- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਾਮ 7 ਵਜੇ ਤੋਂ ਰਾਤ 12 ਵਜੇ ਤੱਕ ਬਿਜਲੀ ਕੱਟਾਂ ਨੇ ਵਧਾਈ ਕਾਰਖ਼ਾਨੇਦਾਰਾਂ ਦੀ ਮੁਸ਼ਕਿਲ

-ਸ਼ਾਮ 7 ਤੋਂ ਰਾਤ 12 ਵਜੇ ਤੱਕ ਬਿਜਲੀ ਕੱਟਾਂ ਨੇ ਵਧਾਈ ਕਾਰਖ਼ਾਨੇਦਾਰਾਂ ਦੀ ਮੁਸ਼ਕਲ
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਰਾਤ ਸਮੇਂ ਬਿਜਲੀ ਦੇ ਲੰਬੇ ਕੱਟਾਂ ਕਾਰਨ ਆਮ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਲੈ ਕੇ ਢੰਡਾਰੀ ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ ਨੇ ਬਿਜਲੀ ਵਿਭਾਗ ਦੇ ਮੁੱਖ ਇੰਜੀਨੀਅਰ ਨੂੰ ਪੱਤਰ ਭੇਜ ਕੇ ਉਦਯੋਗਿਕ,ਰਿਹਾਇਸ਼ੀ ਅਤੇ ਹੋਰ ਆਮ ਇਲਾਕਿਆਂ ਵਿੱਚ ਬਿਜਲੀ ਸਪਲਾਈ ਜਲਦੀ ਬਹਾਲ ਕਰਨ ਦੀ ਮੰਗ ਕੀਤੀ ਹੈ।
ਐਸੋਸੀਏਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਮੱਕੜ ਨੇ ਕਿਹਾ ਕਿ ਪਹਿਲਾਂ ਹੋਈ ਗੱਲਬਾਤ ਦੌਰਾਨ ਇਹ ਤੈਅ ਹੋਇਆ ਸੀ ਕਿ ਰਾਤ 7 ਵਜੇ ਤੋਂ 12 ਵਜੇ ਤੱਕ ਕੁੱਝ ਕਾਰਖ਼ਾਨਿਆਂ ਦੀ ਬਿਜਲੀ ਸਪਲਾਈ ਬੰਦ ਰੱਖੀ ਜਾਵੇਗੀ, ਜਦਕਿ ਹੋਰ ਇਲਾਕਿਆਂ ਵਿੱਚ ਸਪਲਾਈ ਬਹਾਲ ਰਹੇਗੀ। ਪਰ ਪਿਛਲੇ ਕਈ ਦਿਨਾਂ ਤੋਂ ਕਈ ਫੀਡਰਾਂ ’ਤੇ ਵੀ ਬਿਜਲੀ ਸਪਲਾਈ ਬੰਦ ਕੀਤੀ ਜਾ ਰਹੀ ਹੈ, ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੱਕੜ ਨੇ ਕਿਹਾ ਕਿ ਰਾਤ ਦਾ ਸਮਾਂ ਪਰਿਵਾਰਾਂ ਲਈ ਆਰਾਮ ਕਰਨ ਦਾ ਹੁੰਦਾ ਹੈ। ਸਵੇਰੇ ਬੱਚਿਆਂ ਨੇ ਸਕੂਲ ਅਤੇ ਲੋਕਾਂ ਨੇ ਆਪਣੇ ਕੰਮਾਂ-ਕਾਰਾਂ ’ਤੇ ਜਾਣਾ ਹੁੰਦਾ ਹੈ। ਅਜਿਹੇ ਵਿੱਚ ਗਰਮੀ ਦੇ ਮੌਸਮ ਦੌਰਾਨ ਕਈ ਘੰਟਿਆਂ ਤੱਕ ਬਿਜਲੀ ਬੰਦ ਰਹਿਣ ਕਾਰਨ ਬੱਚਿਆਂ, ਬਜ਼ੁਰਗਾਂ ਅਤੇ ਹੋਰ ਲੋਕਾਂ ਨੂੰ ਕਾਫ਼ੀ ਦਿੱਕਤਾਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਰਾਤ ਸਮੇਂ ਬਿਜਲੀ ਬੰਦ ਹੋਣ ਨਾਲ ਕਈ ਇਲਾਕਿਆਂ ਵਿੱਚ ਹਨੇਰਾ ਛਾ ਜਾਂਦਾ ਹੈ। ਇਸ ਕਾਰਨ ਚੋਰੀ ਤੇ ਹੋਰ ਅਣਚਾਹੀਆਂ ਘਟਨਾਵਾਂ ਦਾ ਖ਼ਤਰਾ ਵੀ ਵਧ ਸਕਦਾ ਹੈ। ਇਸ ਲਈ ਇਹ ਮਾਮਲਾ ਸਿਰਫ਼ ਲੋਕਾਂ ਦੀ ਸਹੂਲਤ ਨਾਲ ਹੀ ਨਹੀਂ, ਸਗੋਂ ਉਨ੍ਹਾਂ ਦੀ ਸੁਰੱਖਿਆ ਨਾਲ ਵੀ ਜੁੜਿਆ ਹੋਇਆ ਹੈ।
ਐਸੋਸੀਏਸ਼ਨ ਨੇ ਕਿਹਾ ਕਿ ਕਈ ਇਲਾਕਿਆਂ ਵਿੱਚ ਪਾਣੀ ਦੀ ਸਪਲਾਈ ਵੀ ਬਿਜਲੀ ’ਤੇ ਨਿਰਭਰ ਹੈ। ਲੰਬੇ ਸਮੇਂ ਤੱਕ ਬਿਜਲੀ ਬੰਦ ਰਹਿਣ ਕਾਰਨ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਰਹਿੰਦਾ ਹੈ, ਜਿਸ ਨਾਲ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧ ਜਾਂਦੀਆਂ ਹਨ।
ਮੱਕੜ ਨੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਕਾਰਨ ਬਿਜਲੀ ਕੱਟ ਲਾਉਣਾ ਜ਼ਰੂਰੀ ਹੈ। ਤਾਂ ਇਸ ਦੀ ਮਿਆਦ ਘੱਟ ਤੋਂ ਘੱਟ ਰੱਖੀ ਜਾਵੇ। ਉਨ੍ਹਾਂ ਮੰਗ ਕੀਤੀ ਕਿ ਜੇਕਰ ਰਾਤ ਸਮੇਂ ਸਪਲਾਈ ਬੰਦ ਕਰਨੀ ਵੀ ਪਵੇ, ਤਾਂ ਵੱਧ ਤੋਂ ਵੱਧ ਰਾਤ 8 ਜਾਂ 9 ਵਜੇ ਤੱਕ ਬਿਜਲੀ ਬਹਾਲ ਕਰ ਦਿੱਤੀ ਜਾਵੇ, ਤਾਂ ਜੋ ਆਮ ਲੋਕਾਂ ਨੂੰ ਰਾਤ ਦੇ ਸਮੇਂ ਲੰਬੇ ਕੱਟਾਂ ਦਾ ਸਾਹਮਣਾ ਨਾ ਕਰਨਾ ਪਵੇ।
ਮੱਕੜ ਨੇ ਕਿਹਾ ਕਿ ਕਾਰਖ਼ਾਨੇਦਾਰਾਂ ਨੇ ਹਮੇਸ਼ਾ ਬਿਜਲੀ ਵਿਭਾਗ ਦਾ ਸਹਿਯੋਗ ਕੀਤਾ ਹੈ ਅਤੇ ਮੌਜੂਦਾ ਹਾਲਾਤਾਂ ਵਿੱਚ ਵੀ ਵਿਭਾਗ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇੰਡਸਟਰੀ ਦੇ ਇਸ ਸਹਿਯੋਗ ਨੂੰ ਧਿਆਨ ਵਿੱਚ ਰੱਖਦਿਆਂ ਆਮ ਲੋਕਾਂ ਅਤੇ ਇੰਡਸਟਰੀ ਨਾਲ ਜੁੜੇ ਪਰਿਵਾਰਾਂ ਦੀਆਂ ਮੁਸ਼ਕਲਾਂ ਨੂੰ ਵੀ ਸਮਝਿਆ ਜਾਣਾ ਚਾਹੀਦਾ ਹੈ। ਉਨ੍ਹਾਂ ਮੁੱਖ ਇੰਜੀਨੀਅਰ ਨੂੰ ਅਪੀਲ ਕੀਤੀ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਰਿਹਾਇਸ਼ੀ ਅਤੇ ਆਮ ਇਲਾਕਿਆਂ ਵਿੱਚ ਰਾਤ ਸਮੇਂ ਬਿਜਲੀ ਸਪਲਾਈ ਜਲਦੀ ਬਹਾਲ ਕਰਨ ਲਈ ਉਚਿਤ ਕਦਮ ਚੁੱਕੇ ਜਾਣ।
-ਬਾਕਸ-
ਸਨਅਤਾਂ ਨੂੰ ਰਾਤ ਦੇ ਬਲੈਕਆਊਟ ਤੋਂ ਬਚਾਉਣ ਲਈ ਫਿਕੋ ਦੇ ਵਫ਼ਦ ਵੱਲੋਂ ਬਿਜਲੀ ਮੰਤਰੀ ਨਾਲ ਮੁਲਾਕਾਤ
ਫ਼ੋਟੋ ਨੰਬਰ-2
ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪੀਐੱਸਪੀਸੀਐੱਲ) ਵੱਲੋਂ ਜੀਐੱਚਟੀਪੀ ਲਹਿਰਾ ਮੁਹੱਬਤ, ਜੀਜੀਐੱਸਐੱਸਟੀਪੀ ਰੋਪੜ ਦੀਆਂ ਕੁੱਝ ਯੂਨਿਟਾਂ ਦੇ ਬੰਦ ਹੋਣ ਤੇ ਆਰਐਸਡੀ ਯੂਨਿਟਾਂ ਦੀ ਉਪਲੱਬਧਤਾ ਨਾ ਹੋਣ ਕਾਰਨ ਪੈਦਾ ਹੋਈ ਬਿਜਲੀ ਦੀ ਘਾਟ/ਐਮਰਜੈਂਸੀ ਨੂੰ ਦੇਖਦੇ ਹੋਏ, ਗਰਿੱਡ ਸੁਰੱਖਿਆ ਦੇ ਹਿੱਤ ’ਚ ਲੁਧਿਆਣਾ ਸ਼ਹਿਰ ਦੇ ਮਿਲਰਗੰਜ, ਮੰਡੀ ਗੋਬਿੰਦਗੜ੍ਹ, ਖੰਨਾ ਤੇ ਮੋਹਾਲੀ ਦੇ ਓ ਐਂਡ ਐਮ ਡਿਵੀਜ਼ਨਾਂ ਅਧੀਨ ਆਉਂਦੇ ਕੈਟਾਗਰੀ-2 ਅਤੇ ਕੈਟਾਗਰੀ-3 ਇੰਡਸਟਰੀ ਫੀਡਰਾਂ ਦੀ ਬਿਜਲੀ ਸਪਲਾਈ ਸ਼ਾਮ 7 ਵਜੇ ਤੋਂ ਰਾਤ 12 ਵਜੇ ਤੱਕ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਪ੍ਰਬੰਧ ਅਗਲੇ ਹੁਕਮਾਂ ਤੱਕ ਲਾਗੂ ਰਹੇਗਾ।
ਫੈੱਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ (ਫਿਕੋ) ਨੇ ਉਦਯੋਗਾਂ 'ਤੇ ਸ਼ਾਮ 7 ਵਜੇ ਤੋਂ ਰਾਤ 12 ਵਜੇ ਤੱਕ ਬਿਜਲੀ ਬਲੈਕਆਊਟ ਲਾਗੂ ਕਰਨ ਦੇ ਪੀਐਸਪੀਸੀਐਲ ਦੇ ਫੈਸਲੇ ਦਾ ਸਖ਼ਤ ਵਿਰੋਧ ਕੀਤਾ ਹੈ। ਫਿਕੋ ਦੇ ਵਫ਼ਦ ਨੇ ਮਾਨਯੋਗ ਬਿਜਲੀ ਮੰਤਰੀ ਪੰਜਾਬ ਤਰੁਣਪ੍ਰੀਤ ਸਿੰਘ ਸੌਂਦ ਨਾਲ ਮੁਲਾਕਾਤ ਕਰਕੇ ਇਸ ਸਬੰਧੀ ਲਿਖਤੀ ਮੰਗ ਪੱਤਰ ਸੌਂਪਿਆ। ਗੰਭੀਰ ਚਿੰਤਾ ਪ੍ਰਗਟ ਕਰਦਿਆਂ ਗੁਰਮੀਤ ਸਿੰਘ ਕੁਲਾਰ ਪ੍ਰਧਾਨ ਫਿਕੋ ਨੇ ਕਿਹਾ ਕਿ “ਇੰਡਸਟਰੀਅਲ ਬਲੈਕਆਊਟ ਕੋਈ ਹੱਲ ਨਹੀਂ ਹੈ।” ਉਨ੍ਹਾਂ ਕਿਹਾ ਕਿ ਨਿਰਧਾਰਤ ਬਲੈਕਆਊਟ ਦੇ ਸਮੇਂ ਦੌਰਾਨ ਚੋਰੀ ਤੇ ਲੁੱਟ ਦੀਆਂ ਘਟਨਾਵਾਂ ਦਾ ਖਤਰਾ ਕਾਫ਼ੀ ਵੱਧ ਜਾਂਦਾ ਹੈ, ਜਿਸ ਕਾਰਨ ਉਦਯੋਗਾਂ ਦੀ ਸੁਰੱਖਿਆ ਲਈ ਗੰਭੀਰ ਚਿੰਤਾ ਪੈਦਾ ਹੁੰਦੀ ਹੈ। ਬਿਜਲੀ ਉਦਯੋਗ ਲਈ ਸਭ ਤੋਂ ਮਹੱਤਵਪੂਰਨ ਕੱਚੇ ਮਾਲ ਵਿੱਚੋਂ ਇੱਕ ਹੈ। ਕਈ ਮੈਨੂਫੈਕਚਰਿੰਗ ਯੂਨਿਟਾਂ ਉਤਪਾਦਨ ਟੀਚੇ ਪੂਰੇ ਕਰਨ, ਸਮੇਂ ਸਿਰ ਡਿਲਿਵਰੀ ਕਰਨ ਅਤੇ ਨਿਰਯਾਤ ਦੀਆਂ ਵਚਨਬੱਧਤਾਵਾਂ ਨੂੰ ਪੂਰਾ ਕਰਨ ਲਈ ਰਾਤ ਦੀਆਂ ਸ਼ਿਫਟਾਂ ਵਿੱਚ ਕੰਮ ਕਰਦੀਆਂ ਹਨ। ਅਚਾਨਕ ਲਗਾਈਆਂ ਗਈਆਂ ਬਿਜਲੀ ਪਾਬੰਦੀਆਂ ਨਾਲ ਉਤਪਾਦਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ, ਮੈਨੂਫੈਕਚਰਿੰਗ ਲਾਗਤ ਵਧੇਗੀ, ਡਿਲਿਵਰੀ ਵਿੱਚ ਦੇਰੀ ਹੋਵੇਗੀ ਅਤੇ ਪੰਜਾਬ ਦੇ ਉਦਯੋਗਾਂ ਦੀ ਮੁਕਾਬਲਾਤਮਕ ਸਮਰੱਥਾ 'ਤੇ ਮਾੜਾ ਪ੍ਰਭਾਵ ਪਵੇਗਾ।
