- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੁੰਘੜੀ ਸੜਕ ’ਤੇ ਪਾਈਪਲਾਈਨ ਦੀ ਖੁਦਾਈ, ਫੋਕਲ ਪੁਆਇੰਟ-ਜਮਾਲਪੁਰ ਰੋਡ ’ਤੇ ਜਾਮ ਦਾ ਖ਼ਤਰਾ

-ਦੋਵੇਂ ਪਾਸਿਆਂ ਤੋਂ ਆਉਣ ਵਾਲੇ ਵਾਹਨਾਂ ਲਈ ਵਧੇਗੀ ਚੁਣੌਤੀ, ਪੀਕ ਆਵਰ ’ਚ ਟ੍ਰੈਫਿਕ ਸਾਂਭਣਾ ਹੋਵੇਗਾ ਮੁਸ਼ਕਲ
50)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਲੁਧਿਆਣਾ
ਫੋਕਲ ਪੁਆਇੰਟ ਤੋਂ ਜਮਾਲਪੁਰ ਕਾਲੋਨੀ ਵੱਲ ਜਾਣ ਵਾਲੀ ਸੜਕ ’ਤੇ ਵਾਟਰ ਸਪਲਾਈ ਦੀ ਪਾਈਪਲਾਈਨ ਪਾਉਣ ਦਾ ਕੰਮ ਸ਼ੁਰੂ ਹੋਣ ਨਾਲ ਇਸ ਰਸਤੇ ਤੋਂ ਰੋਜ਼ਾਨਾ ਲੰਘਣ ਵਾਲੇ ਵਾਹਨ ਚਾਲਕਾਂ ਦੀਆਂ ਮੁਸ਼ਕਲਾਂ ਵਧਣ ਦੀ ਸੰਭਾਵਨਾ ਬਣ ਗਈ ਹੈ। ਪਹਿਲਾਂ ਹੀ ਸੀਮਤ ਚੌੜਾਈ ਵਾਲੀ ਇਸ ਸੜਕ ਦੇ ਇਕ ਹਿੱਸੇ ਵਿੱਚ ਪਾਈਪਲਾਈਨ ਲਈ ਥਾਂ ਪੁੱਟੀ ਜਾ ਰਹੀ ਹੈ। ਅਜਿਹੇ ਵਿੱਚ ਬਾਕੀ ਬਚੇ ਹਿੱਸੇ ਰਾਹੀਂ ਦੋਵੇਂ ਪਾਸਿਆਂ ਤੋਂ ਆਉਣ ਵਾਲੇ ਵਾਹਨਾਂ ਦੀ ਆਵਾਜਾਈ ਕਰਵਾਉਣਾ ਟ੍ਰੈਫਿਕ ਵਿਵਸਥਾ ਲਈ ਵੱਡੀ ਚੁਣੌਤੀ ਬਣ ਸਕਦਾ ਹੈ। ਫੋਕਲ ਪੁਆਇੰਟ ਅਤੇ ਜਮਾਲਪੁਰ ਨੂੰ ਜੋੜਨ ਵਾਲੀ ਇਹ ਸੜਕ ਉਦਯੋਗਿਕ ਖੇਤਰ ਲਈ ਅਹਿਮ ਮੰਨੀ ਜਾਂਦੀ ਹੈ। ਇੱਥੋਂ ਰੋਜ਼ਾਨਾ ਵੱਡੀ ਗਿਣਤੀ ਵਿੱਚ ਦੋਪਹੀਆ ਵਾਹਨ, ਕਾਰਾਂ, ਆਟੋ, ਛੋਟੇ-ਵੱਡੇ ਵਪਾਰਕ ਵਾਹਨ ਅਤੇ ਫੈਕਟਰੀਆਂ ਨਾਲ ਸਬੰਧਤ ਵਾਹਨ ਲੰਘਦੇ ਹਨ। ਸਵੇਰੇ ਫੈਕਟਰੀਆਂ ਦਾ ਸਮਾਂ ਸ਼ੁਰੂ ਹੋਣ ਅਤੇ ਸ਼ਾਮ ਨੂੰ ਛੁੱਟੀ ਵੇਲੇ ਇੱਥੇ ਵਾਹਨਾਂ ਦੀ ਗਿਣਤੀ ਹੋਰ ਵੱਧ ਜਾਂਦੀ ਹੈ। ਇਸ ਦੌਰਾਨ ਸੜਕ ਦਾ ਇਕ ਹਿੱਸਾ ਖੁਦਾਈ ਕਾਰਨ ਪ੍ਰਭਾਵਿਤ ਰਹਿਣ ਨਾਲ ਆਵਾਜਾਈ ਹੌਲੀ ਹੋਣ ਅਤੇ ਜਾਮ ਲੱਗਣ ਦੀ ਸੰਭਾਵਨਾ ਹੈ।
-ਬਾਕਸ-
-ਪਹਿਲਾਂ ਹੀ ਸਿੰਗਲ ਰੋਡ, ਹੁਣ ਹੋਰ ਘਟੇਗੀ ਜਗ੍ਹਾ
ਸਥਾਨਕ ਲੋਕਾਂ ਅਨੁਸਾਰ ਜਮਾਲਪੁਰ ਤੋਂ ਫੋਕਲ ਪੁਆਇੰਟ ਵੱਲ ਆਉਣ ਵਾਲਾ ਰਸਤਾ ਪਹਿਲਾਂ ਹੀ ਸਿੰਗਲ ਰੋਡ ਵਜੋਂ ਵਰਤਿਆ ਜਾਂਦਾ ਹੈ। ਹੁਣ ਪਾਈਪਲਾਈਨ ਪਾਉਣ ਲਈ ਸੜਕ ਦੀ ਚੌੜਾਈ ਦਾ ਇਕ ਹਿੱਸਾ ਪ੍ਰਭਾਵਿਤ ਹੋਣ ਕਾਰਨ ਦੋਵੇਂ ਦਿਸ਼ਾਵਾਂ ਤੋਂ ਆਉਣ ਵਾਲੇ ਵਾਹਨਾਂ ਨੂੰ ਬਾਕੀ ਰਹਿ ਗਈ ਸੀਮਤ ਜਗ੍ਹਾ ਵਿੱਚੋਂ ਹੀ ਲੰਘਣਾ ਪਵੇਗਾ। ਖਾਸ ਕਰਕੇ ਪੀਕ ਆਵਰ ਦੌਰਾਨ ਜੇਕਰ ਆਹਮੋ-ਸਾਹਮਣੇ ਵਾਹਨ ਫਸਦੇ ਹਨ ਤਾਂ ਟ੍ਰੈਫਿਕ ਦੀ ਰਫ਼ਤਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੀ ਹੈ। ਇਸ ਰਸਤੇ ’ਤੇ ਸਨਅਤੀ ਇਕਾਈਆਂ ਤੋਂ ਇਲਾਵਾ ਆਸ-ਪਾਸ ਦੇ ਰਿਹਾਇਸ਼ੀ ਇਲਾਕਿਆਂ ਦੇ ਲੋਕ ਵੀ ਨਿਰਭਰ ਹਨ। ਇਸ ਲਈ ਨਿਰਮਾਣ ਕਾਰਜ ਲੰਮਾ ਚੱਲਣ ਦੀ ਸੂਰਤ ਵਿੱਚ ਰੋਜ਼ਾਨਾ ਆਉਣ-ਜਾਣ ਵਾਲੇ ਲੋਕਾਂ ਨੂੰ ਵਾਧੂ ਸਮਾਂ ਲੱਗ ਸਕਦਾ ਹੈ।
-ਬਾਕਸ-
-ਬੈਰੀਕੇਡਿੰਗ ਤੇ ਚੇਤਾਵਨੀ ਬੋਰਡ ਲਗਾਉਣ ਦੀ ਮੰਗ
ਸਥਾਨਕ ਵਸਨੀਕਾਂ ਨੇ ਕਿਹਾ ਕਿ ਵਾਟਰ ਸਪਲਾਈ ਲਈ ਪਾਈਪਲਾਈਨ ਪਾਉਣ ਦਾ ਕੰਮ ਜ਼ਰੂਰੀ ਹੈ ਅਤੇ ਇਸ ਨਾਲ ਭਵਿੱਖ ਵਿੱਚ ਇਲਾਕੇ ਦੇ ਲੋਕਾਂ ਨੂੰ ਪਾਣੀ ਦੀ ਸਹੂਲਤ ਮਿਲ ਸਕਦੀ ਹੈ। ਪਰ ਨਿਰਮਾਣ ਦੌਰਾਨ ਲੋਕਾਂ ਦੀ ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧਨ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਮੰਗ ਕੀਤੀ ਕਿ ਖੁਦਾਈ ਵਾਲੀ ਥਾਂ ਦੇ ਆਲੇ-ਦੁਆਲੇ ਮਜ਼ਬੂਤ ਬੈਰੀਕੇਡਿੰਗ ਕਰਨ ਦੇ ਨਾਲ ਸਪੱਸ਼ਟ ਚੇਤਾਵਨੀ ਬੋਰਡ ਲਗਾਏ ਜਾਣ। ਲੋਕਾਂ ਦਾ ਕਹਿਣਾ ਹੈ ਕਿ ਰਾਤ ਸਮੇਂ ਰੌਸ਼ਨੀ ਦੀ ਘਾਟ ਕਾਰਨ ਖੁਦਾਈ ਵਾਲੀ ਥਾਂ ਵਾਹਨ ਚਾਲਕਾਂ ਲਈ ਖ਼ਤਰਾ ਬਣ ਸਕਦੀ ਹੈ। ਇਸ ਲਈ ਕੰਮ ਵਾਲੀ ਥਾਂ ’ਤੇ ਰਿਫਲੈਕਟਰ ਅਤੇ ਲੋੜੀਂਦੇ ਸੁਰੱਖਿਆ ਪ੍ਰਬੰਧ ਵੀ ਕੀਤੇ ਜਾਣੇ ਚਾਹੀਦੇ ਹਨ।
-ਬਾਕਸ-
-ਕੰਮ ਪੜਾਅਵਾਰ ਹੋਵੇ, ਮੁਕੰਮਲ ਹਿੱਸਾ ਤੁਰੰਤ ਖੋਲ੍ਹਿਆ ਜਾਵੇ
ਜੇਕਰ ਪਾਈਪਲਾਈਨ ਦਾ ਕੰਮ ਕਰਦੇ ਸਮੇਂ ਸੜਕ ਦਾ ਵੱਡਾ ਹਿੱਸਾ ਬੰਦ ਕੀਤਾ ਜਾਂਦਾ ਹੈ ਤਾਂ ਚੰਡੀਗੜ੍ਹ ਰੋਡ, ਜਮਾਲਪੁਰ ਅਤੇ ਫੋਕਲ ਪੁਆਇੰਟ ਵੱਲੋਂ ਆਉਣ-ਜਾਣ ਵਾਲੇ ਲੋਕਾਂ ਨੂੰ ਬਦਲਵੇਂ ਰਸਤਿਆਂ ਦੀ ਵਰਤੋਂ ਕਰਨੀ ਪੈ ਸਕਦੀ ਹੈ। ਇਸ ਨਾਲ ਨੇੜਲੀਆਂ ਸੜਕਾਂ ’ਤੇ ਵੀ ਵਾਹਨਾਂ ਦਾ ਦਬਾਅ ਵਧ ਸਕਦਾ ਹੈ। ਲੋਕਾਂ ਨੇ ਮੰਗ ਕੀਤੀ ਕਿ ਪਾਈਪਲਾਈਨ ਪਾਉਣ ਦਾ ਕੰਮ ਪੜਾਅਵਾਰ ਢੰਗ ਨਾਲ ਕਰਵਾਇਆ ਜਾਵੇ। ਜਿਸ ਹਿੱਸੇ ਵਿੱਚ ਕੰਮ ਪੂਰਾ ਹੋ ਜਾਵੇ, ਉਸ ਨੂੰ ਬਿਨਾਂ ਦੇਰੀ ਆਵਾਜਾਈ ਲਈ ਬਹਾਲ ਕੀਤਾ ਜਾਵੇ। ਨਾਲ ਹੀ ਸਵੇਰੇ ਅਤੇ ਸ਼ਾਮ ਦੇ ਪੀਕ ਆਵਰ ਦੌਰਾਨ ਟ੍ਰੈਫਿਕ ਨੂੰ ਸੁਚਾਰੂ ਰੱਖਣ ਲਈ ਲੁੜੀਂਦੇ ਪ੍ਰਬੰਧ ਕੀਤੇ ਜਾਣ, ਤਾਂ ਜੋ ਵਿਕਾਸ ਕਾਰਜ ਲੋਕਾਂ ਲਈ ਲੰਮੇ ਜਾਮ ਦਾ ਕਾਰਨ ਨਾ ਬਣੇ।