ਬਿਜਲੀ ਮੰਤਰੀ ਦੇ ਘਰ ਬਾਹਰ ਕੱਚੇ ਮੁਲਾਜ਼ਮਾਂ ਦਾ ਧਰਨਾ ਸਮਾਪਤ, ਹੱਲ ਦੀ ਉਮੀਦ
ਬਿਜਲੀ ਮੰਤਰੀ ਦੇ ਘਰ ਬਾਹਰ ਕੱਚੇ ਮੁਲਾਜ਼ਮਾਂ ਦਾ ਧਰਨਾ ਸਮਾਪਤ, ਹੱਲ ਦੀ ਉਮੀਦ
Publish Date: Tue, 23 Jun 2026 09:16 PM (IST)
Updated Date: Wed, 24 Jun 2026 04:07 AM (IST)

ਵਿੱਤ ਮੰਤਰੀ ਚੀਮਾ ਦਾ ਮਿਲਿਆ ਭਰੋਸਾ, ਮੁਲਾਜ਼ਮਾਂ ਨੇ ਦਿੱਤਾ ਇੱਕ ਹਫ਼ਤੇ ਦਾ ਸਮਾਂ ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ ਖੰਨਾ : ਖੰਨਾ ਵਿਖੇ ਬੀਤੇ 15 ਜੂਨ ਤੋਂ ਬਿਜਲੀ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਦੇ ਘਰ ਬਾਹਰ ਕੱਚੇ ਮੁਲਾਜ਼ਮਾਂ ਦਾ ਸੂਬਾ ਪੱਧਰੀ ਚੱਲ ਰਿਹਾ ਧਰਨਾ ਐੱਸਡੀਐੱਮ ਖੰਨਾ ਸਵਾਤੀ ਟਿਵਾਣਾ ਤੇ ਐੱਸਐੱਸਪੀ ਖੰਨਾ ਡਾ. ਦਰਪਣ ਆਹਲੂਵਾਲੀਆਂ ਦੇ ਸਾਰਥਿਕ ਯਤਨਾਂ ਨਾਲ ਸਮਾਪਤ ਹੋ ਗਿਆ। ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਵਿਦੇਸ਼ ’ਚ ਹੋਣ ਕਰ ਕੇ ਭਾਵੇਂ ਪ੍ਰਸਾਸ਼ਨ ਦੇ ਲਗਾਤਾਰ ਸੰਪਰਕ ’ਚ ਸਨ ਪਰ ਇਹ ਧਰਨਾ ਐੱਸਡੀਐੱਮ ਟਿਵਾਣਾ ਤੇ ਐੱਸਐੱਸਪੀ ਡਾ. ਆਹਲੂਵਾਲੀਆਂ ਨੇ ਆਪਣੀ ਸਮਝਦਾਰੀ ਨਾਲ ਸਰਕਾਰ ਤੇ ਮੁਲਾਜ਼ਮਾਂ ਨਾਲ ਗੱਲਬਾਤ ਕਰਦੇ ਨਜਿੱਠ ਲਿਆ ਹੈ। ਧਰਨੇ ਦੇ ਖਤਮ ਹੋਣ ਨਾਲ ਇਲਾਕੇ ’ਚ ਸ਼ਾਂਤੀ ਦਾ ਮਾਹੌਲ ਬਣਿਆਂ, ਜਿਸ ਨੂੰ ਦੋਵੇਂ ਮਹਿਲਾਂ ਅਫ਼ਸਰਾਂ ਦੀ ਵੱਡੀ ਕਾਮਯਾਬੀ ਵਜੋਂ ਦੇਖਿਆ ਜਾ ਰਿਹਾ ਹੈ। ਇਸ ਸਾਰੇ ਮਾਮਲੇ ’ਚ ਐੱਸਡੀਐੱਮ ਟਿਵਾਣਾ ਤੇ ਐੱਸਐੱਸਪੀ ਡਾ. ਆਹਲੂਵਾਲੀਆਂ ਤੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਅਤੇ ਪੰਜਾਬ ਸਰਕਾਰ ਦੀ ਸਰਗਰਮ ਭੂਮਿਕਾ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਧਰਨੇ ਦੌਰਾਨ ਪੁਲਿਸ ਤੇ ਸਿਵਲ ਪ੍ਰਸ਼ਾਸਨ ਨੇ ਬਹੁਤ ਹੀ ਸੰਵੇਦਨਸ਼ੀਲ ਤੇ ਧੀਰਜਪੂਰਨ ਰਵੱਈਆ ਅਪਣਾਇਆ, ਜਿਸ ਕਰ ਕੇ ਧਰਨਕਾਰੀਆਂ ਨੂੰ ਵੀ ਪ੍ਰਸਾਸ਼ਨ ਵੱਲੋਂ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ। ਜਿੱਥੇ ਐੱਸਐੱਸਪੀ ਡਾ. ਦਰਪਣ ਆਹਲੂਵਾਲੀਆ ਨੇ ਨਾ ਸਿਰਫ਼ ਕਾਨੂੰਨ-ਵਿਵਸਥਾ ਨੂੰ ਸੁਚਾਰੂ ਬਣਾਈ ਰੱਖਿਆ, ਉੱਥੇ ਹੀ ਐੱਸਡੀਐੱਮ ਸਵਾਤੀ ਟਿਵਾਣਾ ਨੇ ਮੁਲਾਜ਼ਮਾਂ ਤੇ ਸਰਕਾਰ ਵਿਚਕਾਰ ਗੱਲਬਾਤ ਦਾ ਪੁਲ ਬਣਨ ’ਚ ਵੀ ਅਹਿਮ ਯੋਗਦਾਨ ਪਾਇਆ। ਉਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਯੂਨੀਅਨ ਦੇ ਨੁਮਾਇੰਦਿਆਂ ਤੇ ਪੰਜਾਬ ਸਰਕਾਰ ਵਿਚਕਾਰ ਸਿੱਧੀ ਗੱਲਬਾਤ ਸੰਭਵ ਹੋ ਸਕੀ, ਜਿਸ ਨਾਲ ਮਸਲੇ ਦੇ ਹੱਲ ਵੱਲ ਰਾਹ ਖੁੱਲ੍ਹਿਆ। ਐੱਸਡੀਐੱਮ ਟਿਵਾਣਾ ਤੇ ਐੱਸਐੱਸਪੀ ਡਾ. ਆਹਲੂਵਾਲੀਆਂ ਦੀ ਪਹਿਲ ਤੇ ਯੂਨੀਅਨ ਨੁਮਾਇੰਦਿਆਂ ਦੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ ਕਰਵਾਈ ਗਈ। ਮੀਟਿੰਗ ਦੌਰਾਨ ਵਿੱਤ ਮੰਤਰੀ ਨੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਸੁਣਿਆ ਤੇ ਭਰੋਸਾ ਦਿੱਤਾ ਕਿ ਸਰਕਾਰ ਇਸ ਮਾਮਲੇ ਸਬੰਧੀ ਐਡਵੋਕੇਟ ਜਨਰਲ ਦੀ ਰਾਏ ਲੈ ਕੇ ਕਾਨੂੰਨੀ ਪੱਖਾਂ ਦੀ ਜਾਂਚ ਕਰੇਗੀ। ਉਨ੍ਹਾਂ ਕਿਹਾ ਕਿ ਜੇਕਰ ਕਾਨੂੰਨੀ ਤੌਰ ’ਤੇ ਸੰਭਵ ਹੋਇਆ ਤਾਂ ਕੱਚੇ ਮੁਲਾਜ਼ਮਾਂ ਨੂੰ ਮਹਿਕਮੇ ਅੰਦਰ ਲਿਆਉਣ ਲਈ ਲੋੜੀਂਦੀ ਕਾਰਵਾਈ ਇੱਕ ਹਫਤੇ ਦੇ ਅੰਦਰ ਅੱਗੇ ਵਧਾਈ ਜਾਵੇਗੀ। ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਦੀ ਭੂਮਿਕਾ ਵੀ ਇਸ ਸਾਰੇ ਮਾਮਲੇ ’ਚ ਕਾਫ਼ੀ ਮਹੱਤਵਪੂਰਨ ਰਹੀ। ਉਨ੍ਹਾਂ ਨੇ ਸ਼ੁਰੂ ਤੋਂ ਹੀ ਸੰਵਾਦ ਅਤੇ ਸ਼ਾਂਤੀਪੂਰਨ ਹੱਲ ਨੂੰ ਤਰਜੀਹ ਦਿੱਤੀ। ਉਨ੍ਹਾਂ ਦੇ ਸਾਕਾਰਾਤਮਕ ਰਵੱਈਏ ਅਤੇ ਸਰਕਾਰ ਤੱਕ ਮੁਲਾਜ਼ਮਾਂ ਦੀ ਆਵਾਜ਼ ਪਹੁੰਚਾਉਣ ਦੇ ਯਤਨਾਂ ਕਾਰਨ ਹੀ ਮਾਹੌਲ ਸੌਖਾ ਬਣਿਆ ਤੇ ਧਰਨਾਕਾਰੀਆਂ ਨੂੰ ਆਪਣੀਆਂ ਗੱਲਾਂ ਸਰਕਾਰ ਅੱਗੇ ਰੱਖਣ ਦਾ ਮੌਕਾ ਮਿਲਿਆ। ਧਰਨਾਕਾਰੀ ਯੂਨੀਅਨ ਆਗੂਆਂ ਨੇ ਵੀ ਸਰਕਾਰ ਦੇ ਭਰੋਸੇ ਤੇ ਵਿਸ਼ਵਾਸ ਜਤਾਉਂਦਿਆਂ ਇੱਕ ਹਫਤੇ ਦਾ ਸਮਾਂ ਦੇਣ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਿੱਤੇ ਭਰੋਸੇ ਅਤੇ ਪ੍ਰਸ਼ਾਸਨ ਦੇ ਸਹਿਯੋਗ ਨੂੰ ਦੇਖਦੇ ਹੋਏ ਉਹ ਫਿਲਹਾਲ ਆਪਣਾ ਸੰਘਰਸ਼ ਰੋਕ ਰਹੇ ਹਨ ਤੇ ਸਰਕਾਰ ਦੀ ਕਾਰਵਾਈ ਦੀ ਉਡੀਕ ਕਰਨਗੇ। ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਪੰਜਾਬ ਸਰਕਾਰ, ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ, ਐੱਸਐੱਸਪੀ ਡਾ. ਆਹਲੂਵਾਲੀਆਂ ਤੇ ਐੱਸਡੀਐੱਮ ਟਿਵਾਣਾ ਨੇ ਸੰਵੇਦਨਸ਼ੀਲਤਾ ਤੇ ਜ਼ਿੰਮੇਵਾਰੀ ਨਾਲ ਕੰਮ ਕਰਦੇ ਹੋਏ ਇੱਕ ਅਹਿਮ ਮਿਸਾਲ ਕਾਇਮ ਕੀਤੀ ਹੈ।