ਮੰਡੀਆਂ ’ਚ ਝੋਨੇ ਦੀਆਂ ਬੋਰੀਆਂ ਦੇ ਲੱਗੇ ਢੇਰ, ਲਿਫਟਿੰਗ ਦੀ ਰਫ਼ਤਾਰ ਸੁਸਤ 3 ਨੰਬਰ ਦੀ ਲੀਡ-ਮੰਡੀਆਂ ਵਿੱਚ ਝੋਨੇ ਦੀਆਂ ਬੋਰੀਆਂ ਦੇ ਲੱਗੇ ਅੰਬਾਰ, ਲਿਫਟਿੰਗ ਦੀ ਸੁਸਤ ਰਫ਼ਤਾਰ ਬਣ ਸਕਦੀ ਹੈ ਵੱਡੀ ਮੁਸੀਬਤ
Publish Date: Mon, 02 Nov 2026 07:02 PM (IST)
Updated Date: Tue, 03 Nov 2026 04:02 AM (IST)
ਤਿੰਨ ਦੀ ਲੀਡ...) -ਖੁੱਲ੍ਹੇ ਅਸਮਾਨ ਹੇਠ ਪਈਆਂ ਬੋਰੀਆਂ ’ਤੇ ਮੌਸਮ ਦੀ ਮਾਰ ਪੈਣ ਦਾ ਖ਼ਦਸ਼ਾ -ਨਵੀਂ ਫ਼ਸਲ ਲਿਆ ਰਹੇ ਕਿਸਾਨਾਂ ਨੂੰ ਵੀ ਝੱਲਣੀ ਪੈ ਸਕਦੀ ਹੈ ਪਰੇਸ਼ਾਨੀ ਗੌਰਵ ਸਲੂਜਾ, ਪੰਜਾਬੀ ਜਾਗਰਣ, ਲੁਧਿਆਣਾ ਮਹਾਨਗਰ ਦੀਆਂ ਵੱਖ-ਵੱਖ ਅਨਾਜ ਮੰਡੀਆਂ ਵਿੱਚ ਕਿਸਾਨਾਂ ਵੱਲੋਂ ਲਿਆਂਦੀ ਗਈ ਝੋਨੇ ਦੀ ਫ਼ਸਲ ਦੀ ਖ਼ਰੀਦ ਤਾਂ ਕਰ ਲਈ ਗਈ ਹੈ, ਪਰ ਖ਼ਰੀਦ ਤੋਂ ਬਾਅਦ ਲਿਫਟਿੰਗ ਦੀ ਰਫ਼ਤਾਰ ਬੇਹੱਦ ਸੁਸਤ ਹੋਣ ਕਾਰਨ ਮੰਡੀਆਂ ਵਿੱਚ ਸਮੱਸਿਆਵਾਂ ਵਧਣ ਲੱਗੀਆਂ ਹਨ। ਹਾਲਾਤ ਇਹ ਹਨ ਕਿ ਮੰਡੀਆਂ ਦੇ ਸ਼ੈੱਡਾਂ ਹੇਠਾਂ ਅਤੇ ਖੁੱਲ੍ਹੇ ਅਸਮਾਨ ਹੇਠ ਝੋਨੇ ਨਾਲ ਭਰੀਆਂ ਬੋਰੀਆਂ ਦੇ ਵੱਡੇ-ਵੱਡੇ ਢੇਰ ਲੱਗੇ ਹੋਏ ਹਨ। ਜੇਕਰ ਸਮੇਂ ਸਿਰ ਇਨ੍ਹਾਂ ਬੋਰੀਆਂ ਦੀ ਚੁਕਾਈ ਨਾ ਕੀਤੀ ਗਈ ਤਾਂ ਮੌਸਮ ਵਿੱਚ ਆ ਰਹੀ ਤਬਦੀਲੀ ਅਤੇ ਬਰਸਾਤ ਕਾਰਨ ਖ਼ਰੀਦੀ ਗਈ ਫ਼ਸਲ ਨੂੰ ਨੁਕਸਾਨ ਪਹੁੰਚਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਮੰਡੀਆਂ ਵਿੱਚ ਖ਼ਰੀਦੀ ਗਈ ਫ਼ਸਲ ਦੀ ਲਿਫਟਿੰਗ ਤੇਜ਼ ਨਾ ਹੋਣ ਕਾਰਨ ਨਾ ਸਿਰਫ਼ ਅਨਾਜ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ, ਸਗੋਂ ਮੰਡੀ ਵਿੱਚ ਕੰਮ-ਕਾਜ ਵੀ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਖੁੱਲ੍ਹੇ ਅਸਮਾਨ ਹੇਠ ਪਈਆਂ ਬੋਰੀਆਂ ਜੇਕਰ ਬਰਸਾਤ ਦੀ ਲਪੇਟ ਵਿੱਚ ਆ ਜਾਂਦੀਆਂ ਹਨ ਤਾਂ ਅਨਾਜ ਗਿੱਲਾ ਹੋਣ ਕਾਰਨ ਉਸ ਦੀ ਗੁਣਵੱਤਾ ਪ੍ਰਭਾਵਿਤ ਹੋ ਸਕਦੀ ਹੈ। ਇਸ ਨਾਲ ਸਰਕਾਰੀ ਅਨਾਜ ਦੇ ਨੁਕਸਾਨ ਦੇ ਨਾਲ-ਨਾਲ ਖ਼ਰੀਦ ਪ੍ਰਕਿਰਿਆ ਨਾਲ ਜੁੜੀਆਂ ਏਜੰਸੀਆਂ ਲਈ ਵੀ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ। ਦੂਜੇ ਪਾਸੇ ਖੇਤਾਂ ਵਿੱਚੋਂ ਫ਼ਸਲ ਦੀ ਕਟਾਈ ਕਰਕੇ ਨਵੇਂ ਕਿਸਾਨ ਲਗਾਤਾਰ ਆਪਣਾ ਝੋਨਾ ਵੇਚਣ ਲਈ ਮੰਡੀਆਂ ਵਿੱਚ ਪਹੁੰਚ ਰਹੇ ਹਨ। ਪਰ ਪਹਿਲਾਂ ਤੋਂ ਖ਼ਰੀਦੀਆਂ ਬੋਰੀਆਂ ਦੇ ਢੇਰ ਲੱਗੇ ਹੋਣ ਕਾਰਨ ਮੰਡੀਆਂ ਵਿੱਚ ਜਗ੍ਹਾ ਦੀ ਘਾਟ ਪੈਦਾ ਹੋ ਸਕਦੀ ਹੈ। ਅਜਿਹੇ ਵਿੱਚ ਕਿਸਾਨਾਂ ਨੂੰ ਆਪਣੀ ਫ਼ਸਲ ਉਤਾਰਨ ਅਤੇ ਵੇਚਣ ਲਈ ਉਡੀਕ ਕਰਨੀ ਪੈ ਸਕਦੀ ਹੈ, ਜਿਸ ਕਾਰਨ ਉਨ੍ਹਾਂ ਦੀ ਖੱਜਲ-ਖੁਆਰੀ ਵਧਣ ਦੇ ਆਸਾਰ ਹਨ। ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਬੰਧਤ ਖ਼ਰੀਦ ਏਜੰਸੀਆਂ ਨੂੰ ਚਾਹੀਦਾ ਹੈ ਕਿ ਮੰਡੀਆਂ ਵਿੱਚ ਲਿਫਟਿੰਗ ਦੀ ਰਫ਼ਤਾਰ ਤੇਜ਼ ਕਰਵਾਉਣ ਲਈ ਤੁਰੰਤ ਢੁੱਕਵੇਂ ਕਦਮ ਚੁੱਕੇ ਜਾਣ। ਖ਼ਾਸ ਕਰਕੇ ਖੁੱਲ੍ਹੇ ਅਸਮਾਨ ਹੇਠ ਪਈਆਂ ਖ਼ਰੀਦੀਆਂ ਹੋਈਆਂ ਝੋਨੇ ਦੀਆਂ ਬੋਰੀਆਂ ਨੂੰ ਪਹਿਲ ਦੇ ਆਧਾਰ ’ਤੇ ਚੁਕਵਾਇਆ ਜਾਵੇ, ਤਾਂ ਜੋ ਬਰਸਾਤ ਕਾਰਨ ਅਨਾਜ ਨੂੰ ਹੋਣ ਵਾਲੇ ਸੰਭਾਵੀ ਨੁਕਸਾਨ ਤੋਂ ਬਚਾਇਆ ਜਾ ਸਕੇ ਤੇ ਨਵੀਂ ਫ਼ਸਲ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਮੰਡੀਆਂ ਵਿੱਚ ਆਪਣੀ ਫ਼ਸਲ ਰੱਖਣ ਲਈ ਲੋੜੀਂਦੀ ਜਗ੍ਹਾ ਮਿਲ ਸਕੇ। ਸਮੇਂ ਸਿਰ ਲਿਫਟਿੰਗ ਹੀ ਕਿਸਾਨਾਂ ਦੀ ਖੱਜਲ-ਖੁਆਰੀ ਅਤੇ ਸਰਕਾਰੀ ਅਨਾਜ ਦੇ ਸੰਭਾਵੀ ਨੁਕਸਾਨ ਨੂੰ ਰੋਕ ਸਕਦੀ ਹੈ।