ਕਾਂਗਰਸ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨ ਲਈ ਮੀਟਿੰਗ ਜ਼ਰੂਰੀ : ਦੀਵਾਨ ਹਰ ਬੂਥ ਕਾਂਗਰਸ ਮਜਬੂਤ” ਮੁਹਿੰਮ ਤਹਿਤ ਹੋਣ ਵਾਲੀ ਲੁਧਿਆਣਾ ਮੀਟਿੰਗ ਲਈ ਤਿਆਰੀਆਂ ਜਾਰੀ
Publish Date: Wed, 05 Aug 2026 07:18 PM (IST)
Updated Date: Thu, 06 Aug 2026 04:05 AM (IST)
-ਕਿਹਾ, ‘ਹਰ ਬੂਥ ਕਾਂਗਰਸ ਮਜ਼ਬੂਤ’ ਮੁਹਿੰਮ ਤਹਿਤ ਲੋਕ ਕੀਤੇ ਜਾਣਗੇ ਲਾਮਬੰਦ ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ ਸਥਾਨਕ ਸਰਾਭਾ ਨਗਰ ਵਿਖੇ ਜ਼ਿਲ੍ਹਾ ਕਾਂਗਰਸ ਲੁਧਿਆਣਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਪੱਛਮੀ ਦੇ ਅਹੁਦੇਦਾਰਾਂ ਤੇ ਵਰਕਰਾਂ ਦੀ ਇਕ ਮੀਟਿੰਗ ਹੋਈ। ਜਿਸ ਵਿੱਚ ਕਾਂਗਰਸ ਪਾਰਟੀ ਵੱਲੋਂ “ਹਰ ਬੂਥ ਕਾਂਗਰਸ ਮਜਬੂਤ” ਮੁਹਿੰਮ ਤਹਿਤ 6 ਅਗਸਤ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਗੁਰੂ ਨਾਨਕ ਦੇਵ ਭਵਨ, ਨੇੜੇ ਭਾਰਤ ਨੰਬਰ ਚੌਂਕ, ਲੁਧਿਆਣਾ ਵਿਖੇ ਕੀਤੇ ਜਾ ਰਹੇ ਪ੍ਰੋਗਰਾਮ ਸਬੰਧੀ ਤਿਆਰੀਆਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਪ੍ਰੋਗਰਾਮ ਵਿੱਚ ਏਆਈਸੀਸੀ ਜਨਰਲ ਸਕੱਤਰ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਅਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਾਰਟੀ ਵਰਕਰਾਂ ਨਾਲ ਸੰਬੋਧਨ ਕਰਨਗੇ। ਜਿਸ ਨੂੰ ਲੈ ਕੇ ਦੀਵਾਨ ਨੇ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਸਾਥੀਆਂ ਸਮੇਤ ਵੱਡੀ ਗਿਣਤੀ ਵਿੱਚ ਪ੍ਰੋਗਰਾਮ ਦਾ ਹਿੱਸਾ ਬਣਨ ਦੀ ਅਪੀਲ ਕੀਤੀ। ਦੀਵਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਸੂਬੇ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਲਿਆਉਣ ਲਈ ਤਿਆਰ ਬੈਠੇ ਹਨ ਅਤੇ ਬੇਸਬਰੀ ਨਾਲ ਅਗਲੀ ਵਿਧਾਨ ਸਭਾ ਚੋਣਾਂ ਦਾ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਪੰਜਾਬ ਨੂੰ ਅਰਾਜਕਤਾ ਤੇ ਆਰਥਿਕ ਮੰਦਹਾਲੀ ਵੱਲ ਧੱਕ ਦਿੱਤਾ ਹੈ। ਅਪਰਾਧਿਕ ਅਨਸਰ ਆਏ ਦਿਨ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਅਤੇ ਲੋਕਾਂ ਅੰਦਰ ਡਰ ਤੇ ਭੈਅ ਦਾ ਮਾਹੌਲ ਹੈ। ਕਾਨੂੰਨ ਤੇ ਵਿਵਸਥਾ ਦੀ ਮਾੜੀ ਹਾਲਤ ਅਤੇ ਸਰਕਾਰ ਦੀ ਉਦਯੋਗ ਵਿਰੋਧੀ ਨੀਤੀ ਦਾ ਅਸਰ ਸੂਬੇ ਦੀ ਇੰਡਸਟਰੀ ਉੱਪਰ ਦਿਖ ਰਿਹਾ ਹੈ। ਦੀਵਾਨ ਨੇ ਕਿਹਾ ਕਿ ਲੋਕ ਆਪ ਤੇ ਭਾਜਪਾ ਦੀਆਂ ਨੀਤੀਆਂ ਤੋਂ ਬਹੁਤ ਦੁਖੀ ਹਨ ਅਤੇ ਕਾਂਗਰਸ ਵੱਲ ਉਮੀਦ ਦੀ ਨਜਰ ਨਾਲ ਦੇਖ ਰਹੇ ਹਨ। ਮੀਟਿੰਗ ਦੌਰਾਨ ਹੋਰਨਾ ਤੋਂ ਇਲਾਵਾ ਪੀਸੀਸੀ ਮੈਂਬਰ ਸੁਸ਼ੀਲ ਮਲਹੋਤਰਾ, ਸੀਨੀਅਰ ਕਾਂਗਰਸੀ ਆਗੂ ਇੰਦਰਜੀਤ ਕਪੂਰ, ਮੋਹਿਤ ਚੁਘ, ਅਜੇ ਗੁਪਤਾ, ਵਰੁਣ ਸ਼ਰਮਾ, ਭੁਪਿੰਦਰ ਸਿੰਘ, ਬੀਐਮ ਕਾਲੀਆ, ਜਸਵਿੰਦਰ ਸਿੰਘ ਓਸਾਹਨ, ਹਰਭਗਤ ਗਰੇਵਾਲ, ਪ੍ਰਭਜੋਤ ਸਿੰਘ, ਦੀਪਕ ਸ਼ਰਮਾ, ਬਾਲ ਕ੍ਰਿਸ਼ਨ ਸ਼ਰਮਾ, ਹੈਪੀ ਕਪੂਰ, ਗੁਰਦੀਪ ਸਿੰਘ, ਨੀਰਜ ਬਿਰਲਾ, ਦੇਵ ਕੁਮਾਰ, ਗੁਰਨਾਮ ਸਿੰਘ ਕਲੇਰ, ਦੀਪਕ ਬੈਂਸ, ਜਸਬੀਰ ਗਿੱਲ ਵੀ ਮੌਜੂਦ ਰਹੇ।