ਤੇਜ਼ ਹਨੇਰੀ ਨਾਲ ਕਈ ਇਲਾਕਿਆਂ ਦੀ ਬਿਜਲੀ ਸਪਲਾਈ ਰਹੀ ਠੱਪ
ਤੇਜ਼ ਹਨੇਰੀ ਨਾਲ ਮਹਾਨਗਰ ਦੇ ਕਈ ਇਲਾਕਿਆਂ ਦੀ ਬਿਜਲੀ ਸਪਲਾਈ ਰਹੀ ਠੱਪ
Publish Date: Sat, 13 Jun 2026 07:55 PM (IST)
Updated Date: Sun, 14 Jun 2026 04:06 AM (IST)

ਪਾਵਰਕਾਮ ਨੂੰ ਕਰੀਬ ਢਾਈ ਕਰੋੜ ਰੁਪਏ ਦੇ ਨੁਕਸਾਨ ਦਾ ਖਦਸ਼ਾ ਪ੍ਰਿੰਸ ਸ਼ਰਮਾ, ਪੰਜਾਬੀ ਜਾਗਰਣ, ਲੁਧਿਆਣਾ : ਮਹਾਨਗਰ ਲੁਧਿਆਣਾ ਵਿੱਚ ਸ਼ੁੱਕਰਵਾਰ ਦੇਰ ਰਾਤ ਤੇ ਸ਼ਨਿੱਚਰਵਾਰ ਸਵੇਰੇ ਆਈ ਤੇਜ਼ ਹਨੇਰੀ ਅਤੇ ਮੀਂਹ ਨੇ ਸਨਅਤੀ ਸ਼ਹਿਰ ਦੀ ਬਿਜਲੀ ਵਿਵਸਥਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ। ਇਸ ਦੌਰਾਨ ਚੱਲੀਆਂ ਤੇਜ਼ ਹਵਾਵਾਂ ਕਾਰਨ ਸ਼ਹਿਰ ਦੇ ਕਈ ਹਿੱਸਿਆਂ ’ਚ ਬਿਜਲੀ ਦੇ ਖੰਭੇ ਟੁੱਟਣ ਦੇ ਨਾਲ ਨਾਲ ਵੱਡੇ ਦਰੱਖਤਾਂ ਦੇ ਡਿੱਗਣ ਅਤੇ ਟਾਹਣੇ ਟੁੱਟਕੇ ਬਿਜਲੀ ਦੀਆਂ ਤਾਰਾਂ ’ਤੇ ਡਿੱਗਣ ਕਾਰਨ ਸਪਲਾਈ ਪੂਰੀ ਤਰ੍ਹਾਂ ਬੰਦ ਹੋ ਗਈ। ਇਸ ਦੌਰਾਨ ਸ਼ਹਿਰ ਦੇ ਕਈ ਇਲਾਕਿਆ ਵਿੱਚ ਹਵਾ ਕਾਰਨ ਤਾਰਾਂ ਦੇ ਆਪਸ ਵਿੱਚ ਟਕਰਾਉਣ ਕਾਰਨ ਬਿਜਲੀ ਬੰਦ ਹੋ ਗਈ। ਜਦਕਿ ਇਸ ਦੌਰਾਨ ਬਿਜਲੀ ਦੇ ਵਧਣ ਘਟਣ ਕਾਰਨ ਲੋਕਾਂ ਦੇ ਬਿਜਲੀ ਦੇ ਸਾਜ਼ੋ-ਸਾਮਾਨ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ। ਇਨ੍ਹਾਂ ਹਲਾਤਾਂ ਦੌਰਾਨ ਸ਼ਹਿਰ ਦੇ ਕਈ ਇਲਾਕਿਆਂ ’ਚ 7 ਤੋਂ 10 ਘੰਟਿਆਂ ਤੱਕ ਬਿਜਲੀ ਸਪਲਾਈ ਠੱਪ ਰਹੀ। ਪਾਵਰਕਾਮ ਦੇ ਮੁੱਢਲੇ ਅੰਦਾਜ਼ੇ ਮੁਤਾਬਕ ਕੁਦਰਤੀ ਆਫ਼ਤ ਕਾਰਨ ਬਿਜਲੀ ਢਾਂਚੇ ਨੂੰ ਕਰੀਬ ਢਾਈ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਦੌਰਾਨ ਫੁਹਾਰਾ ਚੌਕ ਨੇੜੇ 