ਬਦਲਦੇ ਮੌਸਮ ’ਚ ਬੀਮਾਰੀਆਂ ਤੋਂ ਬਚਾਅ ਲਈ ਸਾਵਧਾਨੀਆਂ ਜ਼ਰੂਰੀ ਬਦਲਦੇ ਮੌਸਮ ’ਚ ਬੀਮਾਰੀਆਂ ਤੋਂ ਬਚਾਅ ਲਈ ਸਾਵਧਾਨੀਆਂ ਜ਼ਰੂਰੀ
Publish Date: Tue, 27 Oct 2026 08:39 PM (IST)
Updated Date: Tue, 27 Oct 2026 08:40 PM (IST)
ਜਗਦੇਵ ਗਰੇਵਾਲ, ਪੰਜਾਬੀ ਜਾਗਰਣ, ਜੋਧਾਂ : ਬਦਲਦੇ ਮੌਸਮ ਵਿੱਚ ਦਿਨ ਅਤੇ ਰਾਤ ਦੇ ਤਾਪਮਾਨ ’ਚ ਅੰਤਰ ਆਉਣ ਕਾਰਨ ਖੰਘ, ਜ਼ੁਕਾਮ, ਨੱਕ ਵਗਣ, ਛਿੱਕਾਂ ਅਤੇ ਗਲੇ ਵਿੱਚ ਖਰਾਸ਼ ਵਰਗੀਆਂ ਸਮੱਸਿਆਵਾਂ ਸਾਹਮਣੇ ਆ ਸਕਦੀਆਂ ਹਨ। ਅਜਿਹੇ ਮੌਸਮ ਵਿੱਚ ਬੱਚਿਆਂ, ਬਜ਼ੁਰਗਾਂ ਅਤੇ ਸਾਹ ਦੀਆਂ ਬੀਮਾਰੀਆਂ ਤੋਂ ਪੀੜਤ ਵਿਅਕਤੀਆਂ ਨੂੰ ਆਪਣੀ ਸਿਹਤ ਪ੍ਰਤੀ ਵਿਸ਼ੇਸ਼ ਸਾਵਧਾਨੀ ਵਰਤਣ ਦੀ ਲੋੜ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੱਕੜ ਹਸਪਤਾਲ ਮਨਸੂਰਾਂ ਦੇ ਐੱਮਡੀ ਡਾ. ਸੁਖਜੀਵਨ ਕੱਕੜ ਅਤੇ ਸੀਨੀਅਰ ਸਰਜਨ ਡਾ. ਗੁਰਕਰਨ ਕੱਕੜ ਨੇ ਕੀਤਾ। ਉਨ੍ਹਾਂ ਕਿਹਾ ਕਿ ਮੌਸਮ ਵਿੱਚ ਤਬਦੀਲੀ ਦੌਰਾਨ ਵਾਇਰਲ ਇਨਫੈਕਸ਼ਨ ਅਤੇ ਐਲਰਜੀ ਕਾਰਨ ਖੰਘ-ਜ਼ੁਕਾਮ ਸਮੇਤ ਸਾਹ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਜੇਕਰ ਖੰਘ ਲਗਾਤਾਰ ਰਹੇ, ਬੁਖ਼ਾਰ ਹੋਵੇ ਜਾਂ ਸਾਹ ਲੈਣ ਵਿੱਚ ਤਕਲੀਫ਼ ਮਹਿਸੂਸ ਹੋਵੇ ਤਾਂ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਡਾ. ਕੱਕੜ ਨੇ ਕਿਹਾ ਕਿ ਸਵੇਰੇ ਅਤੇ ਸ਼ਾਮ ਵੇਲੇ ਠੰਢ ਤੋਂ ਬਚਣ ਲਈ ਢੁੱਕਵੇਂ ਗਰਮ ਕੱਪੜੇ ਪਹਿਨਣੇ ਚਾਹੀਦੇ ਹਨ। ਹੱਥਾਂ ਦੀ ਸਫ਼ਾਈ ਰੱਖਣ, ਖੰਘਣ ਜਾਂ ਛਿੱਕਣ ਸਮੇਂ ਮੂੰਹ ਅਤੇ ਨੱਕ ਨੂੰ ਢੱਕਣ ਅਤੇ ਬਿਮਾਰੀ ਦੇ ਲੱਛਣ ਹੋਣ ’ਤੇ ਦੂਜਿਆਂ ਦੇ ਸੰਪਰਕ ਵਿੱਚ ਆਉਣ ਤੋਂ ਬਚਣ ਵਰਗੀਆਂ ਸਾਵਧਾਨੀਆਂ ਰੱਖਣਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਸੰਤੁਲਿਤ ਖੁਰਾਕ ਲੈਣ, ਲੋੜੀਂਦਾ ਪਾਣੀ ਪੀਣ, ਪੂਰੀ ਨੀਂਦ ਲੈਣ ਅਤੇ ਆਲੇ-ਦੁਆਲੇ ਸਫ਼ਾਈ ਰੱਖਣ ਨਾਲ ਸਿਹਤ ਦੀ ਸੰਭਾਲ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਧੂੜ, ਧੂੰਏ ਅਤੇ ਤੰਬਾਕੂ ਦੇ ਧੂੰਏ ਤੋਂ ਬਚਣਾ ਵੀ ਜ਼ਰੂਰੀ ਹੈ, ਕਿਉਂਕਿ ਇਹ ਸਾਹ ਦੀਆਂ ਸਮੱਸਿਆਵਾਂ ਨੂੰ ਵਧਾ ਸਕਦੇ ਹਨ। ਡਾ. ਕੱਕੜ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਖੰਘ-ਜ਼ੁਕਾਮ ਹੋਣ ’ਤੇ ਆਪਣੀ ਮਰਜ਼ੀ ਨਾਲ ਐਂਟੀਬਾਇਓਟਿਕ ਜਾਂ ਹੋਰ ਦਵਾਈਆਂ ਦੀ ਵਰਤੋਂ ਨਾ ਕਰਨ ਅਤੇ ਬੱਚਿਆਂ ਨੂੰ ਵੀ ਬਿਨਾਂ ਡਾਕਟਰੀ ਸਲਾਹ ਦੇ ਦਵਾਈ ਨਾ ਦੇਣ। ਤੇਜ਼ ਬੁਖ਼ਾਰ, ਛਾਤੀ ਵਿੱਚ ਦਰਦ, ਲਗਾਤਾਰ ਵਿਗੜਦੀ ਖੰਘ ਜਾਂ ਸਾਹ ਲੈਣ ਵਿੱਚ ਮੁਸ਼ਕਲ ਹੋਣ ’ਤੇ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਇਲਾਜ ਅਤੇ ਸਿਹਤ ਪ੍ਰਤੀ ਜਾਗਰੂਕਤਾ ਨਾਲ ਬਦਲਦੇ ਮੌਸਮ ਦੌਰਾਨ ਹੋਣ ਵਾਲੀਆਂ ਕਈ ਸਮੱਸਿਆਵਾਂ ਤੋਂ ਬਚਾਅ ਕੀਤਾ ਜਾ ਸਕਦਾ ਹੈ।