- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਵੱਖ-ਵੱਖ ਥਾਵਾਂ ’ਤੇ ਪੁਤਲਾ ਫ਼ੂਕ ਪ੍ਰਦਰਸ਼ਨ

-ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਐੱਫਆਈਆਰ ਦਰਜ ਕਰਨ ਦੀ ਮੰਗ
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਲੁਧਿਆਣਾ ਸ਼ਹਿਰ ਵਿੱਚ ਵੱਖ-ਵੱਖ ਥਾਂਈ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ। ਕਾਂਗਰਸੀਆਂ ਨੇ ਦੇਸ਼ ਦੀ ਚੋਣ ਪ੍ਰਕਿਰਿਆ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟਾਉਂਦੇ ਹੋਏ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਤੋਂ ਦਖ਼ਲ ਦੇਣ ਦੀ ਮੰਗ ਕੀਤੀ ਹੈ। ਕਾਂਗਰਸ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਅਹੁਦੇ ਤੋਂ ਹਟਾਉਣ ਅਤੇ ਉਨ੍ਹਾਂ ਦੇ ਖਿਲਾਫ ਐੱਫਆਈਆਰ ਦਰਜ ਕਰਨ ਦੀ ਮੰਗ ਕੀਤੀ।
-ਬਾਕਸ-
-ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਮੁੱਖ ਚੋਣ ਕਮਿਸ਼ਨਰ ਖ਼ਿਲਾਫ਼ ਰੋਸ ਮੁਜ਼ਾਹਰਾ
9) ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਮੁੱਖ ਚੋਣ ਕਮਿਸ਼ਨਰ ਦਾ ਪੁਤਲਾ ਫੂਕ ਕੇ ਰੋਸ ਮੁਜ਼ਾਹਰਾ ਕਰਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਸੰਜੇ ਤਲਵਾੜ, ਹੋਰ ਕਾਂਗਰਸੀ ਆਗੂ ਤੇ ਵਰਕਰਜ਼।
ਪੰਜਾਬ ਕਾਂਗਰਸ ਦੇ ਹੁਕਮਾਂ ਅਨੁਸਾਰ ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਸੰਜੇ ਤਲਵਾੜ ਦੀ ਅਗਵਾਈ ਹੇਠ ਟਿੱਬਾ/ਤਾਜਪੁਰ ਰੋਡ ’ਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ। ਕਾਂਗਰਸੀਆਂ ਨੇ ਗਿਆਨੇਸ਼ ਕੁਮਾਰ ਨੂੰ ਹਟਾਉਣ ਦੀ ਮੰਗ ਵੀ ਕੀਤੀ। ਤਲਵਾੜ ਨੇ ਦੋਸ਼ ਲਾਇਆ ਕਿ ਗਿਆਨੇਸ਼ ਕੁਮਾਰ ਨੇ ਚੋਣ ਪ੍ਰਕਿਰਿਆ ਨੂੰ ਕਮਜ਼ੋਰ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਵੋਟਰ ਸੂਚੀ ਵਿੱਚੋਂ 13.8 ਕਰੋੜ ਲੋਕਾਂ ਦੇ ਨਾਂ ਹਟਾ ਕੇ ਉਨ੍ਹਾਂ ਨੂੰ ਵੋਟ ਪਾਉਣ ਦੇ ਅਧਿਕਾਰ ਤੋਂ ਵਾਂਝਾ ਕੀਤਾ ਗਿਆ ਹੈ। ਇਹ ਗਿਣਤੀ ਦੇਸ਼ ਦੇ ਕੁੱਲ ਵੋਟਰਾਂ ਦਾ ਲਗਭਗ 15 ਪ੍ਰਤੀਸ਼ਤ ਹੈ। ਉਨ੍ਹਾਂ ਕਿਹਾ ਕਿ ਵੋਟ ਦਾ ਅਧਿਕਾਰ ਲੋਕਤੰਤਰ ਦੀ ਨੀਂਹ ਹੈ ਅਤੇ ਇਸ ਦੀ ਰੱਖਿਆ ਕਰਨਾ ਬਹੁਤ ਜ਼ਰੂਰੀ ਹੈ। ਜਿਨ੍ਹਾਂ ਵੋਟਰਾਂ ਦੇ ਨਾਂ ਸੂਚੀ ਵਿੱਚੋਂ ਹਟਾਏ ਗਏ, ਉਨ੍ਹਾਂ ਨੂੰ ਆਪਣਾ ਪੱਖ ਰੱਖਣ ਅਤੇ ਵੋਟ ਦਾ ਅਧਿਕਾਰ ਬਚਾਉਣ ਦਾ ਪੂਰਾ ਮੌਕਾ ਨਹੀਂ ਦਿੱਤਾ ਗਿਆ। ਉਨ੍ਹਾਂ ਇੰਨੇ ਵੱਡੇ ਪੱਧਰ 'ਤੇ ਵੋਟਰਾਂ ਦੇ ਨਾਂ ਹਟਾਏ ਜਾਣ ਨੂੰ ਅਭੂਤਪੂਰਵ ਦੱਸਦਿਆਂ ਕਿਹਾ ਕਿ ਇਸ ਨਾਲ ਦੇਸ਼ ਦੀ ਚੋਣ ਪ੍ਰਕਿਰਿਆ ਦੀ ਭਰੋਸੇਯੋਗਤਾ 'ਤੇ ਗੰਭੀਰ ਸਵਾਲ ਖੜ੍ਹੇ ਹੁੰਦੇ ਹਨ। ਗਿਆਨੇਸ਼ ਕੁਮਾਰ ਦੀ ਅਗਵਾਈ ਹੇਠ ਚੋਣ ਕਮਿਸ਼ਨ ਕੇਂਦਰ ਸਰਕਾਰ ਨਾਲ ਮਿਲ ਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦਾ ਕੰਮ ਕਰ ਰਿਹਾ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਨੇ ਆਪਣੇ ਦੋਸ਼ਾਂ ਦੇ ਸਮਰਥਨ ਵਿੱਚ ਸਬੂਤ ਵੀ ਪੇਸ਼ ਕੀਤੇ ਹਨ। ਗਿਆਨੇਸ਼ ਕੁਮਾਰ ਦੇ ਕੰਮਕਾਜ 'ਤੇ ਚੋਣ ਕਮਿਸ਼ਨ ਦੇ ਅੰਦਰੋਂ ਵੀ ਇਤਰਾਜ਼ ਉੱਠੇ ਹਨ। ਉਨ੍ਹਾਂ ਕਿਹਾ ਕਿ ਦੋ ਚੋਣ ਕਮਿਸ਼ਨਰਾਂ ਨੇ ਵੀ ਉਨ੍ਹਾਂ ਦੇ ਕੰਮਕਾਜ 'ਤੇ ਸਵਾਲ ਚੁੱਕੇ ਹਨ। ਅਜਿਹੇ ਵਿੱਚ ਚੋਣ ਕਮਿਸ਼ਨ ਦੇ ਕੰਮਕਾਜ ਦੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਇਹ ਕਥਿਤ ਕਾਰਵਾਈਆਂ ਸਰਵਵਿਆਪਕ ਬਾਲਗ ਮਤਾਧਿਕਾਰ ਦੇ ਸੰਵਿਧਾਨਕ ਸਿਧਾਂਤ ਦੀ ਉਲੰਘਣਾ ਕਰਦੀਆਂ ਹਨ ਅਤੇ ਇਸ ਨਾਲ ਚੋਣ ਪ੍ਰਕਿਰਿਆ 'ਤੇ ਜਨਤਾ ਦਾ ਵਿਸ਼ਵਾਸ ਕਮਜ਼ੋਰ ਹੋ ਸਕਦਾ ਹੈ। ਭਾਰਤ ਦੀਆਂ ਚੋਣਾਂ ਨੂੰ ਦੁਨੀਆ ਭਰ ਵਿੱਚ ਨਿਰਪੱਖ ਮੰਨਿਆ ਜਾਂਦਾ ਰਿਹਾ ਹੈ, ਪਰ ਗਿਆਨੇਸ਼ ਕੁਮਾਰ ਵਰਗੇ ਲੋਕਾਂ ਦੇ ਉੱਚ ਅਹੁਦੇ 'ਤੇ ਹੋਣ ਨਾਲ ਚੋਣ ਪ੍ਰਕਿਰਿਆ ਦੀ ਨਿਰਪੱਖਤਾ ਦਾਅ 'ਤੇ ਲੱਗ ਗਈ ਹੈ।
-ਬਾਕਸ-
-ਹਲਕਾ ਲੁਧਿਆਣਾ ਪੱਛਮੀ ’ਚ ਕਾਂਗਰਸ ਨੇ ਕੀ ਮੁੱਖ ਚੋਣ ਕਮਿਸ਼ਨਰ ਖਿਲਾਫ਼ ਪ੍ਰਗਟਾਇਆ ਰੋਸ
11) ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੇ ਸਰਾਭਾ ਨਗਰ ’ਚ ਪੁਤਲਾ ਫੂਕ ਮੁਜ਼ਾਹਰਾ ਕਰਦੇ ਪਵਨ ਦੀਵਾਨ ਤੇ ਹੋਰ ਕਾਂਗਰਸੀ।
ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ (ਸ਼ਹਿਰੀ) ਦੇ ਸਾਬਕਾ ਪ੍ਰਧਾਨ ਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਦੀ ਅਗਵਾਈ ਹੇਠ ਅੱਜ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੇ ਸਰਾਭਾ ਨਗਰ ਵਿਖੇ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਉਨ੍ਹਾਂ ਦਾ ਪੁਤਲਾ ਫੂਕਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ‘ਚੋਣ ਕਮਿਸ਼ਨ ਵੋਟ ਚੋਰ, ਵੋਟ ਚੋਰ ਗੱਦੀ ਛੱਡ, ਗਿਆਨੇਸ਼ ਕੁਮਾਰ ਦੇਸ਼ ਧ੍ਰੋਹੀ, ਅਸਤੀਫ਼ਾ ਦਿਓ’ ਅਤੇ ‘ਵੋਟ ਚੋਰੀ ਬੰਦ ਕਰੋ’ ਦੇ ਨਾਅਰੇ ਵੀ ਲਗਾਏ। ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ, ਪਵਨ ਦੀਵਾਨ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ’ਤੇ ਦੇਸ਼ ਦੀ ਲੋਕਤੰਤਰੀ ਪ੍ਰਕਿਰਿਆ ਨੂੰ ਕਮਜ਼ੋਰ ਕਰਨ ਅਤੇ ਇਸਨੂੰ ਪਟੜੀ ਤੋਂ ਉਤਾਰਨ ਦੇ ਦੋਸ਼ ਲਗਾਏ। ਦੀਵਾਨ ਨੇ ਮੰਗ ਕੀਤੀ ਕਿ ਦੇਸ਼ ਦੀ ਕਮਜ਼ੋਰ ਹੋ ਚੁੱਕੀ ਅਤੇ ਕਥਿਤ ਤੌਰ ’ਤੇ ਭ੍ਰਿਸ਼ਟ ਚੋਣ ਪ੍ਰਣਾਲੀ ਨੂੰ ਮੁੜ ਬਹਾਲ ਕਰਨ ਵੱਲ ਪਹਿਲਾ ਕਦਮ ਮੌਜੂਦਾ ਮੁੱਖ ਚੋਣ ਕਮਿਸ਼ਨਰ ਨੂੰ ਹਟਾਉਣਾ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਹਰ ਲੰਘਦੇ ਦਿਨ ਨਾਲ ਅਜਿਹੇ ਨਵੇਂ ਸਬੂਤ ਸਾਹਮਣੇ ਆ ਰਹੇ ਹਨ, ਜੋ ਇਹ ਦਰਸਾਉਂਦੇ ਹਨ ਕਿ ਮੁੱਖ ਚੋਣ ਕਮਿਸ਼ਨਰ ’ਤੇ ਕਿਵੇਂ ਸਵਾਲ ਉੱਠ ਰਹੇ ਹਨ ਅਤੇ ਚੋਣ ਪ੍ਰਕਿਰਿਆ ਵਿੱਚ ਹੇਰਾਫੇਰੀ ਲਈ ਭਾਜਪਾ ਨਾਲ ਮਿਲੀਭੁਗਤ ਦੇ ਦੋਸ਼ ਲਗਾਏ ਜਾ ਰਹੇ ਹਨ। ਉਨ੍ਹਾਂ ਨੇ ਜ਼ੋਰ ਦਿੰਦਿਆਂ, ਕਿਹਾ ਕਿ ਦੇਸ਼ ਦੇ ਇਤਿਹਾਸ ਵਿੱਚ ਅਜਿਹੀ ਸਥਿਤੀ ਪਹਿਲਾਂ ਕਦੇ ਨਹੀਂ ਬਣੀ ਸੀ। ਉਨ੍ਹਾਂ ਨੇ ਮੰਗ ਕੀਤੀ ਕਿ ਪੰਜਾਬ ਦੀਆਂ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵਿਜ਼ਨ (ਐੱਸਆਈਆਰ) ਨੂੰ ਰੱਦ ਕੀਤਾ ਜਾਵੇ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਇਸ ਨਾਲ ਅਸਲ ਵੋਟਰਾਂ ਨੂੰ ਵੋਟ ਦੇ ਅਧਿਕਾਰ ਤੋਂ ਵਾਂਝਾ ਕੀਤੇ ਜਾਣ ਦਾ ਖ਼ਤਰਾ ਹੈ, ਜਿਨ੍ਹਾਂ ਬਾਰੇ ਭਾਜਪਾ ਨੂੰ ਡਰ ਹੈ ਕਿ ਉਹ ਉਸ ਦੇ ਹੱਕ ਵਿੱਚ ਵੋਟ ਨਹੀਂ ਪਾਉਣਗੇ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਵਰਤੀਆਂ ਗਈਆਂ ਵੋਟਰ ਸੂਚੀਆਂ ਦੇ ਆਧਾਰ ’ਤੇ ਹੀ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ। ਦੀਵਾਨ ਨੇ ਕਾਂਗਰਸੀ ਵਰਕਰਾਂ ਤੇ ਨਾਗਰਿਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੋਟਰਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਸੁਰੱਖਿਆ ਉਪਾਵਾਂ ਦੀ ਮੰਗ ਕਰਨ।
ਉਨ੍ਹਾਂ ਕਿਹਾ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀਆਂ ਵੋਟਰ ਸੂਚੀਆਂ ਦੀ ਰਿਵਿਜ਼ਨ ਸਬੰਧੀ ਉੱਠ ਰਹੀਆਂ ਚਿੰਤਾਵਾਂ ਦਾ ਚੋਣ ਕਮਿਸ਼ਨ ਵੱਲੋਂ ਨਿਪਟਾਰਾ ਕੀਤਾ ਜਾਣਾ ਚਾਹੀਦਾ ਹੈ ਅਤੇ ਵੋਟਰਾਂ ਨੂੰ ਭਰੋਸਾ ਦਿਵਾਇਆ ਜਾਣਾ ਚਾਹੀਦਾ ਹੈ ਕਿ ਹਰ ਪਾਰਟੀ ਅਤੇ ਹਰ ਵਿਧਾਨ ਸਭਾ ਹਲਕੇ ਲਈ ਇੱਕੋ ਜਿਹੇ ਮਾਪਦੰਡ ਲਾਗੂ ਹੋਣਗੇ। ਇਸ ਮੌਕੇ ਪ੍ਰਦਰਸ਼ਨ ਵਿੱਚ ਸ਼ਾਮਲ ਪ੍ਰਮੁੱਖ ਆਗੂਆਂ ਵਿੱਚ ਸੁਸ਼ੀਲ ਮਲਹੋਤਰਾ, ਨਿੱਕੀ ਰਿਆਤ, ਜਸਵਿੰਦਰ ਓਸਾਹਨ, ਕੁਲਬੀਰ ਨੀਟਾ, ਰੋਹਿਤ ਪਾਹਵਾ, ਦੀਪਕ ਹੰਸ, ਬ੍ਰਿਜ ਮੋਹਨ ਕਾਲੀਆ, ਬਲਜੀਤ ਆਹੂਜਾ, ਅਵਤਾਰ ਸਿੰਘ, ਮੋਹਿਤ ਚੁੱਘ , ਹਰਭਗਤ ਗਰੇਵਾਲ, ਵਵੇਸ਼ ਵਾਸਨ, ਗੁਰਨਾਮ ਸਿੰਘ ਕਲੇਰ, ਰਜਿੰਦਰ ਸਿੰਘ, ਡਾ. ਜੋਧਾ ਰਾਮ ਜਖਮੀ, ਵਰੁਣ ਸ਼ਰਮਾ, ਸਤੀਸ਼ ਗਰਗ, ਲਕਸ਼ਵਿਆਰ ਜਿੰਦਲ, ਲਲਿਤ ਕੁਮਾਰ, ਜਗਮੋਹਨ ਸਿੰਘ ਨਿੱਕੂ, ਬ੍ਰਿਜ ਕਿਸ਼ੋਰ, ਹਾਰਸ਼ਿਤ ਕਪੂਰ, ਦੀਪਕ ਵਰਮਾ, ਪੰਮੀ ਕੌਸ਼ਲ, ਰਜਨੀਸ਼ ਸਿੰਗਲਾ ਵੀ ਸ਼ਾਮਲ ਰਹੇ।
-ਬਾਕਸ-
-ਹਲਕਾ ਦੱਖਣੀ ਦੇ ਕਾਂਗਰਸੀਆਂ ਨੇ ਕੇਕੇ ਬਾਵਾ ਦੀ ਅਗਵਾਈ ’ਚ ਚੋਣ ਕਮਿਸ਼ਨ ਖ਼ਿਲਾਫ਼ ਰੋਸ ਵਿਖਾਵਾ
21) ਹਲਕਾ ਲੁਧਿਆਣਾ ਦੱਖਣੀ ’ਚ ਚੋਣ ਕਮਿਸ਼ਨਰ ਖ਼ਿਲਾਫ਼ ਰੋਸ ਮੁਜ਼ਾਹਰਾ ਕਰਦੇ ਕ੍ਰਿਸ਼ਨ ਕੁਮਾਰ ਬਾਵਾ ਤੇ ਹੋਰ ਕਾਂਗਰਸੀ ਆਗੂ ਤੇ ਵਰਕਰਜ਼।