11 ਕੇਵੀ ਲਾਈਨ ਵਿੱਚ ਵੱਡੀ ਖਰਾਬੀ ਆ ਗਈ, ਜਦਕਿ ਕਈ ਫੀਡਰਾਂ ਅਤੇ ਟਰਾਂਸਫਾਰਮਰਾਂ ਵਿੱਚ ਵੀ ਤਕਨੀਕੀ ਨੁਕਸ ਪੈਦਾ ਹੋਏ। ਹਨੇਰੀ ਕਾਰਨ ਸ਼ਹਿਰ ਦੇ ਮਾਲ ਰੋਡ, ਫੁਹਾਰਾ ਚੌਕ, ਸਿਵਲ ਲਾਇਨਜ਼, ਉਪਕਾਰ ਨਗਰ, ਘੁਮਾਰ ਮੰਡੀ, ਮਾਇਆ ਨਗਰ, ਪ੍ਰੇਮ ਨਗਰ, ਟੈਗੋਰ ਨਗਰ, ਅਗਰਵਾਲ ਇਨਕਲੇਵ, ਮਾਡਲ ਟਾਊਨ, ਨਿਊ ਜਨਤਾ ਨਗਰ, ਟੇਡੀ ਰੋਡ, ਸ਼ਿਮਲਾਪੁਰੀ, ਸਤਿਗੁਰ ਨਗਰ, ਢਿਲੋਂ ਨਗਰ, ਲੁਹਾਰਾ ਅਤੇ ਗਿਆਸਪੁਰਾ ਦੇ ਕਈ ਇਲਾਕੇ, ਦਸਮੇਸ਼ ਨਗਰ, ਚੰਡੀਗੜ੍ਹ ਰੋਡ, ਢੰਡਾਰੀ, ਅਸ਼ੋਕ ਨਗਰ, ਜਨਤਾ ਨਗਰ, ਪੰਜਾਬ ਮਾਤਾ ਨਗਰ ਅਤੇ ਫਤਿਹਗੜ੍ਹ ਮੁਹੱਲਾ ਸਮੇਤ ਕਈ ਇਲਾਕਿਆਂ ਵਿੱਚ ਬਿਜਲੀ ਪ੍ਰਭਾਵਿਤ ਰਹੀ। ਬਿਜਲੀ ਬੰਦ ਹੋਣ ਕਾਰਨ ਕਈ ਇਲਾਕਿਆਂ ਵਿੱਚ ਨਗਰ ਨਿਗਮ ਦੇ ਟਿਊਬਵੈਲ ਬੰਦ ਹੋਣ ਕਾਰਨ ਪਾਣੀ ਦੀ ਸਮੱਸਿਆ ਵਧੀ। ਬਿਜਲੀ ਸਪਲਾਈ ਪ੍ਰਭਾਵਿਤ ਹੋਣ ਦਾ ਸਭ ਤੋਂ ਵੱਧ ਅਸਰ ਸਵੇਰ ਸਮੇਂ ਵੇਖਣ ਨੂੰ ਮਿਲਿਆ। ਘਰਾਂ ਵਿੱਚ ਪਾਣੀ ਦੀਆਂ ਮੋਟਰਾਂ ਨਾ ਚੱਲਣ ਕਾਰਨ ਟੈਂਕੀਆਂ ਖਾਲੀ ਹੋ ਗਈਆਂ ਅਤੇ ਲੋਕਾਂ ਨੂੰ ਪੀਣ ਵਾਲੇ ਪਾਣੀ ਸਮੇਤ ਰੋਜ਼ਾਨਾ ਦੀਆਂ ਲੋੜਾਂ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਗਰਮੀ ਦੇ ਮੌਸਮ ਵਿੱਚ ਬਿਜਲੀ ਨਾ ਹੋਣ ਕਾਰਨ ਬਜ਼ੁਰਗਾਂ, ਬੱਚਿਆਂ ਅਤੇ ਬਿਮਾਰ ਲੋਕਾਂ ਨੂੰ ਵੀ ਪ੍ਰੇਸ਼ਾਨੀ ਝੱਲਣੀ ਪਈ। ਦੂਜੇ ਪਾਸੇ ਛੋਟੇ ਵਪਾਰੀਆਂ ਅਤੇ ਦੁਕਾਨਦਾਰਾਂ ਦਾ ਕੰਮਕਾਜ ਵੀ ਪ੍ਰਭਾਵਿਤ ਹੋਇਆ। ਕਈ ਕਾਰੋਬਾਰੀਆਂ ਨੂੰ ਬਿਜਲੀ ਨਾ ਹੋਣ ਕਾਰਨ ਆਪਣਾ ਕੰਮ ਰੋਕਣਾ ਪਿਆ। ਬਾਕਸ ਸ਼ਿਕਾਇਤ ਕੇਂਦਰਾਂ ’ਤੇ ਜਵਾਬ ਨਾ ਮਿਲਣ ਦੀ ਲੋਕਾਂ ਦੀ ਸ਼ਿਕਾਇਤ ਇਲਾਕਾ ਵਾਸੀਆਂ ਨੇ ਦੱਸਿਆ ਕਿ ਬਿਜਲੀ ਬੰਦ ਹੋਣ ਤੋਂ ਬਾਅਦ ਉਨ੍ਹਾਂ ਨੇ ਪਾਵਰਕਾਮ ਦੇ ਸ਼ਿਕਾਇਤ ਕੇਂਦਰਾਂ ਅਤੇ ਹੈਲਪਲਾਈਨ ਨੰਬਰਾਂ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਕਈ ਵਾਰ ਫੋਨ ਵਿਅਸਤ ਮਿਲੇ ਜਾਂ ਕੋਈ ਸਪੱਸ਼ਟ ਜਵਾਬ ਨਹੀਂ ਮਿਲਿਆ। ਲੋਕਾਂ ਨੇ ਮੰਗ ਕੀਤੀ ਕਿ ਐਮਰਜੈਂਸੀ ਹਾਲਾਤਾਂ ਵਿੱਚ ਸ਼ਿਕਾਇਤ ਪ੍ਰਣਾਲੀ ਨੂੰ ਹੋਰ ਮਜ਼ਬੂਤ ਕੀਤਾ ਜਾਵੇ। ਬਾਕਸ-- ਪਾਵਰਕਾਮ ਦੀਆਂ ਟੀਮਾਂ ਨੇ ਰਾਤ ਭਰ ਚਲਾਇਆ ਮੁਰੰਮਤ ਦਾ ਕੰਮ ਪਾਵਰਕਾਮ ਦੇ ਅਡੀਸ਼ਨਲ ਐਸਡੀਓ ਟੈਕਨੀਕਲ ਅਨਿਲ ਦਿਵਾਰਕ ਵੱਲੋਂ ਹਨੇਰੀ ਦੌਰਾਨ ਪਾਵਰਕਾਮ ਦੇ ਨੁਕਸਾਨ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਖ਼ਰਾਬ ਹੋਏ ਮੌਸਮ ਦੌਰਾਨ ਤੇਜ ਹਵਾਵਾਂ ਨਾਲ ਟੈਗੋਰ ਨਗਰ ਬਲਾਕ ਏ ਵਿੱਚ ਲੱਗੇ ਸੰਬੰਧਿਤ 100 ਕੇਵੀਂਏ ਟਰਾਂਸਫਾਰਮਰ ਅਤੇ 200 ਕੇਵੀਏ ਦੇ ਦੋ ਟਰਾਂਸਫਾਰਮਰਾਂ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਦੇ ਨਾਲ ਤੇਜ਼ ਹਵਾਵਾਂ ਕਾਰਨ ਕਈ ਥਾਵਾਂ ’ਤੇ ਖੰਭੇ, ਤਾਰਾਂ ਅਤੇ ਬਿਜਲੀ ਉਪਕਰਣ ਨੁਕਸਾਨੇ ਗਏ, ਜਦਕਿ ਦਰੱਖਤਾਂ ਦੇ ਡਿੱਗਣ ਕਾਰਨ ਤਾਰਾਂ ਟੁੱਟ ਗਈਆਂ। ਮੀਂਹ ਅਤੇ ਖਰਾਬ ਮੌਸਮ ਕਾਰਨ ਮੁਰੰਮਤ ਕੰਮ ਵਿੱਚ ਕੁਝ ਰੁਕਾਵਟਾਂ ਵੀ ਆਈਆਂ, ਪਰ ਵਿਭਾਗ ਦੀਆਂ ਟੀਮਾਂ ਵੱਲੋਂ ਰਾਤ ਭਰ ਅਤੇ ਸ਼ਨਿਚਰਵਾਰ ਸਵੇਰ ਤੋਂ ਮੁਰੰਮਤ ਦੇ ਕੰਮ ਕਰਕੇ ਜ਼ਿਆਦਾਤਰ ਖਰਾਬੀਆਂ ਦੂਰ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਕਈ ਇਲਾਕਿਆਂ ਵਿੱਚ ਸਵੇਰੇ 7 ਵਜੇ ਤੱਕ ਬਿਜਲੀ ਸਪਲਾਈ ਮੁੜ ਚਾਲੂ ਕਰ ਦਿੱਤੀ ਗਈ ਸੀ, ਜਦਕਿ ਕੁਝ ਖੇਤਰਾਂ ਵਿੱਚ ਦੁਪਹਿਰ ਤੱਕ ਸਪਲਾਈ ਆਮ ਹੋ ਸਕੀ।