ਨਸ਼ੇ ਖ਼ਿਲਾਫ਼ ਪੁਲਿਸ ਕਾਰਵਾਈ, ਵੱਖ-ਵੱਖ ਥਾਵਾਂ ਤੋਂ ਮੁਲਜ਼ਮ ਕਾਬੂ
ਸ਼ਹਿਰ ਵਿੱਚ ਨਸ਼ੇ ਦੇ ਖ਼ਿਲਾਫ਼ ਪੁਲਿਸ ਦੀ ਕਾਰਵਾਈ, ਵੱਖ-ਵੱਖ ਥਾਵਾਂ ਤੋਂ ਮੁਲਜ਼ਮ ਕੀਤੇ ਕਾਬੂ
Publish Date: Wed, 25 Mar 2026 08:54 PM (IST)
Updated Date: Thu, 26 Mar 2026 04:08 AM (IST)
ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ ਲੁਧਿਆਣਾ : ਸਨਅਤੀ ਸ਼ਹਿਰ ਲੁਧਿਆਣਾ ’ਚ ਨਸ਼ੇ ਖ਼ਿਲਾਫ਼ ਚੱਲ ਰਹੀ ਮੁਹਿੰਮ ਤਹਿਤ ਪੁਲਿਸ ਨੇ ਵੱਖ-ਵੱਖ ਇਲਾਕਿਆਂ ਵਿਚ ਛਾਪੇਮਾਰੀ ਕਰ ਕੇ ਨਸ਼ਾ ਕਰਨ ਤੇ ਤਸਕਰੀ ਨਾਲ ਜੁੜੇ ਕਈ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਸਾਰੇ ਦੋਸ਼ੀਆਂ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਮਾਮਲੇ ਦਰਜ ਕਰ ਕੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਪਹਿਲੇ ਮਾਮਲੇ ’ਚ ਥਾਣਾ ਡਾਬਾ ਦੀ ਪੁਲਿਸ ਨੇ ਪਿੰਡ ਘਵੱਦੀ ਵਾਸੀ ਵਰਿੰਦਰ ਸਿੰਘ ਨੂੰ ਨਸ਼ਾ ਕਰਦੇ ਹੋਏ ਕਾਬੂ ਕੀਤਾ। ਇਸੇ ਤਰ੍ਹਾਂ ਥਾਣਾ-6 ਦੀ ਪੁਲਿਸ ਨੇ ਨਿਸ਼ਾਤ ਬਾਗ ਕਾਲੋਨੀ ਦੇ ਸਿਕੰਦਰ ਸਿੰਘ ਨੂੰ ਨਸ਼ੇ ਦੀ ਹਾਲਤ ’ਚ ਗ੍ਰਿਫ਼ਤਾਰ ਕੀਤਾ। ਇਸ ਤੋਂ ਇਲਾਵਾ ਥਾਣਾ ਪੀਏਯੂ ਦੀ ਪੁਲਿਸ ਨੇ ਸੁਖਦੇਵ ਇਨਕਲੇਵ ਦੇ ਚੰਦਨ ਸਾਹਨੀ ਨੂੰ ਕਾਬੂ ਕੀਤਾ, ਜਦਕਿ ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ ਕਾਰਵਾਈ ਕਰਦਿਆਂ ਪ੍ਰਿੰਸ ਕੁਮਾਰ, ਕਰਨ ਕੁਮਾਰ, ਰਾਜਵੀਰ ਅਤੇ ਸਾਗਰ ਨੂੰ ਨਸ਼ਾ ਕਰਦੇ ਹੋਏ ਗ੍ਰਿਫ਼ਤਾਰ ਕੀਤਾ। ਪੁਲਿਸ ਮੁਤਾਬਕ ਸਾਰੇ ਮੁਲਜ਼ਮਾਂ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਮਾਮਲੇ ਦਰਜ ਕਰ ਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।