ਅੱਜ ਹਲਕਾ ਲੁਧਿਆਣਾ ਦੱਖਣੀ ਵਿਖੇ ਕਾਂਗਰਸੀ ਵਰਕਰਾਂ ਨੇ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਏਆਈਸੀਸੀ (ਓਬੀ) ਇੰਚਾਰਜ ਹਿਮਾਚਲ ਪ੍ਰਦੇਸ਼, ਵਰਿੰਦਰ ਭੱਲਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਓਬੀਸੀ, ਮਾਸਟਰ ਹਰੀਦੇਵ ਬਾਵਾ ਜਨਰਲ ਸਕੱਤਰ ਜ਼ਿਲਾ ਕਾਂਗਰਸ, ਸ਼ਿਵਾ, ਬਲਜੀਤ ਮਾਲੜਾ, ਰਾਕੇਸ਼ ਗੋਇਲ ਜਨਰਲ ਸਕੱਤਰ ਜ਼ਿਲਾ ਕਾਂਗਰਸ, ਮਹਿਲਾ ਨੇਤਾ ਮਮਤਾ ਰਾਣੀ ਦੀ ਅਗਵਾਈ ਵਿੱਚ ਭਾਜਪਾ ਵੱਲੋਂ ਚੋਣ ਕਮਿਸ਼ਨ ਰਾਹੀਂ ਵੋਟ ਚੋਰੀ ਦਾ ਸੜਕਾਂ 'ਤੇ ਉਤਰ ਕੇ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ। ਉਹਨਾਂ ਕਿਹਾ ਕਿ ਅਸੀਂ ਭਾਰਤ ਦੇ ਮਹਾਨ ਸਪੂਤ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਨ ਕੇਕ ਕੱਟ ਕੇ ਮਨਾ ਰਹੇ ਹਾਂ, ਪਰ ਉਹਨਾਂ ਵੱਲੋਂ ਫਾਂਸੀ ਦਾ ਰੱਸਾ ਚੁੰਮ ਕੇ ਸਾਨੂੰ ਲੋਕਤੰਤਰ ਸਥਾਪਿਤ ਕਰਕੇ ਵੋਟ ਦਾ ਅਧਿਕਾਰ ਲੈ ਕੇ ਦਿੱਤਾ ਗਿਆ, ਜਿਸ ਨੂੰ ਕੇਂਦਰ ਦੀ ਭਾਜਪਾ ਸਰਕਾਰ ਭੁੱਲ ਗਈ ਹੈ। ਬਾਵਾ ਨੇ ਕਿਹਾ ਕਿ ਭਾਜਪਾ ਭਾਰਤੀ ਲੋਕਤੰਤਰ ਦੀਆਂ ਚੂਲਾਂ ਕਮਜ਼ੋਰ ਕਰ ਰਹੀ ਹੈ, ਜੋ ਭਾਰਤ ਦੇ ਭਵਿੱਖ ਲਈ ਖਤਰਾ ਹੈ। ਉਹਨਾਂ ਕਿਹਾ ਕਿ ਵੋਟ ਹੀ ਸ਼ਕਤੀ ਹੈ। ਇਸ ਨੂੰ ਸਿਰਫ ਆਪਣੇ ਹਿੱਤਾਂ ਲਈ ਟੇਢੇ ਢੰਗ ਨਾਲ ਵਰਤ ਕੇ ਹਮੇਸ਼ਾ ਲਈ ਸੱਤਾ 'ਤੇ ਕਾਬਜ਼ ਰਹਿਣ ਲਈ ਅਜਿਹਾ ਕਰਨਾ ਭਾਰਤੀ ਸੰਵਿਧਾਨ ਅਤੇ ਲੋਕਤੰਤਰ ਦਾ ਨਿਰਾਦਰ ਹੈ। ਉਹਨਾਂ ਕਿਹਾ ਕਿ ਭਾਰਤ ਦਾ ਭਵਿੱਖ ਰਾਹੁਲ ਗਾਂਧੀ ਦੀ ਦੇਸ਼ ਭਗਤੀ ਅਤੇ ਸਪੱਸ਼ਟ ਸੋਚ ਨੂੰ ਭਾਰਤ ਦਾ ਯੁਵਾ ਸਮਝ ਗਿਆ ਹੈ ਜੋ ਇਕ ਦਿਨ ਫਿਰਕੂ ਲੋਕਾਂ ਤੋਂ ਭਾਰਤ ਨੂੰ ਆਜ਼ਾਦ ਕਰਵਾਏਗਾ।
