- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਹਿਮ ਖ਼ਬਰ-ਚੀਫ਼ ਇੰਜੀਨੀਅਰ ਨਾਲ ਮੀਟਿੰਗ ਉਪਰੰਤ ਪੀਐਸਪੀਸੀਐਲ ਦਫ਼ਤਰ ਅੱਗੇ ਲੱਗਣ ਵਾਲਾ ਧਰਨਾ ਅਸਥਾਈ ਤੌਰ ’ਤੇ ਮੁਲਤਵੀ

-ਬਿਜਲੀ ਕੱਟਾਂ ਦੇ ਮੁੱਦੇ ’ਤੇ ਸਨਅਤ ਤੇ ਵਪਾਰਕ ਸਭਾਵਾਂ ਇਕਜੁੱਟ, ਅੱਜ ਦਾ ਰੋਜ਼ਾਨਾ ਕੱਟ ਵੀ ਰੱਦ
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਪੰਜਾਬ ਦੇ ਉਦਯੋਗਾਂ ਨੂੰ ਦਰਪੇਸ਼ ਬਿਜਲੀ ਸੰਕਟ ਅਤੇ ਲਗਾਤਾਰ ਲੱਗ ਰਹੇ ਬਿਜਲੀ ਕੱਟਾਂ ਦੇ ਵਿਰੋਧ ਵਿੱਚ ਉਦਯੋਗਿਕ ਜਥੇਬੰਦੀਆਂ ਵੱਲੋਂ 8 ਸਤੰਬਰ ਨੂੰ ਪੀਐਸਪੀਸੀਐਲ ਦੇ ਕੇਂਦਰੀ ਜ਼ੋਨ ਦਫ਼ਤਰ, ਫਿਰੋਜ਼ਪੁਰ ਰੋਡ, ਲੁਧਿਆਣਾ ਵਿਖੇ ਦਿੱਤਾ ਜਾਣ ਵਾਲਾ ਸ਼ਾਂਤੀਪੂਰਵਕ ਧਰਨਾ ਫਿਲਹਾਲ ਅਸਥਾਈ ਤੌਰ ’ਤੇ ਮੁਲਤਵੀ ਕਰ ਦਿੱਤਾ ਗਿਆ ਹੈ। ਲੁਧਿਆਣਾ ਦੇ ਉਦਯੋਗ ਪਿਛਲੇ ਕਰੀਬ ਇੱਕ ਹਫ਼ਤੇ ਤੋਂ ਰਾਤ ਸਮੇਂ ਲੱਗ ਰਹੇ ਲੰਬੇ ਬਿਜਲੀ ਕੱਟਾਂ ਕਾਰਨ ਕਾਫ਼ੀ ਮਾਯੂਸ ਸੀ। ਬਿਜਲੀ ਸੰਕਟ ਤੋਂ ਪ੍ਰੇਸ਼ਾਨ ਕਾਰੋਬਾਰੀਆਂ ਨੇ ਆਪਣੇ ਕਾਰਖ਼ਾਨੇ ਬੰਦ ਕਰਕੇ ਚਾਬੀਆਂ ਸਰਕਾਰ ਨੂੰ ਸੌਂਪਣ ਅਤੇ ਸੜਕਾਂ ’ਤੇ ਧਰਨਾ ਦੇਣ ਦੀ ਤਿਆਰੀ ਕਰ ਲਈ ਸੀ। ਇਹ ਫੈਪਾਵਰਕੌਮ ਦੇ ਚੀਫ ਇੰਜੀਨੀਅਰ ਜਗਦੇਵ ਸਿੰਘ ਹਾਂਸ ਵੱਲੋਂ ਉਦਯੋਗਿਕ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨੂੰ ਗੱਲਬਾਤ ਲਈ ਸੱਦਾ ਦੇਣ ਅਤੇ ਬਿਜਲੀ ਸਪਲਾਈ ਨਾਲ ਸਬੰਧਤ ਸਮੱਸਿਆਵਾਂ ਦੇ ਹੱਲ ਲਈ ਭਰੋਸਾ ਦੇਣ ਤੋਂ ਬਾਅਦ ਲਿਆ ਗਿਆ।
