ਕਿਲੀ ਚਾਹਲਾਂ ਰੈਲੀ ਕਾਰਨ ਜਾਮ ’ਚ ਫਸੀ ਜਨਤਾ ਹੋਈ ਪਰੇਸ਼ਾਨ
ਕਿਲੀ ਚਾਹਲਾਂ ਰੈਲੀ ਕਾਰਨ ਜਾਮ ’ਚ ਫਸੀ ਜਨਤਾ ਹੋਈ ਪਰੇਸ਼ਾਨ
Publish Date: Mon, 16 Feb 2026 07:21 PM (IST)
Updated Date: Tue, 17 Feb 2026 04:09 AM (IST)

-ਸਰਕਾਰ ਤੇ ਸਿਸਟਮ ਨੂੰ ਦੁਹਾਈ ਦਿੰਦੇ ਲੋਕਾਂ ਨੇ ਕੱਢੀ ਭੜਾਸ, ਰੈਲੀ ਵਿਚ ਜਾਣ ਵਾਲਿਆਂ ਲਈ ਰਸਤੇ ਟਾਪੋ-ਟਾਪ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਸੂਬਾ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਦੂਜੀ ਮੁਹਿੰਮ ਦੇ ਆਗਾਜ਼ ਲਈ ਅੱਜ ਮੋਗਾ ਦੇ ਪਿੰਡ ਕਿਲੀ ਚਾਹਲਾਂ ਕੀਤੀ ਗਈ ਰੈਲੀ ਆਮ ਲੋਕਾਂ ਲਈ ਪਰੇਸ਼ਾਨੀ ਦਾ ਸੱਬਬ ਬਣੀ। ਇਸ ਰੈਲੀ ਨੂੰ ਲੈ ਕੇ ਪੁਲਿਸ ਵੱਲੋਂ ਅੱਜ ਲੁਧਿਆਣਾ-ਫਿਰੋਜਪੁਰ ਕੌਮੀ ਮਾਰਗ ’ਤੇ ਆਮ ਜਨਤਾ ਦੀ ਨੋ ਐਂਟਰੀ ਕਰ ਦਿੱਤੀ ਗਈ। ਉਨ੍ਹਾਂ ਨੂੰ ਆਪਣੀਆਂ ਮੰਜ਼ਿਲਾਂ ’ਤੇ ਪਹੁੰਚਣ ਲਈ ਅੱਜ ਵਲ ਵਿੰਗ ਪਾ ਕੇ ਡਾਇਵਰਟ ਕੀਤੇ ਗਏ ਰਸਤਿਆਂ ਤੋਂ ਲੰਘਣਾ ਪਿਆ। ਅਜਿਹੇ ਵਿਚ ਅੱਜ ਲੁਧਿਆਣਾ-ਫਿਰੋਜਪੁਰ ਕੌਮੀ ਮਾਰਗ ਰੈਲੀ ਵਿਚ ਜਾਣ ਵਾਲਿਆਂ ਲਈ ਖੁੱਲ੍ਹਾ ਰਿਹਾ। ਅਜਿਹੇ ਵਿਚ ਜਨਤਾ ਘੰਟੇਬੱਧੀ ਜਾਮ ’ਚ ਫਸੀ ਪੁਲਿਸ ਨਾਲ ਉਲਝਦੀ ਅਤੇ ਆਪਸ ਵਿਚ ਲੜਦੀ ਝਗੜਦੀ ਵੀ ਨਜ਼ਰ ਆਈ। ਲੁਧਿਆਣਾ-ਫਿਰੋਜ਼ਪੁਰ ਕੌਮੀ ਮਾਰਗ ਤੋਂ ਜਗਰਾਓਂ ਦੇ ਰਾਜਾ ਢਾਬਾ ਤੋਂ ਆਮ ਲੋਕਾਂ ਨੂੰ ਸਰਵਿਸ ਰੋਡ ’ਤੇ ਕੱਢ ਦਿੱਤਾ ਗਿਆ। ਜਿਸ ’ਤੇ ਉਹ ਜਗਰਾਓਂ ਦੇ ਤਹਿਸੀਲ ਚੌਂਕ ਪੁੱਜੇ। ਉਥੋਂ ਉਨ੍ਹਾਂ ਨੂੰ ਬਦਲਵੇਂ ਰਾਹਾਂ ’ਤੇ ਪਾਇਆ ਗਿਆ। ਇਸ ਕਸਰਤ ਵਿਚ ਜਗਰਾਓਂ ਦੀਆਂ ਸੜਕਾਂ ’ਤੇ ਜਾਮ ਲੱਗ ਗਏ। ਲੋਕ ਪਰੇਸ਼ਾਨ ਜਾਮ ਵਿਚ ਫਸੇ ਸਿਸਟਮ ਨੂੰ ਕੋਸਦੇ ਰਹੇ। ਇਸ ਦੌਰਾਨ ਇਕ ਕਾਰ ਚਾਲਕ ਰਣਜੀਤ ਸਿੰਘ ਨੇ ਕਿਹਾ ਕਿ ਉਸ ਨੇ ਮੋਗਾ ਕਚਹਿਰੀ ਵਿਚ ਤਾਰੀਕ ’ਤੇ ਜਾਣਾ ਹੈ। ਇਸ ਰੈਲੀ ਕਾਰਨ ਬਦਲਵੇਂ ਰੂਟ ਤੋਂ ਪਹੁੰਚਦਿਆਂ ਦੇਰ ਹੋ ਜਾਵੇਗੀ। ਇਸੇ ਤਰ੍ਹਾਂ ਹੋਰ ਵਾਹਨ ਚਾਲਕਾਂ ਵਿਚ ਸੁਰਿੰਦਰ ਕੌਰ, ਅਵਿਮਨਯੂ, ਦਲੀਪ ਸਿੰਘ ਅਤੇ ਰਾਮ ਸਿੰਘ ਨੇ ਕਿਹਾ ਕਿ ਅਜੇ ਸਵੇਰਾ ਹੀ ਹੈ, ਰੈਲੀ ਦੁਪਹਿਰ ਨੂੰ ਸ਼ੁਰੂ ਹੋਣੀ ਹੈ। ਇਸ ਦੇ ਬਾਵਜੂਦ ਤੜਕੇ ਹੀ ਕੌਮੀ ਮਾਰਗ ਬੰਦ ਕਰਕੇ ਜਨਤਾ ਨੂੰ ਤੰਗ ਕਰਨਾ ਗਲਤ ਹੈ। ਉਨ੍ਹਾਂ ਕਿਹਾ ਕਿ ਤੜਕੇ ਹੀ ਰੂਟ ਡਾਇਵਰਟ ਕਰਨ ਵਾਲੇ ਜਨਤਾ ਦੀ ਥਾਂ ਆਮ ਇਨਸਾਨ ਬਣ ਕੇ ਇਕ ਦਿਨ ਬਿਤਾਉਣ, ਕਿੱਦਾਂ ਦੀਆਂ ਪਰੇਸ਼ਾਨੀਆਂ ਆਉਂਦੀਆਂ ਹਨ, ਦਾ ਪਤਾ ਲੱਗ ਜਾਵੇਗਾ। ਇਸ ਸਬੰਧ ਵਿਚ ਜਗਰਾਓਂ ਸਬਡਵੀਜ਼ਨ ਦੇ ਡੀਐਸਪੀ ਜਸਵਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਆਮ ਜਨਤਾ ਨੂੰ ਅੱਜ ਦੀ ਰੈਲੀ ਕਾਰਨ ਕੋਈ ਮੁਸ਼ਕਿਲ ਨਾ ਆਵੇ ਲਈ ਹੀ ਰੂਟ ਡਾਇਵਰਟ ਕੀਤੇ ਗਏ ਹਨ। ਇਸ ਦੇ ਨਾਲ ਹੀ ਇਨ੍ਹਾਂ ਰੂਟਾਂ ’ਤੇ ਪੁਲਿਸ ਥਾਂ ਥਾਂ ਜਨਤਾ ਦੀ ਸਹੂਲਤ ਲਈ ਹੀ ਤਾਇਨਾਤ ਹੈ।