
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅਹਿਮ ਖ਼ਬਰ-ਪੀਪੀਸੀਬੀ ਨੇ ਵੇਸਟ ਟਾਇਰਾਂ ਦੇ ਪ੍ਰਬੰਧਨ ਤੇ ਰਿਸੋਰਸ ਰਿਕਵਰੀ ਬਾਰੇ ਕਰਵਾਈ ਵਰਕਸ਼ਾਪ

-ਸੀਆਈਸੀਯੂ ਨੇ ਈਪੀਆਰ ਦੀ ਪਾਲਣਾ ਤੇ ਸਰਕੂਲਰ ਇਕਾਨਮੀ ਨੂੰ ਉਤਸ਼ਾਹਿਤ ਕਰਨ ’ਤੇ ਦਿੱਤਾ ਜ਼ੋਰ
14)
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ (ਪੀਪੀਸੀਬੀ) ਵੱਲੋਂ ਸੈਂਟਰਲ ਪਾਲਿਊਸ਼ਨ ਕੰਟਰੋਲ ਬੋਰਡ (ਸੀਪੀਸੀਬੀ) ਦੇ ਸਹਿਯੋਗ ਨਾਲ ਵੇਸਟ ਟਾਇਰਾਂ ਦੇ ਪ੍ਰਬੰਧਨ ਤੇ ਰਿਸੋਰਸ ਰਿਕਵਰੀ ਸਬੰਧੀ ਵਰਕਸ਼ਾਪ ਕਰਵਾਈ ਗਈ। ਜ਼ੋਨਲ ਦਫ਼ਤਰ-1 ਲੁਧਿਆਣਾ ਵੱਲੋਂ ਇਹ ਵਰਕਸ਼ਾਪ ਸੀਆਈਸੀਯੂ ਲੁਧਿਆਣਾ ਵਿਖੇ ਕਰਵਾਈ ਗਈ, ਜਿਸ ਵਿੱਚ ਵੇਸਟ ਟਾਇਰ ਰੀਸਾਈਕਲਰਾਂ, ਉਦਯੋਗਿਕ ਨੁਮਾਇੰਦਿਆਂ ਤੇ ਹੋਰ ਸਬੰਧਤ ਧਿਰਾਂ ਨੇ ਹਿੱਸਾ ਲਿਆ। ਇਹ ਵਰਕਸ਼ਾਪ 15 ਤੇ 16 ਸਤੰਬਰ ਨੂੰ ਮਹਾਤਮਾ ਮੰਦਰ, ਗਾਂਧੀਨਗਰ (ਗੁਜਰਾਤ) ਵਿਖੇ ਹੋਣ ਵਾਲੇ 10ਵੇਂ ਵਰਲਡ ਸਰਕੂਲਰ ਇਕਾਨਮੀ ਫੋਰਮ (ਡਬਲਯੂਸੀਈਐੱਫ 2026) ਦੀਆਂ ਪ੍ਰੀ-ਈਵੈਂਟ ਗਤੀਵਿਧੀਆਂ ਤਹਿਤ ਕਰਵਾਈ ਗਈ। ਫੋਰਮ ਦਾ ਵਿਸ਼ਾ ਲੋਕਾਂ ਤੇ ਖੁਸ਼ਹਾਲੀ ਲਈ ਚੱਕਰੀ ਆਰਥਿਕਤਾ ਵੱਲ ਤਬਦੀਲੀ’ ਰੱਖਿਆ ਹੈ। ਇਸ ਤਹਿਤ ਸੀਪੀਸੀਬੀ ਵੱਲੋਂ ‘ਚੱਕਰੀ ਪ੍ਰਣਾਲੀ ਨੂੰ ਅੱਗੇ ਵਧਾਉਣਾ ਈਪੀਆਰ ਅਤੇ ਸਰੋਤ ਮੁੜ-ਪ੍ਰਾਪਤੀ ਰਾਹੀਂ ਵਰਤੇ ਗਏ ਟਾਇਰਾਂ ਦੇ ਪ੍ਰਬੰਧਨ ਨੂੰ ਉੱਨਤ ਕਰਨਾ’ ਵਿਸ਼ੇ ’ਤੇ ਪ੍ਰੋਗਰਾਮ ਕਰਵਾਉਣ ਲਈ ਕਿਹਾ ਸੀ।
ਵਰਕਸ਼ਾਪ ਦੀ ਪ੍ਰਧਾਨਗੀ ਲੁਧਿਆਣਾ ਦੇ ਚੀਫ਼ ਇਨਵਾਇਰਨਮੈਂਟਲ ਇੰਜੀਨੀਅਰ ਆਰਕੇ ਰੱਤੜਾ ਨੇ ਕੀਤੀ। ਇਸ ਮੌਕੇ ਵਾਤਾਵਰਣ ਸੁਰੱਖਿਆ, ਵੇਸਟ ਟਾਇਰਾਂ ਦੇ ਵਿਗਿਆਨਕ ਪ੍ਰਬੰਧਨ ਅਤੇ ਰਿਸੋਰਸ ਰਿਕਵਰੀ ਸਬੰਧੀ ਵੱਖ-ਵੱਖ ਪਹਿਲੂਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਹੈੱਡ ਆਫਿਸ ਪਟਿਆਲਾ ਤੋਂ ਵਾਤਾਵਰਣ ਇੰਜੀਨੀਅਰ ਵਿੱਕੀ ਬਾਂਸਲ ਨੇ ਐਕਸਟੈਂਡਡ ਪ੍ਰੋਡਿਊਸਰ ਰਿਸਪਾਂਸਿਬਿਲਟੀ (ਈਪੀਆਰ) ਰਜਿਸਟ੍ਰੇਸ਼ਨ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਈਪੀਆਰ ਰਜਿਸਟ੍ਰੇਸ਼ਨ ਦੀਆਂ ਲੋੜਾਂ, ਇਸ ਦੀ ਲਾਗੂਯੋਗਤਾ ਅਤੇ ਵੇਸਟ ਟਾਇਰਾਂ ਦੇ ਵਾਤਾਵਰਣ ਪੱਖੋਂ ਸਹੀ ਪ੍ਰਬੰਧਨ ਤੇ ਸਰੋਤਾਂ ਦੀ ਮੁੜ ਪ੍ਰਾਪਤੀ ’ਚ ਇਸਦੀ ਮਹੱਤਤਾ ਬਾਰੇ ਦੱਸਿਆ। ਮੋਹਾਲੀ ਦੀ ਸਵਾਨੀ ਰਬਰ ਇੰਡਸਟਰੀਜ਼ ਦੇ ਨੁਮਾਇੰਦੇ ਰਤਨਦੀਪ ਸਿੰਘ ਸਵਾਨੀ ਨੇ ਉਨ੍ਹਾਂ ਦੇ ਉਦਯੋਗ ਵੱਲੋਂ ਵੇਸਟ ਟਾਇਰਾਂ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਅਤੇ ਰਿਸੋਰਸ ਰਿਕਵਰੀ ਲਈ ਅਪਣਾਈਆਂ ਜਾ ਰਹੀਆਂ ਚੰਗੀਆਂ ਪ੍ਰਥਾਵਾਂ ਸਾਂਝੀਆਂ ਕੀਤੀਆਂ। ਇਸੇ ਦੌਰਾਨ ਥਾਪਰ ਇੰਸਟੀਚਿਊਟ, ਪਟਿਆਲਾ ਦੇ ਹੈੱਡ ਆਫ਼ ਇਨਵਾਇਰਨਮੈਂਟ ਡਾ. ਅਨੂਪ ਵਰਮਾ ਨੇ ਵਾਤਾਵਰਣ ਸੁਰੱਖਿਆ ਅਤੇ ਟਿਕਾਊ ਵਿਕਾਸ ਲਈ ਉਦਯੋਗਾਂ ਦੀ ਜ਼ਿੰਮੇਵਾਰੀ ’ਤੇ ਚਾਨਣਾ ਪਾਇਆ।
ਵਰਕਸ਼ਾਪ ਦੌਰਾਨ ਬੋਰਡ ਦੇ ਅਧਿਕਾਰੀਆਂ, ਵੇਸਟ ਟਾਇਰ ਰੀਸਾਈਕਲਰਾਂ ਤੇ ਹੋਰ ਹਿੱਸੇਦਾਰਾਂ ਵਿਚਾਲੇ ਵਿਚਾਰ-ਵਟਾਂਦਰੇ ਲਈ ਮੰਚ ਮੁਹੱਈਆ ਕਰਵਾਇਆ ਗਿਆ। ਇਸ ਦੌਰਾਨ ਈਪੀਆਰ ਦੀ ਪਾਲਣਾ, ਵੇਸਟ ਟਾਇਰਾਂ ਤੋਂ ਸਰੋਤਾਂ ਦੀ ਮੁੜ ਪ੍ਰਾਪਤੀ ਅਤੇ ਸਰਕੂਲਰ ਇਕਾਨਮੀ ਦੇ ਸਿਧਾਂਤਾਂ ਨੂੰ ਅਪਣਾਉਣ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ।ਪ੍ਰੋਗਰਾਮ ਦੇ ਅੰਤ ਵਿੱਚ ਮੁੱਖ ਵਾਤਾਵਰਣ ਇੰਜੀਨੀਅਰ ਆਰਕੇ ਰੱਤੜਾ ਨੇ ਧੰਨਵਾਦ ਦਾ ਮਤਾ ਪੇਸ਼ ਕਰਦਿਆਂ ਸਾਰੇ ਹਿੱਸੇਦਾਰਾਂ ਵੱਲੋਂ ਦਿੱਤੇ ਸਹਿਯੋਗ ਅਤੇ ਸ਼ਮੂਲੀਅਤ ਦੀ ਸ਼ਲਾਘਾ ਕੀਤੀ। ਵਰਕਸ਼ਾਪ ਵਿੱਚ ਲੁਧਿਆਣਾ ਵਿਖੇ ਤਾਇਨਾਤ ਸੀਨੀਅਰ ਇਨਵਾਇਰਨਮੈਂਟਲ ਇੰਜੀਨੀਅਰਾਂ, ਇਨਵਾਇਰਨਮੈਂਟਲ ਇੰਜੀਨੀਅਰਾਂ ਅਤੇ ਹੋਰ ਸਟਾਫ਼ ਤੋਂ ਇਲਾਵਾ ਰਸਮੀ ਅਤੇ ਗੈਰ-ਰਸਮੀ ਵੇਸਟ ਟਾਇਰ ਰੀਸਾਈਕਲਰਾਂ ਅਤੇ ਹੋਰ ਸਬੰਧਤ ਧਿਰਾਂ ਦੇ ਨੁਮਾਇੰਦੇ ਵੀ ਹਾਜ਼ਰ ਸਨ।