
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪੰਜਾਬੀ ਜਾਗਰਣ ਦੀ ਖਬਰ ਦਾ ਹੋਇਆ ਅਸਰ, ਕਟਾਣੀ ਕਲਾਂ ਦੇ ਖੇਡ ਮੈਦਾਨ ਦੀ ਸਫਾਈ ਹੋਈ ਸ਼ੁਰੂ

--ਖ਼ਬਰ ਦਾ ਅਸਰ ਲੋਗੋ ਲਗਾਓ
--ਸਰਪੰਚ ਬੋਲਿਆ ਠੇਕੇਦਾਰ ਨੂੰ ਘਟੀਆ ਮਟੀਰੀਅਲ ਤੇ ਖਾਮੀਆਂ ਨਹੀਂ ਛੱਡਣ ਦਿਆਂਗੇ
ਰਵੀ ਭਾਟੀਆ, ਪੰਜਾਬੀ ਜਾਗਰਣ, ਲੁਧਿਆਣਾ/ਸਾਹਨੇਵਾਲ
ਪਿੰਡ ਕਟਾਣੀ ਕਲਾਂ ਵਿੱਚ ਤਿਆਰ ਕੀਤੇ ਜਾ ਰਹੇ ਖੇਡ ਮੈਦਾਨ ਵਿੱਚ ਸਾਹਮਣੇ ਆਈਆਂ ਖਾਮੀਆਂ ਅਤੇ ਮਾੜੇ ਮਟੀਰੀਅਲ ਦੇ ਸਬੰਧ ਵਿੱਚ ਪੰਜਾਬੀ ਜਾਗਰਣ ਵੱਲੋਂ ਪੁਖਤਾ ਤਰੀਕੇ ਨਾਲ ਪ੍ਰਕਾਸ਼ਿਤ ਕੀਤੀ ਖਬਰ ਤੋਂ ਬਾਅਦ ਹੁਣ ਪਿੰਡ ਪੱਧਰ ’ਤੇ ਵੀ ਮੈਦਾਨ ਦੇ ਕੰਮ ਦੀ ਗੁਣਵੱਤਾ ਤੇ ਠੇਕੇਦਾਰ ਵੱਲੋਂ ਵਰਤੇ ਮਟੀਰੀਅਲ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਹਨ। ਪੰਜਾਬੀ ਜਾਗਰਣ ਦੀ ਰਿਪੋਰਟ ਮੁਤਾਬਕ ਕਰੀਬ 19 ਲੱਖ ਦੀ ਲਾਗਤ ਨਾਲ ਤਿਆਰ ਹੋ ਰਹੇ ਇਸ ਖੇਡ ਮੈਦਾਨ ਦੀ ਹਾਲਤ ਉਦਘਾਟਨ ਤੋਂ ਪਹਿਲਾਂ ਹੀ ਤਰਸਯੋਗ ਦੱਸੀ ਗਈ ਸੀ। ਮੈਦਾਨ ’ਚ ਘਾਹ ਤੇ ਝਾੜੀਆਂ ਖੜ੍ਹੀਆਂ ਹੋਣ ਤੋਂ ਇਲਾਵਾ ਠੇਕੇਦਾਰ ਵੱਲੋਂ ਲਾਏ ਤਿੰਨ ਬੈਂਚ ਕੁੱਝ ਹੀ ਦਿਨਾਂ ਵਿੱਚ ਟੁੱਟ ਜਾਣ ਦਾ ਮਾਮਲਾ ਵੀ ਸਾਹਮਣੇ ਆਇਆ ਸੀ। ਰਿਪੋਰਟ ਵਿੱਚ ਇਹ ਵੀ ਸਾਹਮਣੇ ਆਇਆ ਸੀ ਕਿ ਵਾਲੀਬਾਲ ਗਰਾਊਂਡ ’ਚ ਨੈੱਟ ਨਹੀਂ ਲਾਇਆ ਗਿਆ, ਜਿਹੜੀ ਖੇਡ ਮੈਦਾਨ ਵਿੱਚ ਚਾਰੇ ਪਾਸੇ ਜਾਲੀ ਲਗਾਉਣੀ ਸੀ ਠੇਕੇਦਾਰ ਵੱਲੋਂ ਦੋ ਪਾਸੇ ਹੀ ਜਾਲੀ ਲਗਾਈ ਗਈ ਹੈ। ਦੋ ਬਾਥਰੂਮ ਤਾਂ ਤਿਆਰ ਕੀਤੇ ਪਰ ਉਨ੍ਹਾਂ ਤੱਕ ਪਹੁੰਚਣ ਲਈ ਢੁੱਕਵਾਂ ਰਸਤਾ ਨਹੀਂ ਬਣਾਇਆ ਤੇ ਵੱਡੀਆਂ ਲਾਈਟਾਂ ਲਗਾਉਣ ਦੇ ਬਾਵਜੂਦ ਉਨ੍ਹਾਂ ਦੇ ਚਾਲੂ ਨਾ ਹੋਣ ਦੀ ਸ਼ਿਕਾਇਤ ਵੀ ਸਾਹਮਣੇ ਆਈ। ਇਸ ਤੋਂ ਇਲਾਵਾ ਪਿੰਡ ਦੇ ਨੌਜਵਾਨਾਂ ਵੱਲੋਂ ਆਪਣੇ ਪੱਧਰ ’ਤੇ ਤਿਆਰ ਕੀਤੀ ਕ੍ਰਿਕਟ ਪਿੱਚ ਨੂੰ ਵੀ ਨੁਕਸਾਨ ਪਹੁੰਚਣ ਦੀ ਗੱਲ ਸਾਹਮਣੇ ਆਈ ਸੀ। ਮਾਮਲੇ ਦਾ ਇੱਕ ਹੋਰ ਗੰਭੀਰ ਪੱਖ ਇਹ ਸੀ ਕਿ ਪਿੰਡ ਵਾਸੀਆਂ ਵੱਲੋਂ ਪਹਿਲਾਂ ਮਿਲੀ ਕਰੀਬ 17 ਲੱਖ ਦੀ ਗਰਾਂਟ ਨਾਲ ਮੈਦਾਨ ’ਚ ਕੀਤੇ ਪੁਰਾਣੇ ਕੰਮ ਅਤੇ ਪਈ ਇੱਟ-ਬਜਰੀ ਦੇ ਖੁਰਦ-ਬੁਰਦ ਹੋਣ ਦੇ ਦੋਸ਼ ਵੀ ਲਾਏ ਸਨ। ਹਾਲਾਂਕਿ ਇਨ੍ਹਾਂ ਦੋਸ਼ਾਂ ਦੀ ਸਰਕਾਰੀ ਪੱਧਰ ’ਤੇ ਪੁਸ਼ਟੀ ਜਾਂ ਜ਼ਿੰਮੇਵਾਰੀ ਤੈਅ ਹੋਣੀ ਅਜੇ ਬਾਕੀ ਹੈ। ਇਸ ਮਾਮਲੇ ਵਿੱਚ ਹੁਣ ਪਿੰਡ ਦੇ ਸਰਪੰਚ ਮਨਜੀਤ ਸਿੰਘ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਠੇਕੇਦਾਰ ਤੋਂ ਖੇਡ ਮੈਦਾਨ ਦਾ ਬਾਕੀ ਰਹਿੰਦਾ ਸਾਰਾ ਕੰਮ ਮੁਕੰਮਲ ਕਰਵਾਇਆ ਜਾਵੇਗਾ ਅਤੇ ਕੰਮ ਦੀ ਗੁਣਵੱਤਾ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਹੋਣ ਦਿੱਤਾ ਜਾਵੇਗਾ। ਸਰਪੰਚ ਨੇ ਕਿਹਾ ਕਿ ਮੈਦਾਨ ਨੌਜਵਾਨਾਂ ਲਈ ਬਣਾਇਆ ਜਾ ਰਿਹਾ ਹੈ, ਇਸ ਲਈ ਜੋ ਵੀ ਕਮੀ ਰਹਿ ਗਈ ਹੈ, ਉਸ ਨੂੰ ਦੂਰ ਕਰਵਾਉਣ ਦੇ ਨਾਲ-ਨਾਲ ਮਟੀਰੀਅਲ ਦੀ ਕੁਆਲਿਟੀ ’ਤੇ ਵੀ ਪੂਰਾ ਧਿਆਨ ਦਿੱਤਾ ਜਾਵੇਗਾ। ਸਰਕਾਰ ਵੱਲੋਂ ਪੇਂਡੂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵੱਡੇ ਪੱਧਰ ’ਤੇ ਖੇਡ ਮੈਦਾਨ ਤਿਆਰ ਕਰਨ ਦਾ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਪੰਜਾਬ ਬਜਟ ਵਿੱਚ ਸਰਕਾਰ ਨੇ 6,000 ਵਾਧੂ ਪਿੰਡ ਖੇਡ ਮੈਦਾਨ ਬਣਾਉਣ ਦਾ ਐਲਾਨ ਕੀਤਾ ਹੈ ਤੇ ਪਹਿਲਾਂ ਚੱਲ ਰਹੇ ਪ੍ਰੋਗਰਾਮ ਤਹਿਤ 3,000 ਤੋਂ ਵੱਧ ਮਾਡਲ ਪਿੰਡ ਖੇਡ ਮੈਦਾਨ ਬਣਾਉਣ ਦੀ ਗੱਲ ਵੀ ਕੀਤੀ ਗਈ ਹੈ। ਅਜਿਹੇ ’ਚ ਕਟਾਣੀ ਕਲਾਂ ਦਾ ਮਾਮਲਾ ਸਿਰਫ਼ ਇੱਕ ਪਿੰਡ ਦੇ ਖੇਡ ਮੈਦਾਨ ਤੱਕ ਸੀਮਤ ਨਹੀਂ ਰਹਿੰਦਾ, ਸਗੋਂ ਇਹ ਸਵਾਲ ਵੀ ਖੜ੍ਹਾ ਕਰਦਾ ਹੈ ਕਿ ਸਰਕਾਰੀ ਪੈਸੇ ਨਾਲ ਬਣ ਰਹੇ ਖੇਡ ਮੈਦਾਨਾਂ ਦੀ ਨਿਰਮਾਣ ਦੌਰਾਨ ਨਿਗਰਾਨੀ ਕਿੰਨੀ ਸਖ਼ਤੀ ਨਾਲ ਕੀਤੀ ਜਾ ਰਹੀ ਹੈ ਤੇ ਕੰਮ ਮੁਕੰਮਲ ਹੋਣ ਤੋਂ ਪਹਿਲਾਂ ਗੁਣਵੱਤਾ ਦੀ ਜਾਂਚ ਕੌਣ ਕਰਦਾ ਹੈ। ਪਿੰਡ ਵਾਸੀਆਂ ਦੀ ਮੰਗ ਹੈ ਕਿ ਮੈਦਾਨ ਦਾ ਕੰਮ ਮੁਕੰਮਲ ਕਰਨ ਤੋਂ ਪਹਿਲਾਂ ਵਿਭਾਗ ਵੱਲੋਂ ਇਸ ਦੀ ਤਕਨੀਕੀ ਜਾਂਚ ਕਰਵਾਈ ਜਾਵੇ, ਵਰਤੇ ਗਏ ਮਟੀਰੀਅਲ ਦੀ ਗੁਣਵੱਤਾ ਦੀ ਜਾਂਚ ਕੀਤੀ ਜਾਵੇ ਅਤੇ ਜਿਹੜੀਆਂ ਕਮੀਆਂ ਸਾਹਮਣੇ ਆਈਆਂ ਹਨ, ਉਨ੍ਹਾਂ ਨੂੰ ਠੇਕੇਦਾਰ ਤੋਂ ਠੀਕ ਕਰਵਾਇਆ ਜਾਵੇ। ਹੁਣ ਦੇਖਣਾ ਹੋਵੇਗਾ ਕਿ ਸਰਪੰਚ ਵੱਲੋਂ ਦਿੱਤਾ ਗਿਆ ਭਰੋਸਾ ਜ਼ਮੀਨੀ ਪੱਧਰ ’ਤੇ ਕਿੰਨੀ ਜਲਦੀ ਅਮਲ ’ਚ ਆਉਂਦਾ ਹੈ।
-ਠੇਕੇਦਾਰ ਵੱਲੋਂ ਪੁੱਟੇ ਟੋਏ ਕਾਰਨ ਖਿਡਾਰੀ ਦੇ ਲੱਗੀ ਸੱਟ
ਖੇਡ ਮੈਦਾਨ ਵਿੱਚ ਖੇਡ ਰਹੇ ਹਰਮਨ ਨਾਮੀ ਖਿਡਾਰੀ ਨੇ ਦੱਸਿਆ ਕਿ ਠੇਕੇਦਾਰ ਵੱਲੋਂ ਜਿਹੜਾ ਖੇਡ ਮੈਦਾਨ ਵਿੱਚ ਟੋਏ ਪੱਟੇ ਗਏ ਹਨ ਉਸ ਨਾਲ ਕਈ ਵਾਰ ਖੇਡ ਰਹੇ ਬੱਚਿਆਂ ਦੇ ਸੱਟਾਂ ਲੱਗੀਆਂ ਹਨ ਉਸ ਦਾ ਵੀ ਅੱਜ ਟੋਏ ਵਿੱਚ ਪੈਰ ਪੈ ਗਿਆ ਜਿਸ ਉਸ ਦੇ ਪੈਰ ਵਿੱਚ ਮੌਚ ਆ ਗਈ ਪਰ ਗੰਭੀਰ ਸੱਟ ਤੋਂ ਉਹ ਬਚ ਗਿਆ।