- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਹਿਮ ਖ਼ਬਰ-ਪਾਵਰਕਾਮ ਦੇ ਸੀਐਮਡੀ ਡਾ.ਗਰਗ ਵੱਲੋਂ ਉਦਯੋਗਪਤੀਆਂ, ਵਪਾਰੀਆਂ ਤੇ ਕਿਸਾਨ ਜਥੇਬੰਦੀਆ ਨਾਲ ਅਹਿਮ ਮੀਟਿੰਗ

-ਪਾਵਰਕਾਮ ਦੇ ਸੀਐੱਮਡੀ ਡਾ. ਗਰਗ ਨੇ ਕਿਸਾਨਾਂ ਦੀਆਂ ਸੁਣੀਆਂ ਸਮੱਸਿਆਵਾਂ ਤੇ ਦਿੱਤਾ ਭਰੋਸਾ
-ਕਿਹਾ, ਜੇ ਕੱਟ ਲਾਉਣ ਦੀ ਲੋੜ ਪਈ ਤਾਂ ਪਹਿਲਾਂ ਦਿੱਤੀ ਜਾਵੇਗੀ ਸੂਚਨਾ
37,38
ਪੁਨੀਤ ਬਾਵਾ/ਸੁਰੇਸ਼ ਕੁਮਾਰ, ਪੰਜਾਬੀ ਜਾਗਰਣ ਲੁਧਿਆਣਾ
ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਡਾ. ਬਸੰਤ ਗਰਗ ਨੇ ਸ਼ੁੱਕਰਵਾਰ ਨੂੰ ਲੁਧਿਆਣਾ ਦਾ ਦੌਰਾ ਕੀਤਾ, ਜਿਸ ਦੌਰਾਨ ਉਨ੍ਹਾਂ ਨੇ ਉਦਯੋਗਪਤੀਆਂ, ਵਪਾਰੀਆਂ ਅਤੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਵੱਖ-ਵੱਖ ਮੀਟਿੰਗਾਂ ਕਰਦਿਆਂ ਉਨ੍ਹਾਂ ਦੀਆਂ ਸਮੱਸਿਆਵਾਂ, ਸੁਝਾਵਾਂ ਅਤੇ ਮੰਗਾਂ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ। ਮੀਟਿੰਗ ਦੌਰਾਨ ਸੁਣੀਆਂ ਸਮੱਸਿਆਵਾਂ ਦਾ ਉਨ੍ਹਾਂ ਨੇ ਤੁਰੰਤ ਹੱਲ ਕਰਨ ਦਾ ਭਰੌਸਾ ਦੁਆਇਆ।
ਡਾ. ਗਰਗ ਨੇ ਕਿਹਾ ਕਿ ਸਨਅਤ ਤੇ ਖੇਤੀਬਾੜੀ ਖਪਤਕਾਰਾਂ ਨੂੰ ਨਿਰਵਿਘਨ ਅਤੇ ਭਰੋਸੇਯੋਗ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਲਈ ਹਰ ਸੰਭਵ ਯਤਨ ਕਰਨ ਦੇ ਦਿੱਤੇ ਗਏ ਨਿਰਦੇਸ਼ਾਂ ਨੂੰ ਅਮਲੀ ਜਾਮਾ ਪਾਉਣ ਲਈ ਹੀ ਅੱਜ ਦੀਆਂ ਇਹ ਮੀਟਿੰਗਾਂ ਰੱਖੀਆਂ ਗਈਆਂ ਹਨ। ਡਾ. ਗਰਗ ਨੇ ਉਦਯੋਗਿਕ ਨੁਮਾਇੰਦਿਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਵੱਲੋਂ ਦਿੱਤੇ ਸਾਰੇ ਸੁਝਾਵਾਂ ਤੇ ਮੰਗਾਂ ’ਤੇ ਪਾਵਰਕਾਮ ਵੱਲੋਂ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇਗਾ ਤੇ ਜਿਹੜੇ ਵੀ ਸੁਝਾਅ ਲੋਕ ਹਿੱਤ ਅਤੇ ਬਿਜਲੀ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਲਾਹੇਵੰਦ ਹੋਣਗੇ, ਉਨ੍ਹਾਂ ਨੂੰ ਤਰਜੀਹ ਦੇ ਆਧਾਰ ’ਤੇ ਅਮਲ ’ਚ ਲਿਆਂਦਾ ਜਾਵੇਗਾ। ਮੀਟਿੰਗ ਦੌਰਾਨ ਡਾ. ਗਰਗ ਨੇ ਕਿਹਾ ਕਿ ਉਦਯੋਗਿਕ ਇਕਾਈਆਂ ਨੂੰ ਬਿਨਾਂ ਰੁਕਾਵਟ ਬਿਜਲੀ ਸਪਲਾਈ ਯਕੀਨੀ ਬਣਾਉਣਾ ਪਾਵਰਕਾਮ ਦੀ ਪਹਿਲ ਹੈ। ਜੇਕਰ ਕਿਸੇ ਐਮਰਜੈਂਸੀ ਕਾਰਨ ਬਿਜਲੀ ਸਪਲਾਈ ਦਾ ਕੱਟ ਲਗਾਉਣਾ ਪਵੇ, ਤਾਂ ਉਦਯੋਗਿਕ ਇਕਾਈ ਨੂੰ ਪਹਿਲਾਂ ਹੀ ਸੂਚਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਡ ਵਧਾਉਣ, ਟਰਾਂਸਫਾਰਮਰ ਓਵਰਲੋਡ ਹੋਣ ਜਾਂ ਕਿਸੇ ਹੋਰ ਤਕਨੀਕੀ ਸਮੱਸਿਆ ਦੀ ਸੂਰਤ ਵਿੱਚ ਉਦਯੋਗਪਤੀ ਸਿੱਧੇ ਉਨ੍ਹਾਂ ਨਾਲ ਜਾਂ ਸਬੰਧਤ ਅਧਿਕਾਰੀਆਂ ਨਾਲ ਸੰਪਰਕ ਕਰਨ, ਤਾਂ ਜੋ ਸਮੇਂ ਸਿਰ ਹੱਲ ਯਕੀਨੀ ਬਣਾਇਆ ਜਾ ਸਕੇ।
ਕਿਸਾਨ ਨੁਮਾਇੰਦਿਆਂ ਨਾਲ ਗੱਲਬਾਤ ਕਰਦਿਆਂ ਡਾ. ਬਸੰਤ ਗਰਗ ਨੇ ਕਿਹਾ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ’ਤੇ ਨਿਪਟਾਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਪੱਧਰ ’ਤੇ ਕੋਈ ਅਧਿਕਾਰੀ ਉਨ੍ਹਾਂ ਦੀ ਗੱਲ ਨਹੀਂ ਸੁਣਦਾ ਤਾਂ ਉਹ ਸਿੱਧੇ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨਾਲ ਮੀਟਿੰਗ ਬਹੁਤ ਹੀ ਸੁਖਾਵੇਂ ਅਤੇ ਉਸਾਰੂ ਮਾਹੌਲ ਵਿੱਚ ਹੋਈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਔਖੇ ਹਾਲਾਤਾਂ ਦੌਰਾਨ ਕਿਸੇ ਸਮੇਂ ਬਿਜਲੀ ਸਪਲਾਈ ਵਿੱਚ ਕਮੀ ਕਰਨੀ ਪਈ, ਤਾਂ ਬਾਅਦ ਵਿੱਚ ਵਾਧੂ ਬਿਜਲੀ ਸਪਲਾਈ ਦੇ ਕੇ ਉਸ ਦੀ ਪੂਰੀ ਭਰਪਾਈ ਕੀਤੀ ਗਈ ਹੈ।
ਡਾ.ਗਰਗ ਨੇ ਕਿਹਾ ਕਿ ਪਾਵਰਕਾਮ ਬਿਜਲੀ ਵੰਡ ਪ੍ਰਣਾਲੀ ਨੂੰ ਹੋਰ ਮਜ਼ਬੂਤ ਅਤੇ ਆਧੁਨਿਕ ਬਣਾਉਣ ਲਈ ਰੀਵੈਂਪਡ ਡਿਸਟ੍ਰੀਬਿਊਸ਼ਨ ਸੈਕਟਰ ਸਕੀਮ (ਆਰਡੀਐੱਸਐੱਸ) ਤਹਿਤ ਵੱਡੇ ਪੱਧਰ ’ਤੇ ਕੰਮ ਕਰ ਰਿਹਾ ਹੈ। ਇਸ ਸਕੀਮ ਅਧੀਨ ਬਿਜਲੀ ਢਾਂਚੇ ਦੀ ਸਾਂਭ-ਸੰਭਾਲ, ਸਿਸਟਮ ਨੂੰ ਮਜ਼ਬੂਤ ਕਰਨ ਅਤੇ ਸ਼ਹਿਰੀ ਖੇਤਰਾਂ ਵਿੱਚ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ, ਤਾਂ ਜੋ ਖਪਤਕਾਰਾਂ ਨੂੰ ਹੋਰ ਬਿਹਤਰ ਅਤੇ ਨਿਰਵਿਘਨ ਬਿਜਲੀ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ। ਡਾ. ਬਸੰਤ ਗਰਗ ਨੇ ਦੁਹਰਾਇਆ ਕਿ ਪਾਵਰਕਾਮ ਖਪਤਕਾਰਾਂ ਦੀਆਂ ਸਮੱਸਿਆਵਾਂ ਦੇ ਸਮੇਂ ਸਿਰ ਹੱਲ ਅਤੇ ਗੁਣਵੱਤਾ ਭਰਪੂਰ ਬਿਜਲੀ ਸੇਵਾਵਾਂ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਮੀਟਿੰਗ ਦੌਰਾਨ ਸਨਅਤਕਾਰਾਂ ਨੇ ਸਨਅਤਾਂ ਨੂੰ ਬਿਨਾਂ ਰੁਕਾਵਟ ਬਿਜਲੀ ਸਪਲਾਈ ਯਕੀਨੀ ਬਣਾਉਣ, ਤਕਨੀਕੀ ਸਟਾਫ਼ ਦੀ ਘਾਟ ਨੂੰ ਦੂਰ ਕਰਨ, ਗਰਮੀ ਦੇ ਮੌਸਮ ਤੋਂ ਪਹਿਲਾਂ ਬਿਜਲੀ ਪ੍ਰਣਾਲੀ ਦੀ ਰੋਕਥਾਮੀ ਸਾਂਭ-ਸੰਭਾਲ (ਪ੍ਰੀਵੈਂਟਿਵ ਮੇਨਟੀਨੈਂਸ), ਭਵਿੱਖ ਦੀ ਬਿਜਲੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਲੰਬੀ ਮਿਆਦ ਦੀ ਯੋਜਨਾਬੰਦੀ, ਨਵੇਂ ਸਬ-ਸਟੇਸ਼ਨਾਂ ਦੀ ਸਥਾਪਨਾ, ਲੰਬੀਆਂ ਕੇਬਲ ਲਾਈਨਾਂ ਦੀ ਮੁੜ ਵਿਵਸਥਾ, ਪੁਰਾਣੇ ਟਰਾਂਸਫਾਰਮਰਾਂ ਦੀ ਸਮੇਂ ਸਿਰ ਸਾਂਭ-ਸੰਭਾਲ ਅਤੇ ਉਦਯੋਗਿਕ ਇਲਾਕਿਆਂ ਵਿੱਚ ਸਟਰੀਟ ਲਾਈਟਾਂ ਦੀ ਸੰਭਾਲ ਵਰਗੇ ਸੁਝਾਅ ਦਿੱਤੇ ਗਏ।
ਕਿਸਾਨਾਂ ਨਾਲ ਹੋਈ ਮੀਟਿੰਗ ’ਚ ਭਾਕਿਯੂ ਦੇ ਜਸਵਿੰਦਰ ਸਿੰਘ, ਅਮਨ ਗਰੇਵਾਲ, ਬੀਕੇਯੂ ਲੱਖੋਵਾਲ ਦੇ ਸੁਖਵੰਤ ਸਿੰਘ, ਆਲੂ ਉਤਪਾਦਕ ਗਰੁੱਪ ਦੇ ਦਿਲਬਾਗ ਸਿੰਘ ਜੋਧਾਂ ਤੇ ਕਿਸਾਨ ਵਿੰਗ ਦੇ ਜਗਰੂਪ ਸਿੰਘ ਸੇਖੋਂ ਆਪਣੇ ਸਾਥੀਆਂ ਸਮੇਤ ਹਾਜ਼ਰ ਰਹੇ। ਜਦਕਿ ਸਨਅਤਕਾਰਾਂ ਤੇ ਵਪਾਰੀਆਂ ਦੀ ਮੀਟਿੰਗ ਮੌਕੇ ਸੀਆਈਸੀਯੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ, ਰਾਹੁਲ ਆਹੂਜਾ, ਫਿਕੋ ਦੇ ਗੁਰਮੀਤ ਸਿੰਘ ਕੁਲਾਰ, ਫੇਜ਼-8 ਇੰਡਸਟਰੀਅਲ ਐਸੋਸੀਏਸ਼ਨ ਦੇ ਓਪੀ ਬੱਸੀ, ਏਟੀਆਈਯੂ ਦੇ ਪ੍ਰਧਾਨ ਪੰਕਜ ਸ਼ਰਮਾ, ਇੰਡਕਸ਼ਨ ਫਰਨੇਸ ਐਸੋਸੀਏਸ਼ਨ ਦੇ ਚੇਅਰਮੈਨ ਕੇਕੇ ਗਰਗ, ਨਵਯੁਗ ਯੂਨਾਈਟਿਡ ਸਾਈਕਲ ਪਾਰਟ ਮੈਨੂਫੈਕਚਰਰਜ਼ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਇੰਦਰਜੀਤ ਸਿੰਘ ਨਵਯੁੱਗ, ਢੰਡਾਰੀ ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ (ਦੀਵਾ) ਦੇ ਪ੍ਰਧਾਨ ਸਤਨਾਮ ਮੱਕੜ, ਸਮਾਲ ਸਕੇਲ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਚੌਹਾਨ, ਕੱਕਾ ਰੋਡ ਇੰਡਸਟਰੀ ਐਸੋਸੀਏਸ਼ਨ ਦੇ ਆਗੂ ਰਮੇਸ਼ ਗਰਗ, ਕੁਲਵੰਤ ਸਿੰਘ, ਵਾਰਿਅਮ ਸਟੀਲ ਦੇ ਅਤੁਲ ਗੁਪਤਾ, ਅਰੋੜਾ ਆਇਰਨ ਐਂਡ ਸਟੀਲ ਦੇ ਰਮਿੰਦਰਪਾਲ ਸਿੰਘ, ਬਹਾਦੁਰਕੇ ਰੋਡ ਡਾਈਂਗ ਐਸੋਸੀਏਸ਼ਨ ਦੇ ਰਜਨੀਸ਼ ਗੁਪਤਾ ਤੇ ਸੁਭਾਸ਼ ਸੈਣੀ, ਐੱਮਸੀ ਐਂਡ ਪਾਈਪ ਪਲਾਂਟ ਮੈਨੂਫੈਕਚਰਰਜ਼ ਐਸੋਸੀਏਸ਼ਨ ਦੇ ਉਪ ਪ੍ਰਧਾਨ ਅਸ਼ੋਕ ਸ਼ਰਮਾ, ਕੁਮਾਰ ਸਪੋਰਟਸ ਦੇ ਸੁਨੀਲ ਕੁਮਾਰ, ਅਨੰਤ ਸਟੀਲ ਸਾਹਨੇਵਾਲ ਦੇ ਸੁਨੀਲ ਕਪੂਰ, ਚੌਹਾਨ ਫਾਊਂਡੇਸ਼ਨ ਦੇ ਕੀਰਤੀ ਗਰਗ, ਜੁਗੀਆਣਾ ਇੰਡਸਟਰੀ ਐਸੋਸੀਏਸ਼ਨ ਦੇ ਕੁਲਦੀਪ ਸਿੰਘ, ਫਾਲਕਨ ਇੰਡਸਟਰੀ ਆਲਮਗੀਰ ਦੇ ਐੱਸਪੀ ਸਿੰਘ ਤੇ ਏਪੀ ਰਿਫਾਈਨਰੀ ਦੇ ਸ਼ਿਵ ਗੋਇਲ ਸਮੇਤ ਹੋਰ ਨੁਮਾਇੰਦੇ ਹਾਜ਼ਰ ਸਨ।
-ਸੀਐੱਮਡੀ ਨੇ ਵਿਰੋਧ ਦੇ ਡਰੋਂ ਚੋਰਾਂ ਵਾਂਗ ਕੀਤੀ ਲੋਕ ਮਿਲਣੀ : ਠੁਕਰਾਲ
ਸਮਾਲ ਸਕੇਲ ਮੈਨੂਫੈਕਚਰਜ ਐਸੋਸੀਏਸ਼ਨ ਦੇ ਪ੍ਰਧਾਨ ਤੇ ਯੂਸੀਪੀਐੱਮਏ ਦੇ ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਠੁਕਰਾਲ ਨੇ ਕਿਹਾ ਕਿ ਪਾਵਰਕਾਮ ਦੇ ਸੀਐਮਡੀ ਡਾ.ਬਸੰਤ ਗਰਗ ਦੀ ਲੋਕ ਮਿਲਣੀ ਪੂਰਨ ਰੂਪ ਵਿੱਚ ਫੇਲ ਸਾਬਿਤ ਹੋਈ, ਕਿਉਕਿ ਇਸ ਮਿਲਣੀ ’ਚ ਕੇਵਲ ਚੋਣਵੇਂ ਲੋਕਾਂ ਨੂੰ ਬੁਲਾ ਕੇ ਖਾਨਾਪੂਰਤੀ ਕੀਤੀ ਗਈ ਹੈ। ਠੁਕਰਾਲ ਨੇ ਕਿਹਾ ਕਿ ਰੋਜ਼ਾਨਾ ਲੱਗ ਰਹੇ ਕੱਟਾਂ ਕਾਰਨ ਸਨਅਤ ਤਬਾਹੀ ਦੇ ਕੰਡੇ ’ਤੇ ਹੈ, ਪ੍ਰੰਤੂ ਸੀਐੱਮਡੀ ਵੱਲੋਂ ਉਦਯੋਗ ਦੇ ਵਿਰੋਧ ਹੋਣ ਦੇ ਡਰ ਕਾਰਨ ਚੋਰਾਂ ਦੀ ਤਰ੍ਹਾਂ ਕੀਤੀ ਲੋਕ ਮਿਲਣੀ ਦੀ ਸਖਤ ਸ਼ਬਦਾਂ ਨਾਲ ਨਿਖੇਧੀ ਕੀਤੀ ਜਾਦੀ ਹੈ।