ਉਨ੍ਹਾਂ ਕਿਹਾ ਕਿ ਉਦਯੋਗ ਪਹਿਲਾਂ ਹੀ ਵਧ ਰਹੀਆਂ ਇਨਪੁਟ ਲਾਗਤਾਂ ਅਤੇ ਹੋਰ ਰਾਜਾਂ ਤੋਂ ਮਿਲ ਰਹੀ ਸਖ਼ਤ ਮੁਕਾਬਲੇਬਾਜ਼ੀ ਸਮੇਤ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਅਜਿਹੇ ਸਮੇਂ ਵਿੱਚ ਰਾਤ ਦੇ ਸਮੇਂ ਬਿਜਲੀ ਕੱਟ ਉਦਯੋਗਿਕ ਇਕਾਈਆਂ 'ਤੇ ਹੋਰ ਵਾਧੂ ਬੋਝ ਪਾਉਣਗੇ ਅਤੇ ਰੋਜ਼ਗਾਰ ਤੇ ਆਰਥਿਕ ਗਤੀਵਿਧੀਆਂ 'ਤੇ ਵੀ ਨਕਾਰਾਤਮਕ ਪ੍ਰਭਾਵ ਪਵੇਗਾ। ਫਿਕੋ ਨੇ ਸਰਕਾਰ ਤੇ ਬਿਜਲੀ ਵਿਭਾਗ ਤੋਂ ਰਾਤ ਦੇ ਸਮੇਂ ਉਦਯੋਗਾਂ 'ਤੇ ਲਗਾਈਆਂ ਗਈਆਂ ਬਿਜਲੀ ਪਾਬੰਦੀਆਂ ਦੀ ਤੁਰੰਤ ਸਮੀਖਿਆ ਕਰਕੇ ਇਨ੍ਹਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ। ਸੰਗਠਨ ਨੇ ਅਪੀਲ ਕੀਤੀ ਕਿ ਉਦਯੋਗਿਕ ਵਿਕਾਸ ਨੂੰ ਕਾਇਮ ਰੱਖਣ, ਨਿਰਯਾਤ ਨੂੰ ਉਤਸ਼ਾਹਿਤ ਕਰਨ ਅਤੇ ਪੰਜਾਬ ਦੀ ਉਦਯੋਗਿਕ ਮੁਕਾਬਲਾਤਮਕਤਾ ਨੂੰ ਬਣਾਈ ਰੱਖਣ ਲਈ ਉਦਯੋਗਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣਾ ਬਹੁਤ ਜ਼ਰੂਰੀ ਹੈ। ਇਸ ਮੌਕੇ 'ਤੇ ਹਾਜ਼ਰ ਪ੍ਰਮੁੱਖ ਸ਼ਖ਼ਸੀਅਤਾਂ ਵਿੱਚ ਫਿਕੋ ਦੇ ਸੀਨੀਅਰ ਮੀਤ ਪ੍ਰਧਾਨ ਰਾਜੀਵ ਜੈਨ, ਪ੍ਰਚਾਰ ਸਕੱਤਰ ਫਿਕੋ ਸਤਨਾਮ ਸਿੰਘ ਮੱਕੜ ਅਤੇ ਫਿਕੋ ਦੇ ਪਲਾਈਵੁੱਡ ਡਿਵੀਜ਼ਨ ਦੇ ਮੁਖੀ ਰਘਬੀਰ ਸਿੰਘ ਸੋਹਲ ਸ਼ਾਮਲ ਸਨ।