ਜਾਣਕਾਰੀ ਅਨੁਸਾਰ ਉਦਯੋਗਾਂ ਵਿੱਚ ਬਿਜਲੀ ਦੇ ਲਗਾਤਾਰ ਕੱਟਾਂ ਕਾਰਨ ਉਤਪਾਦਨ ਪ੍ਰਭਾਵਿਤ ਹੋਣ, ਮਸ਼ੀਨਰੀ ਦੇ ਕੰਮ ਵਿੱਚ ਵਿਘਨ ਪੈਣ ਅਤੇ ਉਦਯੋਗਿਕ ਇਕਾਈਆਂ ਨੂੰ ਆਰਥਿਕ ਨੁਕਸਾਨ ਹੋਣ ਦੇ ਮੁੱਦੇ ਨੂੰ ਲੈ ਕੇ ਵੱਖ-ਵੱਖ ਉਦਯੋਗਿਕ ਅਤੇ ਵਪਾਰਕ ਐਸੋਸੀਏਸ਼ਨਾਂ ਵੱਲੋਂ ਇਕੱਠੇ ਹੋ ਕੇ ਆਵਾਜ਼ ਉਠਾਉਣ ਦਾ ਫੈਸਲਾ ਕੀਤਾ ਗਿਆ ਸੀ। ਇਸੇ ਤਹਿਤ 8 ਸਤੰਬਰ ਨੂੰ ਸਵੇਰੇ 11 ਵਜੇ ਪੀਐੱਸਪੀਸੀਐੱਲ ਸੈਂਟਰਲ ਜ਼ੋਨ ਦਫ਼ਤਰ ਦੇ ਬਾਹਰ ਸ਼ਾਂਤਮਈ ਧਰਨਾ ਦੇਣ ਦੀ ਤਿਆਰੀ ਕੀਤੀ ਗਈ ਸੀ। ਪਰ ਇਸ ਦੌਰਾਨ ਪਾਵਰਕੌਮ ਦੇ ਚੀਫ ਇੰਜੀਨੀਅਰ ਦੇ ਦਫ਼ਤਰ ਵੱਲੋਂ ਸਮੂਹ ਉਦਯੋਗਿਕ ਐਸੋਸੀਏਸ਼ਨਾਂ ਨੂੰ ਗੱਲਬਾਤ ਲਈ ਸੱਦਾ ਦਿੱਤਾ ਗਿਆ। ਸੱਦੇ ’ਤੇ ਵੱਖ-ਵੱਖ ਐਸੋਸੀਏਸ਼ਨਾਂ ਦੇ ਪ੍ਰਧਾਨਾਂ ਅਤੇ ਉਨ੍ਹਾਂ ਦੀਆਂ ਟੀਮਾਂ ਨੇ ਚੀਫ਼ ਇੰਜੀਨੀਅਰ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਉਦਯੋਗਾਂ ਨੂੰ ਦਰਪੇਸ਼ ਬਿਜਲੀ ਸੰਕਟ, ਕੱਟਾਂ ਦੀ ਸਮੱਸਿਆ ਅਤੇ ਬਿਜਲੀ ਸਪਲਾਈ ਨੂੰ ਸੁਚਾਰੂ ਬਣਾਉਣ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਹੋਇਆ।
ਚੀਫ ਇੰਜੀਨੀਅਰ ਵੱਲੋਂ ਦਿੱਤੇ ਭਰੋਸੇ ਅਤੇ ਗੱਲਬਾਤ ਰਾਹੀਂ ਮਸਲੇ ਦਾ ਹੱਲ ਕੱਢਣ ਦੀ ਪਹਿਲ ਨੂੰ ਦੇਖਦਿਆਂ ਉਦਯੋਗਿਕ ਐਸੋਸੀਏਸ਼ਨਾਂ ਨੇ 8 ਸਤੰਬਰ ਨੂੰ ਹੋਣ ਵਾਲਾ ਪੀਸਫੁਲ ਧਰਨਾ ਫਿਲਹਾਲ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਹਾਲਾਂਕਿ ਇਸ ਨੂੰ ਅੰਦੋਲਨ ਦੀ ਸਮਾਪਤੀ ਨਹੀਂ, ਸਗੋਂ ਅਸਥਾਈ ਤੌਰ ’ਤੇ ਰੋਕ ਵਜੋਂ ਦੇਖਿਆ ਜਾ ਰਿਹਾ ਹੈ। ਉਦਯੋਗਿਕ ਆਗੂਆਂ ਅਨੁਸਾਰ ਅਗਲੇ ਦਿਨਾਂ ਵਿੱਚ ਬਿਜਲੀ ਸਪਲਾਈ ਦੀ ਸਥਿਤੀ, ਸਰਕਾਰ ਤੇ ਪਾਵਰਕੌਮ ਵੱਲੋਂ ਕੀਤੇ ਜਾਣ ਵਾਲੇ ਕਦਮਾਂ ਅਤੇ ਉਦਯੋਗਾਂ ਨੂੰ ਮਿਲਣ ਵਾਲੀ ਅਸਲ ਰਾਹਤ ਦੀ ਸਮੀਖਿਆ ਕੀਤੀ ਜਾਵੇਗੀ। ਸਮੂਹ ਐਸੋਸੀਏਸ਼ਨਾਂ ਆਪਸੀ ਵਿਚਾਰ-ਵਟਾਂਦਰੇ ਨਾਲ ਅਗਲੀ ਰਣਨੀਤੀ ਤੈਅ ਕਰਨਗੀਆਂ।
ਢੰਡਾਰੀ ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ (ਦੀਵਾ) ਦੇ ਪ੍ਰਧਾਨ ਸਤਨਾਮ ਸਿੰਘ ਮੱਕੜ ਵੱਲੋਂ 37 ਉਦਯੋਗਿਕ ਤੇ ਵਪਾਰਕ ਐਸੋਸੀਏਸ਼ਨਾਂ ਦੇ ਪ੍ਰਧਾਨਾਂ ਅਤੇ ਉਨ੍ਹਾਂ ਦੀਆਂ ਟੀਮਾਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਵੱਖ-ਵੱਖ ਉਦਯੋਗਿਕ ਸੰਸਥਾਵਾਂ ਨੇ ਆਪਣੀਆਂ ਵੱਖਰੀਆਂ ਪਛਾਣਾਂ ਤੋਂ ਉੱਪਰ ਉੱਠ ਕੇ ਉਦਯੋਗਾਂ ਦੀ ਸਾਂਝੀ ਸਮੱਸਿਆ ਲਈ ਇੱਕ ਮੰਚ ’ਤੇ ਇਕੱਠੇ ਹੋ ਕੇ ਆਪਣੀ ਏਕਤਾ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਅਨੁਸਾਰ ਉਦਯੋਗ ਦੀ ਏਕਤਾ ਹੀ ਸਭ ਤੋਂ ਵੱਡੀ ਤਾਕਤ ਹੈ ਅਤੇ ਬਿਜਲੀ ਵਰਗੇ ਬੁਨਿਆਦੀ ਮੁੱਦੇ ’ਤੇ ਸਾਂਝੀ ਆਵਾਜ਼ ਹੀ ਸਰਕਾਰ ਅਤੇ ਸਬੰਧਤ ਵਿਭਾਗ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚ ਸਕਦੀ ਹੈ।
ਫਿਕੋ ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਅਤੇ ਪੰਜਾਬ ਡਾਇਰਸ ਐਸੋਸੀਏਸ਼ਨ ਦੇ ਸਕੱਤਰ ਬੌਬੀ ਜਿੰਦਲ ਨੇ ਦੱਸਿਆ ਕਿ ਚੀਫ਼ ਇੰਜੀਨੀਅਰ ਅਤੇ ਕਾਰੋਬਾਰੀਆਂ ਵਿਚਕਾਰ ਉਦਯੋਗ ਦੀਆਂ ਸਮੱਸਿਆਵਾਂ ਸਬੰਧੀ ਵਿਸਥਾਰ ਨਾਲ ਗੱਲਬਾਤ ਹੋਈ। ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਅੱਜ ਤੋਂ ਉਦਯੋਗ ’ਤੇ ਬਿਜਲੀ ਕੱਟ ਨਹੀਂ ਲਗਾਇਆ ਜਾਵੇਗਾ। ਭਰੋਸੇ ਤੋਂ ਬਾਅਦ ਕਾਰੋਬਾਰੀਆਂ ਨੇ ਫਿਲਹਾਲ ਆਪਣਾ ਧਰਨਾ ਪ੍ਰਦਰਸ਼ਨ ਮੁਲਤਵੀ ਕਰ ਦਿੱਤਾ ਹੈ। ਹੁਣ ਉਦਯੋਗਪਤੀ ਪਾਵਰਕਾਮ ਦੇ ਇਸ ਭਰੋਸੇ ’ਤੇ ਅਮਲ ਹੋਣ ਦੀ ਉਡੀਕ ਕਰਨਗੇ। ਉਦਯੋਗਿਕ ਖੇਤਰ ਨੂੰ ਪ੍ਰਭਾਵਿਤ ਕਰਨ ਵਾਲੇ ਪ੍ਰਸਤਾਵਿਤ ਪੰਜ ਘੰਟਿਆਂ ਦੇ ਰਾਤਰੀ ਬਲੈਕਆਊਟ ਦੇ ਮੁੱਦੇ ਸਬੰਧੀ ਅੱਜ ਉਦਯੋਗਪਤੀਆਂ ਦੀ ਇੱਕ ਮੀਟਿੰਗ ਜਤਿੰਦਰ ਮਿੱਤਲ ਚੇਅਰਮੈਨ, ਨਰਿੰਦਰ ਭੰਮਰਾ, ਹਰਸਿਮਰਜੀਤ ਸਿੰਘ ਲੱਕੀ, ਕੁਲਵੰਤ ਸਿੰਘ ਐਨਕੇਐਚ, ਕਮਲ ਚੌਹਾਨ ਆਦਿ ਹਾਜ਼ਰ ਸਨ।
-ਕਾਰੋਬਾਰੀਆਂ ਨੇ ਸਰਕਾਰ ਨੂੰ ਸੌਂਪਣੀਆਂ ਸਨ ਫੈਕਟਰੀਆਂ ਦੀਆਂ ਚਾਬੀਆਂ
ਮੀਟਿੰਗ ਵਿੱਚ ਕਾਰੋਬਾਰੀਆਂ ਨੇ ਪਾਵਰਕਾਮ ਅਧਿਕਾਰੀਆਂ ਨੂੰ ਆਪਣੀ ਨਾਰਾਜ਼ਗੀ ਤੋਂ ਜਾਣੂੰ ਕਰਵਾਇਆ। ਉਨ੍ਹਾਂ ਕਿਹਾ ਕਿ ਜੇਕਰ ਭਰੋਸੇ ਦੇ ਬਾਵਜੂਦ ਉਦਯੋਗ ਨੂੰ ਲਗਾਤਾਰ ਪਾਵਰ ਕੱਟਾਂ ਦਾ ਸਾਹਮਣਾ ਕਰਨਾ ਪਿਆ ਅਤੇ ਬਿਜਲੀ ਸਪਲਾਈ ਬੰਦ ਕੀਤੀ ਗਈ, ਤਾਂ ਉਹ ਮੁੜ ਸੜਕਾਂ ’ਤੇ ਉਤਰਨ ਲਈ ਮਜਬੂਰ ਹੋਣਗੇ। ਕਾਰੋਬਾਰੀਆਂ ਨੇ ਚਿਤਾਵਨੀ ਦਿੱਤੀ ਸੀ ਕਿ ਅਜਿਹੀ ਸਥਿਤੀ ਵਿੱਚ ਮੰਗਲਵਾਰ ਨੂੰ ਸਮਰਾਲਾ ਚੌਕ ਜਾਮ ਕੀਤਾ ਜਾਵੇਗਾ। ਹਾਲਾਂਕਿ ਪਾਵਰਕਾਮ ਦੇ ਭਰੋਸੇ ਤੋਂ ਬਾਅਦ ਇਹ ਪ੍ਰੋਗਰਾਮ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ।
ਬਿਜਲੀ ਸੰਕਟ ਤੋਂ ਪ੍ਰੇਸ਼ਾਨ ਲੁਧਿਆਣਾ ਦੇ ਕਈ ਪ੍ਰਮੁੱਖ ਉਦਯੋਗਪਤੀਆਂ ਨੇ ਪਹਿਲਾਂ ਹੀ ਚਿਤਾਵਨੀ ਦਿੱਤੀ ਸੀ ਕਿ ਜੇਕਰ ਇੰਡਸਟਰੀਅਲ ਪਾਵਰ ਕੱਟ ਬੰਦ ਨਾ ਕੀਤੇ ਗਏ, ਤਾਂ ਉਹ ਆਪਣੀਆਂ ਫੈਕਟਰੀਆਂ ਦੀਆਂ ਚਾਬੀਆਂ ਸਰਕਾਰ ਨੂੰ ਸੌਂਪ ਦੇਣਗੇ। ਇਸ ਦੇ ਨਾਲ ਹੀ ਸੜਕ ’ਤੇ ਧਰਨਾ ਦੇਣ ਅਤੇ ਆਵਾਜਾਈ ਰੋਕਣ ਦੀ ਵੀ ਚਿਤਾਵਨੀ ਦਿੱਤੀ ਗਈ ਸੀ।
-ਸਰਕਾਰ ਨਾਲ ਗੱਲਬਾਤ ਦਾ ਦਿੱਤਾ ਭਰੋਸਾ
ਮੀਟਿੰਗ ਦੌਰਾਨ ਚੀਫ ਇੰਜੀਨੀਅਰ ਵੱਲੋਂ ਉਦਯੋਗਿਕ ਨੁਮਾਇੰਦਿਆਂ ਨੂੰ ਦੱਸਿਆ ਗਿਆ ਕਿ ਬਿਜਲੀ ਸਪਲਾਈ ਦੇ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਨਾਲ ਗੱਲਬਾਤ ਕੀਤੀ ਜਾ ਚੁੱਕੀ ਹੈ। ਪਟਿਆਲਾ ਵਿਖੇ ਵੀ ਸਬੰਧਤ ਅਧਿਕਾਰੀਆਂ ਨਾਲ ਇਸ ਮੁੱਦੇ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਹੈ। ਉਦਯੋਗ ਜਗਤ ਲਈ ਤੁਰੰਤ ਰਾਹਤ ਵਾਲੀ ਗੱਲ ਇਹ ਰਹੀ ਕਿ ਅੱਜ ਉਦਯੋਗਾਂ ਲਈ ਲਗਾਇਆ ਜਾਣ ਵਾਲਾ ਰੋਜ਼ਾਨਾ ਬਿਜਲੀ ਕੱਟ ਰੱਦ ਕਰ ਦਿੱਤਾ ਗਿਆ ਹੈ। ਇਸ ਫੈਸਲੇ ਨਾਲ ਉਦਯੋਗਿਕ ਇਕਾਈਆਂ ਨੂੰ ਫਿਲਹਾਲ ਕੁੱਝ ਰਾਹਤ ਮਿਲਣ ਦੀ ਉਮੀਦ ਹੈ।
-ਬਿਜਲੀ ਕੱਟਾਂ ਬਾਰੇ ਪਹਿਲਾਂ ਸੂਚਨਾ ਦੇਣ ਦਾ ਦਿਵਾਇਆ ਭਰੋਸਾ
ਪਾਵਰਕੌਮ ਵੱਲੋਂ ਇਹ ਵੀ ਭਰੋਸਾ ਦਿੱਤਾ ਗਿਆ ਕਿ ਜੇਕਰ ਭਵਿੱਖ ਵਿੱਚ ਬਿਜਲੀ ਦੀ ਸਪਲਾਈ ਸਬੰਧੀ ਕੋਈ ਗੰਭੀਰ ਮੁਸ਼ਕਿਲ ਜਾਂ ਕਮੀ ਪੈਦਾ ਹੁੰਦੀ ਹੈ ਅਤੇ ਕੱਟ ਲਗਾਉਣ ਦੀ ਲੋੜ ਪੈਂਦੀ ਹੈ, ਤਾਂ ਉਦਯੋਗਾਂ ਨੂੰ ਪਹਿਲਾਂ ਹੀ ਸੂਚਿਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਨਾਲ ਉਦਯੋਗਿਕ ਇਕਾਈਆਂ ਨੂੰ ਆਪਣੀ ਉਤਪਾਦਨ ਪ੍ਰਕਿਰਿਆ ਅਤੇ ਮਸ਼ੀਨਰੀ ਦੇ ਕੰਮ ਦੀ ਯੋਜਨਾ ਬਣਾਉਣ ਵਿੱਚ ਸਹੂਲਤ ਮਿਲ ਸਕਦੀ ਹੈ। ਮੀਟਿੰਗ ਵਿੱਚ ਇਹ ਵਿਕਲਪ ਵੀ ਵਿਚਾਰ ਅਧੀਨ ਰੱਖਿਆ ਗਿਆ ਕਿ ਜੇਕਰ ਬਿਜਲੀ ਸਪਲਾਈ ਵਿੱਚ ਵਿਘਨ ਜਾਰੀ ਰਹਿੰਦਾ ਹੈ, ਤਾਂ ਰੋਜ਼ਾਨਾ ਕੱਟਾਂ ਦੀ ਥਾਂ ਹਫ਼ਤਾਵਾਰੀ ਕੱਟਾਂ ਦੀ ਵਿਵਸਥਾ ’ਤੇ ਵਿਚਾਰ ਕੀਤਾ ਜਾ ਸਕਦਾ ਹੈ। ਹਾਲਾਂਕਿ ਉਦਯੋਗਿਕ ਜਥੇਬੰਦੀਆਂ ਦੀ ਮੁੱਖ ਮੰਗ ਨਿਰਵਿਘਨ ਅਤੇ ਭਰੋਸੇਯੋਗ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣਾ ਹੈ।
-37 ਸਭਾਵਾਂ ਦੀ ਇਕਜੁੱਟਤਾ ਬਣੀ ਚਰਚਾ ਦਾ ਵਿਸ਼ਾ
ਇਸ ਸਾਂਝੇ ਸੰਘਰਸ਼ ਵਿੱਚ ਸ਼ਾਮਲ ਐਸੋਸੀਏਸ਼ਨਾਂ ਵਿੱਚ ਯੂਨਾਈਟਿਡ ਸਾਈਕਲਜ਼ ਐਂਡ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ (ਯੂਸੀਪੀਐਮਏ), ਫੈਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ (ਫਿਕੋ), ਫਾਸਟਨਰਜ਼ ਮੈਨੂਫੈਕਚਰਰਜ਼ ਐਸੋਸੀਏਸ਼ਨ ਆਫ ਇੰਡੀਆ, ਢੰਡਾਰੀ ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ (ਦੀਵਾ), ਐਸੋਸੀਏਸ਼ਨ ਆਫ਼ ਟਰੇਡ ਐਂਡ ਇੰਡਸਟਰੀਅਲ ਅੰਡਰਟੇਕਿੰਗਜ਼, ਐਪੈਕਸ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ (ਪੰਜਾਬ), ਇੰਡਕਸ਼ਨ ਫਰਨੇਸ ਐਸੋਸੀਏਸ਼ਨ ਆਫ ਨਾਰਥ ਇੰਡੀਆ, ਨਿਟਵੇਅਰ ਕਲੱਬ, ਫਾਸਟਨਰਜ਼ ਸਪਲਾਇਰਜ਼ ਐਸੋਸੀਏਸ਼ਨ, ਲਘੂ ਉਦਯੋਗ ਭਾਰਤੀ–ਲੁਧਿਆਣਾ, ਲੁਧਿਆਣਾ ਸਟੀਲ ਬ੍ਰੋਕਰਜ਼ ਵੈਲਫੇਅਰ ਐਸੋਸੀਏਸ਼ਨ, ਲੁਧਿਆਣਾ ਵਾਇਰ ਮੈਨੂਫੈਕਚਰਰਜ਼ ਐਸੋਸੀਏਸ਼ਨ, ਲੁਧਿਆਣਾ ਹੈਂਡ ਟੂਲਜ਼ ਐਸੋਸੀਏਸ਼ਨ, ਸਮਾਲ ਸਕੇਲ ਇੰਡਸਟਰੀਜ਼ ਐਂਡ ਟਰੇਡਰਜ਼ ਐਸੋਸੀਏਸ਼ਨ, ਸਮਾਲ ਸਕੇਲ ਮਿਲਰ ਗੰਜ ਵੈਲਫੇਅਰ ਐਸੋਸੀਏਸ਼ਨ, ਸਮਾਲ ਮੈਨੂਫੈਕਚਰਰਜ਼ ਐਂਡ ਟਰੇਡਰਜ਼ ਐਸੋਸੀਏਸ਼ਨ, ਗੁਰੂ ਕਿਰਪਾ ਸਮਾਲ ਸਕੇਲ ਇੰਡਸਟਰੀ ਐਸੋਸੀਏਸ਼ਨ, ਚੈਂਬਰ ਆਫ ਇੰਡਸਟਰੀਅਲ ਐਂਡ ਟਰੇਡਿੰਗ ਐਂਟਰਪ੍ਰਿਨਿਊਅਰਜ਼, ਵਿਸ਼ਵਕਰਮਾ ਇੰਡਸਟਰੀਅਲ ਡਿਵੈਲਪਮੈਂਟ ਐਸੋਸੀਏਸ਼ਨ, ਸਮਾਲ ਸਕੇਲ ਇੰਡਸਟਰੀਜ਼ ਐਸੋਸੀਏਸ਼ਨ (ਡਾਬਾ ਰੋਡ), ਜਸਪਾਲ ਬਾਂਗਰ ਇੰਡਸਟਰੀਅਲ ਐਸੋਸੀਏਸ਼ਨ, ਵਰਲਡ ਐਮਐਸਐਮਈ ਫੋਰਮ, ਸਮਾਲ ਮੈਨੂਫੈਕਚਰਰਜ਼ ਵੈਲਫੇਅਰ ਐਸੋਸੀਏਸ਼ਨ, ਸਾਈਕਲ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ (ਬ੍ਰਾਡੋ), ਲੁਧਿਆਣਾ ਐਫਲੂਐਂਟ ਟ੍ਰੀਟਮੈਂਟ ਸੋਸਾਇਟੀ, ਟੈਕਸਟਾਈਲ ਕਲੋਨੀ ਮੈਨੂਫੈਕਚਰਰਜ਼ ਐਸੋਸੀਏਸ਼ਨ, ਆਟੋ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ ਆਫ ਇੰਡੀਆ,ਢੰਡਾਰੀ ਡਿਵੈਲਪਮੈਂਟ ਕਲੱਬ, ਫੋਕਲ ਪੁਆਇੰਟ ਫੇਜ਼-8, 34 ਏਕੜ ਐਸੋਸੀਏਸ਼ਨ, ਲੁਧਿਆਣਾ ਨਿਟਰਜ਼ ਐਸੋਸੀਏਸ਼ਨ, ਲੁਧਿਆਣਾ ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ, ਪਲਾਸਟਿਕ ਮੈਨੂਫੈਕਚਰਰਜ਼ ਐਂਡ ਟਰੇਡਰਜ਼ ਐਸੋਸੀਏਸ਼ਨ, ਫੋਕਲ ਪੁਆਇੰਟ ਫੇਜ਼-8 ਐਸੋਸੀਏਸ਼ਨ, ਫੋਕਲ ਪੁਆਇੰਟ ਇੰਡਸਟਰੀਜ਼ ਵੈਲਫੇਅਰ ਐਸੋਸੀਏਸ਼ਨ (ਐਫਆਈਡਬਲਿਊਏ), ਇੰਡਸਟਰੀਅਲ ਐਸੋਸੀਏਸ਼ਨ ਆਫ ਲੁਧਿਆਣਾ, ਸਮਾਲ ਸਕੇਲ ਮੈਨੂਫੈਕਚਰਰਜ਼ ਐਸੋਸੀਏਸ਼ਨ (ਰਜਿ.) ਜਨਤਾ ਨਗਰ, ਯੂਨਾਈਟਿਡ ਸਿਲਾਈ ਮਸ਼ੀਨ ਐਂਡ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ ਸ਼ਾਮਲ ਹਨ। ਉਦਯੋਗਿਕ ਆਗੂਆਂ ਨੇ ਸਪੱਸ਼ਟ ਕੀਤਾ ਕਿ ਮੌਜੂਦਾ ਸਮੇਂ ਧਰਨਾ ਮੁਲਤਵੀ ਕੀਤਾ ਗਿਆ ਹੈ, ਪਰ ਉਦਯੋਗਾਂ ਲਈ ਭਰੋਸੇਯੋਗ, ਨਿਰਵਿਘਨ ਅਤੇ ਯੋਜਨਾਬੱਧ ਬਿਜਲੀ ਸਪਲਾਈ ਦਾ ਮੁੱਦਾ ਅਜੇ ਵੀ ਕੇਂਦਰ ਵਿੱਚ ਹੈ। ਹੁਣ ਉਦਯੋਗ ਜਗਤ ਦੀ ਨਜ਼ਰ ਪਾਵਰਕੌਮ ਅਤੇ ਪੰਜਾਬ ਸਰਕਾਰ ਵੱਲੋਂ ਕੀਤੇ ਜਾਣ ਵਾਲੇ ਅਗਲੇ ਕਦਮਾਂ ’ਤੇ ਰਹੇਗੀ।
-ਬਾਕਸ-
-ਬਿਜਲੀ ਕੱਟ ਨਾ ਲਾਉਣ ਦੇ ਫ਼ੈਸਲੇ ਦੀ ਸੀਸਆਈਸੀਯੂ ਵੱਲੋਂ ਸ਼ਲਾਘਾ
ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਸ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਕਿਹਾ ਕਿ ਬਿਜਲੀ ਕੱਟਾਂ ਬਾਰੇ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚਿੱਠੀ ਲਿਖੀ ਸੀ ਅਤੇ ਬਿਜਲੀ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੂੰ ਮਿਲ ਕੇ ਇਸ ਮਸਲੇ ਦਾ ਹੱਲ ਕਰਨ ਦੀ ਅਪੀਲ ਕੀਤੀ ਸੀ।ਉਨ੍ਹਾਂ ਕਿਹਾ ਕਿ ਅੱਜ ਵੀ ਸੀਆਈਸੀਯੂ ਦੇ ਵਫ਼ਦ ਦੇ ਮੈਂਬਰਾਂ ਜਨਰਲ ਸਕੱਤਰ ਹਨੀ ਸੇਠੀ, ਸੰਯੁਕਤ ਸਕੱਤਰ ਡਾ.ਐਸਬੀ ਸਿੰਘ, ਮੀਤ ਪ੍ਰਧਾਨ ਗੌਤਮ ਮਲਹੋਤਰਾ, ਸੰਜੇ ਧੀਮਾਨ ਅਤੇ ਦੀਦਾਰਜੀਤ ਸਿੰਘ ਲੋਟੇ ਨੇ ਚੀਫ਼ ਇੰਜੀਨੀਅਰ ਨਾਲ ਮੁਲਾਕਾਤ ਕਰਕੇ ਲੁਧਿਆਣਾ ਵਿੱਚ ਬਿਜਲੀ ਕੱਟ ਨਾ ਲਗਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਬਿਜਲੀ ਉਤਪਾਦਨ ਵਧਾਉਣ ਵਾਲੇ ਪਾਸੇ ਧਿਆਨ ਦੇਣਾ ਚਾਹੀਦਾ ਹੈ।