- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ’ਚ ਨਸ਼ੇ ਦੇ ਵਧਦੇ ਕਾਰੋਬਾਰ ਖ਼ਿਲਾਫ਼ ਹੁਣ ਪਿੰਡ ਵਾਸੀਆਂ ਦਾ ਗੁੱਸਾ ਸੜਕਾਂ 'ਤੇ ਦਿਖਾਈ ਦੇਣ ਲੱਗਾ ਹੈ। ਥਾਣਾ ਮੇਹਰਬਾਨ ਅਧੀਨ ਆਉਂਦੇ ਪਿੰਡ ਬੂਥਗੜ੍ਹ ’ਚ ਨਸ਼ੇ ਖ਼ਿਲਾਫ਼ ਇਕਜੁੱਟ ਹੋਏ ਨਿਹੰਗ ਸਿੰਘਾਂ ਅਤੇ ਪਿੰਡ ਵਾਸੀਆਂ ਨੇ ਦੋ ਨੌਜਵਾਨਾਂ ਨੂੰ ਕਾਬੂ ਕਰ ਲਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਦੇ ਬਾਹਰ ਸੜਕ 'ਤੇ ਬਿਠਾ ਕੇ ਜਨਤਕ ਤੌਰ 'ਤੇ ਨੱਕ ਰਗੜਵਾਈ ਅਤੇ ਬੈਠਕਾਂ ਕਢਵਾਈਆਂ।

ਇਸ ਪੂਰੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਇੱਕ ਨੌਜਵਾਨ ਵੱਲੋਂ ਵਿਰੋਧ ਕਰਨ 'ਤੇ ਉੱਥੇ ਮੌਜੂਦ ਨਿਹੰਗ ਸਿੰਘ ਉਸ ਨੂੰ ਡੰਡੇ ਨਾਲ ਕੁੱਟਦੇ ਹੋਏ ਵੀ ਦਿਖਾਈ ਦੇ ਰਹੇ ਹਨ।
ਜਾਣਕਾਰੀ ਅਨੁਸਾਰ, ਪਿੰਡ ਵਾਸੀਆਂ ਨੇ ਦੋਵਾਂ ਨੌਜਵਾਨਾਂ ਨੂੰ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਹੋਣ ਦੇ ਸ਼ੱਕ ਵਿੱਚ ਫੜਿਆ ਸੀ। ਇਸ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਨੂੰ ਆਪਣੇ ਘੇਰੇ ਵਿੱਚ ਲੈ ਕੇ ਸੜਕ 'ਤੇ ਬਿਠਾ ਦਿੱਤਾ। ਵਾਇਰਲ ਵੀਡੀਓ ਵਿੱਚ ਦੋਵਾਂ ਨੌਜਵਾਨਾਂ ਨੂੰ ਜ਼ਮੀਨ 'ਤੇ ਨੱਕ ਰਗੜਦੇ ਅਤੇ ਬੈਠਕਾਂ ਕੱਢਦੇ ਦੇਖਿਆ ਜਾ ਸਕਦਾ ਹੈ।
ਇਸ ਮਾਮਲੇ ਵਿੱਚ ਪਿੰਡ ਦੇ ਸਰਪੰਚ ਤਾਜਪਰਵਿੰਦਰ ਸੋਨੂੰ ਨੇ ਦਾਅਵਾ ਕੀਤਾ ਕਿ ਨੌਜਵਾਨਾਂ ਕੋਲੋਂ 100 ਗ੍ਰਾਮ ਚਿੱਟਾ ਅਤੇ ਨਸ਼ੇ ਦੇ ਇਸਤੇਮਾਲ ਵਿੱਚ ਆਉਣ ਵਾਲੀਆਂ ਸਰਿੰਜਾਂ ਬਰਾਮਦ ਹੋਈਆਂ ਹਨ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਲੰਬੇ ਸਮੇਂ ਤੋਂ ਨਸ਼ੇ ਦਾ ਕਾਰੋਬਾਰ ਚੱਲ ਰਿਹਾ ਹੈ। ਇਸ ਸਬੰਧੀ ਪੁਲਿਸ ਅਧਿਕਾਰੀਆਂ ਨੂੰ ਕਈ ਵਾਰ ਸ਼ਿਕਾਇਤਾਂ ਦਿੱਤੀਆਂ ਗਈਆਂ ਪਰ ਇਸ ਦੇ ਬਾਵਜੂਦ ਨਸ਼ੇ ਦੇ ਕਾਰੋਬਾਰ 'ਤੇ ਪ੍ਰਭਾਵਸ਼ਾਲੀ ਰੋਕ ਨਹੀਂ ਲੱਗ ਸਕੀ।
ਸਰਪੰਚ ਸੋਨੂੰ ਮੁਤਾਬਕ, ਪਿੰਡ ਵਿੱਚ ਨਸ਼ੇ ਦੀ ਲਤ ਕਾਰਨ ਮੋਟਰਸਾਈਕਲ ਚੋਰੀ ਅਤੇ ਲੁੱਟ-ਖੋਹ ਵਰਗੀਆਂ ਵਾਰਦਾਤਾਂ ਵੀ ਵਧ ਰਹੀਆਂ ਹਨ। ਕਈ ਪਰਿਵਾਰ ਆਪਣੇ ਬੱਚਿਆਂ ਦੀ ਨਸ਼ੇ ਦੀ ਆਦਤ ਤੋਂ ਪਰੇਸ਼ਾਨ ਹਨ। ਹਾਲਾਤ ਇਹ ਹਨ ਕਿ ਨਸ਼ੇ ਦੇ ਆਦੀ ਨੌਜਵਾਨ ਆਪਣੀ ਲਤ ਪੂਰੀ ਕਰਨ ਲਈ ਘਰਾਂ ਦਾ ਸਾਮਾਨ ਅਤੇ ਔਰਤਾਂ ਦੇ ਗਹਿਣੇ ਤੱਕ ਵੇਚ ਰਹੇ ਹਨ। ਇਸ ਨਾਲ ਪਰਿਵਾਰਾਂ ਦੇ ਨਾਲ-ਨਾਲ ਪੂਰੇ ਪਿੰਡ ਦਾ ਮਾਹੌਲ ਪ੍ਰਭਾਵਿਤ ਹੋ ਰਿਹਾ ਹੈ।