2 ਤੋਂ 8 ਅਕਤੂਬਰ ਤੱਕ ਮਨਾਏ ਜਾਣ ਵਾਲੇ ਦਾਨ ਉਤਸਵ ਬਾਰੇ ਮੀਟਿੰਗ 4 ਦੀ ਲੀਡ-ਲੁਧਿਆਣਾ ’ਚ 2 ਤੋਂ 8 ਅਕਤੂਬਰ ਤੱਕ ਮਨਾਏ ਜਾਣ ਵਾਲੇ ਦਾਨ ਉਤਸਵ 5.0 ਦੀ ਤਿਆਰੀ ਮੀਟਿੰਗ
Publish Date: Thu, 17 Sep 2026 06:31 PM (IST)
Updated Date: Fri, 18 Sep 2026 04:11 AM (IST)
-ਕੱਪੜੇ, ਪੁਸਤਕਾਂ, ਖਾਣ-ਪੀਣ ਦੀਆਂ ਚੀਜ਼ਾਂ ਤੇ ਈ-ਵੇਸਟ ਹੋ ਸਕੇਗਾ ਦਾਨ -70 ਤੋਂ ਵੱਧ ਸੰਸਥਾਵਾਂ ਤੇ 40 ਤੋਂ ਵੱਧ ਕਲੈਕਸ਼ਨ ਸੈਂਟਰ ਲੈਣਗੇ ਹਿੱਸਾ ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ ਸ਼ਹਿਰ ’ਚ ਲੋੜਵੰਦਾਂ ਤੱਕ ਜ਼ਰੂਰੀ ਵਸਤਾਂ ਪਹੁੰਚਾਉਣ ਤੇ ਲੋਕਾਂ ਨੂੰ ਦਾਨ, ਮੁੜ ਵਰਤੋਂ ਤੇ ਸਮਾਜਿਕ ਸੇਵਾ ਨਾਲ ਜੋੜਨ ਦੇ ਉਦੇਸ਼ ਨਾਲ ਇਸ ਵਾਰ ‘ਦਾਨ ਉਤਸਵ 5.0’ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਸਿਟੀਨੀਡਜ਼ ਵੱਲੋਂ ਨਗਰ ਨਿਗਮ ਲੁਧਿਆਣਾ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਇਹ ‘ਫੈਸਟੀਵਲ ਆਫ਼ ਗਿਵਿੰਗ’ 2 ਤੋਂ 8 ਅਕਤੂਬਰ ਤੱਕ ਮਨਾਇਆ ਜਾਵੇਗਾ। ਮੁਹਿੰਮ ’ਚ 70 ਤੋਂ ਵੱਧ ਸੰਸਥਾਵਾਂ ਅਤੇ 40 ਤੋਂ ਵੱਧ ਕਲੈਕਸ਼ਨ ਸੈਂਟਰ ਹਿੱਸਾ ਲੈਣਗੇ। ਦਾਨ ਉਤਸਵ 5.0 ਦੀ ਸ਼ੁਰੂਆਤ ਮੌਕੇ ਸਰਕਟ ਹਾਊਸ ਲੁਧਿਆਣਾ ’ਚ ਸਹਾਇਕ ਕਮਿਸ਼ਨਰ ਜਸਦੇਵ ਸੇਖੋਂ, ਸਿਟੀਨੀਡਜ਼ ਦੇ ਸੰਸਥਾਪਕ ਮਨੀਤ ਦੀਵਾਨ ਅਤੇ ਐਕਟ ਹਿਊਮਨ ਦੀ ਸੰਸਥਾਪਕ ਹਰਲੀਨ ਕੌਰ ਮੌਜੂਦ ਰਹੇ। ਐਕਟ ਹਿਊਮਨ ਨੂੰ ਮੁਹਿੰਮ ਦਾ ਟਾਈਟਲ ਪਾਰਟਨਰ ਬਣਾਇਆ ਹੈ। ਇਸ ਤੋਂ ਇਲਾਵਾ ਡੂ ਗੁੱਡ ਫਾਊਂਡੇਸ਼ਨ ਅਤੇ ਮੋਨਾ ਲੀਵਜ਼ ਕਿਆਰੀ ਸਪੋਰਟ ਪਾਰਟਨਰ, ਮਾਰਸ਼ਲ ਏਡ ਫਾਊਂਡੇਸ਼ਨ ਲਾਜਿਸਟਿਕਸ ਪਾਰਟਨਰ, ਲੀਫ ਬੇਰੀ ਪਬਲੀਸਿਟੀ ਪਾਰਟਨਰ ਅਤੇ 1000 ਥਿੰਗਸ ਲੁਧਿਆਣਾ ਡਿਜੀਟਲ ਪਾਰਟਨਰ ਵਜੋਂ ਸਹਿਯੋਗ ਦੇਣਗੇ। ਏਕ ਨੂਰ ਸੇਵਾ ਕੇਂਦਰ ਵੱਲੋਂ ਮਹਿਮਾਨਾਂ ਦੀ ਸਹੂਲਤ ਅਤੇ ਮੌਕੇ ’ਤੇ ਪ੍ਰਬੰਧਾਂ ਵਿੱਚ ਸਹਿਯੋਗ ਕੀਤਾ ਜਾਵੇਗਾ। ਮੁਹਿੰਮ ਤਹਿਤ ਲੋਕ ਸਾਫ਼ ਤੇ ਵਰਤੋਂ ਯੋਗ ਕੱਪੜੇ, ਜੁੱਤੇ, ਕਿਤਾਬਾਂ, ਸਟੇਸ਼ਨਰੀ, ਖਿਡੌਣੇ, ਟਾਇਲਟਰੀਜ਼, ਬਿਸਤਰੇ ਦਾ ਸਾਮਾਨ, ਬਰਤਨ, ਛੋਟੇ ਘਰੇਲੂ ਉਪਕਰਨ, ਕਰਿਆਨਾ, ਕੁੱਤਿਆਂ ਲਈ ਫੀਡ, ਪੰਛੀਆਂ ਲਈ ਦਾਣਾ ਅਤੇ ਈ-ਵੇਸਟ ਦਾਨ ਕਰ ਸਕਣਗੇ। ਇਕੱਠੀ ਕੀਤੀ ਸਮੱਗਰੀ ਨੂੰ ਵੱਖ-ਵੱਖ ਸ੍ਰੇਣੀਆਂ ਵਿਚ ਛਾਂਟ ਕੇ ਸਬੰਧਤ ਸੰਸਥਾਵਾਂ ਦੀ ਲੋੜ ਮੁਤਾਬਕ ਪਹੁੰਚਾਇਆ ਜਾਵੇਗਾ। ਕਰਿਆਨੇ ਦੀਆਂ ਵਸਤਾਂ ਨੇਕੀ ਕੀ ਰਸੋਈ ਵੱਲੋਂ ਵਰਤੀਆਂ ਜਾਣਗੀਆਂ। ਸੰਸਥਾ ਵੱਲੋਂ 7 ਹਸਪਤਾਲਾਂ ਵਿੱਚ ਇਲਾਜ ਅਧੀਨ 700 ਮਰੀਜ਼ਾਂ ਅਤੇ 100 ਤੋਂ ਵੱਧ ਬਜ਼ੁਰਗਾਂ ਲਈ ਭੋਜਨ ਮੁਹੱਈਆ ਕਰਵਾਉਣ ਦੀ ਜਾਣਕਾਰੀ ਦਿੱਤੀ ਹੈ। ਹੈਲਪਿੰਗ ਹੈਂਡਜ਼ ਕਲੱਬ ਵੱਲੋਂ ਦਾਨ ਵਿੱਚ ਮਿਲਣ ਵਾਲੀਆਂ ਕਿਤਾਬਾਂ ਨੂੰ ਬੁੱਕ ਬੈਂਕ ਵਿੱਚ ਸ਼ਾਮਲ ਕੀਤਾ ਜਾਵੇਗਾ, ਤਾਂ ਜੋ ਨਵੀਆਂ ਕਿਤਾਬਾਂ ਖਰੀਦਣ ਤੋਂ ਅਸਮਰੱਥ ਵਿਦਿਆਰਥੀਆਂ ਦੀ ਮਦਦ ਕੀਤੀ ਜਾ ਸਕੇ। ਕੱਪੜੇ ਤੇ ਸੈਨੇਟਰੀ ਨੈਪਕਿਨ ਭਵਿਆ ਦੇ ਮਹੀਨਾਵਾਰ ਸੇਵਾ ਦਿਵਸ ਰਾਹੀਂ ਝੁੱਗੀ ਬਸਤੀਆਂ ’ਚ ਰਹਿਣ ਵਾਲੇ 3000 ਤੋਂ ਵੱਧ ਰਜਿਸਟਰਡ ਪਰਿਵਾਰਾਂ ਤੱਕ ਪਹੁੰਚਾਏ ਜਾਣਗੇ। ਕਲਿਓ ਕੇਅਰ ਵੱਲੋਂ ਇਕੱਠੇ ਕੀਤੇ ਖਿਡੌਣੇ ਲੋੜਵੰਦ ਬੱਚਿਆਂ ਲਈ ਵਰਤੇ ਜਾਣਗੇ। ਸਟੇਸ਼ਨਰੀ ਡੂ ਗੁੱਡ ਫਾਊਂਡੇਸ਼ਨ, ਸਨੇਹ ਵੈਲਫੇਅਰ, ਟੀਮ ਜੇਜੇਐੱਸ ਅਤੇ ਆਸ਼ਾ ਚਿੰਨ੍ਹ ਵੱਲੋਂ ਬੱਚਿਆਂ ਦੀ ਪੜ੍ਹਾਈ ਅਤੇ ਹੋਰ ਸਿੱਖਿਆ ਸਬੰਧੀ ਲੋੜਾਂ ਲਈ ਵਰਤੀ ਜਾਵੇਗੀ। ਟਾਇਲਟਰੀਜ਼ ਸਨੇਹ ਵੈਲਫੇਅਰ ਦੇ ਲਾਭਪਾਤਰੀਆਂ ਵਿੱਚ ਵੰਡੀਆਂ ਜਾਣਗੀਆਂ। ਸੁਲਭਾ ਜਿੰਦਲ ਵੱਲੋਂ ਕੁੱਤਿਆਂ ਦੀ ਫੀਡ ਬੇਸਹਾਰਾ ਪਸ਼ੂਆਂ ਦੀ ਦੇਖਭਾਲ ਲਈ ਵਰਤੀ ਜਾਵੇਗੀ, ਜਦਕਿ ਮਾਰਸ਼ਲ ਏਡ ਫਾਊਂਡੇਸ਼ਨ ਵੱਲੋਂ ਪੰਛੀਆਂ ਲਈ ਦਾਣੇ ਦੀ ਵਰਤੋਂ ਕੀਤੀ ਜਾਵੇਗੀ। ਬਿਸਤਰੇ ਦਾ ਸਾਮਾਨ, ਬਰਤਨ ਅਤੇ ਛੋਟੇ ਘਰੇਲੂ ਉਪਕਰਨਾਂ ਨੂੰ ਲੋੜ ਦੀ ਪੁਸ਼ਟੀ ਤੋਂ ਬਾਅਦ ਸਬੰਧਤ ਐੱਨਜੀਓਜ਼ ਅਤੇ ਪਰਿਵਾਰਾਂ ਤੱਕ ਪਹੁੰਚਾਇਆ ਜਾਵੇਗਾ। ਈ-ਵੇਸਟ ਨੂੰ ਜ਼ਿੰਮੇਵਾਰ ਤਰੀਕੇ ਨਾਲ ਰੀਸਾਈਕਲਿੰਗ ਲਈ ਭੇਜਿਆ ਜਾਵੇਗਾ। ਦਾਨ ਉਤਸਵ 5.0 ਨੂੰ ਐੱਮਏਏਸੀ ਐਨੀਮੇਸ਼ਨ ਇੰਸਟੀਚਿਊਟਸ ਵੱਲੋਂ ਵੀ ਸਹਿਯੋਗ ਦਿੱਤਾ ਜਾ ਰਿਹਾ ਹੈ। ਸੰਸਥਾ ਨੇ ਮੁਹਿੰਮ ਲਈ ਵੀਡੀਓ, ਰੀਲਾਂ ਅਤੇ ਹੋਰ ਵਿਜ਼ੂਅਲ ਸਮੱਗਰੀ ਤਿਆਰ ਕਰਨ ਵਾਸਤੇ ਆਪਣੀ ਮਾਹਿਰ ਟੀਮ ਲਗਾਈ ਹੈ। ਪ੍ਰਬੰਧਕਾਂ ਅਨੁਸਾਰ ਦਾਨ ਉਤਸਵ ਦਾ ਉਦੇਸ਼ ਸਿਰਫ਼ ਵਸਤਾਂ ਇਕੱਠੀਆਂ ਕਰਨਾ ਨਹੀਂ, ਸਗੋਂ ਲੋਕਾਂ, ਵਿੱਦਿਅਕ ਸੰਸਥਾਵਾਂ, ਉਦਯੋਗਾਂ, ਕਲੱਬਾਂ, ਐੱਨਜੀਓਜ਼ ਅਤੇ ਵਲੰਟੀਅਰਾਂ ਨੂੰ ਸਾਂਝੀ ਸਮਾਜਿਕ ਭਾਗੀਦਾਰੀ ਨਾਲ ਜੋੜਨਾ ਹੈ। ਇਕੱਠੀ ਕੀਤੀ ਸਮੱਗਰੀ ਨੂੰ ਲੋੜਵੰਦਾਂ ਤੱਕ ਪਹੁੰਚਾਉਣ ਦੇ ਨਾਲ ਵਰਤੋਂ ਯੋਗ ਵਸਤਾਂ ਦੀ ਮੁੜ ਵਰਤੋਂ ਅਤੇ ਈ-ਵੇਸਟ ਦੀ ਜ਼ਿੰਮੇਵਾਰ ਰੀਸਾਈਕਲਿੰਗ ’ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ। -ਬਾਕਸ- -ਵ੍ਹਟਸਐਪ ’ਤੇ ‘ਦਾਨ’ ਲਿਖ ਕੇ ਮਿਲੇਗਾ ਨੇੜਲੇ ਸੈਂਟਰ ਦਾ ਪਤਾ ਮੁਹਿੰਮ ਤਹਿਤ ਦਾਨ ਕਰਨ ਦੇ ਇੱਛੁਕ ਲੋਕਾਂ ਲਈ ਕਲੈਕਸ਼ਨ ਸੈਂਟਰਾਂ ਦੀ ਜਾਣਕਾਰੀ ਹਾਸਲ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ। ਲੋਕ ਵਟਸਐਪ ’ਤੇ ‘ਦਾਨ’ ਲਿਖ ਕੇ 9310000925 ਨੰਬਰ ’ਤੇ ਭੇਜ ਕੇ ਆਪਣੇ ਨੇੜਲੇ ਕਲੈਕਸ਼ਨ ਸੈਂਟਰ ਦੀ ਜਾਣਕਾਰੀ ਲੈ ਸਕਦੇ ਹਨ। ਇਨ੍ਹਾਂ ਨਿਰਧਾਰਤ ਕੇਂਦਰਾਂ ’ਤੇ 2 ਤੋਂ 8 ਅਕਤੂਬਰ ਤੱਕ ਦਾਨ ਦੀ ਸਮੱਗਰੀ ਜਮ੍ਹਾਂ ਕਰਵਾਈ ਜਾ ਸਕੇਗੀ।