ਪ੍ਰਾਪਰਟੀ ਵਿਵਾਦ ਨੇ ਧਾਰਨ ਕੀਤਾ ਹਿੰਸਕ ਰੂਪ, ਨਸ਼ੇ ’ਚ ਟੱਲੀ ਨੌਜਵਾਨ ਨੇ ਸਾਥੀਆਂ ਸਮੇਤ ਕੀਤਾ ਹਮਲਾ
ਪ੍ਰਾਪਰਟੀ ਵਿਵਾਦ ਨੇ ਧਾਰਨ ਕੀਤਾ ਹਿੰਸਕ ਰੂਪ, ਨਸ਼ੇ ਵਿੱਚ ਟੱਲੀ
Publish Date: Wed, 01 Apr 2026 08:37 PM (IST)
Updated Date: Thu, 02 Apr 2026 04:13 AM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਮਹਾਨਗਰ ਲੁਧਿਆਣਾ ਦੇ ਵਾਲਮੀਕਿ ਮੁਹੱਲੇ ’ਚ ਪ੍ਰਾਪਰਟੀ ਵਿਵਾਦ ਕਾਰਨ ਪੁਰਾਣੀ ਰੰਜਿਸ਼ ਨੇ ਇਕ ਵਾਰ ਫਿਰ ਹਿੰਸਕ ਰੂਪ ਧਾਰਨ ਕਰ ਲਿਆ। ਇਸ ਦੌਰਾਨ ਘਰ ਦੇ ਬਾਹਰ ਬੈਠੇ ਇਕ ਵਿਅਕਤੀ ’ਤੇ ਨਸ਼ੇ ਦੀ ਹਾਲਤ ’ਚ ਆਏ ਨੌਜਵਾਨ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਹਮਲਾ ਕਰ ਦਿੱਤਾ। ਘਟਨਾ ਦੌਰਾਨ ਪੀੜਤ ਨੂੰ ਘੇਰ ਕੇ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਪੀੜਤ ਕਿਸ਼ੋਰ ਘਈ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਨ੍ਹਾਂ ਦਾ ਦੂਜੇ ਪੱਖ ਨਾਲ ਪ੍ਰਾਪਰਟੀ ਨੂੰ ਲੈ ਕੇ ਕਾਫ਼ੀ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਬੀਤੇ ਦਿਨੀਂ ਰਾਤ ਉਹ ਆਪਣੇ ਘਰ ਦੇ ਬਾਹਰ ਬੈਠੇ ਹੋਏ ਸਨ, ਜਦੋਂ ਅਚਾਨਕ ਮੰਥਨ ਨਾਮਕ ਨੌਜਵਾਨ ਨਸ਼ੇ ਦੀ ਹਾਲਤ ’ਚ ਉੱਥੇ ਆ ਗਿਆ। ਆਉਂਦੇ ਹੀ ਉਸ ਨੇ ਬਿਨਾਂ ਕਿਸੇ ਵਜ੍ਹਾ ਤੋਂ ਗਾਲੀ-ਗਲੌਚ ਤੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਗੱਲ ਵਧੀ ਤਾਂ ਮੰਥਨ ਨੇ ਕਿਸ਼ੋਰ ਘਈ ਨਾਲ ਹੱਥਾਪਾਈ ਕਰਨੀ ਸ਼ੁਰੂ ਕਰ ਦਿੱਤੀ। ਪੀੜਤ ਨੇ ਖ਼ੁਦ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਇਸ ਦੌਰਾਨ ਮੰਥਨ ਦੇ ਪਰਿਵਾਰਕ ਮੈਂਬਰ ਵੀ ਮੌਕੇ ‘ਤੇ ਪਹੁੰਚ ਗਏ। ਉਨ੍ਹਾਂ ’ਚ ਅਨੂਪ ਘਈ ਤੇ ਸ਼ੀਲਾ ਘਈ ਵੀ ਸ਼ਾਮਲ ਸਨ। ਸਾਰਿਆਂ ਨੇ ਮਿਲ ਕੇ ਕਿਸ਼ੋਰ ਨੂੰ ਘੇਰ ਲਿਆ ਤੇ ਉਸ ਨਾਲ ਕੁੱਟਮਾਰ ਕੀਤੀ। ਰੌਲਾ ਸੁਣ ਕੇ ਆਲੇ ਦੁਆਲੇ ਦੇ ਲੋਕ ਇਕੱਠੇ ਹੋ ਗਏ ਤੇ ਉਨ੍ਹਾਂ ਦਖ਼ਲ ਦੇ ਕੇ ਪੀੜਤ ਨੂੰ ਹਮਲਾਵਰਾਂ ਤੋਂ ਛੁਡਵਾਇਆ। ਇਸ ਤੋਂ ਬਾਅਦ ਜ਼ਖ਼ਮੀ ਹਾਲਤ ’ਚ ਉਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਦਾਖ਼ਲ ਕਰਵਾਇਆ ਗਿਆ। ਮਾਮਲੇ ਸਬੰਧੀ ਥਾਣਾ ਦਰੇਸੀ ਪੁਲਿਸ ਨੇ ਪੀੜਤ ਦੀ ਸ਼ਿਕਾਇਤ ’ਤੇ ਮੰਥਨ, ਅਨੂਪ ਘਈ ਤੇ ਸ਼ੀਲਾ ਘਈ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਦਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਤੇ ਅਜੇ ਤੱਕ ਦੋਸ਼ੀਆਂ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।