- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਲੈਨੇਟ ਈ ਸਕੂਲ ਵੱਲੋਂ ‘ਉਤਕਰਸ਼ ਜੂਨੀਅਰ ਸਪੋਰਟਸ ਡੇ’ ਦਾ ਜੋਸ਼ ਤੇ ਖੇਡ ਭਾਵਨਾ ਨਾਲ ਆਯੋਜਨ

ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ
ਖੰਨਾ : ਪਲੈਨੇਟ ਈ ਸਕੂਲ, ਖੰਨਾ ਵਿਖੇ ‘ਉਤਕਰਸ਼ ਜੂਨੀਅਰ ਸਪੋਰਟਸ ਡੇ’ ਬੜੇ ਉਤਸ਼ਾਹ ਤੇ ਜੋਸ਼ ਨਾਲ ਮਨਾਇਆ ਗਿਆ। ਇਸ ਸਮਾਗਮ ’ਚ ਪ੍ਰੀ-ਨਰਸਰੀ ਤੋਂ ਦੂਜੀ ਜਮਾਤ ਤੱਕ ਦੇ ਨੰਨ੍ਹੇ-ਮੁੰਨੇ ਵਿਦਿਆਰਥੀਆਂ ਨੇ ਖੇਡਾਂ, ਮਨੋਰੰਜਨ ਅਤੇ ਜਸ਼ਨ ਭਰੇ ਮਾਹੌਲ ਵਿੱਚ ਵੱਖ-ਵੱਖ ਸਰਗਰਮੀਆਂ ਵਿੱਚ ਹਿੱਸਾ ਲਿਆ। ਇਸ ਮੌਕੇ ਡਾ. ਦਰਪਨ ਆਹਲੂਵਾਲੀਆ ਆਈਪੀਐੱਸ ਐੱਸਐੱਸਪੀ ਖੰਨਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਐੱਸਐੱਸਪੀ ਡਾ. ਦਰਪਣ ਆਹਲੂਵਾਲੀਆ ਨੇ ਬੱਚਿਆਂ ਦੇ ਕੋਮਲ ਮਨਾਂ ਤੇ ਸ਼ਖ਼ਸੀਅਤ ਦੇ ਨਿਰਮਾਣ ’ਚ ਖੇਡਾਂ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਖੇਡਾਂ ਬੱਚਿਆਂ ਵਿੱਚ ਅਨੁਸ਼ਾਸਨ, ਹਿੰਮਤ, ਆਤਮ-ਵਿਸ਼ਵਾਸ ਤੇ ਮਿਲਜੁਲ ਕੇ ਕੰਮ ਕਰਨ ਦੀ ਭਾਵਨਾ ਪੈਦਾ ਕਰਦੀਆਂ ਹਨ। ਇਸ ਦੇ ਨਾਲ ਹੀ ਖੇਡਾਂ ਬੱਚਿਆਂ ਨੂੰ ਦ੍ਰਿੜ੍ਹ ਇਰਾਦੇ ਨਾਲ ਚੁਣੌਤੀਆਂ ਦਾ ਸਾਹਮਣਾ ਕਰਨਾ ਵੀ ਸਿਖਾਉਂਦੀਆਂ ਹਨ। ਉਨ੍ਹਾਂ ਨੰਨ੍ਹੇ ਖਿਡਾਰੀਆਂ ਨੂੰ ਮੁਕਾਬਲੇ ਦੀ ਭਾਵਨਾ ਦਾ ਆਨੰਦ ਮਾਣਨ ਤੇ ਖੇਡਾਂ ਰਾਹੀਂ ਮਿਲਣ ਵਾਲੇ ਚੰਗੇ ਗੁਣਾਂ ਨੂੰ ਜੀਵਨ ਦੇ ਹਰ ਖੇਤਰ ’ਚ ਅਪਣਾਉਣ ਲਈ ਪ੍ਰੇਰਿਤ ਕੀਤਾ।
ਮੁਨੀਸ਼ ਕੁਮਾਰ ਧਵਨ ਚੇਅਰਮੈਨ ਪਲੈਨੇਟ ਈ ਸਕੂਲ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪਲੈਨੇਟ ਈ ਵਿਖੇ ਸਾਡਾ ਵਿਸ਼ਵਾਸ ਹੈ ਕਿ ਖੇਡਾਂ ਦਾ ਅਸਲ ਮਹੱਤਵ ਸਿਰਫ਼ ਜਿੱਤ ਦੀ ਅੰਤਿਮ ਰੇਖਾ ਪਾਰ ਕਰਨ ’ਚ ਨਹੀਂ, ਸਗੋਂ ਸ਼ੁਰੂਆਤੀ ਰੇਖਾ ’ਤੇ ਖੜ੍ਹੇ ਹੋਣ ਦਾ ਹੌਸਲਾ ਰੱਖਣ ਵਿੱਚ ਹੈ। ਜਿੱਤਣਾ ਬੇਸ਼ੱਕ ਖੁਸ਼ੀ ਦੀ ਗੱਲ ਹੈ, ਪਰ ਮੁਕਾਬਲੇ ’ਚ ਭਾਗ ਲੈਣਾ, ਨਿਰੰਤਰ ਯਤਨ ਕਰਨਾ ਤੇ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਦੀ ਇੱਛਾ ਰੱਖਣਾ ਇਸ ਤੋਂ ਕਿਤੇ ਵੱਧ ਮਹੱਤਵਪੂਰਨ ਹੈ। ਖੇਡਾਂ ਬੱਚਿਆਂ ਨੂੰ ਆਪਣੀਆਂ ਯੋਗਤਾਵਾਂ ਪਛਾਣਨ, ਅਗਵਾਈ ਕਰਨ ਦੇ ਗੁਣ ਵਿਕਸਿਤ ਕਰਨ ਅਤੇ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਆਤਮ-ਵਿਸ਼ਵਾਸ ਪੈਦਾ ਕਰਨ ਵਿੱਚ ਸਹਾਇਤਾ ਕਰਦੀਆਂ ਹਨ। ਸੋਨੀਆ ਧਵਨ ਡਾਇਰੈਕਟਰ ਨੇ ਮਾਪਿਆਂ ਦਾ ਲਗਾਤਾਰ ਵਿਸ਼ਵਾਸ, ਉਤਸ਼ਾਹ ਤੇ ਪੂਰਨ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਬੱਚੇ ਦਾ ਸਰਵਪੱਖੀ ਵਿਕਾਸ ਸਕੂਲ ਤੇ ਮਾਪਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਅਜਿਹੇ ਮੌਕੇ ਬੱਚਿਆਂ ਨੂੰ ਕਿਤਾਬੀ ਪੜ੍ਹਾਈ ਤੋਂ ਅੱਗੇ ਵਧਣ, ਸਮਾਜਿਕ ਹੁਨਰ ਵਿਕਸਿਤ ਕਰਨ ਤੇ ਅਜਿਹੀਆਂ ਯਾਦਾਂ ਸਿਰਜਣ ਦਾ ਮੌਕਾ ਦਿੰਦੇ ਹਨ, ਜੋ ਉਨ੍ਹਾਂ ਦੇ ਮਨਾਂ ’ਚ ਸਾਲਾਂ ਤੱਕ ਤਾਜ਼ਾ ਰਹਿੰਦੀਆਂ ਹਨ। ਰਾਕੇਸ਼ ਠਾਕੁਰ ਪ੍ਰਿੰਸੀਪਲ ਨੇ ਸਮਾਗਮ ਦੇ ਸਫ਼ਲਤਾ ਲਈ ਅਧਿਆਪਕਾਂ ਤੇ ਸਹਾਇਕ ਸਟਾਫ਼ ਦੇ ਸਮਰਪਣ, ਮਿਹਨਤ ਤੇ ਸੁਚੱਜੀ ਯੋਜਨਾਬੰਦੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਹਰ ਬੱਚੇ ਨੂੰ ਹਿੱਸਾ ਲਲੈਣ ਆਪਣੀ ਪ੍ਰਤਿਭਾ ਦਿਖਾਉਣ ਅਤੇ ਪ੍ਰਾਪਤੀ ਦੀ ਖੁਸ਼ੀ ਮਹਿਸੂਸ ਕਰਨ ਦਾ ਮੌਕਾ ਦੇਣਾ ਹੀ ਇਸ ਦਿਨ ਦੀ ਅਸਲ ਸਫ਼ਲਤਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ, ਮਾਪਿਆਂ ਅਤੇ ਵਿਦਿਆਰਥੀਆਂ ਦੀਆਂ ਸਾਂਝੀਆਂ ਕੋਸ਼ਿਸ਼ਾਂ ਹੀ ਅਜਿਹੇ ਸਮਾਗਮਾਂ ਨੂੰ ਅਰਥਪੂਰਨ ਅਤੇ ਯਾਦਗਾਰ ਬਣਾਉਂਦੇ ਹਨ। ਸਕੂਲ ਪ੍ਰਬੰਧਕ ਕਮੇਟੀ ਨੇ ਮੁੱਖ ਮਹਿਮਾਨ ਡਾ. ਦਰਪਣ ਆਹਲੂਵਾਲੀਆ ਦਾ ਆਪਣੀ ਗੌਰਵਮਈ ਹਾਜ਼ਰੀ ਤੇ ਪ੍ਰੇਰਨਾਦਾਇਕ ਸ਼ਬਦਾਂ ਰਾਹੀਂ ਬੱਚਿਆਂ ਦਾ ਹੌਸਲਾ ਵਧਾਉਣ ਲਈ ਤਹਿ ਦਿਲੋਂ ਧੰਨਵਾਦ ਕੀਤਾ। ਇਸ ਦੇ ਨਾਲ ਹੀ ਮਾਪਿਆਂ ਤੇ ਪਲੈਨੇਟ ਈ ਦੀ ਸਮੁੱਚੀ ਟੀਮ ਦਾ ਵੀ ਇਸ ਸਮਾਗਮ ਨੂੰ ਯਾਦਗਾਰ ਬਣਾਉਣ ਲਈ ਧੰਨਵਾਦ ਕੀਤਾ। ਇਸ ਤਰ੍ਹਾਂ ‘ਉਤਕਰਸ਼’ ਦਾ ਸਮਾਗਮ ਬੱਚਿਆਂ ਦੇ ਚਿਹਰਿਆਂ ’ਤੇ ਮੁਸਕਾਨ, ਤਾੜੀਆਂ ਦੀ ਗੂੰਜ ਤੇ ਅਣਮੁੱਲੀਆਂ ਯਾਦਾਂ ਛੱਡਦਾ ਹੋਇਆ ਸੰਪੰਨ ਹੋਇਆ। ਇਸ ਨੇ ਆਪਣੇ ਆਦਰਸ਼ ਵਾਕ ‘ਉੱਠੋ, ਅੱਗੇ ਵਧੋ ਅਤੇ ਖੁਸ਼ੀਆਂ ਮਨਾਓ ਹਰ ਕਦਮ ਸਾਨੂੰ ਨਵੀਆਂ ਉਚਾਈਆਂ ਵੱਲ ਲੈ ਜਾਂਦਾ ਹੈ’ ਨੂੰ ਸੱਚੇ ਅਰਥਾਂ ’ਚ ਸਾਕਾਰ ਕੀਤਾ।