- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟਾਇਰ ਸਾੜਨ ਵਾਲੀ ਫੈਕਟਰੀ ਖ਼ਿਲਾਫ਼ ਲੋਕਾਂ ਦਾ ਭੜਿਕਆ ਗੂੱਸਾ, ਦਿੱਤੀ ਚੇਤਾਵਨੀ

- ਵਾਤਾਵਰਣ ਦੂਸ਼ਿਤ ਕਰਨ ਵਾਲੀ ਫੈਕਟਰੀ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੇ ਅਧਿਕਾਰੀ ਖਾਮੋਸ਼
- ਲੋਕਾਂ ਵੱਲੋਂ ਭੇਜੀਆ ਸ਼ਿਕਾਇਤਾਂ ’ਤੇ ਪ੍ਰਸ਼ਾਸਨ ਨੇ ਧਾਰੀ ਚੁੱਪ
ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ
ਖੰਨਾ : ਪਿੰਡ ਨਰਾਇਣਗੜ੍ਹ ਦੇ ਭਗਤ ਪੂਰਨ ਸਿੰਘ ਮਾਰਗ ਉੱਪਰ ਚੱਲਦੀ ਟਾਇਰ ਸਾੜਨ ਵਾਲੀ ਫੈਕਟਰੀ ਦਾ ਮਾਮਲਾ ਦਿਨੋਂ-ਦਿਨ ਤੂਲ ਫੜਦਾ ਜਾ ਰਿਹਾ ਹੈ। ਪ੍ਰਦੂਸ਼ਣ ਕੰਟਰੋਲ ਵਿਭਾਗ ਖਾਮੋਸ਼ ਹੋਣ ’ਤੇ ਲੋਕਾਂ ਦਾ ਗੁੱਸਾ ਭੜਕ ਗਿਆ ਹੈ। ਲੋਕਾਂ ਨੇ ਵੱਡਾ ਇਕੱਠ ਕਰ ਕੇ ਫੈਕਟਰੀ ਮਾਲਕਾਂ ਤੇ ਵਿਭਾਗ ਨੂੰ ਚਿਤਾਵਨੀ ਦਿੱਤੀ ਗਈ ਹੈ। ਲੋਕਾਂ ਦੇ ਇਕੱਠ ’ਚ ਸਮਾਜ ਸੇਵੀ ਅਮਿਤੋਜ਼ ਮਾਨ ਤੇ ਖੁਸ਼ਵਿੰਦਰ ਸਿੰਘ ਪਣੀਆਂ ਟੀਮਾਂ ਸਮੇਤ ਵਿਵਾਦਤ ਫੈਕਟਰੀ ਦਾ ਦੌਰਾ ਕਰਨ ਪੁੱਜੇ। ਜਿਨ੍ਹਾਂ ਨੇ ਵੀ ਨੇੜਲੇ ਪਿੰਡਾਂ ਦੇ ਲੋਕਾਂ ਨਾਲ ਫੈਕਟਰੀ ਕਾਰਨ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇਖਿਆ ਕਿ ਜਦੋਂ ਫੈਕਟਰੀ ਦੇ ਅੰਦਰੋਂ ਕੁੱਝ ਵਰਕਰ ਦੁਪਹਿਰ ਦੀ ਰੋਟੀ ਖਾਣ ਲਈ ਬਾਹਰ ਆਏ ਤਾਂ ਉਨ੍ਹਾਂ ਦੇ ਚਿਹਰੇ, ਹੱਥ ਪੈਰ ਅਤੇ ਸਰੀਰ ਦੇ ਸਾਰੇ ਅੰਗਾਂ ਉੱਪਰ ਕਾਲੇ ਰੰਗ ਦੀ ਧੂੜ ਜੰਮੀ ਹੋਈ ਸੀ, ਇਨ੍ਹਾਂ ਮਜ਼ਦੂਰਾਂ ਨੂੰ ਦੇਖ ਕੇ ਇੰਝ ਲੱਗਦਾ ਸੀ ਜਿਵੇਂ ਇਨ੍ਹਾਂ ਮਜ਼ਦੂਰਾਂ ਤੋਂ ਅਣਮਨੁੱਖੀ ਢੰਗ ਨਾਲ ਕੰਮ ਕਰਵਾਇਆ ਜਾ ਰਿਹਾ ਹੋਵੇ। ਇੱਥੇ ਇਹ ਵੀ ਗੱਲ ਦੱਸਣਯੋਗ ਹੈ ਕਿ ਫੈਕਟਰੀ ਦੇ ਰੂਲਾਂ ਮੁਤਾਬਿਕ ਫੈਕਟਰੀ ਦੇ ਅੰਦਰ ਕੰਮ ਕਰਨ ਵਾਲੇ ਸਾਰੇ ਵਰਕਰਾਂ ਨੂੰ ਰੂਲ ਮੁਤਾਬਿਕ ਫੈਕਟਰੀ ਦੇ ਮਾਲਕ ਵੱਲੋਂ ਸੇਫਟੀ ਕਿੱਟ ਕਰਵਾਈ ਜਾਣੀ ਹੁੰਦੀ ਹੈ ਪਰ ਲੱਗਾ ਕੋਈ ਕਿੱਟ ਮੁਹੱਈਆ ਨਹੀਂ ਕਰਵਾਈ ਗਈ ਸੀ।
ਇਲਾਕੇ ਦੇ ਰੋਹਣੋਂ ਖ਼ੁਰਦ ਦੇ ਨੰਬਰਦਾਰ ਸੰਤੋਖ ਸਿੰਘ ਬੈਨੀਪਾਲ, ਵਾਤਾਵਰਨ ਪ੍ਰੇਮੀ ਅਮਿਤੋਜ਼ ਮਾਨ, ਖੁਸ਼ਵਿੰਦਰ ਸਿੰਘ, ਪਿੰਡ ਨਰਾਇਣਗੜ੍ਹ ਦੇ ਵਾਸੀ ਮਨਪ੍ਰੀਤ ਸਿੰਘ, ਰਣਧੀਰ ਸਿੰਘ, ਕੁਲਵਿੰਦਰ ਸਿੰਘ, ਡਾ. ਰਾਮ ਚੰਦ ਸਿੰਘ, ਸਿਮਰਨ ਹੁੰਦਲ ਵਗੈਰਾ ਨੇ ਦੱਸਿਆ ਕਿ ਇਹ ਫੈਕਟਰੀ ਲੰਬੇ ਸਮੇਂ ਤੋਂ ਇਸ ਇਲਾਕੇ ਦੇ ਵਾਤਾਵਰਣ ਨੂੰ ਪ੍ਰਦੂਸ਼ਿਤ ਕਰ ਰਹੀ ਹੈ, ਜਿਸ ਕਾਰਨ ਚਮੜੀ ਦੇ ਰੋਗ ਤੇ ਹੋਰ ਭਿਆਨਕ ਬਿਮਾਰੀਆਂ ਫੈਲ ਰਹੀਆਂ ਹਨ। ਨੰਬਰਦਾਰ ਬੈਨੀਪਾਲ ਨੇ ਦੱਸਿਆ ਕਿ ਜੁਲਾਈ 2021 ਵਿੱਚ ਵੀ ਇਸੇ ਫੈਕਟਰੀ ਦੀ ਵੀਡੀਓ ਬਣਾ ਕੇ ਮੌਕੇ ਦੇ ਹਾਲਾਤਾਂ ਬਾਰੇ ਸ਼ਿਕਾਇਤ ਡੀਸੀ ਲੁਧਿਆਣਾ ਨੂੰ ਕੀਤੀ ਗਈ ਸੀ। ਡੀਸੀ ਲੁਧਿਆਣਾ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਪ੍ਰਦੂਸ਼ਣ ਬੋਰਡ ਦੇ ਅਧਿਕਾਰੀਆਂ ਨੂੰ ਫੈਕਟਰੀ ਦਾ ਜਾਇਜ਼ਾ ਲੈਣ ਦੇ ਹੁਕਮ ਦਿੱਤੇ ਗਏ ਸਨ। ਉਸ ਸਮੇਂ ਵੀ ਇਸ ਫੈਕਟਰੀ ਦੇ ਪ੍ਰਬੰਧਾਂ ’ਚ ਪ੍ਰਦੂਸ਼ਣ ਬੋਰਡ ਦੇ ਅਧਿਕਾਰੀਆਂ ਵੱਲੋਂ ਭੇਜੀ ਗਈ ਰਿਪੋਰਟ ਵਿੱਚ ਵੱਡੇ ਪੱਧਰ ਉੱਪਰ ਖਾਮੀਆਂ ਪਾਈਆਂ ਗਈਆਂ ਸਨ। ਉਸ ਸਮੇਂ ਦੀ ਰਿਪੋਰਟ ਵਾਤਾਵਰਣ ਇੰਜੀਨੀਅਰ ਵੱਲੋਂ ਤਿਆਰ ਕਰ ਕੇ ਸੀਨੀਅਰ ਵਾਤਾਵਰਣ ਇੰਜੀਨੀਅਰ ਪਟਿਆਲਾ ਨੂੰ ਭੇਜਦੇ ਹੋਏ ਲਿਖਿਆ ਸੀ ਕਿ ਉਕਤ ਫੈਕਟਰੀ, ਉਦਯੋਗ ਬੋਰਡ ਦੀਆਂ ਮੁੱਖ ਹਦਾਇਤਾਂ ਦੀ ਪਾਲਣਾ ਨਹੀਂ ਕਰ ਰਹੀ। ਉਪਰੋਕਤ ਤੱਥਾਂ ਨੂੰ ਦੇਖਦੇ ਹੋਏ ਵਾਟਰ ਐਕਟ 1974 ਦੀ ਧਾਰਾ 25 ਅਤੇ ਹਵਾ ਐਕਟ 1981 ਦੀ ਧਾਰਾ 31ਏ ਅਧੀਨ ਇਸ ਫੈਕਟਰੀ ਵਿਰੁੱਧ ਕਾਰਵਾਈ ਕਰਨ ਸਬੰਧੀ ਸਿਫਾਰਿਸ਼ ਕੀਤੀ ਗਈ ਸੀ। ਇਸ ਰਿਪੋਰਟ ਦਾ ਉਤਾਰਾ ਪੱਤਰ ਨੰਬਰ 2550 ਮਿਤੀ 09 ਜੁਲਾਈ 2021 ਰਾਹੀਂ ਐੱਸਡੀਐੱਮ ਖੰਨਾ ਨੂੰ ਅਗਲੇਰੀ ਕਾਰਵਾਈ ਕਰਨ ਲਈ ਭੇਜਿਆ ਗਿਆ ਸੀ ਪਰ ਪੰਜ ਸਾਲ ਬੀਤ ਜਾਣ ਤੋਂ ਬਾਅਦ ਵੀ ਸਥਾਨਕ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ।
ਜਦੋਂ ਇਲਾਕੇ ਦੇ ਲੋਕਾਂ ਦਾ ਜਿਉਣਾ ਦੁੱਭਰ ਹੋ ਗਿਆ ਤਾਂ ਇਲਾਕੇ ਦੇ ਅੱਕੇ ਲੋਕਾਂ ਨੇ ਫਿਰ ਤੋਂ ਐੱਸਡੀਐੱਮ ਖੰਨਾ ਨੂੰ ਇੱਕ ਲਿਖਤੀ ਫਰਿਆਦ 10 ਜੁਲਾਈ 2026 ਨੂੰ ਕੀਤੀ, ਜਿਸ ’ਤੇ ਐੱਸਡੀਐੱਮ ਖੰਨਾ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਐਕਸੀਅਨ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਤਿੰਨ ਦਿਨਾਂ ਦੇ ਅੰਦਰ-ਅੰਦਰ ਕਾਰਵਾਈ ਕਰਨ ਦੀ ਰਿਪੋਰਟ ਮੰਗੀ ਗਈ ਸੀ ਪਰ 10 ਦਿਨ ਬੀਤ ਜਾਣ ਤੋਂ ਬਾਅਦ ਵੀ ਐਕਸੀਅਨ ਪ੍ਰਦੂਸ਼ਣ ਬੋਰਡ ਆਪਣੀ ਕੁੰਭ ਕਰਨੀ ਨੀਂਦ ਵਿੱਚੋਂ ਨਹੀਂ ਜਾਗਿਆ, ਨਾ ਹੀ ਕੋਈ ਇਲਾਕੇ ਦੇ ਲੋਕਾਂ ਨੂੰ ਮੌਕੇ ’ਤੇ ਬੁਲਾਇਆ ਗਿਆ ਅਤੇ ਨਾ ਹੀ ਰਿਪੋਰਟ ਭੇਜੀ ਗਈ। ਇਹ ਸਭ ਕੁੱਝ ਦੇਖਦੇ ਹੋਏ ਇਲਾਕੇ ਦੇ ਲੋਕਾਂ ਨੇ ਖਦਸ਼ਾ ਜ਼ਾਹਿਰ ਕਰਦਿਆਂ ਕਿਹਾ ਕਿ ਸਥਾਨਕ ਪ੍ਰਸ਼ਾਸਨ ਅਤੇ ਪ੍ਰਦੂਸ਼ਣ ਬੋਰਡ ਦੀ ਮਿਲੀਭੁਗਤ ਕਾਰਨ ਹੀ ਇਹ ਫੈਕਟਰੀ ਚੱਲ ਰਹੀ ਹੈ। ਪ੍ਰਦੂਸ਼ਣ ਤੋਂ ਤੰਗ ਹੋਏ ਇਲਾਕੇ ਦੇ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਫੈਕਟਰੀ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ, ਜੇਕਰ ਫੈਕਟਰੀ ਖ਼ਿਲਾਫ਼ ਕੋਈ ਸਖਤ ਕਾਰਵਾਈ ਨਾ ਹੋਈ ਤਾਂ ਆਉਣ ਵਾਲੇ ਦਿਨਾਂ ’ਚ ਇਲਾਕੇ ਦੇ ਲੋਕ ਇਕੱਠੇ ਹੋ ਕੇ ਧਰਨਾ ਲਾਉਣ ਲਈ ਮਜਬੂਰ ਹੋਣਗੇ। ਇਸ ਧਰਨੇ ਦੌਰਾਨ ਕੋਈ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਤਾਂ ਉਸ ਦਾ ਜ਼ਿੰਮੇਵਾਰ ਸਥਾਨਕ ਪ੍ਰਸ਼ਾਸਨ ਹੋਵੇਗਾ।
ਪ੍ਰਦੂਸ਼ਣ ਵਿਭਾਗ ਦੇ ਇੰਜੀਨੀਅਰ ਮੋਹਿਤ ਸਿੰਗਲਾ ਨੇ ਕਿਹਾ ਫੈਕਟਰੀ ਦੀ ਸ਼ਿਕਾਇਤ ਉਨ੍ਹਾਂ ਕੋਲ ਵਿਚਾਰ ਅਧੀਨ ਹੈ, ਇਸ ਫੈਕਟਰੀ ਦੀ ਜਾਂਚ ਉਹ ਖੁਦ ਜਾ ਕੇ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਫੈਕਟਰੀ ਦੇ ਪ੍ਰਬੰਧਾਂ ’ਚ ਪਾਈਆਂ ਖਾਮੀਆਂ ਕਾਰਨ ਵਿਭਾਗ ਵੱਲੋਂ ਸਾਲ 2025 ’ਚ ਵੀ ਇਸ ਫੈਕਟਰੀ ਨੂੰ ਦੋ ਲੱਖ ਦੇ ਕਰੀਬ ਜੁਰਮਾਨਾ ਕੀਤਾ ਗਿਆ ਸੀ ਪਰ ਇਹ ਫਿਰ ਵੀ ਬਾਜ ਨਹੀਂ ਆ ਰਹੇ।