ਨੌਜਵਾਨ ਦੀ ਮੌਤ ਦੇ ਮਾਮਲੇ ’ਚ ਕੁਝ ਘੰਟਿਆਂ ’ਚ ਪੁਲਿਸ ਨੇ ਕੀਤਾ ਵੱਡਾ ਖੁਲਾਸਾ 20 ਸਾਲਾ ਨੌਜਵਾਨ ਦੀ ਮੌਤ ਦੇ ਮਾਮਲੇ ’ਚ ਕੁਝ ਘੰਟਿਆਂ ਦੇ ਅੰਦਰ ਹੀ ਪੁਲਿਸ ਨੇ ਕੀਤਾ ਵੱਡਾ ਖੁਲਾਸਾ
Publish Date: Sun, 01 Nov 2026 09:14 PM (IST)
Updated Date: Mon, 02 Nov 2026 04:06 AM (IST)
ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ, ਖੰਨਾ : ਖੰਨਾ ਦੇ ਮੀਟ ਮਾਰਕੀਟ ਨੇੜੇ ਝਾੜੀਆਂ ’ਚੋਂ ਮਿਲੀ 20 ਸਾਲਾ ਨੌਜਵਾਨ ਦੀ ਮੌਤ ਦੇ ਮਾਮਲੇ ’ਚ ਕੁਝ ਘੰਟਿਆਂ ਦੇ ਅੰਦਰ ਹੀ ਪੁਲਿਸ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ। ਉਸਦਾ ਕਤਲ ਉਸਦੇ ਆਪਣੇ ਦੋਸਤ ਨੇ ਕੀਤਾ ਸੀ, ਜਿਸਨੇ ਮੋਬਾਈਲ ਫੋਨ ਦੇ ਲਾਲਚ ’ਚ ਉਸਦੇ ਸਿਰ ਤੇ ਇੱਟ ਨਾਲ ਵਾਰ ਕੀਤਾ ਸੀ। ਕਤਲ ਦਾ ਖੁਲਾਸਾ ਪੋਸਟਮਾਰਟਮ ਜਾਂਚ ਤੇ ਪੁਲਿਸ ਜਾਂਚ ’ਚ ਹੋਇਆ ਹੈ। ਪੋਸਟਮਾਰਟਮ ਰਿਪੋਰਟ ’ਚ ਦੱਸਿਆ ਗਿ ਕਿ ਨੌਜਵਾਨ ਦੀ ਮੌਤ ਸਿਰ ’ਚ ਸੱਟ ਲੱਗਣ ਕਾਰਨ ਹੋਈ ਸੀ। ਪੁਲਿਸ ਨੇ ਕੁਝ ਘੰਟਿਆਂ ’ਚ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਡੀਐਸਪੀ ਵਿਨੋਦ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਸਚਿਨ ਕੁਮਾਰ ਦੇ ਪਿਤਾ ਅੰਮ੍ਰਿਤ ਪਾਸਵਾਨ ਵਾਸੀ ਦਲੀਪ ਸਿੰਘ ਨਗਰ ਖੰਨਾ ਨੇ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਦਾ ਪੁੱਤਰ ਸਚਿਨ ਕੁਮਾਰ 30 ਅਕਤੂਬਰ ਨੂੰ ਸ਼ਾਮ 7 ਵਜੇ ਦੇ ਕਰੀਬ ਬੁੱਕਸ ਮਾਰਕੀਟ ਖੰਨਾ ਮੋਬਾਈਲ ਦੀ ਕਿਸ਼ਤ ਭਰਨ ਲਈ ਗਿਆ ਸੀ। ਉਸ ਦੇ ਨਾਲ ਹਰਮਨ ਸਿੰਘ ਉਰਫ਼ ਹੈਰੀ ਜੋ ਕਿ ਗਲੀ ਨੰਬਰ 2 ਮੁਹੱਲਾ ਹੱਡਾ ਰੋਡੀ ਦਾ ਰਹਿਣ ਵਾਲਾ ਵੀ ਸੀ। ਮੋਬਾਈਲ ਦੀ ਕਿਸ਼ਤ ਭਰਨ ਤੋਂ ਬਾਅਦ ਹਰਮਨ ਸਿੰਘ, ਸਚਿਨ ਕੁਮਾਰ ਨੂੰ ਮੀਟ ਮਾਰਕੀਟ ਦੇ ਨੇੜੇ ਝਾੜੀਆਂ ’ਚ ਲੈ ਗਿਆ ਤੇ ਉਸ ਨੂੰ ਨਸ਼ੀਲਾ ਟੀਕਾ ਲਗਾ ਦਿੱਤਾ। ਇਸ ਤੋਂ ਬਾਅਦ ਸਚਿਨ ਘਰ ਵਾਪਸ ਨਹੀਂ ਪਰਤਿਆ। 31 ਅਕਤੂਬਰ ਨੂੰ ਪਰਿਵਾਰ ਨੂੰ ਫੋਨ ’ਤੇ ਸੂਚਨਾ ਮਿਲੀ ਕਿ ਸਚਿਨ ਦੀ ਲਾਸ਼ ਮੀਟ ਮਾਰਕੀਟ ਨੇੜੇ ਝਾੜੀਆਂ ’ਚ ਪਈ ਹੈ। ਪਰਿਵਾਰ ਨੂੰ ਸ਼ੁਰੂ ’ਚ ਸ਼ੱਕ ਸੀ ਕਿ ਉਸਦੀ ਮੌਤ ਟੀਕੇ ਕਾਰਨ ਹੋਈ ਹੈ। ਇਸ ਸਬੰਧੀ ਸਿਟੀ-2 ਪੁਲਿਸ ਸਟੇਸ਼ਨ ਖੰਨਾ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਨੇ ਸਚਿਨ ਕੁਮਾਰ ਦੀ ਲਾਸ਼ ਦਾ ਸਿਵਲ ਹਸਪਤਾਲ ਖੰਨਾ ਵਿਖੇ ਪੋਸਟਮਾਰਟਮ ਕਰਵਾਇਆ। ਪੋਸਟਮਾਰਟਮ ਤੇ ਹੋਰ ਜਾਂਚ ਦੌਰਾਨ ਮਾਮਲੇ ’ਚ ਇੱਕ ਨਵਾਂ ਖੁਲਾਸਾ ਹੋਇਆ ਕਿ ਹਰਮਨ ਸਿੰਘ ਉਰਫ਼ ਹੈਰੀ ਨੇ ਸਚਿਨ ਕੁਮਾਰ ਨਾਲ ਝਗੜੇ ਤੋਂ ਬਾਅਦ ਉਸਦੇ ਸਿਰ ਤੇ ਇੱਟ ਮਾਰ ਕੇ ਉਸਦੀ ਹੱਤਿਆ ਕਰ ਦਿੱਤੀ ਸੀ। ਇਸ ਤੋਂ ਬਾਅਦ ਸਚਿਨ ਦਾ ਮੋਬਾਇਲ ਵੀ ਖੋਹ ਲਿਆ ਸੀ। ਇਸ ਖੁਲਾਸੇ ਤੋਂ ਬਾਅਦ ਪੁਲਿਸ ਨੇ ਮੁਕੱਦਮੇ ’ਚ ਧਾਰਾ 103 ਬੀਐੱਨਐੱਸ ਜੋੜ ਦਿੱਤੀ ਤੇ ਧਾਰਾ 105 ਹਟਾ ਦਿੱਤੀ। ਖੰਨਾ ਪੁਲਿਸ ਨੇ ਮੁਲਜ਼ਮ ਹਰਮਨ ਸਿੰਘ ਉਰਫ਼ ਹੈਰੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਉਸਨੂੰ ਅੱਜ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।