ਉਹਨਾਂ ਕਿਹਾ ਕਿ ਅੱਜ ਪੰਜਾਬ ਦੀ 'ਆਪ' ਸਰਕਾਰ ਵੀ ਧਰਮ ਦੇ ਨਾਂ 'ਤੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ। ਉਹਨਾਂ ਕਿਹਾ ਕਿ ਹਰ ਧਰਮ ਸਤਿਕਾਰਤ ਹੈ ਅਤੇ ਹਰ ਇਨਸਾਨ ਦੀ ਆਪਣੀ ਆਸਥਾ (ਵਿਸ਼ਵਾਸ) ਹੈ। ਲੋੜ ਹੈ ਪੰਜਾਬ ਵਿੱਚ ਕਾਨੂੰਨ ਦਾ ਰਾਜ ਕਾਇਮ ਕੀਤਾ ਜਾਵੇ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਵਿਕਾਸ ਨਾਲੋਂ ਵੱਧ ਐਡ (ਇਸ਼ਤਿਹਾਰਬਾਜੀ) 'ਤੇ ਚੱਲ ਰਹੀ ਹੈ, ਜਦਕਿ ਵਿਕਾਸ ਪੱਖੋਂ ਖਾਲੀ ਢੋਲ ਖੜਕਦੇ ਹਨ। ਰਹਿੰਦੇ ਖੂੰਹਦੇ ਚੁਟਕਲਿਆਂ ਨਾਲ ਪੰਜਾਬੀਆਂ ਦਾ ਢਿੱਡ ਭਰਿਆ ਜਾ ਰਿਹਾ ਹੈ। ਬਾਵਾ ਨੇ ਕਿਹਾ ਕਿ ਭਾਜਪਾ ਨਸ਼ਿਆਂ ਖਿਲਾਫ ਯਾਤਰਾ ਕਰ ਰਹੀ ਹੈ, ਪਰ ਨਸ਼ੇ ਖਤਮ ਕਰਨ ਲਈ ਯਤਨ ਨਹੀਂ ਕਰ ਰਹੀ ਜਦਕਿ ਬਾਰਡਰ 'ਤੇ ਬੀਐੱਸਐਫ ਕੇਂਦਰੀ ਫੋਰਸ ਤਾਇਨਾਤ ਹੈ ਅਤੇ ਨਸ਼ਾ ਸਰਹੱਦੋਂ ਪਾਰ ਆਉਂਦਾ ਹੈ। ਉਹਨਾਂ ਕਿਹਾ ਕਿ ਭਾਜਪਾ ਨੇਤਾ ਕੁਰਸੀ ਦੇ ਨਸ਼ੇ ਵਿੱਚ ਸਟੇਜ 'ਤੇ ਗੁਰੂਹਰਸਹਾਇ ਵਿੱਚ ਕਿਸ ਤਰ੍ਹਾਂ ਕੁਰਸਿਓਂ ਕੁਰਸੀ ਹੋਏ, ਸਭ ਨੇ ਦੇਖ ਹੀ ਲਿਆ ਹੈ। ਜਦਕਿ ਭਾਸ਼ਣ ਦੇਣ ਆਏ ਰਾਜਸਥਾਨ ਦੇ ਮੁੱਖ ਮੰਤਰੀ ਏਅਰਪੋਰਟ ਤੋਂ ਵਾਪਸ ਹੋ ਗਏ। ਉਹਨਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਭਾਜਪਾ ਨੇਤਾਵਾਂ ਅੰਦਰ ਸੰਜੀਦਗੀ ਨਹੀਂ ਸਭ ਫੋਟੋ ਤੱਕ ਹੀ ਸੀਮਤ ਹੈ। ਇਸ ਸਮੇਂ ਰਿੰਕਾ ਗੁਪਤਾ, ਨੀਲਮ ਸ਼ਰਮਾ, ਵਿਜੇ ਲਕਸ਼ਮੀ, ਨਿਰਮਲ ਕੌਰ, ਮਨੀ, ਕਮਲ ਸ਼ੁਕਲਾ, ਅਮਰ ਲੂੰਬਾ, ਬਲਜੀਤ ਸਿੰਘ, ਸੂਬਾ ਸਿੰਘ ਪ੍ਰਧਾਨ, ਸੁਰਜੀਤ ਸਿੰਘ, ਅਮਰਜੀਤ ਸਿੰਘ, ਅਮਰਜੀਤ ਕੌਰ, ਕਿਰਨ ਕਪੂਰ, ਦੀਪਕ ਪੰਡਿਤ, ਸੁੰਦਰਮ ਸ਼ਿਵਮ ਹਾਜਰ ਸਨ।