਰਵਾਉਣ ਲਈ ਵੱਡੀ ਰਿਸ਼ਵਤ ਦੇਣੀ ਪੈਂਦੀ ਹੈ ਅਤੇ ਰਿਸ਼ਵਤ ਤੋਂ ਬਿਨਾਂ ਕੋਈ ਵੀ ਸਰਕਾਰੀ ਕੰਮ ਨਹੀਂ ਹੁੰਦਾ। ਚੀਮਾ ਨੇ ਦੋਸ਼ ਲਾਇਆ ਕਿ ਪੰਜਾਬ ਦੇ ਕੰਮਾਂ ਦੇ ਠੇਕੇ ਦਿੱਲੀ ਵਾਲੇ ਲਾਲਿਆਂ ਦੇ ਹਮਾਇਤੀਆਂ ਨੂੰ ਦਿੱਤੇ ਜਾ ਰਹੇ ਹਨ। ਇਥੋਂ ਤੱਕ ਕਿ ਪੰਜਾਬ ਦਾ ਖਜ਼ਾਨਾ ਸਾਰੇ ਦੇਸ਼ ਵਿਚ ਆਮ ਆਦਮੀ ਪਾਰਟੀ ਦੀ ਮਸ਼ਹੂਰੀ ਲਈ ਲੁਟਾਇਆ ਜਾ ਰਿਹਾ ਹੈ ਅਤੇ ਪੰਜਾਬ ਦਾ ਹੈਲੀਕਾਪਟਰ ਅਰਵਿੰਦ ਕੇਜਰੀਵਾਲ ਨੂੰ ਸਾਰੇ ਦੇਸ਼ ਵਿਚ ਪੰਜਾਬ ਦੇ ਖਰਚੇ ਤੇ ਘੁੰਮਾ ਰਿਹਾ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੰਡੈਕਟਰ ਬਣੇ ਨਾਲ ਘੁੰਮ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵਲੋ ਚਲਾਈ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ ਅਤੇ ਇਸ ਸਰਕਾਰ ਦੇ ਰਾਜ ਵਿਚ ਸਿੰਥੈਟਿਕ ਨਸ਼ਾ ਹਰੇਕ ਗਲੀ ਮੁਹੱਲੇ ਵਿਚ ਆਸਾਨੀ ਨਾਲ ਮਿਲ ਰਿਹਾ ਹੈ, ਇਥੋਂ ਤੱਕ ਕਿ ਨਸ਼ਾ ਵੇਚਣ ਵਾਲਿਆਂ ਵਲੋਂ ਘਰ ਘਰ ਵੀ ਪੁਹੰਚਾਇਆ ਜਾ ਰਿਹਾ ਹੈ। ਨਸ਼ੇੜੀ ਨਸ਼ੇ ਦੀ ਪੂਰਤੀ ਲਈ ਜਿੱਥੇ ਚੋਰੀਆਂ ਚਕਾਰੀਆ ਕਰ ਰਹੇ ਹਨ ਉਥੇ ਦਿਨ ਦਿਹਾੜੇ ਲੁੱਟਾਂ ਖੋਹਾਂ ਨੂੰ ਵੀ ਅੰਜਾਮ ਦੇ ਰਹੇ ਹਨ। ਚੀਮਾ ਨੇ ਕਿਹਾ ਕਿ ਮਾਨ ਸਰਕਾਰ ਹਰ ਫਰੰਟ ’ਤੇ ਫੇਲ੍ਹ ਹੋ ਚੁੱਕੀ ਹੈ ਅਤੇ ਪੰਜਾਬ ਦੇ ਲੋਕ ਇਸ ਦੇ ਮੰਤਰੀਆਂ, ਸੰਤਰੀਆ ਅਤੇ ਵਿਧਾਇਕਾਂ ਨੂੰ ਸਤਾ ਤੋਂ ਲਾਂਭੇ ਕਰਨ ਲਈ ਨੇੜ ਭਵਿੱਖ ਵਿਚ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੀ ਬੇਸਬਰੀ ਨਾਲ ਉਡੀਕ ਰਹੇ ਹਨ, ਤਾਂ ਜੋ ਇਨ੍ਹਾਂ ਹੱਥ ਵਿਚ ਮੁੜ ਸਟੇਟ ਦੀ ਥਾਂ ਸਟੇਜ ਦਿੱਤੀ ਜਾ ਸਕੇ। ਚੀਮਾ ਨੇ ਵਿਸ਼ਵਾਸ ਨਾਲ ਕਿਹਾ ਕਿ ਆਉਣ ਵਾਲੀ ਸਰਕਾਰ ਕਾਂਗਰਸ ਪਾਰਟੀ ਦੀ ਸ਼ਾਨ ਨਾਲ ਬਣੇਗੀ ਜੌ ਕਿ ਪੰਜਾਬ ਵਿੱਚ ਬਦਤਰ ਹੋ ਚੁੱਕੀ ਅਮਨ ਕਾਨੂੰਨ ਦੀ ਸਥਿਤੀ ਅਤੇ ਆਰਥਿਕ ਹਾਲਾਤ ਨੂੰ ਮੁੜ ਲੀਹਾਂ ’ਤੇ ਲਿਆਉਣ ਲਈ ਵਚਨਬੱਧ ਹੈ।