- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
3 ਨੰਬਰ ਲਈ:ਪੰਜਾਬ ਭਾਜਪਾ ਦੇ ਪ੍ਰਧਾਨ ਢਿੱਲੋਂ ਦੀ ਹਾਜ਼ਰੀ ’ਚ ਨਸ਼ਿਆਂ ਦੇ ਪੀੜਤ ਪਰਿਵਾਰਾਂ ਨੇ ਸੁਣਾਈ ਹੱਡਬੀਤੀ

-ਨਸ਼ਿਆਂ ’ਚ ਪਰਿਵਾਰਕ ਜੀਅ ਗੁਆ ਚੁੱਕੀਆਂ ਮਾਵਾਂ-ਭੈਣਾਂ ਨੇ ਸਰਕਾਰ ਤੋਂ ਮੰਗਿਆ ਜਵਾਬ
ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ, ਲੁਧਿਆਣਾ
ਭਾਜਪਾ ਪੰਜਾਬ ਵਲੋਂ ‘ਭਾਜਪਾ ਦਾ ਨਾਅਰਾ, ਨਸ਼ਾ ਮੁਕਾਉਣਾ ਸਾਰਾ’ ਦੇ ਨਾਅਰੇ ਹੇਠ ਕੱਢੀ ਜਾ ਰਹੀ ਨਸ਼ਾ ਮੁਕਤ ਪੰਜਾਬ ਯਾਤਰਾ ਦੌਰਾਨ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਹਾਜ਼ਰੀ ਵਿੱਚ ਆਪਣਾ ਦਰਦ ਬਿਆਨ ਕਰਦਿਆਂ ਲੁਧਿਆਣਾ ਦੇ ਮਨੋਹਰ ਨਗਰ ਦੀ ਵਰਸ਼ਾ ਨੇ ਕਿਹਾ ‘‘ਮੇਰਾ ਪਤੀ ਪਿਛਲੇ 10 ਸਾਲ ਤੋਂ ਨਸ਼ਾ ਕਰ ਰਿਹਾ ਹੈ ਤੇ ਵੇਚਦਾ ਵੀ ਹੈ, ਮੈਂ ਉਸ ਖ਼ਿਲਾਫ਼ ਬੋਲਦੀ ਹਾਂ, ਤਾਂ ਸਾਰਾ ਟੱਬਰ ਮੇਰੇ ਖਿਲਾਫ਼ ਹੋ ਜਾਂਦਾ ਹੈ, ਪੁਲਿਸ ਕੋਲ ਜਾਂਦੀ ਹਾਂ ਤਾਂ ਉਹ ਮੈਨੂੰ ਫੜ ਲੈਂਦੀ ਹੈ, ਪਰ ਪਤੀ ਨੂੰ ਕੁੱਝ ਨਹੀਂ ਕਹਿੰਦੀ।’’
‘ਮਾਵਾਂ ਮੰਗਦੀਆਂ ਜਵਾਬ’ ਬੈਨਰ ਤਹਿਤ ਕੀਤੀ ਗਈ ਇਸ ਮਿਲਣੀ ਦੌਰਾਨ ਉਹ ਦਰਜਨਾਂ ਪਰਿਵਾਰ ਪਹੁੰਚੇ ਹੋਏ ਸਨ, ਜਿਨ੍ਹਾਂ ਦੇ ਆਪਣੇ ਪੁੱਤ-ਭਤੀਜੇ ਤੇ ਸਕੇ ਸਬੰਧੀ ਨਸ਼ਿਆਂ ਦੀ ਭੇਟ ਚੜ੍ਹ ਗਏ ਸਨ।
ਲੁਧਿਆਣਾ ਦੇ ਮਨਜੀਤ ਨਗਰ ਦੀ ਬਲਵਿੰਦਰ ਕੌਰ ਨੇ ਕਿਹਾ ਕਿ ਇਸ ਨਗਰ ’ਚ ਹੀ ਨਸ਼ੇ ਨਾਲ 50 ਮੌਤਾਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਉਹ ਮੀਡੀਆ ਨੂੰ ਆਪਣੇ ਇਲਾਕੇ ਵਿੱਚ ਵਿਕ ਰਹੇ ਨਸ਼ੇ ਦਾ ਲਾਇਵ ਕਰਵਾ ਸਕਦੀ ਹੈ। ਇਸੇ ਤਰ੍ਹਾਂ ਮਨੋਹਰ ਨਗਰ ਦੇ ਇੱਕ ਹੋਰ ਸ਼ਖ਼ਸ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿੱਚ ਵੀ 10-12 ਮੌਤਾਂ ਨਸ਼ਿਆਂ ਨਾਲ ਹੋ ਚੁੱਕੀਆਂ ਹਨ। ਪਰ ਪੁਲਿਸ ਕਾਰਵਾਈ ਨਸ਼ਾ ਕਾਰੋਬਾਰੀਆਂ ਦੇ ਬਜਾਏ ਨਸ਼ੇ ਖਿਲਾਫ਼ ਅਵਾਜ਼ ਚੁੱਕਣ ਵਾਲਿਆਂ ਉੱਤੇ ਹੀ ਕਰਦੀ ਹੈ, ਉਨ੍ਹਾਂ ਨੂੰ ਹੀ ਮੁਲਜ਼ਮ ਬਣਾ ਦਿੰਦੀ ਹੈ।
ਲੁਧਿਆਣਾ ’ਚ ਨਸ਼ੇ ਨਾਲ ਦਰਜਨਾਂ ਲੋਕਾਂ ਦੀਆਂ ਹੋਈਆਂ ਬੇਵਕਤੀ ਮੌਤਾਂ ਦੀਆਂ ਅਖ਼ਬਾਰਾਂ ਵਿੱਚ ਛਪੀਆਂ ਤਸਵੀਰਾਂ ਅਤੇ ਖ਼ਬਰਾਂ ਨੂੰ ਕੁਰਸੀਆਂ ਉੱਤੇ ਰੱਖ ਕੇ ਖਾਲੀ ਰੱਖਿਆ ਸੀ ਤੇ ਮੰਚ ਤੋਂ ਕਿਹਾ ਗਿਆ ਕਿ ਜੇ ਨਸ਼ਿਆਂ ਖਿਲਾਫ਼ ਕਾਰਵਾਈ ਹੁੰਦੀ, ਤਾਂ ਇਹ ਕੁਰਸੀਆਂ ਖਾਲੀ ਨਾ ਹੁੰਦੀਆਂ। ਇੱਥੇ ਪਹੁੰਚੇ 17 ਪਰਿਵਾਰ, ਜੋ ਲੁਧਿਆਣਾ ਤੇ ਜਗਾਰਓਂ ਨਾਲ ਸਬੰਧਤ ਸਨ, ਜਿਸ ਵਿੱਚ ਜਗਰਾਓਂ ਦੀ ਆਪਣੇ ਚਾਰ ਪੁੱਤਰ ਗੁਆਉਣ ਵਾਲੀ ਛਿੰਦੋ ਬਾਈ ਸਣੇ ਕਈ ਹੋਰ ਮਾਵਾਂ, ਜਿਨ੍ਹਾਂ ’ਚੋਂ ਕਿਸੇ ਦਾ ਇੱਕ, ਕਿਸੇ ਦੇ ਦੋ ਪੁੱਤ ਜਾਂ ਰਿਸ਼ਤੇਦਾਰ ਨਸ਼ਿਆਂ ਨਾਲ ਮਾਰੇ ਗਏ ਸਨ। ਇਨ੍ਹਾਂ ਸਾਰਿਆਂ ਨੇ ਮੀਡੀਆ ਅੱਗੇ ਆਪਣਾ ਦਰਦ ਫਰੋਲਿਆ ਅਤੇ ਨਸ਼ਿਆਂ ਨੂੰ ਪੂਰੀ ਤਰ੍ਹਾਂ ਨਾਲ ਖ਼ਤਮ ਕਰਨ ਦੀ ਅਪੀਲ ਕੀਤੀ।
ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਢਿੱਲੋਂ ਨੇ ਕਿਹਾ ਕਿ ਪੰਜਾਬ ਨੂੰ ਨਸ਼ਿਆਂ ਖ਼ਿਲਾਫ਼ ਇੱਕਜੁਟ ਹੋਣ ਦੀ ਲੋੜ ਹੈ ਅਤੇ ਇਸ ਮੁਹਿੰਮ ਵਿੱਚ ਸਾਰਿਆਂ ਦਾ ਸਹਿਯੋਗ ਚਾਹੀਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਪੰਜਾਬ ਸਰਕਾਰ ਨਸ਼ਿਆਂ ਨੂੰ ਖ਼ਤਮ ਕਰਨ ਦੇ ਆਪਣੇ ਦਾਅਵਿਆਂ ਵਿੱਚ ਨਾਕਾਮ ਰਹੀ ਹੈ। ਪੰਜ ਦਰਿਆਵਾਂ ਦੀ ਧਰਤੀ ਪੰਜਾਬ ਵਿੱਚ ਅੱਜ ਨਸ਼ੇ ਦਾ ਛੇਵਾਂ ਦਰਿਆ ਵਗ ਰਿਹਾ ਹੈ। ਢਿੱਲੋਂ ਨੇ ਕਿਹਾ ਕਿ ਪੰਜਾਬ ਵਿੱਚ ਉਦਯੋਗ ਦੀ ਘਾਟ ਅਤੇ ਆਰਥਿਕ ਪਛੜੇਪਣ ਕਾਰਨ ਨੌਜਵਾਨੀ ਨਸ਼ਿਆਂ ਵਿੱਚ ਗਲਤਾਨ ਹੋ ਰਹੀ ਹੈ। ਭਾਜਪਾ ਆਗੂ ਨੇ ਕਿਹਾ ਕਿ ਯਾਤਰਾ ਦੌਰਾਨ ਉਨ੍ਹਾਂ ਨੂੰ ਕੁਝ ਔਰਤਾਂ ਨੇ ਨਸ਼ੇ ਖ਼ਿਲਾਫ਼ ਆਵਾਜ਼ ਚੁੱਕਣ ’ਤੇ ਪਰਿਵਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਪਰੇਸ਼ਾਨ ਕੀਤੇ ਜਾਣ ਦੀਆਂ ਸ਼ਿਕਾਇਤਾਂ ਵੀ ਸਾਂਝੀਆਂ ਕੀਤੀਆਂ। ਢਿੱਲੋਂ ਨੇ ਕਿਹਾ ਕਿ ਭਾਜਪਾ ਦੀ ਨਸ਼ਾ ਵਿਰੋਧੀ ਮੁਹਿੰਮ ਜਾਰੀ ਰਹੇਗੀ ਤੇ ਪੰਜਾਬ ਨੂੰ ਨਸ਼ਾਮੁਕਤ ਕਰਨ ਲਈ ਲੋਕਾਂ ਦੇ ਸਹਿਯੋਗ ਦੀ ਲੋੜ ਹੈ।ਇਸ ਮੌਕੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ, ਲੁਧਿਆਣਾ ਦਾ ਜ਼ਿਲ੍ਹਾ ਪ੍ਰਧਾਨ ਸੁਨੀਲ ਮੋਦਗਿੱਲ, ਭਾਜਪਾ ਦੇ ਸਟੇਟ ਮੀਡੀਆ ਮੁਖੀ ਵਿਨੀਤ ਜੋਸ਼ੀ, ਭਾਜਪਾ ਜਿਲਾ ਜਰਨਲ ਸਕੱਤਰ ਹਰਸ਼ ਸ਼ਰਮਾ,ਸ਼ੀਨੂੰ ਚੁੱਘ, ਕੈਲਾਸ਼ ਚੌਧਰੀ, ਮੀਤ ਪ੍ਰਧਾਨ ਸੰਜੇ ਗੋਸਾਈ, ਗੁਰਦੀਪ ਸਿੰਘ ਨੀਟੂ, ਵਿਕੀ ਸਹੋਤਾ, ਪ੍ਰੈਸ ਸਕੱਤਰ ਡਾ. ਸਤੀਸ਼ ਕੁਮਾਰ, ਖ਼ਜ਼ਾਨਚੀ ਬੌਬੀ ਜਿੰਦਲ ਆਦਿ ਮੌਜੂਦ ਸਨ।