ਗੁਰਦੁਆਰਾ ਨਾਨਕਸਰ ਨੇੜੇ ਵੱਗਦੀ ਸੇਮ ’ਚ ਪਾਈਪਾਂ ਪਾਈਆਂ ਜਾਣ ਗੁਰਦੁਆਰਾ ਨਾਨਕਸਰ ਨੇੜੇ ਵੱਗਦੀ ਸੇਮ ’ਚ ਪਾਈਪਾਂ ਪਾਈਆਂ ਜਾਣ
Publish Date: Tue, 18 Aug 2026 07:03 PM (IST)
Updated Date: Wed, 19 Aug 2026 04:03 AM (IST)
ਬਦਬੂ ਕਾਰਨ ਸੰਗਤਾਂ ਅਤੇ ਨੇੜਲੇ ਨਿਵਾਸੀ ਪਰੇਸ਼ਾਨ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਜਗਰਾਓਂ : ਵਿਸ਼ਵ ਪ੍ਰਸਿੱਧ ਗੁਰਦੁਆਰਾ ਨਾਨਕਸਰ ਕਲੇਰਾਂ ਨੇੜੇ ਪਿੰਡ ਅਗਵਾੜ ਲੋਪੋ ਕਲਾਂ ਤੇ ਕੋਠੇ ਹਰੀ ਸਿੰਘ ਦੇ ਨਜ਼ਦੀਕ ਵਗਦੀ ਸੇਮ ਦੀ ਸਫਾਈ ਨਾ ਹੋਣ ਕਾਰਨ ਲੋਕ ਡਾਹਢੇ ਪਰੇਸ਼ਾਨ ਹਨ। 25 ਅਗਸਤ ਤੋਂ ਵਿਸ਼ਵ ਪ੍ਰਸਿੱਧ ਗੁਰਦੁਆਰਾ ਨਾਨਕਸਰ ਕਲੇਰਾਂ ਦੇ ਬਾਨੀ ਸੱਚਖੰਡ ਵਾਸੀ ਸੰਤ ਬਾਬਾ ਨੰਦ ਸਿੰਘ ਜੀ ਦੀ 83ਵੀਂ ਬਰਸੀ ’ਤੇ ਦੇਸ਼ ਦੁਨੀਆਂ ਤੋਂ ਲੱਖਾਂ ਦੀ ਗਿਣਤੀ ’ਚ ਆਉਂਦੀਆਂ ਸੰਗਤਾਂ ਦੀ ਮਹੱਤਤਾ ਨੂੰ ਦੇਖਦਿਆਂ ਪੰਚਾਇਤ ਨੇ ਸੇਮ ਦੀ ਸਫਾਈ ਦੀ ਮੰਗ ਕੀਤੀ ਹੈ। ਸੇਮ ਦੇ ਗੰਦੇ ਪਾਣੀ ਨਾਲ ਭਰੇ ਹੋਣ ਕਾਰਨ ਜਿੱਥੇ ਲੰਘਦੀਆਂ ਸੰਗਤਾਂ ਪਰੇਸ਼ਾਨ ਹਨ, ਉਥੇ ਇਸ ਦੀ ਬਦਬੂ ਅਤੇ ਭਣਪ ਰਹੇ ਮੱਖੀ ਮੱਛਰ ਅਤੇ ਕੀਟਾਣੂਆਂ ਕਾਰਨ ਨੇੜੇ ਰਹਿੰਦੇ ਇਲਾਕੇ ਦੇ ਲੋਕ ਡਾਹਢੇ ਪਰੇਸ਼ਾਨ ਹਨ। ਇਹੀ ਨਹੀਂ ਡੂੰਘੀ ਸੇਮ ਵਿੱਚ ਉੁਘੀਆਂ ਜੜੀ ਬੂਟੀਆਂ ਕਾਰਨ ਕਿਸੇ ਸਮੇ ਵੀ ਕੋਈ ਅਣਸੁਖਾਵੀਂ ਘਟਨਾ ਵੀ ਵਾਪਰ ਸਕਦੀ ਹੈ। ਬੇਸ਼ੱਕ ਬਰਸੀ ਸਮਾਗਮਾਂ ਨੂੰ ਲੈ ਕੇ ਸੇਮ ਦੀ ਸਫਾਈ ਕੀਤੀ ਜਾ ਰਹੀ ਹੈ ਪਰ ਇਹ ਸਫਾਈ ਪੂਰੀ ਸਮੱਸਿਆ ਦਾ ਹੱਲ ਨਹੀ ਹੈ ਜੋ ਨਗਰ ਨਿਵਾਸੀਆਂ ਦੀ ਮੰਗ ਹੈ। ਅਗਵਾੜ ਲੋਪੋ ਕਲਾਂ ਦੇ ਸਰਪੰਚ ਰਣਜੀਤ ਕੌਰ ਅਤੇ ਕਰਤਾਰ ਸਿੰਘ ਸਮੇਤ ਪਿੰਡ ਵਾਸੀਆਂ ਨੇ ਮੰਗ ਵੀ ਕੀਤੀ ਕਿ ਸੇਮ ਦੇ ਗੰਦੇ ਪਾਣੀ ਦੀ ਸਪਲਾਈ ਅੰਡਰਗਰਾਊਂਡ ਪਾਈਪਾਂ ਰਾਹੀਂ ਕੀਤੀ ਜਾਵੇ ਤੇ ਸੇਮ ਨੂੰ ਪੂਰ ਕੇ ਉੱਪਰ ਗਰੀਨ ਸਿਟੀ ਨੂੰ ਉਤਸ਼ਾਹਿਤ ਕਰਨ ਵਜੋ ਫੁੱਲ ਬੂਟੇ ਤੇ ਦਰੱਖਤ ਲਾਏ ਜਾਣ, ਜਿਸ ਸਬੰਧੀ ਨਾਨਕਸਰ ਸੰਪਰਦਾਇ ਦੇ ਮਹਾਪੁਰਸ਼ ਤੇ ਨਗਰ ਨਿਵਾਸੀ ਵੀ ਪ੍ਰਸ਼ਾਸਨ ਨੂੰ ਹਰ ਪੱਖੋ ਬਣਦਾ ਸਹਿਯੋਗ ਦੇਣਗੇ। ਇਸ ਮੌਕੇ ਗੁਰਸ਼ਰਨ ਸਿੰਘ, ਨਿਰੰਜਣ ਸਿੰਘ, ਮਨਜਿੰਦਰ ਸਿੰਘ, ਅਮਨਦੀਪ ਕੌਰ, ਮਨਜੀਤ ਕੌਰ ਆਦਿ ਹਾਜ਼ਰ ਸਨ।