- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਿਜਲੀ ਕੱਟਾਂ ਨੇ ਕਾਰਖ਼ਾਨੇਦਾਰਾਂ ਦਾ ਲੱਕ ਤੋੜਿਆ-ਧੀਮਾਨ

ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ, ਲੁਧਿਆਣਾ
ਪੰਜਾਬ ਦੇ ਉਦਯੋਗਿਕ ਖੇਤਰਾਂ ਵਿੱਚ ਲੱਗ ਰਹੇ 4 ਤੋਂ 5 ਘੰਟਿਆਂ ਦੇ ਅਣਐਲਾਨੇ ਬਿਜਲੀ ਕੱਟਾਂ ਨੂੰ ਲੈ ਕੇ ਭਾਜਪਾ ਨੇ ਪੰਜਾਬ ਸਰਕਾਰ ਨੂੰ ਘੇਰਿਆ ਹੈ। ਭਾਜਪਾ ਦੇ ਪੰਜਾਬ ਪ੍ਰਦੇਸ਼ ਦੇ ਜਨਰਲ ਸਕੱਤਰ ਰਜਨੀਸ਼ ਧੀਮਾਨ ਨੇ ਕਿਹਾ ਕਿ ਪਹਿਲਾਂ ਹੀ ਮੰਦੀ ਅਤੇ ਆਰਥਿਕ ਚੁਣੌਤੀਆਂ ਨਾਲ ਜੂਝ ਰਹੀ ਪੰਜਾਬ ਦੀ ਇੰਡਸਟਰੀ ਨੂੰ ਬਿਜਲੀ ਕੱਟਾਂ ਨੇ ਹੋਰ ਵੱਡੇ ਸੰਕਟ ’ਚ ਧੱਕ ਦਿੱਤਾ ਹੈ। ਧੀਮਾਨ ਨੇ ਕਿਹਾ ਕਿ ਬਿਜਲੀ ਦੀ ਅਨਿਯਮਿਤ ਸਪਲਾਈ ਕਾਰਨ ਉਦਯੋਗਾਂ ਦਾ ਉਤਪਾਦਨ ਪ੍ਰਭਾਵਿਤ ਹੋ ਰਿਹਾ ਹੈ ਤੇ ਸਨਅਤਕਾਰਾਂ ਨੂੰ ਰੋਜ਼ਾਨਾ ਕਰੋੜਾਂ ਰੁਪਏ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ। ਖਾਸ ਕਰਕੇ ਲਗਾਤਾਰ ਉਤਪਾਦਨ ਵਾਲੇ ਉਦਯੋਗਾਂ ਵਿੱਚ ਅਚਾਨਕ ਬਿਜਲੀ ਬੰਦ ਹੋਣ ਨਾਲ ਮਸ਼ੀਨਾਂ ਤੇ ਭੱਠੀਆਂ ਵਿੱਚ ਚੱਲ ਰਿਹਾ ਮਹਿੰਗਾ ਕੱਚਾ ਮਾਲ ਖਰਾਬ ਹੋ ਰਿਹਾ ਹੈ। ਬਿਜਲੀ ਸੰਕਟ ਦਾ ਸਿੱਧਾ ਅਸਰ ਉਦਯੋਗਾਂ ਦੇ ਨਾਲ-ਨਾਲ ਲੱਖਾਂ ਮਜ਼ਦੂਰਾਂ ਅਤੇ ਕਾਮਿਆਂ ਦੀ ਰੋਜ਼ੀ-ਰੋਟੀ ’ਤੇ ਵੀ ਪੈ ਰਿਹਾ ਹੈ। ਉਤਪਾਦਨ ਰੁਕਣ ਨਾਲ ਫੈਕਟਰੀਆਂ ਦੇ ਕੰਮਕਾਜ ਅਤੇ ਮਾਲ ਦੀ ਸਮੇਂ ਸਿਰ ਸਪਲਾਈ ਪ੍ਰਭਾਵਿਤ ਹੋ ਰਹੀ ਹੈ। ਧੀਮਾਨ ਨੇ ਭਗਵੰਤ ਮਾਨ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਇਕ ਪਾਸੇ ਸਰਕਾਰ ਪੰਜਾਬ ਵਿੱਚ ਨਵਾਂ ਨਿਵੇਸ਼ ਲਿਆਉਣ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ, ਜਦਕਿ ਦੂਜੇ ਪਾਸੇ ਪਹਿਲਾਂ ਤੋਂ ਚੱਲ ਰਹੇ ਉਦਯੋਗ ਨੂੰ ਵੀ ਨਿਰਵਿਘਨ ਬਿਜਲੀ ਮੁਹੱਈਆ ਨਹੀਂ ਕਰਵਾ ਸਕੀ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਮੌਜੂਦਾ ਉਦਯੋਗ ਹੀ ਬਿਜਲੀ ਕੱਟਾਂ ਨਾਲ ਜੂਝ ਰਹੇ ਹਨ ਤਾਂ ਨਵੇਂ ਨਿਵੇਸ਼ਕ ਪੰਜਾਬ ਵਿੱਚ ਨਿਵੇਸ਼ ਕਰਨ ਬਾਰੇ ਕੀ ਸੋਚਣਗੇ। ਉਨ੍ਹਾਂ ਮੰਗ ਕੀਤੀ ਕਿ ਅਣਐਲਾਨੇ ਬਿਜਲੀ ਕੱਟ ਤੁਰੰਤ ਬੰਦ ਕਰਕੇ ਉਦਯੋਗਿਕ ਖੇਤਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦ ਹੱਲ ਨਾ ਕੀਤਾ ਤਾਂ ਭਾਜਪਾ ਇੰਡਸਟਰੀ ਦੇ ਹਿੱਤਾਂ ਲਈ ਸੜਕਾਂ ’ਤੇ ਉਤਰਨ ਲਈ ਮਜਬੂਰ ਹੋਵੇਗੀ।